ਇਹ ਸੰਸਾਰ ਕੋਈ ਦਰਬਾਨ ਵਾਲਾ ਡਿਸਕੋ ਜਾਂ ਅਮੀਰ ਕਲੱਬ ਨਹੀਂ ਹੈ - ਮਰੀਆ ਬਾਸਲਾਕਓ
ਮੁਲਾਕਾਤੀ: ਹੈਪੀ ਮਾਨ ਜਮਸ਼ੇਰ
ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਨਗਰ-ਪਾਲਕਾ ਭਵਨ ਵਿਚ ਸਾਡੀ ਸੁਣਨ ਵਾਲਾ ਸਾਡੇ ਵਰਗਾ ਕੋਈ ਪ੍ਰਵਾਸੀ ਬੈਠਾ ਹੈ । ਚਾਹੇ ਉਸਦਾ ਕਾਰਣ ਵੀਆਨਾ ਦੀਆਂ ਸੜਕਾਂ ਤੇ ਹੋਏ ਨਸਲਵਾਦ ਵਿਰੁੱਧ ਹੋਵੇ ਜਾਂ ਦਫ਼ਤਰਾਂ ਵਿਚ ਹੋਣ ਵਾਲੀ ਅਸਮਾਨਤਾ ਵਿਰੁੱਧ।
ਮਰੀਆ ਦਾ ਜਨਮ ਸਾਲ 1969 ਨੂੰ ਗਰੀਕ ਵਿਚ ਹੋਇਆ। ਪਰ ਉਨ੍ਹਾਂ ਨੇ ਉੱਚ-ਪੜ੍ਹਾਈ ਵੀਆਨਾ ਵਿਚ ਕੀਤੀ ਹੈ। ਉਹ ਇਕ ਆਸਟਰੀਅਨ ਨਾਲ ਵਿਆਹੇ ਹੋਏ ਹਨ। ਮਰੀਆ ਨਗਰ-ਪਾਲਕਾ ਭਵਨ ਵਿਚ ਵੀਆਨਾ ਦੇ ਪ੍ਰਵਾਸੀਆਂ ਦੀ ਅਵਾਜ਼ ਬਣਨਾ ਚਾਹੁੰਦੇ ਹਨ। ਲੋਕਾਂ ਦਾ ਕਹਿਣਾ ਇਸ ਤਰ੍ਹਾਂ ਪਹਿਲੀ ਬਾਰ ਹੋਇਆ ਹੈ ਕਿ ਨਗਰ-ਪਾਲਕਾ ਵਿਚ ਇਕ ਨੌਜੁਆਨ ਮੈਂਬਰ ਬੈਠਾ ਹੈ ਜੋ ਵੱਖਰਾ ਦਿਸਦਾ ਹੈ। ਹੋਰਾਂ ਪ੍ਰਵਾਸੀਆਂ ਲਈ ਮਰੀਆ ਇਕ ਆਦਰਸ਼ ਹੈ ਅਤੇ ਉਹ ਪ੍ਰਵਾਸੀਆਂ ਦਾ ਆਤਮ-ਵਿਸ਼ਵਾਸ ਜਗਾਉਣਾ ਚਾਹੁੰਦੇ ਹਨ।
ਜੇਕਰ ਅਸੀਂ ਕਿਸੇ ਬੇਗਾਨੇ ਦੇਸ਼ ਨੂੰ ਅਪਨਾਉਣ ਦਾ ਫੈਸਲਾ ਕਰ ਲਿਆ ਹੈ ਤਾਂ ਸਾਨੂੰ ਆਪਣੇ ਨਾਲ ਹੋ ਰਹੇ ਅਤਿਆਚਾਰ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ। ਸਾਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨਾਲ ਜੀਣਾ ਚਾਹੀਦਾ ਹੈ। ''ਦੀ ਗਰੁਨੰਨ'' ਪਾਰਟੀ, ਜੋ ਕਿ ਅਸਟਰੀਆ ਦੀਆਂ ਰਾਜਨੀਤਿਕ ਪਾਰਟੀਆਂ ਚੋਂ ਚੌਥੀ ਤਾਕਤਵਰ ਪਾਰਟੀ ਹੈ, ਤੁਹਾਡੀ ਅਵਾਜ਼ ਉਸ ਪਾਰਟੀ ਦੀ ਮੈਂਬਰ ਅਤੇ ਸ਼ਹਿਰ-ਸਭਾ ਦੀ ਮੈਂਬਰ ''ਮਰੀਆ ਬਾਸਲਾਕਾਓ'' ਸਰਕਾਰ ਤੱਕ ਪਹੁੰਚਾ ਸਕਦੀ ਹੈ ਅਤੇ ਤੁਹਾਡੇ ਲਈ ਸਰਕਾਰ ਨਾਲ ਲੜ ਵੀ ਸਕਦੀ ਹੈ। ''ਦੀ ਗਰੁਨੰਨ'' ਪਾਰਟੀ ਅਤੇ ''ਮਰੀਆ ਬਾਸਲਾਕਾਓ'' ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇਣ ਲਈ ਪੇਸ਼ ਹੈ ਮਰੀਆ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ:-
੧) ਸਭ ਤੋਂ ਪਹਿਲਾਂ ਸਾਨੂੰ ਪਾਰਟੀ ਦੇ ਇਤਿਹਾਸ ਅਤੇ ਕਿਉਂ ਬਣਾਈ ਗਈ, ਬਾਰੇ ਜਾਣਕਾਰੀ ਦਿਓ?
''ਦੀ ਗਰੁਨੰਨ'' ਰਾਜਨੀਤਿਕ ਪਾਰਟੀ ਜਨਮ 1980 ਦੇ ਸ਼ੁਰੂ ਵਿਚ ਕਈ ਕਾਰਣਾਂ ਕਰਕੇ ਹੋਇਆ। ਉਸ ਸਮੇਂ ਔਰਤਾਂ ਦੀ ਬਰਾਬਰੀ ਲਈ, ਦੇਸ਼ ਵਿਚ ਅਮਨ ਤੇ ਸ਼ਾਂਤੀ ਲਈ, ਸੋਹਣੇ ਵਾਤਾਵਰਣ ਲਈ ਅਤੇ ਮਜ਼ਦੂਰ-ਯੂਨੀਅਨ ਲਈ ਲੜ ਰਹੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ''ਦੀ ਗਰੁਨੰਨ'' ਪਾਰਟੀ ਬਣਾਈ। ਉਨ੍ਹਾਂ ਸਾਰਿਆਂ ਨੇ ਇਕ ਸਰਵ-ਸਹਿਮਤੀ ਪ੍ਰੋਗਰਾਮ ਲਈ ਕਈ ਸਾਲਾਂ ਦਾ ਲੰਬਾ ਅਤੇ ਔਖਾ ਪੈਂਡਾ ਤਹਿ ਕੀਤਾ। ਅਸੀਂ ਚਾਹੁੰਦੇ ਹਾਂ ਕਿ ਹਰ ਇਕ ਨਾਗਰਿਕ ਬਗੈਰ ਦੂਸਰੇ ਨਾਗਰਿਕਾਂ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਆਪਣੀ ਇੱਛਾ ਅਨੁਸਾਰ ਅਜ਼ਾਦ ਜ਼ਿੰਦਗੀ ਜੀ ਸਕੇ ਅਤੇ ਉਸਦਾ ਅਨੰਦ ਮਾਣ ਸਕੇ। ਇਹ ਹੀ ਸਾਡੀ ਪਾਰਟੀ ਦਾ ਟੀਚਾ ਹੈ।
੨) ਤੁਸੀਂ ਪਾਰਟੀ 'ਚ ਕਦੋਂ ਅਤੇ ਕਿਹੜੇ ਟੀਚੇ ਨਾਲ ਆਏ?
ਮੈਂ ਸਾਲ 1993 ਵਿਚ ਮਨੁੱਖੀ ਅਧਿਕਾਰਾਂ ਕਰਕੇ ''ਗਰੁਨੰਨ'' ਪਾਰਟੀ ਵਿਚ ਆਈ। ਕਿਉਂਕਿ ਮੈਂ ਸਮਝਦੀ ਹਾਂ ਕਿ ਸਿਰਫ਼ ਇਕੱਲੀ ''ਗਰੁਨੰਨ'' ਪਾਰਟੀ ਹੀ ਹੈ, ਜੋ ਨਾਗਰਿਕਾਂ ਲਈ ਬਗੈਰ ਕਿਸੇ ''ਕਿੰਤੂ-ਪਰੰਤੂ'' ਨਾਲ ਨਸਲਵਾਦ ਅਤੇ ਅਸਮਾਨਤਾ ਵਿਰੁੱਧ ਲੜ ਰਹੀ ਹੈ। ਮੇਰਾ ਮਕਸਦ ਹੈ, ਸਾਰੇ ਲਈ ਇਕੋ ਜਿਹੇ ਅਧਿਕਾਰਾਂ ਲਈ ਲੜਨਾ, ਚਾਹੇ ਉਹ ਕਿਸੇ ਵੀ ਦੇਸ਼ ਦਾ ਨਾਗਰਿਕ ਹੋਵੇ। ਅਜਿਹਾ ਵਾਤਾਵਰਣ ਸਥਾਪਿਤ ਕਰਨਾ ਜਿਸ ਵਿਚ ਸਾਰੇ ਰੰਗਾਂ, ਨਸਲਾਂ ਅਤੇ ਜਾਤਾਂ ਦੇ ਲੋਕ ਕੰਧ ਨਾਲ ਕੰਧ ਜੋੜ ਕੇ ਰਹਿ ਸਕਣ।
੩) ਤੁਹਾਡੇ ਲਈ ਗਰੂਨ (ਹਰਾ) ਰੰਗ ਦਾ ਕੀ ਮਤਲਬ ਹੈ?
ਗਰੂਨ ਰੰਗ ਦਾ ਮਤਲਬ, ਮੈਂ ਸਮਝਦੀ ਹਾਂ ''ਹਰਿਆਲ਼ੀ''। ਜਿਹੜੀ ਕਿ ਲੋਕਾਂ ਨੂੰ ਖ਼ੁਸ਼ੀ ਦਿੰਦੀ ਹੈ ਅਤੇ ਸਾਡੇ ਵਾਤਾਵਰਣ ਨੂੰ ਮਨਮੋਹਕ ਬਣਾਉਂਦੀ ਹੈ। ਬਹੁਤੇ ਲੋਕ ਸਮਝਦੇ ਹਨ ਕਿ ਸਾਡੀ ਪਾਰਟੀ ਸਿਰਫ਼ ਵਾਤਾਵਰਣ ਸੰਬੰਧਿਤ ਕੰਮ ਕਰਦੀ ਹੈ। ਪਰ ਇਹ ਸਹੀ ਨਹੀਂ ਹੈ। ਸਾਡੇ ਪਾਰਟੀ ਸਿਰਫ਼ ਵਾਤਾਵਰਣ ਲਈ ਹੀ ਨਹੀਂ ਸਗੋਂ ਏਕਤਾ, ਇਨਸਾਫ਼, ਅਹਿੰਸਾ, ਸਮਾਜ ਅਤੇ ਸਮਾਨਤਾ ਲਈ ਹੈ।
੪) ਤੁਸੀਂ ਕਿਹੜੇ ਮਕਸਦ ਪੂਰੇ ਕਰ ਲਏ ਹਨ ਅਤੇ ਕਿਹੜੇ ਹਾਲੇ ਦੂਰ ਹਨ?
ਵਿਰੋਧੀ ਪੱਖੋਂ ਇਹ ਕਹਿਣਾ ਔਖਾ ਹੈ, ਪਰ ਫਿਰ ਵੀ ਅਸੀਂ ਸਿਸਟਮ ਵਿਚ ਕਾਫ਼ੀ ਸੁਧਾਰ ਲਿਆਂਦਾ ਹੈ। ਜਿਵੇਂ ਛੇ-ਸੱਤ ਪਹਿਲਾਂ ਵੀਆਨਾ ਵਿਚ ਪ੍ਰਵਾਸੀਆਂ ਦੀ ਕੋਈ ਸੁਣਨ ਵਾਲਾ ਹੀ ਨਹੀਂ ਸੀ। ਪ੍ਰਵਾਸੀਆਂ ਦੇ ਪਰਿਵਾਰਾਂ, ਔਰਤਾਂ ਨੂੰ ਅਸਟਰੀਆ ਦੇ ਵੀਜ਼ੇ ਲਈ ਨਾ ਸਿਰਫ਼ ਨਸਲਵਾਦ ਕਰਕੇ ਨਾਮਨਜ਼ੂਰੀ ਦਿੱਤੀ ਜਾਂਦੀ ਸੀ ਸਗੋਂ ਅਪਮਾਨ ਭਰੇ ਜਵਾਬ ਦਿੱਤੇ ਜਾਂਦੇ ਸਨ। ਉਨ੍ਹਾਂ ਨੂੰ ਲਿਖਿਆ ਜਾਂਦਾ ਸੀ ਕਿ ਉਨ੍ਹਾਂ ਦੀਆਂ ਔਰਤਾਂ ਅਸਟਰੀਆ ਦੇ ਮਾਹੌਲ ਵਿਚ ਆਪਣੇ ਆਪ ਨੂੰ ਢਾਲ ਨਹੀਂ ਸਕਣਗੀਆਂ। ਉਹ ਜਰਮਨ ਨਹੀਂ ਸਿੱਖ ਸਕਣਗੀਆਂ ਵਗੈਰਾ ਵਗੈਰਾ। ਇਹ ਸਾਡੀਆਂ ਹੀ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਅੱਜ ਅਜਿਹੇ ਕੇਸ ਨਹੀਂ ਮਿਲਦੇ।
ਅੱਜ ਕਈ ਸੰਸਥਾਵਾਂ ਹਨ ਜਿਹੜੀਆਂ ਪ੍ਰਵਾਸੀਆਂ ਮੁਸ਼ਕਲਾਂ ਸੰਬੰਧਿਤ ਕੰਮ ਕਰ ਰਹੀਆਂ ਹਨ। ਮੈਂ ਵੀ ਇਸ ਕੰਮ ਵਿਚ ਸ਼ਾਮਲ ਹਾਂ। ਹੋਰ ''ਗਰੁਨੰਨ'' ਪਾਰਟੀ ਨੇ ਵਿਦੇਸ਼ੀ ਮੂਲ ਦੇ ਅਸਟਰੀਅਨ ਨਾਗਰਿਕਤਾ ਵਾਲੇ ਲੋਕਾਂ ਨੂੰ ਸਰਕਾਰੀ ਮਕਾਨਾਂ ਲਈ ਇਜਾਜ਼ਤ ਦਿਵਾਈ। ਪ੍ਰਵਾਸੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਦਿਵਾਏ।
੫) ਕਿਹੜੀ ਰਾਜਨੀਤਿਕ ਪਾਰਟੀ ਨਾਲ ਤੁਹਾਡੀ ਪਾਰਟੀ ਸਰਕਾਰ ਚਲਾ ਸਕਦੀ ਹੈ?
ਅਸੀਂ ਐਸ ਪੀ ਓ (SPÖ) ਜਾਂ ਓ ਵੀ ਪੀ (ÖVP) ਨਾਲ ਸਰਕਾਰ ਚਲਾ ਸਕਦੇ ਹਾਂ, ਜੇ ਉਹ ਸਾਡੀਆਂ ਮੰਗਾਂ ਸੁਣਨ ਅਤੇ ਉਨ੍ਹਾਂ ਤੇ ਢੁਕਵੇਂ ਫੈਸਲੇ ਲੈਣ ਨੂੰ ਤਿਆਰ ਹੋਣ। ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੰਮ ਨਹੀਂ ਕਰਾਂਗੇ ਜੇ ਕੋਈ ਪਾਰਟੀ ਸਾਨੂੰ ਕਹੇ ਕਿ ਤੁਸੀਂ ਨਸਲਵਾਦ ਅਤੇ ਅਸਮਾਨਤਾ ਵਿਰੁੱਧ ਮੰਗਾਂ ਨੂੰ ਛੱਡ ਕੇ ਸਾਡੇ ਨਾਲ ਤਾਕਤ ਵਿਚ ਆ ਮਿਲੋ। ਪਰ ਇਕ ਗੱਲ ਪੱਕੀ ਹੈ ਕਿ ਅੱਸੀ ਐਫ ਪੀ ਓ (FPÖ) ਨਾਲ ਬਿਲਕੁਲ ਨਹੀਂ ਕੰਮ ਕਰਾਂਗੇ। ਕਿਉਂਕਿ ਐਫ ਪੀ ਓ ਪਾਰਟੀ ਦੇ ਮੁੱਖ ਫੈਸਲੇ ਪ੍ਰਵਾਸੀਆਂ ਦੇ ਵਿਰੁੱਧ ਹੁੰਦੇ ਹਨ।
੬) ਵੀਆਨਾ ਵੋਟਾਂ ਦੌਰਾਨ ਇਕ ਨਾਅਰਾ ਸੀ ''ਵੀਆਨਾ ਨੂੰ ਹੋਰ ਜ਼ਿਆਦਾ ਪ੍ਰਵਾਸੀਆਂ ਦੀ ਲੋੜ ਹੈ।'' ਤੁਹਾਡੇ ਇਸ ਬਾਰੇ ਕੀ ਵਿਚਾਰ ਹਨ?
ਇਹ ਦੁਨੀਆ ਬਹੁਤ ਵਿਸ਼ਾਲ ਹੈ ਤੇ ਇਸ ਵਿਚ ਕੁਦਰਤੀ ਦੁਰਘਟਨਾਵਾਂ, ਲੜਾਈਆਂ, ਗ਼ਲਤ ਸਰਕਾਰੀ ਸਿਸਟਮ ਅਤੇ ਬੇਰੁਜ਼ਗਾਰੀ ਕਰਕੇ ਹਜ਼ਾਰਾਂ ਲੋਕੀਂ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਮੇਰਾ ਖਿਆਲ ਹੈ ਕਿ ਸਾਨੂੰ ਇਕ ਅਜਿਹੀ ਦੁਨੀਆ ਬਣਾਉਣੀ ਚਾਹੀਦੀ ਹੈ ਜਿਸ ਵਿਚ ਲੋਕ ਕਿਤੇ ਵੀ ਅਜ਼ਾਦੀ ਨਾਲ ਆ-ਜਾ ਸਕਦੇ ਹੋਣ ਜਾਂ ਰਹਿ ਸਕਦੇ ਹੋਣ। ਇਸ ਕਰਕੇ ਮੈਨੂੰ ਬੁਰਾ ਲਗਦਾ ਹੈ ਕਿ ਜਦ ਕਿਹਾ ਜਾਂਦਾ, ਵੀਆਨਾ ਨੂੰ ਹੋਰ ਜ਼ਿਆਦਾ ਪ੍ਰਵਾਸੀਆਂ ਦੀ ਲੋੜ ਹੈ।
ਇਹ ਦੁਨੀਆ ਜਿਸ ਤਰ੍ਹਾਂ ਦੀ ਵੀ ਹੈ ਸਾਨੂੰ ਉਸ ਨੂੰ ਸਵੀਕਾਰਨਾ ਚਾਹੀਦਾ ਹੈ। ਇਹ ਨਹੀਂ ਕਿ ਆਪਣੀਆਂ ਸੀਮਾਵਾਂ ਬੰਦ ਕਰ ਲਵੋ। ਸੰਸਾਰ ਕੋਈ ਦਰਬਾਨ ਵਾਲਾ ਡਿਸਕੋ ਜਾਂ ਅਮੀਰ-ਕਲਬ ਨਹੀਂ ਹੈ ਕਿ ਜਿਹੜੇ ਮਜ਼ਦੂਰਾਂ ਦੀ ਸਾਨੂੰ ਲੋੜ ਹੈ ਉਨ੍ਹਾਂ ਨੂੰ ਲੰਘਣ ਦਿੱਤਾ ਜਾਵੇ ਤੇ ਜਿਨ੍ਹਾਂ ਦੀ ਨਹੀਂ ਲੋੜ ਲਈ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਲਏ ਜਾਣ।
੭) ਯੌਰਪੀਅਨ ਯੌਨੀਅਨ ਅਤੇ ਪੂਰਬ-ਵਧਾਓ ਬਾਰੇ ਤੁਹਾਡਾ ਕੀ ਨਜ਼ਰੀਆ ਹੈ?
ਯੌਰਪੀਅਨ ਯੌਨੀਅਨ ਤਦ ਹੀ ਸਫ਼ਲ ਹੋ ਸਕਦੀ ਹੈ ਜੇ ਉਹ ਸਾਰੇ ਦੇਸ਼ਾਂ ਲਈ ਹੋਵੇ ਅਤੇ ਜਮਹੂਰੀ ਸਮਾਜ ਦੇ ਅਨੁਕੂਲ ਹੋਵੇ। ਯੌਰਪੀਅਨ ਯੌਨੀਅਨ ਦੀ ਪਹਿਲੀ ਮੁਸ਼ਕਲ ਇਹ ਹੈ ਕਿ ਜਮਹੂਰੀ ਸਮਾਜ ਦੇ ਅਨੁਕੂਲ ਨਹੀਂ ਹੈ। ਉਸ ਵਿਚ ਇਕ ਆਮ ਨਾਗਰਿਕ ਦੀ ਸੁਣਵਾਈ ਨਹੀਂ ਹੈ। ਆਮ ਨਾਗਰਿਕ ਨੂੰ ਪਤਾ ਹੀ ਨਹੀਂ ਹੁੰਦਾ ਕਿ ਯੌਰਪੀਅਨ ਯੌਨੀਅਨ 'ਚ ਕੀ ਹੋ ਰਿਹਾ ਹੈ ਤੇ ਦੂਸਰੀ ਮੁਸ਼ਕਲ ਇਹ ਹੈ ਕਿ ਉਨ੍ਹਾਂ ਨੂੰ ਸਾਰਿਆਂ ਦੀ ਰਜ਼ਾਮੰਦੀ ਨਾਲ ਫੈਸਲੇ ਕਰਨੇ ਪੈਂਦੇ ਹਨ। ਜਿਵੇਂ ਨਸਲਵਾਦ ਵਿਰੋਧ ਸੰਭਵ ਨਹੀਂ ਹੈ ਕਿਉਂਕਿ ਹਮੇਸ਼ਾ ਕੋਈ ਨਾ ਕੋਈ ਦੇਸ਼ ਇਸ ਵਿਸ਼ੇ ਦੇ ਵਿਰੁੱਧ ਹੁੰਦਾ ਹੈ। ਇਸ ਕਰਕੇ ਜੇ ਯੌਰਪੀਅਨ ਯੌਨੀਅਨ ਬਹੁਤਾਤ ਨੂੰ ਮੁੱਖ ਰੱਖ ਕੇ ਫੈਸਲੇ ਕਰੇਗੀ ਤਦ ਉਹ ਅੱਗੇ ਵਧ ਸਕਦੀ ਹੈ।
ਪੂਰਬ-ਵਧਾਓ ਤਦ ਹੀ ਹੋ ਸਕਦਾ ਹੈ ਜੇ ਲੰਬੇ ਸਮੇਂ ਤੱਕ ਇੱਥੇ ਸਮਾਜਿਕ ਸ਼ਾਂਤੀ ਬਣੀ ਰਹਿੰਦੀ ਹੈ। ਜੇ ਭਵਿੱਖ 'ਚ ਅਸੀਂ ਕਦੇ ਕਹੀਏ ਕਿ ਇਸ ਸੀਮਾ ਤੱਕ ਉਨਤ-ਯੌਰਪ ਖ਼ਤਮ ਹੁੰਦਾ ਹੈ। ਇਸ ਤੋਂ ਬਾਅਦ ਦੂਜੀ ਦੁਨੀਆ ਸ਼ੁਰੂ ਹੁੰਦੀ ਹੈ ਜਿੱਥੋਂ ਅਸੀਂ ਸਸਤੇ ਮਜ਼ਦੂਰ ਲੈ ਸਕਦੇ ਹਾਂ ਤੇ ਇਸ ਤੋਂ ਬਾਅਦ ਤੀਜੀ ਦੁਨੀਆ ਸ਼ੁਰੂ ਹੁੰਦੀ ਹੈ ਜਿਸ ਵਲ ਅਸੀਂ ਦੇਖਣਾ ਵੀ ਪਸੰਦ ਕਰਦੇ ਕਿਉਂਕਿ ਸਸਤੇ ਮਜ਼ਦੂਰ ਦੀ ਲੋੜ ਸਾਡੀ ਦੂਜੀ ਦੁਨੀਆ ਤੋਂ ਪੂਰੀ ਹੋ ਸਕਦੀ ਹੈ। ਇਹੋ ਜਿਹੀ ਦੁਨੀਆ ਵਿਚ ਮੈਂ ਰਹਿਣਾ ਬਿਲਕੁਲ ਪਸੰਦ ਨਹੀਂ ਕਰਾਂਗੀ।
੮) ਤੁਹਾਡੇ ਸੰਪਰਕ ਵਿਚ ਭਾਰਤੀ ਵੀ ਆਏ ਜਾਂ ਭਾਰਤੀਆਂ ਨੂੰ ਵੀ ਤੁਹਾਡੀ ਸਹਾਇਤਾ ਦੀ ਲੋੜ ਪਈ?
ਮੈਂ ਸਮੇਂ-ਸਮੇਂ ਤੇ ਭਾਰਤੀ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਤੇ ਆਉਂਦੀ-ਜਾਂਦੀ ਰਹਿੰਦੀ ਹਾਂ। ਭਾਰਤੀਆਂ ਨੂੰ ਵੀ ਜਦ ਮੇਰੀ ਲੋੜ ਪੈਂਦੀ ਹੈ, ਉਹ ਮੇਰੇ ਨਾਲ ਸੰਪਰਕ ਕਰਦੇ ਹਨ। ਮੈਨੂੰ ਗ਼ਲਤ ਨਹੀਂ ਸਮਝਣਾ, ਮੈਂ ਦੇਖਿਆ ਹੈ ਕਿ ਭਾਰਤੀ ਲੋਕ ਇੰਨੇ ਜਾਗਰੂਕ ਨਹੀਂ ਹਨ। ਦੂਸਰੇ ਦੇਸ਼ਾਂ ਦੀਆਂ ਸੰਸਥਾਵਾਂ ਸਿਆਸਤਦਾਨਾਂ ਨਾਲ ਹਮੇਸ਼ਾਂ ਸੰਪਰਕ ਬਣਾ ਕੇ ਰੱਖਦੇ ਹਨ। ਉਨ੍ਹਾਂ ਨੂੰ ਆਪਣੀਆਂ ਮੰਗਾਂ, ਮੁਸ਼ਕਲਾਂ ਅਤੇ ਇਰਾਦੇ ਦੱਸਦੇ ਹਨ। ਤਕਰੀਬਨ ਸਾਰੇ ਤਰ੍ਹਾਂ ਦੇ ਭਾਰਤੀ ਮੇਰੇ ਸੰਪਰਕ 'ਚ ਆ ਚੁੱਕੇ ਹਨ।
੯) ਸਾਨੂੰ ਕੋਈ ਚਰਚਾ ਦੱਸੋਗੇ ਜਿਸ ਰਾਹੀ ਭਾਰਤੀਆਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ?
ਅੱਜਕੱਲ੍ਹ ਮੈਂ ਚੋਕਾਂ ਤੇ ਖੜ੍ਹ ਕੇ ਅਖ਼ਬਾਰਾਂ ਵੇਚਣ ਵਾਲਿਆਂ ਲਈ ਲੜ ਰਹੀ ਹਾਂ। ਉਨ੍ਹਾਂ ਨੂੰ ਪੈਨਸ਼ਨ ਲੈਣ ਦਾ ਕੋਈ ਹੱਕ ਨਹੀਂ ਹੈ। ਸਰਕਾਰ 20 ਸਾਲ ਉਨ੍ਹਾਂ ਕੋਲੋਂ ਟੈਕਸ ਅਤੇ ਹੋਰ ਢੰਗਾਂ ਨਾਲ ਜੇਬਾਂ ਖ਼ਾਲੀ ਕਰਵਾਉਂਦੀ ਰਹਿੰਦੀ ਹੈ ਅਤੇ ਜਦੋਂ ਉਹ ਸੱਠ ਸਾਲ ਦੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਸਾਨੂੰ ਤੁਹਾਡੀ ਲੋੜ ਨਹੀਂ, ਤੁਸੀਂ ਆਪਣੇ ਦੇਸ਼ ਵਾਪਸ ਜਾ ਸਕਦੇ ਹੋ। ਅਸਟਰੀਅਨ ਨਾਗਰਿਕਤਾ ਉਹ ਲੈ ਨਹੀਂ ਸਕਦੇ ਕਿਉਂਕਿ ਉਹ ਅਖ਼ਬਾਰ ਵੇਚ ਕੇ ਬਹੁਤੇ ਪੈਸੇ ਨਹੀਂ ਕਮਾਉਂਦੇ। ਬੀਮਾ ਉਨ੍ਹਾਂ ਦਾ ਨਹੀਂ ਹੁੰਦਾ। ਇਕ ਬਹੁਤ ਹੀ ਨਾਜ਼ਕ ਵਿਸ਼ਾ ਹੈ। ਹੋਰ ਸਿੱਖ ਧਰਮ ਦੇ ਲੋਕਾਂ ਨਾਲ ਵੀ ਮੇਰਾ ਸੰਪਰਕ ਹੈ ਜਿਨ੍ਹਾਂ ਨੂੰ ਅਸਟਰੀਅਨ ਨਾਗਰਿਕਤਾ ਲੈਣ ਵੇਲੇ ਫੈਮਲੀ ਨਾਮ ''ਸਿੰਘ'' ਸੰਬੰਧਿਤ ਮੁਸ਼ਕਲਾਂ ਆਉਂਦੀਆਂ ਹਨ।
ਮਰੀਆ ਬਾਸਲਾਕਓ ਗੁਰਦੁਆਰਾ ਨਾਨਕਸਰ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ |
ਮਰੀਆ ਬਾਸਲਾਕਓ, ਸੇਟੀਫਨ ਆਲਮਰ, ਹਰਦੀਪ ਸਿੰਘ ਮਾਨ |
ਅਮਰੀਕਾ ਵਿਚ ਹੋਏ ਹਮਲੇ ਤੋਂ ਬਾਅਦ ਸਿੱਖ ਮਸਲਿਆਂ ਸੰਬੰਧੀ ਪੱਤਰਕਾਰ ਸਮਾਗਮ ਵਿਚ ਮਰੀਆ ਬਾਸਲਾਕਓ, ਦੇਸੀ ਤੇ ਵਿਦੇਸ਼ੀ ਸਿੱਖਾਂ ਨਾਲ |
੧੦) ਭਾਰਤੀ ਕੰਪਿਊਟਰ ਮਾਹਰਾਂ ਨੂੰ ਅਸਟਰੀਆ ਵਿਚ ਸੱਦਣ ਬਾਰੇ ਕੀ ਤੁਸੀਂ ਠੀਕ ਸਮਝਦੇ ਹੋ?
ਜੇ ਸਾਨੂੰ ਕੁਝ ਜਗਾਵਾਂ 'ਚ ਕੰਪਿਊਟਰ ਮਾਹਰਾਂ ਦੀ ਲੋੜ ਹੈ ਤਾਂ ਇਹ ਲੋੜ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਣੀ ਚਾਹੀਦੀ। ਅੱਜਕੱਲ੍ਹ ਤਾਂ ਕੰਪਿਊਟਰ ਮਾਹਰ ਉਹ ਦੇਸ਼ ਰਹਿਣ ਲਈ ਚੁਣਦੇ ਹਨ ਜਿੱਥੇ ਉਨ੍ਹਾਂ ਦਾ ਆਦਰ ਹੋਵੇ ਨਾ ਕਿ ਨਸਲਵਾਦ ਦਾ ਫੈਲਾਅ ਹੋਵੇ। ਮੈਨੂੰ ਸਾਡੀ ਹਾਲਾਤ ਤੇ ਤਰਸ ਆਉਂਦਾ ਹੈ ਕਿ ਇਕ ਪਾਸੇ ਤਾਂ ਸਾਨੂੰ ਮਾਹਰਾਂ ਦੀ ਲੋੜ ਅਤੇ ਅਸੀਂ ਇਹ ਲੋੜ ਪੂਰੀ ਨਹੀਂ ਕਰ ਰਹੇ। ਦੂਜੇ ਪਾਸੇ ਅਸੀਂ ਪ੍ਰਵਾਸੀਆਂ ਦੇ ਟੱਬਰਾਂ ਨੂੰ ਵੀਜ਼ੇ ਨਹੀਂ ਦਿੰਦੇ, ਉਨ੍ਹਾਂ ਦੀ ਯੋਗਤਾਵਾਂ ਨੂੰ ਮਾਨਤਾ ਨਹੀਂ ਦਿੰਦੇ। ਇਸ ਕਰਕੇ ਅਸਟਰੀਆ ਵਿਚ ਇਕ ਵਿਦੇਸ਼ੀ, ਮਾਹਰ ਬਣ ਕੇ ਆਉਂਦਾ ਹੈ ਅਤੇ ਸਹਾਇਕ ਬਣ ਕੇ ਰਹਿ ਜਾਂਦਾ ਹੈ।
੧੧) ਕੀ ਤੁਸੀਂ ਧਰਮ ਨੂੰ ਮੰਨਦੇ ਹੋ?
ਜੇ ਸੱਚ ਪੁੱਛੋ ਤਾਂ, ਨਹੀਂ। ਬਸ ਮੈਨੂੰ ਇਹ ਗੱਲ ਸ਼ਾਂਤ ਕਰਦੀ ਹੈ ਅਤੇ ਮੈਨੂੰ ਵਿਸ਼ਵਾਸ ਵੀ ਹੈ ਕਿ ਕਿਤੇ ਬਹੁਤ ਵੱਡੀ ਮਹਾਨ ਸ਼ਕਤੀ ਹੈ। ਜੇ ਮੈਂ ਇਸ ਜ਼ਿੰਦਗੀ ਚੰਗੇ ਕੰਮ ਕੀਤੇ ਹੋਣਗੇ ਤਾਂ ਮੈਨੂੰ ਇਕ ਹੋਰ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਸਕਦਾ ਹੈ। ਪਰ ਮੈਂ ਆਪਣੇ ਆਪ ਧਾਰਮਿਕ ਨਹੀਂ ਕਹਿ ਸਕਦੀ।
੧੨) ਤੁਹਾਨੂੰ ਸਿੱਖ ਧਰਮ ਬਾਰੇ ਕਿੰਨੀ ਕੁ ਜਾਣਕਾਰੀ ਹੈ?
ਮੈਨੂੰ ਇਹ ਪਤਾ ਹੈ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ। ਸਿੱਖ ਧਰਮ ਦੇਦਰਵਾਜ਼ੇ ਸਾਰੇ ਧਰਮਾਂ ਲਈ ਖੁੱਲ੍ਹੇ ਹਨ। ਪੰਜਾਂ ਕਕਾਰਾਂ ਬਾਰੇ ਵੀ ਮੈਨੂੰ ਪਤਾ ਹੈ। ਮੈਂ ਦੋ ਬਾਰੀ ਸਿੱਖ ਗੁਰਦੁਆਰੇ ਵੀ ਜਾ ਚੁੱਕੀ ਹਾਂ ਤੇ ਹੋਰ ਮੈਨੂੰ ਸਿੱਖ ਧਰਮ 'ਚ ਜੋ ਬਹੁਤ ਪਸੰਦ ਆਇਆ ਉਹ ਹੈ '' ਪ੍ਰਾਹੁਣਚਾਰੀ''। ਕੋਈ ਵੀ ਕਿਸੇ ਸਮੇਂ ਗੁਰਦੁਆਰੇ ਜਾ ਸਕਦਾ ਹੈ ਅਤੇ ਉਸ ਨੂੰ ਖਾਣਾਂ ਪੇਸ਼ ਕੀਤਾ ਜਾਂਦਾ ਹੈ।
੧੩) ਇਕ ਵੀਆਨਾ ਨਾਗਰਿਕ ਨੂੰ ਮੁਸ਼ਕਲ ਆਉਣ ਤੇ ਤੁਹਾਡੇ ਨਾਲ ਉਹ ਸੰਪਰਕ ਕਿਵੇਂ ਕਰ ਸਕਦਾ ਹੈ?
ਮੈਰਾ ਨਗਰ-ਪਾਲਕਾ ਭਵਨ ਵਿਚ ''ਗਰੁਨੰਨ'' ਪਾਰਟੀ ਦਾ ਟੈਲੀਫ਼ੋਨ ਨੰਬਰ 4000/81800 ਹੈ। ਜੇ ਕਿਸੇ ਕੋਲ ਈਮੇਲ ਹੈ ਤਾਂ ਉਹ maria.vassilakou@gruene.at ਤੇ ਈਮੇਲ ਵੀ ਭੇਜ ਸਕਦਾ ਹੈ। ਮੈਂ ਮੇਰੀਆਂ ਸਾਰੀਆਂ ਈਮੇਲਾਂ ਦਾ ਜੁਆਬ ਖ਼ੁਦ ਦਿੰਦੀ ਹਾਂ।
੧੪) ਤੁਸੀਂ ਭਾਰਤੀ ਪ੍ਰਵਾਸੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ?
ਮੇਰੀ ਭਾਰਤੀ ਪ੍ਰਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਕਲਚਰ ਤਿਉਹਾਰਾਂ ਨੂੰ ਖੁੱਲ੍ਹੀਆਂ ਸੜਕਾਂ ਤੇ ਮਨਾ ਕੇ ਆਪਣੇ ਆਪ ਨੂੰ ਦਰਸਾਉਣ। ਇਕ ਚੰਗੇ ਸ਼ਹਿਰੀ ਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਉਸ ਨੂੰ ਸ਼ਹਿਰ ਹੋਰ ਵਧੀਆਬਣਾਉਣਾ ਚਾਹੀਦਾ ਹੈ। ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮੰਗਾਂ ਸਰਕਾਰ ਅੱਗੇ ਰੱਖ ਸਕਣ। ਕਲਚਰ ਸੰਸਥਾਵਾਂ ਨੂੰ ਕਲਚਰ ਮਹਿਕਮਿਆਂ ਤੋਂ ਮਾਲੀ ਸਹਾਇਤਾ ਲੈਣੀ ਚਾਹੀਦੀ ਹੈ। ਮਤਲਬ ਪ੍ਰਵਾਸੀਆਂ ਨੂੰ ਪੁੱਛਣਾਂ ਚਾਹੀਦਾ ਹੈ, ਅਸੀਂ ਟੈਕਸ ਤਾਰਦੇ ਹਾਂ ਤੇ ਤੁਸੀਂ ਸਾਡੇ ਲਈ ਕੀ ਕਰ ਰਹੇ ਹੋ? ਇਹ ਸਭ ਨਾਲ ਮੈਨੂੰ ਵੀ ਪ੍ਰਵਾਸੀਆਂ ਨੂੰ ਸਹਿਯੋਗ ਦੇਣ ਵਿਚ ਅਸਾਨੀ ਹੋਵੇਗੀ।
ਜਾਣਕਾਰੀ: ਮੁਲਾਕਾਤ ‘ਕਲਾਕਾਰਾਂ ਨਾਲ ਰਾਬਤਾ’ (ਜੁਲਾਈ-ਅਗਸਤ ੨00੧) ਰਸਾਲੇ ਵਿਚ ਲੱਗੀ