ਹਰਦੀਪ ਸਿੰਘ ਮਾਨ ਕਲਾਕਾਰੀ

ਸੰਗੀਤ ਮੇਰੇ ਲਈ ਸਭ ਕੁਝ ਹੈ - ਏ ਐੱਸ ਕੰਗ

ਮੁਲਾਕਾਤੀ: ਹਰਦੀਪ ਸਿੰਘ ਮਾਨ, ਅਸਟਰੀਆ

Hardeep Singh Mann, A S Kang
ਹਰਦੀਪ ਸਿੰਘ ਮਾਨ ਅਤੇ ਏ ਐੱਸ ਕੰਗ

ਜਿੱਥੇ ਅੱਜਕੱਲ੍ਹ ਸਾਡੇ ਗਾਇਕ ਅਤੇ ਗੀਤਕਾਰ ਪਿਆਰ-ਵਿਛੋੜੇ 'ਤੇ ਬੇਵਫ਼ਾਈ ਵਰਗਿਆਂ ਵਿਸ਼ਿਆਂ ਰਾਹੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਾਹ ਪਾ ਰਹੇ ਹਨ, ਉੱਥੇ 'ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁਖਾਓ ਨਾ ....' ਗੀਤ ਰਾਹੀਂ ਸਾਡੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਸੁਭਾਅ ਦੀ ਜੋ ਸਹੀ ਤਸਵੀਰ ਪੇਸ਼ ਕਰ ਰਿਹਾ ਹੈ, ਉਸ ਗਾਇਕ ਦਾ ਨਾਮ ਹੈ 'ਏ ਐੱਸ ਕੰਗ' ਉਰਫ਼ ਅਵਤਾਰ ਸਿੰਘ ਕੰਗ। ਕੰਗ ਪੰਜਾਹ ਵਰ੍ਹਿਆਂ ਦੀ ਉਮਰ ਟੱਪ ਕੇ ਵੀ ਅਜੋਕੇ ਨੌਜਵਾਨ ਗਾਇਕਾਂ ਦੇ ਬਰਾਬਰ ਹਿੱਕ ਤਾਣ ਕੇ ਖੜ੍ਹਾ ਹੈ।

 

ਉਹ ਇਕ ਸਫ਼ਲ ਗਾਇਕ ਹੋਣ ਦੇ ਨਾਲ-ਨਾਲ ਇਕ ਸਫ਼ਲ ਗੀਤਕਾਰ ਵੀ ਹੈ। ਕੰਗ ਨੇ ਪੰਜਾਬੀ ਸਭਿਆਚਾਰ, ਪੰਜਾਬੀ ਰਿਸ਼ਤਿਆਂ ਦੀ ਪਵਿੱਤਰਤਾ ਅਤੇ ਪੰਜਾਬੀ ਸੁਭਾਅ ਬਾਰੇ ਅਣਗਿਣਤ ਗੀਤ ਪੰਜਾਬੀ ਗਾਇਕੀ ਦੀ ਝੋਲੀ 'ਚ ਪਾਏ ਹਨ। ਪੰਜਾਬੀ ਅਤੇ ਵਲਾਇਤੀ ਬੋਲੀਆਂ ਨੂੰ ਮਸ਼ਹੂਰ ਕਰਨ ਦਾ ਸਿਹਰਾ ਵੀ ਉਸ ਦੇ ਸਿਰ 'ਤੇ ਬੱਝਦਾ ਹੈ। ਕੰਗ ਆਪਣੀਆਂ ਕੈਸਟਾਂ ਵਿਚ ਸਾਰੇ ਤਰ੍ਹਾਂ ਦੇ ਸਰੋਤਿਆਂ ਦੀ ਪਸੰਦ ਦਾ ਖਿਆਲ ਰੱਖਦਾ ਹੈ। ਚਾਹੇ ਸਰੋਤੇ ਬੋਲੀਆਂ, ਉਦਾਸ ਗੀਤ, ਨੱਚਣ-ਟੱਪਣ ਵਾਲੇ ਜਾਂ ਹੁਸਨ ਦੀ ਤਾਰੀਫ਼ ਵਾਲੇ ਗੀਤ ਪਸੰਦ ਕਰਦੇ ਹੋਣ। ਇਹ ਉਸੇ ਦੀ ਬਦੌਲਤ ਹੈ ਕਿ ਅਸੀਂ 'ਮਾਈ ਮੋਹਣੋ' ਅਤੇ 'ਪੋਸਤੀ' ਨੂੰ ਹਾਲੇ ਤੱਕ ਨਹੀਂ ਭੁਲਾ ਸਕੇ।

 

ਇੰਨੇ ਲੰਬੇ ਚਿਰਾਂ ਤੋਂ ਪੰਜਾਬੀ ਗਾਇਕੀ ਦੇ ਖੇਤਰ ਵਿਚ ਹੋਣ ਦੇ ਬਾਵਜੂਦ ਕੰਗ 'ਤੇ ਕੋਈ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਉਸ ਨੇ ਦੋ ਅਰਥੀ ਜਾਂ ਲੱਚਰ ਗਾਇਆ ਹੈ। ਜੇਕਰ ਕੋਈ ਬਚਪਨ ਤੋਂ ਬੁਢਾਪੇ ਤੱਕ ਇਕੋ ਖੇਤਰ ਵਿਚ ਰਹੇ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਇਨਸਾਨ ਨੂੰ ਉਸ ਖੇਤਰ ਬਾਰੇ ਕਿੰਨੀ ਕੁ ਜਾਣਕਾਰੀ ਹੈ। ਜੇ ਆਪਾਂ ਏ ਐੱਸ ਕੰਗ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਿ ਲਈਏ ਤਾਂ ਉਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਗੱਲ ਵਿਚ ਵੀ ਸੱਚਾਈ ਹੈ ਕਿ ਕੰਗ ਮੀਡੀਏ ਤੋਂ ਦੂਰ ਰਿਹਾ। ਇਹੀ ਕਾਰਣ ਹੈ ਕਿ ਬਹੁਤੇ ਲੋਕਾਂ ਨੂੰ ਕੰਗ ਦੀ ਨਿਜੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਹੈ। ਆਓ ਫੇਰ ਤੁਹਾਡੀ ਜਾਣਕਾਰੀ ਵਿਚ ਵਾਧਾ ਕਰੀਏ ਅਤੇ ਇਕ ਮੁਲਾਕਾਤ ਰਾਹੀ ਕੰਗ ਜੀ ਬਾਰੇ ਜਾਣਕਾਰੀ ਦੇਈਏ:-

 

੧) ਕੰਗ ਜੀ, ਸਭ ਤੋਂ ਪਹਿਲਾਂ ਇਕ ਰਸਮੀ ਸਵਾਲ ਆਪਣੇ ਪਿਛੋਕੜ ਅਤੇ ਆਪਣੇ ਬਾਰੇ ਕੁਝ ਦੱਸੋ?

 ਨਾਮ:  ਅਵਤਾਰ ਸਿੰਘ ਕੰਗ
 ਜਨਮ ਤਾਰੀਖ਼:  31 ਦਸੰਬਰ 1949
 ਪਿਤਾ:     ਸਵ: ਉਜਾਗਰ ਸਿੰਘ
 ਮਾਤਾ:            ਸਵ: ਗੁਰਬਚਨ ਕੌਰ
 ਭੈਣਾਂ:      ਤਿੰਨ ਭੈਣਾਂ
 ਪਤਨੀ:           ਗੁਰਬਖਸ਼ ਕੌਰ
 ਬੱਚੇ:       ਦੋ ਮੁੰਡੇ, ਇਕ ਕੁੜੀ

ਮੇਰਾ ਪਿੰਡ ਕੋਲਥਮ ਹੈ। ਮੈਂ ਪਿੰਡ ਦੇ ਸਕੂਲ ਵਿਚ ਅੱਠਵੀਂ ਤੱਕ ਪੜ੍ਹਿਆ। ਮੈਂ ਚੌਦਾਂ-ਪੰਦਰਾਂ ਸਾਲ ਦਾ ਸੀ ਜਦੋਂ ਮੈਂ ਮੇਰੇ ਫਾਦਰ ਰਾਹੀ ਇੰਗਲੈਂਡ ਆ ਗਿਆ। 35 ਸਾਲ ਹੋ ਗਏ ਇੰਗਲੈਂਡ ਆਇਆ ਨੂੰ।

 

੨) ਗਾਉਣ ਦਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ?

ਪਹਿਲਾਂ ਇੰਡੀਆ ਵਿਚ ਸਕੂਲੇ ਕਦੇ ਕਦੇ ਗਾਉਂਦੇ ਹੁੰਦੇ ਸੀ। ਇੰਗਲੈਂਡ ਵਿਚ ਇਕ ਬਾਰ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਜਨਮ ਦਿਨ ਮਨਾਇਆ ਗਿਆ ਸੀ। ਉਸ ਪ੍ਰੋਗਰਾਮ ਤੇ ਗਿਆਨ ਸਿੰਘ ਸੁਰਜੀਤ ਨੇ ਇਕ ਧਾਰਮਿਕ ਗੀਤ ਗਾਇਆ। ਉਹ ਗੀਤ ਸੁਣ ਕੇ ਮੇਰੇ ਦਿਲ ਵਿਚ ਵੀ ਆਇਆ ਕਿ ਮੈਂ ਵੀ ਗੀਤ ਲਿਖਾ। ਮੈਂ ਧਾਰਮਿਕ ਗੀਤ ਤਾਂ ਨਹੀਂ ਪਰ ਇਕ ਲੋਕ ਗੀਤ ਲਿਖਿਆ। ਉਹ ਗੀਤ ਮੈਂ ਆਪਣੇ ਇਕ ਦੋਸਤ ਦੇ ਵਿਆਹ ਤੇ ਖ਼ੁਦ ਗਾਇਆ। ਲੋਕਾਂ ਨੇ ਉਸ ਗੀਤ ਨੂੰ ਬਹੁਤ ਪਸੰਦ ਕੀਤਾ। ਸੰਨ 67-68 ਵਿਚ ਕਲਾਕਾਰਾਂ ਦਾ ‘ਇਕ ਸਾਥੀ ਗਰੁੱਪ’ ਹੁੰਦਾ ਸੀ। ਉਨ੍ਹਾਂ ਨੇ ਮੈਨੂੰ ਗਰੁੱਪ ਵਿਚ ਆਉਣ ਲਈ ਕਿਹਾ ਤੇ ਮੈਂ ਗਰੁੱਪ ਜੁਆਇਨ ਕਰ ਲਿਆ।

 

੩) ਗਾਇਕੀ ਦੇ ਖੇਤਰ ਵਿਚ ਪਰਿਵਾਰ ਵਲੋਂ ਕਿੰਨਾ ਕੁ ਸਹਿਯੋਗ ਮਿਲਿਆ?

ਜਦੋਂ ਇੰਡੀਆ ਵਿਚ ਗਾਉਂਦੇ ਸੀ ਤਾਂ ਘਰਦਿਆਂ ਨੇ ਕਹਿਣਾ, ਇਹ ਕੀ ਮਰਾਸੀਆਂ ਵਾਲਾ ਕੰਮ ਸ਼ੁਰੂ ਕਰ ਦਿੱਤਾ। ਪਿੰਡ ਵਾਲੇ ਵੀ ਬਹੁਤਾ ਪਸੰਦ ਨਹੀਂ ਸੀ ਕਰਦੇ। ਇੰਗਲੈਂਡ ਵਿਚ ਵੀ ਪਹਿਲਾਂ ਬਹੁਤਾ ਚਿਰ ਚੋਰੀ ਗਾਉਂਦੇ ਰਹੇ। ਕਿਉਂਕਿ ਇਥੇ ਇੰਨਾ ਨਹੀਂ ਪਤਾ ਲਗਦਾ। ਪਰ ਜਦੋਂ ਕੈਸਟ ਮਾਰਕੀਟ ਵਿਚ ਆਈ ਤਾਂ ਸਾਰਿਆਂ ਨੇ ਪ੍ਰਸੰਸਾ ਕੀਤੀ।

 

A S Kang੪) ਕੋਈ ਉਸਤਾਦ ਵੀ ਧਾਰਿਆ ਜਾਂ ਉਂਝ ਹੀ ਪ੍ਰੋਫੈਸ਼ਨਲ ਗਾਉਣ ਲਗ ਪਏ?

ਉਸਤਾਦ ਮੇਰਾ ਸੀ ਲਾਲ ਚੰਦ ਯਮ੍ਹਲਾ ਜੱਟ। ਵੈਸੇ ਹੰਡਰਡ ਪ੍ਰਸੈਨਟ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹ ਉਦੋਂ ਇੰਡੀਆ ਸੀ ਤੇ ਮੈਂ ਇੰਗਲੈਂਡ ਵਿਚ। ਫਿਰ ਵੀ ਜਦੋਂ ਮਿਲਦੇ ਹੁੰਦੇ ਸੀ ਥੋੜਾ ਬਹੁਤਾ ਸਿਖ ਲਈਦਾ ਸੀ। ਉਦੋਂ ਮੈਂ ਉਨ੍ਹਾਂ ਨੂੰ ਇਕ ਗੀਤ ਵੀ ਦਿੱਤਾ ਸੀ। ‘ਦੁਖੀਆ ਸਭ ਸੰਸਾਰ’ ਐੱਚ ਐੱਮ ਵੀ ਕੰਪਨੀ ਨੇ ਰਿਕਾਰਡ ਕੀਤਾ ਸੀ।

 

੫) ਕੀ ਤੁਹਾਡਾ ਵੀ ਕੋਈ ਸ਼ਾਗਿਰਦ ਹੈ?

ਨਹੀਂ, ਇਥੇ ਇੰਗਲੈਂਡ ਵਿਚ ਕੋਈ ਉਸਤਾਦੀ-ਸ਼ਗਿਰਦੀ ਦਾ ਕੋਈ ਚੱਕਰ ਨਹੀਂ ਹੈ। ਇਹ ਸਿਰਫ਼ ਇੰਡੀਆ ਵਿਚ ਚਲਦਾ ਹੈ। ਨਾਲੇ, ਇਥੇ ਇੰਨਾ ਕਿਸੇ ਕੋਲ ਟੈਮ ਵੀ ਨਹੀਂ ਹੈ।

 

੬) ਤੁਹਾਡੇ ਲਈ ਸੰਗੀਤ ਕੀ ਹੈ?

ਮੇਰੇ ਲਈ ਸੰਗੀਤ ਸਭ ਕੁਝ ਹੈ। ਮੈਂ 32-33 ਸਾਲਾਂ ਦਾ ਇਹੀ ਕੰਮ ਕਰਦਾ ਆ ਰਿਹਾ ਹਾਂ। ਰਿਕਾਡਿੰਗ ਮੇਰੀ ਸੰਨ 75 ਵਿਚ ਪਹਿਲੀ ਵਾਰੀ ਹੋਈ ਸੀ ਤੇ ਮੈਂ ਅਜਿਹਾ ਕੋਈ ਗੀਤ ਨਹੀਂ ਗਾਇਆ ਜਿਸ ਤੇ ਮੈਨੂੰ ਪਛਤਾਵਾ ਹੁੰਦਾ ਹੋਵੇ।

 

੭) ਤੁਸੀਂ ਦੁਗਾਣੇ ਵੀ ਗਾਏ ਜਾਂ ਸਿਰਫ਼ ਸੋਲੋ ਹੀ ਗਾਇਆ?

ਨਹੀਂ, ਮੈਂ ਇੰਡੀਆ ਤੋਂ ਪ੍ਰੀਤੀ ਬਾਲਾ, ਸੁਰਿੰਦਰ ਕੌਰ ਤੇ ਉਸ ਦੀ ਲੜਕੀ ਡੋਲੀ ਅਤੇ ਇੰਗਲੈਂਡ ਤੋਂ ਮਹਿੰਦਰ ਕੌਰ ਭੰਵਰਾ, ਪਰਮਜੀਤ ਪੰਮੀ ਨਾਲ ਦੁਗਾਣੇ ਗਾਏ।

 

੮) ਗੀਤਾਂ ਦੇ ਫਿਲਮਾਂਕਣ ਨੂੰ ਤੁਸੀਂ ਕਿੰਨਾ ਕੁ ਜ਼ਰੂਰੀ ਸਮਝਦੇ ਹੋ?

ਪਹਿਲਾਂ ਤਾਂ ਇੰਨੇ ਜ਼ਰੂਰੀ ਨਹੀਂ ਸਨ ਪਰ ਹੁਣ ਬਹੁਤ ਜ਼ਰੂਰੀ ਹੋ ਗਏ ਹਨ। ਪਰ ਮੈਂ ਕੰਪਨੀ ਨੂੰ ਕਿਹਾ ਹੈ ਕਿ ਮੇਰੇ ਗੀਤਾਂ ਦੀ ਵੀਡੀਓ ਇਸ ਤਰਾਂ ਬਣਾਉਣ ਕਿ ਬੰਦਾ ਪੂਰੇ ਪਰਿਵਾਰ ਵਿਚ ਬੈਠ ਕੇ ਦੇਖ ਸਕੇ। ਕਈ ਵਾਰੀ ਵੀਡੀਓ ਵਿਚ ਕੁੜੀ ਦੇ ਸਕਰਟ ਪਾਈ ਹੁੰਦੀ ਏ ਤੇ ਸ਼ੂਟ ਇਸ ਤਰ੍ਹਾਂ ਕਰਦੇ ਹਨ ਕਿ ਨੀਵੀਂ ਪਾਉਣੀ ਪੈ ਜਾਂਦੀ ਹੈ।

 

੯) ਤੁਹਾਡੇ ਲਈ ਲੱਚਰ ਗੀਤ ਦੀ ਕੀ ਪਰਿਭਾਸ਼ਾ ਹੈ?

ਜੋ ਪਰਿਵਾਰ ਵਿਚ ਬੈਠ ਕੇ ਸੁਣਿਆ ਨਾ ਜਾਵੇ। ਮੈਂ ਤਾਂ ਪਹਿਲਾਂ ਤੋਂ ਹੀ ਇਹੀ ਕਹਿੰਦਾ ਹਾਂ ਕਿ ਇਸ ਤਰ੍ਹਾਂ ਦੀ ਗੀਤ ਗਾਓ ਕਿ ਜਿਹੜੇ ਪੂਰੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਣ। ਮੈਂ, ਮੇਰੇ ਕੁਝ ਗੀਤਾਂ ਦੇ ਮੁਖੜੇ ਦੱਸਦਾ ਹਾਂ ਜਿਵੇਂ ਗੀਤ ਸੀ 'ਬਾਬਲ ਦੀ ਗਲੀਆਂ ਅੱਜ ਸੁੰਨੀਆਂ ਹੋਈਆਂ', ਨੰਦ ਲਾਲ ਨੰਦਪੁਰੀ ਦੇ ਦੋ ਗੀਤ 'ਉਹ ਦੁਨੀਆ ਦੇ ਲੋਕੋ' 'ਉਠ ਜਾ ਭੋਲੇ ਪੰਛੀਆਂ', ਹੋਰ 'ਸੁੰਨੇ ਰਹਿਣ ਚੁਬਾਰੇ ਤੇਰੇ', 'ਨਾ ਕਰ ਮਨ ਮੱਤੀਆਂ', 'ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ'। ਮਤਲਬ ਹੁਣ ਤਕ ਮੈਂ ਇਸੇ ਤਰ੍ਹਾਂ ਦੇ ਗੀਤ ਗਾਏ ਹਨ ਕਿ ਟੇਪ ਬੰਦ ਕਰਨੀ ਨਾ ਪਵੇ ਤੇ ਇਸੇ ਤਰ੍ਹਾਂ ਦੇ ਆ ਰਹੇ ਹਨ। ਹੋਰ ਬੋਲੀਆਂ ਵੀ ਇਸ ਢੰਗ ਨਾਲ ਗਾਈਆਂ ਕਿ ਸ਼ੁਗਲ ਦਾ ਸ਼ੁਗਲ, ਸਿੱਖਿਆ ਦੀ ਸਿੱਖਿਆ। ਕਈ ਵਾਰੀ ਦੋਸਤ ਕਹਿੰਦੇ ਹਨ ਕਿ ਜੇ ਬੋਲੀਆਂ ਵਿਚ ਇਕ ਦੋ ਬੋਲੀਆਂ ਦੂਸਰੇ ਤਰ੍ਹਾਂ ਦੀਆਂ ਨਾ ਹੋਣ ਤਾਂ ਮਜ਼ਾ ਨਹੀਂ ਆਉਂਦਾ। ਪਰ ਆਪਾਂ ਕਹੀਦਾ ‘ਨਹੀਂ ਬਈ।’

 

੧੦) ਤੁਸੀਂ ਜ਼ਿਆਦਾ ਕਿਸ ਵਿਸ਼ੇ 'ਤੇ ਗੀਤ ਗਾਏ?

ਪਹਿਲਾਂ ਪਹਿਲ ਤਾਂ ਜ਼ਿਆਦਾਤਰ ਸੈਡ ਸੌਂਗ ਹੀ ਗਾਉਂਦੇ ਸਨ। ਜੇ ਐਲਬਮ ਵਿਚ ਬਾਰਾਂ ਗੀਤ ਹੁੰਦੇ ਸੀ ਤਾਂ ਅੱਠ ਗੀਤ ਇਸੇ ਤਰ੍ਹਾਂ ਦੇ ਹੁੰਦੇ ਸਨ। ਇਕ ਦੋ ਗੀਤ ਹੀ ਡਾਂਸ ਦੇ ਹੁੰਦੇ ਸੀ। ਗਿੱਧੇ ਦਾ ਗੀਤ ਸਭ ਤੋਂ ਪਹਿਲਾਂ ਮੈਂ ਗਾਇਆ 'ਗਿੱਧੇ ਦੀਏ ਰਾਣੀਏ, ਨੀ ਗਿੱਧੇ ਵਿਚ ਆ'। ਉਸ ਸਮੇਂ ਜ਼ਿਆਦਾਤਰ ਡਿਊਡ ਹੀ ਚਲਦੇ ਸੀ ਜਾਂ ਕਲੀਆਂ ਹੁੰਦੀਆਂ ਸੀ।

 

੧੧) ਤੁਹਾਡੇ ਪਸੰਦੀਦਾ ਗਾਇਕ ਕਿਹੜੇ ਹਨ?

ਮੈਂ ਤਾਂ ਸਭ ਤੋਂ ਵੱਧ ਲਾਲ ਚੰਦ ਯਮ੍ਹਲਾ ਜੱਟ ਜੀ ਨੂੰ ਪਸੰਦ ਕਰਦਾ ਸੀ। ਵੈਸੇ ਅੱਜਕੱਲ੍ਹ ਮੁੰਡੇ ਸਾਰੇ ਹੀ ਵਧਿਆ ਗਾਉਂਦੇ ਹਨ। ਬਾਕੀ ਜਿਸ ਦਾ ਗੀਤ ਵਧੀਆ ਚਲ ਜਾਂਦਾ ਹੈ ਲੋਕੀਂ ਉਸ ਨੂੰ ਜ਼ਿਆਦਾ ਪਸੰਦ ਕਰਨ ਲਗ ਪੈਂਦੇ ਹਨ।

 

੧੨) ਤੇ ਗੀਤਕਾਰ ...?

ਜ਼ਿਆਦਾਤਰ ਐਲਬਮ ਵਿਚ ਮੇਰੇ ਹੀ ਗੀਤ ਹੁੰਦੇ ਹਨ। ਪਰ ਜੇ ਹੋਰ ਕਿਸੇ ਦਾ ਵਧੀਆ ਗੀਤ ਮਿਲ ਜਾਵੇ ਭਾਵੇਂ ਕਿਸੇ ਦਾ ਵੀ ਹੋਵੇ, ਤਾਂ ਐਲਬਮ 'ਚ ਪਾ ਲਈਦਾ ਹੈ। ਜੰਡੂ ਲਿੱਤਰਾਂ ਵਾਲੇ ਦੇ ਮੈਂ ਬਹੁਤ ਗੀਤ ਗਾਏ ਹਨ।

 

੧੩) ‘ਐਸ਼ ਕਰੋ’ ਐਲਬਮ ਤੋਂ ਬਾਅਦ ਤੁਸੀਂ ਨਵੀਂ ਐਲਬਮ ਵਿਚ ਕੀ ਅਗਾਂਹ ਦੀ ਗੱਲ ਕਰ ਰਹੇ ਹੋ?

ਨਵੀਂ ਐਲਬਮ ਵਿਚ ਅੱਠ ਗੀਤ ਹਨ ਅਤੇ ਅੱਠ ਹੀ ਗੀਤਕਾਰ ਹਨ। ਨਾਮ ਹਾਲੇ ਅਸੀਂ ਕੋਈ ਨਹੀਂ ਚੁਣਿਆ।

 

੧੪) ਐਲਬਮ ਬਣਾਉਣ ਵੇਲੇ ਕਿਹੜੀਆਂ ਗੱਲਾਂ ਧਿਆਨ 'ਚ ਰੱਖਦੇ ਹੋ?

ਹਿੱਟ ਐਲਬਮ:
 ਜਵਾਨੀ  1977
 ਗਿੱਧਿਆਂ ਦੀ ਰਾਣੀ  1978
 ਦੁਨਿਆ ਮਤਲਬ ਦੀ  1981
 ਮੈਂ ਆਸ਼ਕ ਤੇਰਾ  1982
 ਗਿੱਧੇ ਵਿਚ ਨੱਚਦੀ ਦੀ  1986
 ਫਲੈਸ਼ ਬੈਕ  1993
 ਜਵਾਨੀ  1994
 ਕੰਗ ਫੂ  1996
 ਐਸ਼ ਕਰੋ  2001

ਇੰਡੀਆ ਦੀ ਮਾਰਕੀਟ ਇੰਗਲੈਂਡ ਦੀ ਮਾਰਕੀਟ ਨਾਲੋਂ ਵੱਖਰੀ ਹੈ। ਪਹਿਲਾਂ ਪਹਿਲ ਤਾਂ ਇੰਡੀਆ ਵਿਚ ਸਿਰਫ਼ ਐੱਚ ਐੱਮ ਵੀ ਦੀ ਕੰਪਨੀ ਹੁੰਦੀ ਸੀ। ਇਸ ਕਰਕੇ ਅਸੀਂ ਇੰਡੀਅਨ ਮਾਰਕੀਟ ਨੂੰ ਧਿਆਨ 'ਚ ਰੱਖ ਕੇ ਐਲਬਮਾਂ ਬਣਾਈਆਂ। ਪਰ ਫੇਰ ਇੱਥੇ ਵੀ ਇਕ ਰੋਮਾ ਕੰਪਨੀ ਖੁੱਲ ਗਈ। ਰੋਮਾ ਕੰਪਨੀ ਨਾਲ ਅਸੀਂ ਦੋ-ਤਿੰਨ ਐਲਬਮਾਂ ਸਿਰਫ਼ ਇੰਗਲੈਂਡ ਦੇ ਸਰੋਤਿਆਂ ਲਈ ਬਣਾਈਆਂ। ਪਰ ਉਹ ਇੰਡੀਆ ਵਿਚ ਛੋਟੀਆਂ ਛੋਟੀਆਂ ਕੰਪਨੀਆਂ ਨੇ ਚੋਰੀ ਰਿਲੀਜ਼ ਕਰ ਦਿੱਤੀਆਂ। ਇਕ ਤਾਂ ਉਹ ਵੇਚਦੇ ਵੀ ਚੋਰੀ ਹਨ ਤੇ ਦੂਜਾ ਉਨ੍ਹਾਂ ਦੀ ਕੁਆਲਟੀ ਵੀ ਬਹੁਤ ਖਰਾਬ ਹੁੰਦੀ ਹੈ। ਤੀਜਾ ਪੈਸਾ ਉਨ੍ਹਾਂ ਦਾ ਬਹੁਤਾ ਲੱਗਾ ਨਹੀਂ ਹੁੰਦਾ, ਇਸ ਕਰਕੇ ਭਾਵੇਂ ਦਸ ਵਿਕਣ ਤਾਂ ਵੀ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ।

 

ਪਰ ਆਮ ਇਕ ਗੀਤ ਦੀ ਵੀਡੀਓ ਬਣਾਉਣ ਤੇ ਦਸ ਲੱਖ ਰੁਪਏ ਖਰਚ ਹੁੰਦਾ ਹੈ ਫੇਰ ਉਸ ਤੇ ਹੋਰ ਖਰਚਾ ਵੀ ਆਉਂਦਾ ਹੈ ਤੇ ਵੇਚਣ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸੇ ਕਰਕੇ ਅਸੀਂ ਕਾਫ਼ੀ ਸੋਚ-ਵਿਚਾਰ ਬਾਅਦ ਇੰਡੀਆ ਵਿਚ ਟਿਪਸ ਕੰਪਨੀ ਵਾਲਿਆਂ ਨਾਲ ਸੰਪਰਕ ਕੀਤਾ ਹੈ। ਹੁਣ ਸਾਨੂੰ ਦੋਨਾਂ ਮਾਰਕੀਟਾਂ ਨੂੰ ਦੇਖਣਾ ਪੈਂਦਾ ਹੈ। ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਐਲਬਮ ਵਿਚ ਜੇ ਅੱਠ ਗੀਤ ਹਨ ਤਾਂ ਉਨ੍ਹਾਂ ਵਿਚੋਂ ਛੇ ਗੀਤ ਇੰਡੀਆ ਵਾਸਤੇ ਤੇ ਦੋ ਗੀਤ ਇੰਗਲੈਂਡ ਵਾਸਤੇ ਹੋਣਗੇ। ਕਨੇਡਾ ਤੇ ਇੰਡੀਆ ਦੀ ਮਾਰਕੀਟ ਇਕੋ ਹੈ। ਕਿਉਂਕਿ ਕਨੇਡਾ ਵਿਚ ਸਾਰੇ ਨਵੇਂ ਬੰਦੇ ਗਏ ਹਨ ਤੇ ਜਾ ਰਹੇ ਹਨ।

 

੧੫) ਤੁਸੀਂ ਇਕ ਸਫ਼ਲ ਗਾਇਕ ਅਤੇ ਗੀਤਕਾਰ ਹੋ, ਤੁਹਾਡਾ ਮਾਨ-ਸਨਮਾਨ ਵੀ ਕੀਤਾ ਗਿਆ ਹੋਣਾ?

(ਹੱਸਦੇ ਹੋਏ) ਮਾਨ-ਸਨਮਾਨ ਤਾਂ ਬਹੁਤ ਮਿਲੇ ਹਨ। ਮੈਨੂੰ ਹਰ ਤਰ੍ਹਾਂ ਦਾ ਮਾਨ-ਸਨਮਾਨ ਮਿਲਿਆ ਹੈ। ਮੇਨ ਚੀਜ਼ ਇਹੀ ਹੁੰਦੀ ਹੈ, ਮੇਰੀ ਸਭ ਤੋਂ ਵੱਧ ਕੈਸਟ ਵਿਕੇ ਤੇ ਮੇਰੀ ‘ਜਵਾਨੀ’ ਕੈਸਟ ਸਭ ਤੋਂ ਵੱਧ ਵਿਕੀ ਹੈ। ਉਸ ਦਾ ਮੈਨੂੰ ਐਵਾਰਡ ਮਿਲਿਆ ਹੈ। ਬੈੱਸਟ ਗੀਤਕਾਰ, ਬੈੱਸਟ ਗਾਇਕ ਤੇ ਬੈੱਸਟ ਗੀਤ ਦਾ ਵੀ ਖਿਤਾਬ ਮਿਲਿਆ ਹੈ।

 

੧੬) ਕੋਈ ਅਜਿਹਾ ਮਾਨ-ਸਨਮਾਨ ਜਿਸ ਨੂੰ ਹਾਲੇ ਪਾਉਣ ਦੀ ਇੱਛਾ ਹੋਵੇ?

ਨਹੀਂ, ਇੰਗਲੈਂਡ ਵਿਚ ਜਿੰਨੇ ਮਾਨ-ਸਨਮਾਨ ਹਨ ਉਹ ਸਭ ਮੈਨੂੰ ਮਿਲ ਚੁੱਕੇ ਹਨ। ਹੋਰ ਬਾਹਰਲੇ ਮੁਲਕਾਂ ਦੇ ਵੀ ਸਾਰੇ ਮਿਲ ਚੁੱਕੇ ਹਨ। ਸਿਰਫ਼ ਇੰਡੀਆ ਤੋਂ ਕੋਈ ਸਨਮਾਨ ਨਹੀਂ ਹੋਇਆ। ਉਹ ਇਸ ਕਰਕੇ ਕਿਉਂਕਿ ਮੈਂ ਉਥੇ ਕੋਈ ਪ੍ਰੋਗਰਾਮ ਹੀ ਨਹੀਂ ਕੀਤਾ।

 

੧੭) ਤੁਸੀਂ ਇੰਡੀਆ ਵਿਚ ਪ੍ਰੋਗਰਾਮ ਕਿਉਂ ਨਹੀਂ ਕੀਤੇ?

ਇਥੇ ਹੀ ਇੰਨਾ ਬਿਜ਼ੀ ਹੁੰਦੇ ਹਾਂ ਕਿ ਇੰਡੀਆ ਕੋਈ ਪ੍ਰੋਗਰਾਮ ਕਰਵਾਉਣ ਦਾ ਚਾਂਸ ਹੀ ਨਹੀਂ ਹੈ। ਇਥੇ ਹਰ ਹਫਤੇ ਦੇ ਆਖਰ ਇਕ ਦੋ ਪ੍ਰੋਗਰਾਮ ਤੋਂ ਲੈ ਕੇ ਛੇ-ਛੇ ਪ੍ਰੋਗਰਾਮ ਵੀ ਹੁੰਦੇ ਹਨ। ਇੰਡੀਆ ਤਾਂ ਟੈਮ ਕੱਢ ਕੇ ਜਾਵੇ ਤਾਂ ਹੀ ਪ੍ਰੋਗਰਾਮ ਹੁੰਦੇ ਹਨ। ਪਹਿਲਾਂ-ਪਹਿਲਾਂ 78 ਤੋਂ 88 ਤੱਕ ਮੇਰੀ ਰਿਕਾਰਡਿੰਗ ਇੰਡੀਆ ਵਿਚ ਹੀ ਹੋਈ ਹੈ। ਉਦੋਂ ਇਕ ਦੋ ਹਫਤੇ ਲਈ ਜਾਣਾਂ ਤੇ ਰਿਕਾਰਡਿੰਗ ਕਰਕੇ ਮੁੜ ਆਉਣਾ।

 

੧੮) ਹੋਰ ਬਾਹਰਲੇ ਕਿਹੜੇ ਮੁਲਕਾਂ ਵਿਚ ਪ੍ਰੋਗਰਾਮ ਕੀਤੇ ਹਨ?

ਕਨੇਡਾ, ਅਮਰੀਕਾ, ਹਾਲੈਂਡ, ਨਾਰਵੇ ਬਾਹਰਲੇ ਮੁਲਕਾਂ ਲਗਭਗ ਸਾਰਿਆਂ 'ਚ ਹੀ।

 

੧੯) ਤੁਸੀਂ ਆਪਣੀ ਸਫ਼ਲਤਾ ਦਾ ਸਿਹਰਾ ਕਿਸ ਦੇ ਸਿਰ ਤੇ ਬੰਨ੍ਹਦੇ ਹੋ?

A S Kangਪ੍ਰਮਾਤਮਾ ਦੇ ਸਿਰ, ਸਭ ਰੱਬ ਦੀ ਦੇਣ ਹੈ। ਉਹੀ ਇਕ ਮਿੰਟ ਵਿਚ ਉਪਰ ਲੈ ਜਾਂਦਾ ਹੈ ਤੇ ਇਕ ਮਿੰਟ 'ਚ ਥੱਲੇ ਲੈ ਆਉਂਦਾ ਹੈ। ਪਰ ਇਹ ਵੀ ਨਹੀਂ ਕਿ ਸਭ ਕੁਝ ਰੱਬ ਆਸਰੇ ਛੱਡ ਦੇਣਾ ਚਾਹੀਦਾ ਹੈ। ਰੱਬ ਨੇ ਤੁਹਾਨੂੰ ਹੱਥ ਦਿੱਤੇ ਹਨ, ਦਿਮਾਗ ਦਿੱਤਾ ਹੈ ਆਪ ਵੀ ਮਿਹਨਤ ਕਰਨੀ ਚਾਹੀਦੀ ਹੈ।

 

੨੦) ਕੀ ਤੁਸੀਂ ਪੰਜਾਬੀ ਗਾਇਕੀ ਤੋਂ ਸੰਤੁਸ਼ਟ ਹੋ?

ਜਿਹੜੀ ਮੇਨ ਚੀਜ਼ ਹੈ ਉਹ ਹੈ ‘ਲਿਖਤ’ ਬਾਕੀ ਸਭ ਬਕਵਾਸ ਹੈ। ਹੋਰ ਹਰ ਗਾਇਕ ਤਾਂ ਇਹ ਹੀ ਕਹਿੰਦਾ ਹੈ ਕਿ ਮੇਰੇ ਤੋਂ ਵਧੀਆ ਕੋਈ ਗਾਉਂਦਾ ਹੀ ਨਹੀਂ। ਇਥੇ ਬਹੁਤੇ ਸਾਰੇ ਗਾਇਕ ਹਨ ਜਿਨ੍ਹਾਂ ਨੂੰ ਪੂਰੀ ਪੰਜਾਬੀ ਵੀ ਨਹੀਂ ਆਉਂਦੀ ਹੈ ਉਹ ਵੀ ਗਾਈ ਜਾ ਰਹੇ ਹਨ।

 

੨੧) ਤੁਸੀਂ ਨਵੇਂ ਗਾਇਕਾਂ ਜਾਂ ਗੀਤਕਾਰਾਂ ਨੂੰ ਕੀ ਕਹਿਣਾ ਚਾਹੋਗੇ?

ਮੈਂ ਇਹੀ ਕਹਿਣਾ ਚਾਹਾਂਗਾ ਕਿ ਵਧੀਆ ਗਾਓ ਤੇ ਵਧੀਆ ਲਿਖੋ । ਜਿਹੜਾ ਕਿ ਪਰਿਵਾਰਾਂ ਵਿਚ ਬੈਠ ਕੇ ਸੁਣਿਆਂ ਜਾ ਸਕੇ। ਬਾਕੀ ਕਰਨੀ ਤਾਂ ਹਰੇਕ ਨੇ ਆਪਣੀ ਮਰਜ਼ੀ ਹੁੰਦੀ ਆ। ਜੇ ਤੁਸੀਂ ਵਧੀਆ ਗਾਉਂਦੇ ਆ ਜਾਂ ਲਿਖਦੇ ਹੋ ਤਾਂ ਲੋਕੀਂ ਵੀ ਯਾਦ ਰੱਖਦੇ ਆ। ਹਮੇਸ਼ਾਂ ਯਾਦ ਰੱਖਦੇ ਆ। ਕਈ ਗੀਤ ਇਕ ਦਮ ਚਲ ਜਾਂਦੇ ਆ ਤੇ ਫੇਰ ਮੁੜ ਉਸੇ ਤਰਾਂ ਬਹਿ ਜਾਂਦੇ ਹਨ ਤੇ ਕਈ ਚੰਗੇ ਗੀਤ ਚਾਲੀ ਪੰਜਾਹ ਸਾਲ ਬਾਅਦ ਵੀ ਉਸ ਤਰ੍ਹਾਂ ਦੇ ਲੱਗਦੇ ਆ।

 

੨੨) ਕੋਈ ਖ਼ੁਸ਼ੀ ਦੇ ਪਲ ਸਾਡੇ ਨਾਲ ਸਾਂਝੇ ਕਰਨਾ ਚਾਹੋਗੇ?

ਸਭ ਤੋਂ ਵੱਡੀ ਖ਼ੁਸ਼ੀ ਕਲਾਕਾਰ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਉਸਦਾ ਗੀਤ ਹਿੱਟ ਹੁੰਦਾ ਹੈ। ਆਮ ਤੌਰ ਤੇ ਹੁੰਦਾ ਹੈ ਕਿ ਕੋਈ ਕਲਾਕਾਰ ਦੋ ਚਾਰ ਸਾਲ ਲਈ ਹਿੱਟ ਹੁੰਦਾ ਤੇ ਫੇਰ ਉਹ ਚੁੱਪ ਕਰ ਜਾਂਦਾ ਹੈ। ਪਰ ਪ੍ਰਮਾਤਮਾ ਦੀ ਮਿਹਰ ਹੈ ਕਿ 32-33 ਸਾਲਾਂ ਤੋਂ ਚੜ੍ਹਦੀ ਕਲਾ ਵਿਚ ਰੱਖਿਆ ਹੈ।

 

੨੩) ਪਰ ਵਿਚ ਜਿਹੇ ਤੁਸੀਂ ਗਾਇਕੀ ਛੱਡ ਵੀ ਗਏ ਸੀ?

ਉਸ ਸਮੇਂ ਬਹੁਤ ਸਾਰੀਆਂ ਫੈਮਲੀ ਪ੍ਰੋਬਲਮਾਂ ਹੋ ਗਈਆਂ ਸਨ। ਹੋਇਆ ਇੰਝ ਕਿ (ਉਦਾਸ ਹੁੰਦੇ ਹੋਏ) ਪਰਿਵਾਰ ਵਿਚ ਇਕ ਤੋਂ ਬਾਅਦ ਇਕ ਮੌਤਾਂ ਹੁੰਦੀਆਂ ਗਈਆਂ। ਪਹਿਲਾਂ ਫਾਦਰ ਦੀ ਡੈੱਥ ਹੋ ਗਈ, ਫੇਰ ਮਦਰ ਦੀ ਹੋ ਗਈ, ਫੇਰ ਸਿਸਟਰ ਦੀ, ਉਸ ਤੋਂ ਬਾਅਦ ਬਰਦਰ ਵੀ ਚਲੇ ਗਏ। ਇਸ ਤਰ੍ਹਾਂ ਨਹੀਂ ਕਿ ਕੋਈ ਬੀਮਾਰ ਸੀ ਬਸ ਬੈਠੇ-ਬੈਠੇ ਹੀ ਸਾਰੇ ਚਲੇ ਗਏ । ਫੇਰ ਮਨ ਹੀ ਬੁਝ ਗਿਆ। ਇਸ ਕਰਕੇ ਮੈਂ ਚਾਰ-ਪੰਜ ਸਾਲ ਨਾ ਗਾਇਆ ਤੇ ਨਾ ਲਿਖਿਆ।

 

੨੪) ਫਿਰ ਦੁਬਾਰਾ ਗਾਉਣਾ ਕਿਵੇਂ ਸ਼ੁਰੂ ਕੀਤਾ?

A S Kang - Kang Fuਇਕ ਬਾਰ ਮੇਰੇ ਵੱਡੇ ਮੁੰਡੇ ਨੇ ਕਿਹਾ ਕਿ ਡੈਡੀ ਮੈਨੂੰ ਚਾਰ-ਪੰਜ ਗੀਤ ਗਾ ਕੇ ਦਿਓ। ਮੈਂ ਆਪੇ ਹੀ ਕੰਪਿਊਟਰ ਨਾਲ ਸੈੱਟ ਕਰ ਲਵਾਗਾਂ। ਉਸ ਨੂੰ ਸਕੂਲ ਵਲੋਂ ਵੀ ਇਸ ਬਾਰੇ ਕਾਫ਼ੀ ਜਾਣਕਾਰੀ ਸੀ। ਉਸਨੇ ਇਕ ਦੋ ਮੁੰਡੇ ਹੋਰ ਨਾਲ ਲੈ ਕੇ ਗੀਤ ਤਿਆਰ ਕੀਤੇ ਅਤੇ ਕੰਪਨੀ ਵਾਲੇ ਨੂੰ ਦੇ ਦਿੱਤੇ। ਕੰਪਨੀ ਵਾਲਿਆਂ ਨੇ ਸਾਨੂੰ ਜਿੰਨੇ ਪੈਸੇ ਸਾਡੇ ਲੱਗੇ ਸੀ ਉਨੇ ਕੁ ਦੇ ਦਿੱਤੇ ਤੇ ਫਲੈਸ਼ ਬੈਕ (1993) ਨਾਮ ਦੀ ਰੀਲ ਕੱਢ ਦਿੱਤੀ। ਰੀਲ ਬਹੁਤ ਚੱਲੀ । ਕੰਪਨੀ ਵਾਲਿਆਂ ਨੇ ਮੈਨੂੰ ਕਿਹਾ ਕਿ ਇਕ ਰੀਲ ਹੋਰ ਕਰ ਕੇ ਦੇ ਤੇ ਪੈਸੇ ਜਿੰਨੇ ਮਰਜ਼ੀ ਲੈ ਲਈ। ਪਹਿਲਾਂ ਤਾਂ ਮੈਂ ਨਾ ਕਰ ਦਿੱਤੀ ਸੀ। ਪਰ ਬਾਅਦ ਵਿਚ ਉਸਦੇ ਜ਼ਿਆਦਾ ਜ਼ੋਰ ਪਾਉਣ ਤੇ ਅਸੀਂ ‘ਜਵਾਨੀ’ ਰੀਲ ਕੱਢੀ। ਜਵਾਨੀ ਰੀਲ ਤਾਂ ਇੰਨੀ ਚੱਲੀ ਕਿ ਗੱਲਾਂ ਹੀ ਛੱਡ ਦਿਓ। ਫੇਰ ਉਹ ਸਾਨੂੰ ਕਹਿੰਦੇ ਕਿ ਹੁਣ ਪ੍ਰੋਗਰਾਮ ਵੀ ਜ਼ਰੂਰ ਕਰਨੇ। ਇਸ ਦੇ ਨਾਲ ਸਾਨੂੰ ਵੀ ਫ਼ਾਇਦਾ ਹੈ ਤੇ ਤੁਹਾਨੂੰ ਵੀ। ਮੈਂ ਕਿਹਾ ਬਈ ਮੈਂ ਨਹੀਂ ਕਰਨੇ ਪਰ ਉਨ੍ਹਾਂ ਮੱਲੋ ਮੱਲੀ ਇਕ-ਦੋ ਪ੍ਰੋਗਰਾਮ ਕਰਵਾ ਦਿੱਤੇ। ਉਸ ਤੋਂ ਬਾਅਦ ਇੰਨੇ ਪ੍ਰੋਗਰਾਮ ਆਉਣੇ ਸ਼ੁਰੂ ਕੀਤੇ ਕਿ ਇੰਗਲੈਂਡ ਵਿਚ ਜਿੰਨੇ ਕਲਾਕਾਰ ਸੀ ਉਨ੍ਹਾਂ ਨਾਲੋਂ ਵੱਧ ਹੋ ਗਏ। ਫਿਰ ਐਸਾ ਸਿਲਸਿਲਾ ਸ਼ੁਰੂ ਹੋ ਗਿਆ ਕਿ ਹੁਣ ਤਕ ਚਲਾ ਆ ਰਿਹਾ ਹੈ।

 

੨੫) ਕੋਈ ਦਿਲ ਦੀ ਤਮੰਨਾ ਪੂਰੀ ਕਰਨ ਵਾਲੀ ਹੋਵੇ?

ਮੈਂ ਦੋ-ਤਿੰਨ ਸਾਲਾਂ ਤੋਂ ਇਕ ਧਾਰਮਿਕ ਐਲਬਮ ਕਰਨ ਬਾਰੇ ਸੋਚ ਰਿਹਾ ਹਾਂ। ਸਭ ਕੁਝ ਤਿਆਰ ਹੈ। ਬਸ ਗਲ ਹੀ ਨਹੀਂ ਬਣ ਰਹੀ।

 

ਮੁਲਾਕਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਤੁਹਾਡਾ ਵੀ।

 

ਸਿਰਫ਼ 5abi.com ਨੂੰ ਭੇਜੀ ਤੇ ਲੱਗੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com