ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ‘ਸੇਟੀਫਨ ਆਲਮਰ’
ਭਾਰਤ ਨੂੰ ਜਾਣਨ ਲਈ ਇਨਸਾਨ ਸਾਰੀ ਜ਼ਿੰਦਗੀ ਗੁਜ਼ਾਰ ਸਕਦਾ ਹੈ
ਮੁਲਾਕਾਤੀ: ਹੈਪੀ ਮਾਨ ਜਮਸ਼ੇਰ
ਸੇਟੀਫਨ ਆਲਮਰ ਅਤੇ ਹਰਦੀਪ ਸਿੰਘ ਮਾਨ |
ਜੇ ਆਪਣੇ ਦੇਸ ਵਿਚ ਕੋਈ ਮੁਸੀਬਤ ਪੈ ਜਾਵੇ ਤਾਂ ਕਈ ਬੰਦੇ ਮਦਦ ਕਰਨ ਲਈ ਨਾਲ ਖੜ੍ਹੇ ਹੋ ਜਾਂਦੇ ਹਨ। ਪਰ ਪ੍ਰਦੇਸਾਂ ਵਿਚ ਜੇ ਕੋਈ ਮੁਸ਼ਕਲ ਆ ਜਾਵੇ ਤਾਂ ਜ਼ਿਆਦਾਤਰ ਲੋਕ ਕੰਮ ਦਾ ਬਹਾਨਾ ਬਣਾ ਕੇ ਕਿ ਟਾਈਮ ਹੈ ਨਹੀਂ, ਮੂੰਹ ਫੇਰ ਲੈਂਦੇ ਹਨ। ਪਰ ਇਕ ਇਨਸਾਨ ਦੇ ਦਰਵਾਜੇ ਮਦਦ ਲਈ ਸਦਾ ਹੀ ਖੁਲ੍ਹੇ ਰਹਿੰਦੇ ਸਨ। ਉਹ ਹੈ 'ਸੇਟੀਫਨ ਆਲਮਰ'।
ਛੇ ਮਹੀਨੇ ਭਾਰਤ ਵਿਚ ਰਹਿਣ ਤੋਂ ਬਾਅਦ ਉਹ ਭਾਰਤ, ਭਾਰਤੀ ਕਲਚਰ ਅਤੇ ਭਾਰਤੀ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਪਹਿਲਾਂ ਜਦੋਂ ਉਹ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਇਨਸਾਨੀਅਤ ਦੇ ਨਾਤੇ ਹਰੇਕ ਦੀ ਮਦਦ ਕਰਦਾ ਸੀ, ਪਰ ਹੁਣ ਤਾਂ ਉਹ ਕੰਮ ਹੀ ਲੋਕਾਂ ਦੀ ਮਦਦ ਕਰਨ ਦਾ ਕਰਦਾ ਹੈ ਤੇ ਅੱਜ ਸ਼ਾਇਦ ਹੀ ਕੋਈ ਭਾਰਤੀ ਹੋਵੇਗਾ, ਜਿਸਨੂੰ ਸੇਟੀਫਨ ਦੇ ਸਹਿਯੋਗ ਦੀ ਲੋੜ ਨਾ ਪਈ ਹੋਵੇਗੀ। ਨੇਕਦਿਲ, ਮਿਲਣਸਾਰ ਅਤੇ ਹਸਮੁਖ ਸੁਭਾਅ ਉਸ ਦੀਆਂ ਅਣਗਿਣਤ ਸਿਫ਼ਤਾਂ ਦੇ ਕੁਝ ਅੰਗ ਹਨ। ਉਸ ਵਿਚ ਆਮ ਗੋਰਿਆਂ ਦੀਆਂ ਬੁਰੀਆਂ ਆਦਤਾਂ ਦਾ ਕੋਈ ਨਿਸ਼ਾਨ ਨਹੀਂ, ਬਲਕਿ ਭਾਰਤੀ ਤੌਰ ਤਰੀਕੇ ਵੱਧ ਹਨ।
ਅਸਟਰੀਆ ਸਾਹਿੱਤ ਸਭਾ ਦੀ ਬੁਨਿਆਦ ਰੱਖਣ ਵਿਚ ਵੀ ਉਸ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਸਾਨੂੰ ਅਸਟਰੀਆ ਅੰਕ ਤੇ ਹੋਰ ਕਾਰਗੁਜ਼ਾਰੀਆਂ ਲਈ ਵੀ ਉਤਸ਼ਾਹਿਤ ਕਰਦਾ ਰਹਿੰਦਾ ਹੈ ਅਤੇ ਸਹਿਯੋਗ ਦਿੰਦਾ ਹੈ। ਜੇ ਮਿੱਤਰਤਾ ਦਾ ਦੂਜਾ ਨਾਮ 'ਸੇਟੀਫਨ ਆਲਮਰ' ਕੀਹ ਦੇਈਏ ਤਾਂ ਗ਼ਲਤ ਨਹੀਂ ਹੋਵੇਗਾ। ਭਾਵੇਂ ਉਸ ਨੂੰ ਸਾਡੀ ਬੋਲੀ ਨਹੀਂ ਆਉਂਦੀ ਪਰ ਜਿੰਨਾ ਖ਼ੁਸ਼ ਹੋ ਕੇ ਸੇਟੀਫਨ ਰਾਬਤਾ ਮੈਗਜ਼ੀਨ ਲੈਂਦਾ ਹੈ ਉੱਨਾ ਹੋਰ ਕੋਈ ਪੰਜਾਬੀ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਹਰ ਕੋਈ ਸੇਟੀਫਨ ਨੂੰ ਮਿਲਣ ਤੋਂ ਬਾਅਦ ਉਸ ਬਾਰੇ ਹੋਰ ਜਾਣਨਾ ਚਾਹੇਗਾ। ਇਸ ਕਰਕੇ ਸੇਟੀਫਨ ਬਾਰੇ ਜਾਣਕਾਰੀ ਨੂੰ ਮੈਂ ਆਪਣੇ ਤੱਕ ਸੀਮਿਤ ਨਾ ਰੱਖਦੇ ਹੋਏ ਪਾਠਕਾਂ ਨਾਲ ਸਾਂਝੀ ਕਰਨ ਲੱਗਿਆਂ ਹਾਂ:-
੧) ਸਭ ਤੋਂ ਪਹਿਲਾਂ ਆਪਣੇ ਜਨਮ ਸਥਾਨ ਬਾਰੇ ਦੱਸੋ?
ਮੇਰਾ ਜਨਮ ੦੧-੦੬-੧੯੬੩ ਅਸਟਰੀਆ ਦੀ ਸਟੇਟ ''ਸਟਰੀਆ (Styria)'' ਦੇ ਪਿੰਡ ''ਆਗਰ ਵਾਏ ਬਾਈਸ'' ਵਿਚ ਹੋਇਆ।
੨) ਆਪਣੇ ਬਚਪਨ ਅਤੇ ਭੈਣ ਭਰਾਵਾਂ ਬਾਰੇ ਸਾਨੂੰ ਜਾਣਕਾਰੀ ਦਿਓ?
ਅਸੀਂ ਪੰਜ ਭੈਣ ਭਰਾਂ ਹਨ, ਜਿਨ੍ਹਾਂ ਵਿਚੋਂ ਸਿਰਫ਼ ਮੈਂ ਕੱਲਾ ਕੱਲਾ ਪੁੱਤ ਹਾਂ। ਦੋ ਭੈਣਾਂ ਮੈਥੋਂ ਵੱਡੀਆਂ ਹਨ ਤੇ ਦੋ ਛੋਟੀਆਂ। ਮੇਰਾ ਬਚਪਨ ਬਹੁਤ ਸੋਹਣਾ ਬੀਤਿਆਂ। ਇਥੋਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਡਾ ਪਰਿਵਾਰ ਬਹੁਤ ਵੱਡਾ ਸੀ। ਸਾਡੇ ਪਰਿਵਾਰ ਦੇ ਕੁਲ 10 ਕੁ ਜੀ ਸਨ।
੩) ''ਸਟਰੀਆ'' ਵਿਚ ਵੱਡੇ ਪਰਿਵਾਰ ਆਮ ਹਨ ਜਾਂ ਵੀਆਨਾ ਵਾਂਗ?
ਪਹਿਲਾਂ ਸ਼ੈਦ ਇਸ ਤਰਾਂ ਸੀ ਹੁਣ ਤਾਂ ਉਥੇ ਵੀ ਪਰਿਵਾਰ ਟੁੱਟ ਰਹੇ ਹਨ। ਹਾਂ, ਜੋ ਖੇਤੀਬਾੜੀ ਕਰਦੇ ਹਨ, ਉਹ ਕਾਫ਼ੀ ਪਹਿਲਾਂ ਵਾਂਗ ਰਹਿੰਦੇ ਹਨ।
੪) ਤੁਸੀਂ ਕਿੰਨੀ ਦੇਰ ਆਪਣੇ ਮਾਤਾ ਪਿਤਾ ਨਾਲ ਰਹੇ?
ਮੈਂ ੨੧ ਸਾਲਾਂ ਤੱਕ ਆਪਣੇ ਘਰਦਿਆਂ ਨਾਲ ਰਿਹਾ, ਖੇਤੀਬਾੜੀ ਦਾ ਕੰਮ ਨਾਲ ਕਰਵਾਉਂਦਾ ਰਿਹਾ।
੫) ਵੀਆਨਾ ਵਿਚ ਕਦੋਂ ਤੇ ਕਿਵੇਂ ਆਏ?
ਇਹ ਇਕ ਲੰਬੀ ਕਹਾਣੀ ਹੈ। ਚਾਰ ਸਾਲ ਖੇਤੀਬਾੜੀ ਦੀ ਪੜ੍ਹਾਈ ਕਰਕੇ ਮੈਂ ਵੀਆਨਾ ਆ ਗਿਆ ਤੇ ਇਥੇ ਖੇਤੀਬਾੜੀ ਬਾਰੇ ਅੱਗੇ ਹੋਰ ਪੜ੍ਹਨਾ ਚਾਹੁੰਦਾ ਸਾਂ। ਦੋ ਸਾਲ ਇਥੇ ਯੂਨੀਵਰਸਿਟੀ ਵੀ ਗਿਆ, ਪਰ ਬਾਅਦ 'ਚ ਮੈਨੂੰ ਖੇਤੀਬਾੜੀ 'ਚ ਬਹੁਤੀ ਦਿਲਚਸਪੀ ਨਹੀਂ ਰਹੀ। ਮੈਂ ਹਰ ਹਾਲਤ ਵਿਚ ਅਸਟਰੀਆ ਤੋਂ ਬਾਹਰ ਨਿਊਜ਼ੀਲੈਂਡ ਜਾਣਾ ਚਾਹੁੰਦਾ ਸਾਂ।
੬) ਫੇਰ ਤੁਸੀਂ ਨਿਊਜ਼ੀਲੈਂਡ ਗਏ?
੧੯੯੦ ਵਿਚ ਮੈਂ ਨਿਊਜ਼ੀਲੈਂਡ ਲਈ ਸਫ਼ਰ ਸ਼ੁਰੂ ਕੀਤਾ। ਇਥੋਂ ਬਾਏ ਰੋਡ ਹੀ ਚਲ ਪਿਆ। ਪਹਿਲਾਂ ਚੇਕੋਸਾਲਵਾਕੀਆ, ਬੈਲਜੀਅਮ, ਤੁਰਕੀ, ਇਰਾਨ, ਪਾਕਿਸਤਾਨ ਤੇ ਭਾਰਤ ਗਿਆ। ਭਾਰਤ ਮੈਂ ਛੇ ਮਹੀਨੇ ਰਿਹਾ। ਉਥੋਂ ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਆਸਟਰੇਲੀਆ ਤੇ ਫਿਰ ਨਿਊਜ਼ੀਲੈਂਡ ਪਹੁੰਚਿਆ। ਨਿਊਜ਼ੀਲੈਂਡ ਪਹੁੰਚਣ ਲਈ ਮੈਨੂੰ ਇਕ ਸਾਲ ਤੋਂ ਵੱਧ ਸਮਾਂ ਲੱਗਾ। ਪਰ ਫੇਰ ਪਤਾ ਨਹੀਂ ਕਿਉਂ, ਮੇਰਾ ਉਥੇ ਦਿਲ ਨਹੀਂ ਲੱਗਾ।
੭) ਇੰਨਾ ਲੰਬਾ ਸਫ਼ਰ ਤੁਸੀਂ ਇਕੱਲਿਆਂ ਹੀ ਕੀਤਾ?
ਨਹੀਂ, ਉਸ ਸਮੇਂ ਮੇਰੀ ਗਰਲ ਫਰੈਂਡ ਮੇਰੇ ਨਾਲ ਸੀ। ਨਿਊਜ਼ੀਲੈਂਡ ਤੋਂ ਵਾਪਸ ਆ ਕੇ ਇਕ ਸਾਲ ਸਵਿਟਜ਼ਰਲੈਂਡ ਵਿਚ ਕੰਮ ਕੀਤਾ। ਕਰੀਬ ਢਾਈ ਸਾਲ ਮੈਂ ਅਸਟਰੀਆ ਤੋਂ ਬਾਹਰ ਰਿਹਾ। ਫੇਰ ਮੈਂ ਇਥੇ ਆ ਕੇ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ। ਚਾਰ ਸਾਲ ਸਮਾਜ-ਸਾਸ਼ਤਰ ਪੜ੍ਹਿਆ। ਬਾਅਦ 'ਚ ਵੀਆਨਾ ਏਕੀਕਰਣ ਸੰਸਥਾ ਵਿਚ ਕੰਮ ਕਰਨ ਲੱਗਾ।
੮) ਇੰਡੀਆ ਵਿਚ ਕਿੱਥੇ ਕਿੱਥੇ ਗਏ?
ਪਾਕਿਸਤਾਨ-ਲਾਹੌਰ ਤੋਂ ਪੰਜਾਬ, ਅੰਮ੍ਰਿਤਸਰ ਵਿਚ ਗੋਲਡਨ ਟੈਂਪਲ ਦੇਖਿਆ। ਮੈਨੂੰ ਯਾਦ ਹੈ ਉਦੋਂ ਦਸੰਬਰ ਮਹਿਨਾ ਹੋਣ ਕਰਕੇ ਬਹੁਤ ਠੰਡ ਸੀ। ਮੀਂਹ ਵੀ ਬਹੁਤ ਪਿਆ ਸੀ ਅਤੇ ਪਾਣੀ ਬਹੁਤ ਖੜ੍ਹਾ ਸੀ। ਰਿਕਸ਼ੇ ਵਾਲਾ ਬੜੀ ਮੁਸ਼ਕਲ ਨਾਲ ਸਾਨੂੰ ਸਟੇਸ਼ਨ ਤੱਕ ਲੈ ਕੇ ਗਿਆ ਸੀ। ਫਿਰ ਦਿੱਲੀ, ਆਗਰਾ, ਜੈਪੁਰ, ਜੋਧਪੁਰ, ਗੁਜਰਾਤ, ਬੰਬਈ, ਮਹਾਰਾਸ਼ਟਰ ਵਿਚ ਘੁੰਮੇ, ਹੈਦਰਾਬਾਦ, ਕੇਰਲਾ, ਤਾਮਿਲਨਾਡੂ, ਕਲਕੱਤਾ ਤੋਂ ਬੈਕਕੌਂਗ ਨੂੰ ਚਲੇ ਗਏ।
੯) ਹੁਣ ਤੱਕ ਦੁਨੀਆ 'ਚ ਹੋਰ ਕਿਥੇ ਕਿਥੇ ਘੁੰਮੇ ਹੋ?
ਲਗਭਗ ਯੌਰਪ ਦੇ ਸਾਰੇ ਦੇਸਾਂ ਵਿਚ ਘੁੰਮਿਆ ਹਾਂ, ਸਿਰਫ਼ ਸਕੈਡੇਨੇਵੀਆ ਦੇ ਕੁਝ ਦੇਸਾਂ ਤੋਂ ਛੁੱਟ।
੧੦) ਕਿਹੜਾ ਮੁਲਕ ਤੁਹਾਨੂੰ ਸਭ ਤੋਂ ਵੱਧ ਚੰਗਾ ਲੱਗਾ?
ਇਹ ਕਹਿਣਾ ਮੁਸ਼ਕਲ ਹੈ, ਪਰ ਮੈਨੂੰ ਯਾਦ ਹੈ ਕਿ ਕਿਹੜੇ ਦੇਸ ਨੇ ਮੈਨੂੰ ਬਿਲਕੁਲ ਬਦਲ ਦਿੱਤਾ। ਉਹ ਹੈ ਭਾਰਤ। ਭਾਰਤ ਨੇ ਮੇਰੀ ਸੋਚਣੀ, ਦੇਖਣੀ, ਸਭ ਕੁਝ ਬਦਲ ਦਿੱਤੀ।
੧੧) ਭਾਰਤ ਵਿਚ ਕਿਨ੍ਹਾਂ ਚੀਜ਼ਾਂ ਤੋਂ ਤੁਸੀਂ ਪ੍ਰਭਾਵਿਤ ਹੋਏ?
(ਲੰਮਾ ਸਾਹ ਲੈ ਕੇ) ਮੈਨੂੰ ਉਥੇ ਦਾ ਖਾਣਾਂ ਬਹੁਤ ਪਸੰਦ ਹੈ। ਉਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਅਸੀਂ ਯੌਰਪ ਵਿਚ ਕਿੰਨਾ ਮੀਟ ਖਾਂਦੇ ਹਾਂ। ਉਥੋਂ ਹੀ ਮੈਨੂੰ ਵੈਸ਼ਨੋ ਖਾਣਾਂ ਖਾਣ ਦੀ ਆਦਤ ਪਈ। ਇਥੇ ਵੀ ਵੈਸ਼ਨੋ ਖਾਣੇ ਦੇ ਕਈ ਰੈਸਟੋਰੈਂਟ ਹਨ, ਪਰ ਖਾਣਾਂ ਬਹੁਤ ਮਹਿੰਗਾ ਮਿਲਦਾ ਹੈ। ਮੀਟ ਵਗੈਰਾ ਸਸਤਾ ਹੈ। (ਹੱਸ ਕੇ) ਯੌਰਪ ਵਿਚ ਵੈਸ਼ਨੋ ਖਾਣੇ ਦਾ ਮਤਲਬ ਹੈ ''ਸਲਾਦ ਖਾਣਾਂ''।
ਦੂਜਾ, ਭਾਰਤ ਵਿਚ ਬਹੁਤ ਸਾਰੇ ਧਰਮ ਹਨ ਅਤੇ ਸਾਰੇ ਹੀ ਆਪਣੇ ਆਪਣੇ ਧਰਮਾਂ ਨੂੰ ਮੰਨਦੇ ਹਨ। ਮੈਂ ਹੈਰਾਨ ਹਾਂ ਕਿ ਕਿਸ ਤਰਾਂ ਵੱਖ ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਇਹ ਇਕ ਬਹੁਤ ਮਹਾਨ ਗੱਲ ਹੈ। ਤੀਜਾ, ਭਾਰਤ ਵਿਚ ਕੁਦਰਤੀ ਸੁੰਦਰਤਾ ਬਹੁਤ ਹੈ। ਭਰਤਪੁਰ ਵਿਚ ਨੈਸ਼ਨਲ ਪਾਰਕ ਦੇ ਰੇਗੀਸਥਾਨ ਵਿਚ ਮੈਂ ਘੋੜ ਸਵਾਰੀ ਕੀਤੀ। ਕੇਰਲਾ ਵਿਚ ਬਹੁਤ ਵੱਡੀ ਨੈਸ਼ਨਲ ਪਾਰਕ ਹੈ। ਕੁਦਰਤੀ ਨਜ਼ਾਰੇ ਬਹੁਤ ਪਸੰਦ ਆਏ। ਉਸ ਸਮਾਂ ਬਹੁਤ ਸੋਹਣਾ ਸੀ। ਮੈਨੂੰ ਛੇਤੀ ਕਿਤੇ ਨਹੀਂ ਭੁੱਲੇਗਾ।
ਚੌਥਾ ਭਾਰਤ ਵਿਚ ਜੋ ਮੈਨੂੰ ਬਹੁਤ ਪਸੰਦ ਆਇਆ। ਉਹ ਹੈ ''ਪ੍ਰਾਹੁਣਚਾਰੀ''। ਭਾਰਤ ਵਿਚ ਲੋਕਾਂ ਨਾਲ ਸੰਪਰਕ ਕਰਨਾ ਬਹੁਤ ਸੌਖਾ ਹੈ। ਭਾਵ, ਜੇ ਤੁਸੀਂ ਕਿਸੇ ਟੱਬਰ ਦੇ ਇਕ ਮੈਂਬਰ ਨੂੰ ਜਾਣਦੇ ਹੋ ਤਾਂ ਛੇਤੀ ਹੀ ਉਸਦੇ ਬਾਕੀ ਦੇ ਰਿਸ਼ਤੇਦਾਰਾਂ ਨੂੰ ਵੀ ਜਾਣ ਜਾਓਗੇ। ਜੋ ਕਿ ਅਸਟਰੀਆ ਵਿਚ ਅਸੰਭਵ ਹੈ। ਇਹ ਬਹੁਤ ਵੱਡਾ ਫ਼ਰਕ ਹੈ ਭਾਰਤ ਤੇ ਅਸਟਰੀਆ ਵਿਚ।
ਹੋਰ ਹੋਰ ... ਜੋ ਕੁਝ ਇਥੇ ਨਹੀਂ ਮਿਲਦਾ, ਉਹ ਭਾਰਤ ਵਿਚ ਮਿਲਦਾ ਹੈ ਤੇ ਜੋ ਭਾਰਤ ਵਿਚ ਨਹੀਂ ਮਿਲਦਾ, ਉਹ ਇਥੇ ਮਿਲਦਾ ਹੈ। ਭਾਰਤ ਬਹੁਤ ਵੱਡਾ ਹੈ। ਭਾਰਤ ਨੂੰ ਪੂਰੀ ਤਰਾਂ ਜਾਣਨ ਲਈ ਇਨਸਾਨ ਸਾਰੀ ਜ਼ਿੰਦਗੀ ਗੁਜ਼ਾਰ ਸਕਦਾ ਹੈ। ਅਸਟਰੀਆ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿਚ ਸਭ ਕੁਝ ਹੈ ਉੱਤਰ ਦਿਸ਼ਾ ਵੱਲ ਨੂੰ ਚਲੇ ਜਾਓ ਤਾਂ ਬਰਫ਼ ਹੀ ਬਰਫ਼ ਹੈ, ਦੱਖਣ ਵਿਚ ਗਰਮੀ ਹੀ ਗਰਮੀ ਹੈ। ਚਾਰੇ ਦਿਸ਼ਾਵਾਂ ਵੱਖੋ-ਵੱਖਰੀਆਂ ਹਨ।
੧੨) ਕੀ ਤੁਸੀਂ ਭਾਰਤੀ ਸੰਗੀਤ ਦੇ ਵੀ ਪ੍ਰਸੰਸਕ ਹੋ?
ਹਾਂ ਜੀ, ਮੈਨੂੰ ਭਾਰਤੀ ਸੰਗੀਤ ਬਹੁਤ ਬਹੁਤ ਜ਼ਿਆਦਾ ਪਸੰਦ ਹੈ। (ਹੱਸਦੇ ਹੋਏ) ਅਸੀਂ ਜੈਪੁਰ ਬਹੁਤ ਵੱਡੇ ਸਿਨਮੇ ਵਿਚ ਭਾਰਤੀ ਫਿਲਮ ਦੇਖਣ ਗਏ ਸਨ । ਸਾਰੀਆਂ ਨੇ ਕਿਹਾ ਸੀ ਕਿ ਹਿੱਟ ਫਿਲਮ ਹੈ, ਤੁਹਾਨੂੰ ਦੇਖਣੀ ਚਾਹੀਦੀ ਹੈ। ਸਿਨਮੇ ਵਿਚ ਲਗਭਗ ੨੦੦੦ ਦੇ ਕਰੀਬ ਦਰਸ਼ਕ ਸੀ। ਉਦੋਂ ਮੇਰੀ ਪਹਿਲੀ ਭਾਰਤੀ ਫਿਲਮ ਸੀ। ਉਸ ਵਿਚ ਇਕ ਹਿੱਟ ਗਾਣਾ ਸੀ ''ਤਮਾ ਤਮਾ ਲੋਗੇ, ਤਮਾ ਤਮਾ ਲੋਗੇ''। ਸਿਨਮੇ ਵਿਚ ਸਾਰੇ ਦਰਸ਼ਕਾਂ ਨੇ ਨਾਲ ਗਾਣਾ ਗਾਇਆ। (ਜੋਸ਼ ਨਾਲ ਦੱਸਦੇ ਹੋਏ) ਸੀਟੀਆਂ ਵਜਾਈਆਂ, ਚੀਕਾਂ ਮਾਰੀਆਂ। ਫਿਲਮ ਵਿਚ ਜਦ ਹੀਰੋ ਆਉਂਦਾ ਸੀ ਤਾਂ ਦਰਸ਼ਕ ਤਾੜੀਆਂ ਵਜਾਉਂਦੇ ਸਨ। ਮੈਂ ਬੜਾ ਹੈਰਾਨ ਹੋਇਆ ਤੇ ਮੇਰੇ ਲਈ ਇਕ ਅਭੁੱਲ ਯਾਦ ਬਣ ਗਈ। ਇਹ ਕੁਝ ਅਸਟਰੀਅਨ ਸਿਨਮੇ ਵਿਚ ਸੋਚਿਆ ਵੀ ਨਹੀਂ ਜਾ ਸਕਦਾ। ਭਾਰਤ ਦੇ ਲੋਕ ਬੜੇ ਖ਼ੁਸ਼ਹਾਲ ਹਨ। ਭਾਰਤੀ ਬੱਚੇ ਵੀ ਬਹੁਤ ਖ਼ੁਸ਼ਹਾਲ ਹਨ। ਅਸਟਰੀਆ ਵਿਚ ਇੰਨੇ ਹੱਸਦੇ-ਖੇਲਦੇ ਬੱਚੇ ਦੇਖਣ ਨੂੰ ਘੱਟ ਹੀ ਮਿਲਦੇ ਹਨ, ਜਿੰਨੇ ਭਾਰਤ ਵਿਚ।
ਭਾਰਤ ਵਿਚ ਮੈਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ, ਮਹਿਲ ਅਤੇ ਮੰਦਰ ਦੇਖੇ। ਦੱਖਣੀ ਭਾਰਤ ਵਿਚ ਮੈਂ ਇਕ ਕਿਤਾਬ ਵਿਚ ਪੜ੍ਹਿਆ ਕਿ ਉਥੋਂ ਦਾ ਇਕ ਮੰਦਰ ਅਸਟਰੀਆ ਦੇ ਇਕ ਸਟੇਟ ਦੇ ਬਰਾਬਰ ਹੈ। ਇਥੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਭਾਰਤ ਇਤਿਹਾਸਕ ਅਤੇ ਕਲਚਰਲ ਤੌਰ ਤੇ ਇਕ ਅਮੀਰ ਦੇਸ ਹੈ।
੧੩) ਤੁਹਾਨੂੰ ਭਾਰਤ ਵਿਚ ਕੀ ਪਸੰਦ ਨਹੀਂ ਆਇਆ?
ਮੈਨੂੰ ਭਾਰਤ ਵਿਚ ਮਲੇਰੀਆ ਹੋ ਗਿਆ ਸੀ। ਮੈਂ ਫਿਰ ਕਹਾਂਗਾ ਜੋ ਭਾਰਤ ਵਿਚ ਹੈ ਉਹ ਅਸਟਰੀਆ ਵਿਚ ਨਹੀਂ ਹੈ। ਇਥੇ ਇਸ ਤਰਾਂ ਦੀ ਕੋਈ ਬਿਮਾਰੀ ਨਹੀਂ ਹੈ। ਮੱਖੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਿਰਫ਼ ਕਹਾਣੀਆਂ ਵਿਚ ਹੀ ਮਿਲਦੀਆਂ ਹਨ। ਇਕ ਯੌਰਪੀਅਨ ਨੂੰ ਭਾਰਤ ਦੇ ਸਫ਼ਰ ਲਈ ਬੈਗ ਭਰ ਕੇ ਦਵਾਈਆਂ ਤੇ ਇੰਜੈਕਸ਼ਨਾਂ ਦਾ ਨਾਲ ਲਿਜਾਣਾ ਪੈਂਦਾ ਹੈ। ਜਦ ਮੈਨੂੰ ਜਾਨ ਲੇਵਾ ਮਲੇਰੀਆ ਹੋ ਗਿਆ ਸੀ ਤਾਂ ਮੇਰੀ ਗਰਲ ਫਰੈਂਡ ਨੇ ਦਿਨ ਰਾਤ ਦੇਖ-ਭਾਲ਼ ਕਰ ਕੇ ਮੈਨੂੰ ਬਚਾਇਆ ਸੀ। ਮੈਂ ਉਸ ਦਾ ਜ਼ਿੰਦਗੀ ਭਰ ਅਹਿਸਾਨਮੰਦ ਰਹਾਂਗਾ।
ਹੋਰ ਭਾਰਤ ਵਿਚ ਪ੍ਰਦੂਸ਼ਣ ਬਹੁਤ ਹੈ। ਬੱਸਾਂ ਗੱਡੀਆਂ ਦੇ ਵੱਜਦੇ ਹਾਰਨ ਕੰਨ ਪਾੜਦੇ ਹਨ। ਇਥੇ ਸਿਰਫ਼ ਹਾਰਨ ਅਗਲੀ ਗੱਡੀ ਨੂੰ ਗਾਲ ਕੱਢਣ ਲਈ ਵਰਤਿਆ ਜਾਂਦਾ ਹੈ। ਕਨੂੰਨ ਸਖ਼ਤ ਹੋਣ ਕਰਕੇ ਇਥੇ ਟਾਈਰਾਂ ਤੱਕ ਨੂੰ ਜਾਲਣ ਦੀ ਇਜਾਜ਼ਤ ਨਹੀਂ। ਭਾਰਤ ਵਿਚ ਕੂੜਾ ਕਰਕਟ ਲਈ ਢੋਲ ਵਾਲੇ ਡੱਬੇ ਨਹੀਂ ਲਾਏ ਹੋਣ ਕਰਕੇ ਥਾਂ-ਥਾਂ ਤੇ ਗੰਦ ਪਿਆ ਹੁੰਦਾ ਹੈ। ਵੱਡੇ ਵੱਡੇ ਸ਼ਹਿਰਾਂ ਵਿਚ ਵੀ ਪ੍ਰਦੂਸ਼ਣ ਗੰਦਗੀ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਬੰਬਈ ਦੀ ਬਸਤੀਆਂ ਵਿਚ ਵੀ ਗਿਆ ਅਤੇ ਉਥੇ ਦੇਖਿਆ ਕਿ ਗਰੀਬ ਲੋਕਾਂ ਦੇ ਬੱਚੇ ਸਕੂਲ ਜਾਣ ਦੀ ਬਜਾਏ ਕੰਮ ਰਹੇ ਸਨ। ਸਰਕਾਰ ਦਾ ਗ਼ਲਤ ਸਿਸਟਮ ਦੇਖ ਕੇ ਮੇਰੇ ਤੇ ਬਹੁਤ ਅਸਰ ਹੋਇਆ ਤੇ ਦੁੱਖ ਵੀ ਹੋਇਆ। ਬਹੁਤ ਦੁੱਖ ਹੋਇਆ।
੧੪) ਕੀ ਤੁਸੀਂ ਇਕ ਬਾਰ ਫਿਰ ਭਾਰਤ ਦੀ ਸੈਰ ਲਈ ਜਾਣਾਂ ਚਾਹੋਗੇ?
ਬਿਲਕੁਲ ਬਿਲਕੁਲ, ਜੇ ਸੰਭਵ ਹੋਵੇ ਤੇ ਹੁਣੇ ਹੀ। ਮੈਂ 300 ਸਾਲਾ ਸਿੱਖ ਧਰਮ ਜਨਮ ਦਿਹਾੜਾ ਤੇ ਜਾਣਾ ਚਾਹੁੰਦਾ ਸੀ, ਪਰ ਕੁਝ ਕਾਰਣਾਂ ਕਰਕੇ ਨਹੀਂ ਜਾ ਸਕਿਆ। ਇਕ ਵਾਰ ਹੀ ਕਿਉਂ, ਵਾਰ ਵਾਰ ਜਾਵਾਂਗਾ। ਪਰ ਜਦੋਂ ਜਾਵਾਂਗਾ ਜ਼ਿਆਦਾ ਚਿਰ ਰਹਿਣਾ ਚਾਹਾਂਗਾ।
੧੫) ਤੁਸੀਂ ਆਪਣੀ ਪਹਿਲੀ ਗਰਲ ਫਰੈਂਡ ਨਾਲ ਕਿੰਨਾ ਚਿਰ ਇਕੱਠੇ ਰਹੇ?
(ਗੰਭੀਰ ਹੋ ਕੇ) ਸਾਢੇ ਅੱਠ ਸਾਲ। ਬਾਦ ਵਿਚ ਸਾਡੇ ਵਿਚਾਰ ਬਦਲ ਗਏ ਅਤੇ ਰਾਹ ਵੱਖਰੇ ਵੱਖਰੇ ਹੋ ਗਏ।
੧੬) ਆਪਣੇ ਪਰਿਵਾਰਕ ਜ਼ਿੰਦਗੀ ਦੇ ਬਾਰੇ ਕੁਝ ਚਾਨਣਾਂ ਪਾਓ।
ਮੇਰੇ ਵਿਆਹ ਨੂੰ ਦੋ ਸਾਲ ਹੋ ਗਏ ਹਨ। ਮੇਰੀ ਪਤਨੀ 'ਗਾਬੀ ਆਲਮਰ' ਬੁੱਧ ਧਰਮ ਚੋਂ ਹੈ। ਉਸ ਦੇ ਪਹਿਲੇ ਪਤੀ ਦੇ ਮੁੰਡੇ ਦਾ ਨਾਮ 'ਫਿਲੀਕਸ ਛੋਟੀਗਰ' ਹੈ। ਉਸ ਨੇ ਆਪਣੇ ਪਹਿਲੇ ਪਿਤਾ ਦਾ ਨਾਮ ਹੀ ਰੱਖਿਆ ਹੈ ਤੇ ਇਕ ਮੇਰੀ ਆਪਣੀ ਪੰਦਰਾਂ ਦਿਨਾਂ ਦੀ ਧੀ 'ਵਿਕਟੋਰੀਆ' ਹੈ। ਮੈਂ ਵੀ ਹੁਣ ਬੁੱਧ ਧਰਮ ਅਪਣਾ ਲਿਆ ਹੈ। ਬੁੱਧ ਧਰਮ ਅਪਨਾਉਣ ਨਾਲ ਮੈਂ ਫ਼ਖਰ ਮਹਿਸੂਸ ਕਰਦਾ ਹਾਂ। ਪਰ ਮੈਂ ਹਾਲੇ ਵੀ ਗਿਰਜਾ-ਘਰ ਜਾਂਦਾ ਹੈ। ਜਦ ਘਰ ਹੁੰਦਾ ਹਾਂ ਤਾਂ ਮੈਂ ਆਪਣੀ ਪਤਨੀ ਨਾਲ ਪ੍ਰਾਰਥਨਾ ਕਰਦਾ ਹਾਂ। ਵੀਆਨਾ ਵਿਚ ਬੁੱਧ ਧਰਮ ਦੇ ਬਹੁਤ ਲੋਕ ਰਹਿੰਦੇ ਹਨ ਤੇ ਮੇਰਾ ਉਨ੍ਹਾਂ ਨਾਲ ਹਮੇਸ਼ਾ ਰਾਬਤਾ ਬਣਿਆ ਰਹਿੰਦਾ ਹੈ।
੧੭) ਕੀ ਤੁਸੀਂ ਆਪਣੀ ਜ਼ਿੰਦਗੀ ਦੇ ਸਫ਼ਰ ਤੋਂ ਸੰਤੁਸ਼ਟ ਹੋ?
ਕੰਮ ਵਲੋਂ: ਮੈਂ ਦੇਖ ਰਿਹਾ ਹਾਂ ਕਿ ਹੁਣ ਹੀ ਨਹੀਂ, ਭਵਿੱਖ ਵਿਚ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਨੂੰ ਮੇਰਾ ਕੰਮ ਬਹੁਤ ਪਸੰਦ ਹੈ। ਹਮੇਸ਼ਾਂ ਸਾਰਿਆਂ ਨਾਲ ਚਲਣਾਂ ਚਾਹੂੰਗਾ ਤੇ ... ਪਰਿਵਾਰ ਵਲੋਂ: ਗਾਬੀ ਨਾਲ ਵਿਆਹ ਕਰਵਾ ਕੇ ਮੈਂ ਬਹੁਤ ਖ਼ੁਸ਼ ਹਾਂ।
੧੮) ਜਦ ਅੱਜ ਤੁਸੀਂ ਪਿਛੇ ਮੁੜ ਕੇ ਦੇਖਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਕੀ ਵਧੀਆਂ ਲੱਗਦਾ ਹੈ?
ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਜ਼ਿੰਦਗੀ ਵਿਚ ਬਹੁਤ ਕੁਝ ਦੇਖਿਆ, ਲੰਮੇ ਸਫ਼ਰ ਕੀਤੇ, ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ, ਸੋਹਣੀਆਂ ਜਗਾਵਾਂ ਦੇਖੀਆਂ। ਇਹ ਸਭ ਕੁਝ ਨੇ ਮੈਨੂੰ ਇਕ ਹੋਰ ਆਦਮੀ ਬਣਾਂ ਦਿੱਤਾ।
੧੯) ਕੋਈ ਜ਼ਿੰਦਗੀ ਦੀ ਦੁਰਘਟਨਾ?
ਸਿਰਫ਼ ਮਲੇਰੀਆ ਵਾਲੀ ਘਟਨਾ ਹੀ ਹੈ। ਉਸ ਸਮੇਂ ਕਿਸਮਤ ਚੰਗੀ ਸੀ ਕਿ ਬਚ ਗਿਆ।
੨੦) ਭਾਰਤੀ ਲੋਕਾਂ ਨਾਲ ਕਿਸੇ ਤਰਾਂ ਦਾ ਮਾੜਾ ਤਜਰਬਾ ਹੋਇਆ ਹੋਵੇ?
ਨਹੀਂ, ਬਿਲਕੁਲ ਨਹੀਂ। ਨਾ ਭਾਰਤ ਵਿਚ ਤੇ ਨਾ ਹੀ ਅਸਟਰੀਆ ਵਿਚ।
੨੧) ''ਵੀਆਨਾ ਏਕੀਕਰਣ ਸੰਸਥਾ'' ਵਿਚ ਕਿਵੇਂ ਆਏ?
''ਵੀਆਨਾ ਏਕੀਕਰਣ ਸੰਸਥਾ'' ਵਿਚ ਮੈਂ ਆਪਣੇ ਦੋਸਤ ਰਾਹੀ ਕੰਮ ਕਰਨ ਲੱਗਾ। ਸ਼ੁਰੂ ਸ਼ੁਰੂ ਵਿਚ ਮੈਂ ਥੋੜੇ ਸਮੇਂ ਲਈ ਕੰਮ ਕਰਦਾ ਹੁੰਦਾ ਸੀ। ਫਿਰ ਮੈਨੂੰ ਕੰਮ ਚੰਗਾ ਲੱਗਾ ਅਤੇ ਮੈਂ ਪੂਰੇ ਸਮੇਂ ਲਈ ਕਰਨ ਲੱਗ ਪਿਆ। ਮੈਨੂੰ ਦੋ ਤਰਾਂ ਦੀ ਪੇਸ਼ਕਸ਼ ਆਈ ਇਕ ਦਫ਼ਤਰੀ ਕੰਮ ਦੀ ਅਤੇ ਦੂਸਰੀ ਬਾਹਰੀ ਕੰਮ ਦੀ। ਮੈਂ ਦਫ਼ਤਰੀ ਕੰਮ ਦੀ ਚੋਣ ਕੀਤੀ।
੨੨) ਸਾਨੂੰ ''ਵੀਆਨਾ ਏਕੀਕਰਣ ਸੰਸਥਾ'' ਬਾਰੇ ਵਿਸਥਾਰ ਪੂਰਵਕ ਦੱਸੋਗੇ?
''ਵੀਆਨਾ ਏਕੀਕਰਣ ਸੰਸਥਾ'' ਦੀ ਬੁਨਿਆਦ ਅੱਠ ਸਾਲ ਪਹਿਲਾਂ ਉਸ ਸਮੇਂ ਦੇ ਮੁੱਖ ਮੰਤਰੀ ਨੇ ਰੱਖੀ। ਇਸ ਦਾ ਜਨਮ ਉਸ ਸਮੇਂ ਦੇ ਰਾਜਨੀਤੀ ਹਾਲਤਾਂ ਕਾਰਣ ਹੋਇਆ। 1986 ਵਿਚ ''ਜੌਰਜ ਹੈਦਰ'' ਰਾਜਨੀਤੀ ਵਿਚ ਆਇਆ। ਜੌਰਜ ਹੈਦਰ ਨੂੰ ਯੌਰਪ ਭਰ ਵਿਚ ਦੂਜਾ ਹੀਟਲਰ ਮੰਨਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਵੀਆਨਾ ਏਕੀਕਰਣ ਸੰਸਥਾ ਦਾ ਜਨਮ ਹੋਇਆ।
ਸ਼ੁਰੂ ਸ਼ੁਰੂ ਵਿਚ ਇਸਦੇ ਦੋ ਦਫ਼ਤਰ ਸਨ, ਪਰ ਹੁਣ ਸੱਤ ਹਨ। ਅਸੀਂ ਸਾਰੀਆਂ ਵੱਡੀਆਂ ਸੰਸਥਾਵਾਂ ਨਾਲ ਕੰਮ ਕਰਦੇ ਹਾਂ। ਸਾਡੀ ਸੰਸਥਾ ਨੂੰ ਸਾਲ ਦਾ ਲਗਭਗ 75 ਮਿਲੀਅਨ ਸ਼ਿਲਿੰਗ (ਅਸਟਰੀਆ ਦੀ ਪੁਰਾਣੀ ਮੁਦਰਾ) ਮਿਲਦਾ ਹੈ। ਸੱਤਰ ਮਰਦ ਅਤੇ ਔਰਤਾਂ ਬਹੁ-ਸਭਿਆਚਾਰਕ ਦੇ ਲਈ ਕੰਮ ਕਰਦੇ ਹਨ। ਹਰੇਕ ਦਫ਼ਤਰ ਵਿਚ ਇਕ ਆਸਟਰੀਅਨ ਪ੍ਰਧਾਨਗੀ ਦੇ ਤੌਰ ਕੰਮ ਕਰਦਾ ਹੈ।
੨੩) ਭਾਰਤੀ ਪ੍ਰਵਾਸੀਆਂ ਲਈ ਕੋਈ ਸੰਦੇਸ਼?
ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਭਾਰਤੀਆਂ ਨੇ ਅਸਟਰੀਆ ਵਿਚ ਪੱਕੇ ਤੌਰ ਤੇ ਰਹਿਣਾ ਹੈ, ਉਹਨਾਂ ਨੂੰ ਇਥੋਂ ਦੀ ਬੋਲੀ ਵੀ ਸਿੱਖਣੀ ਚਾਹੀਦੀ ਹੈ। ਸਾਡੀ ਸੰਸਥਾ ਨੇ ਸਿਰਫ਼ 300 ਸ਼ਿਲਿੰਗ ਵਿਚ 3 ਮਹੀਨਿਆਂ ਦੇ ਜਰਮਨ ਕੋਰਸਾਂ ਦਾ ਪ੍ਰਬੰਧ ਕੀਤਾ ਹੈ ਤੇ ਪ੍ਰਵਾਸੀਆਂ ਨੂੰ ਕਨੂੰਨ ਦਾਈਰੇ ਵਿਚ ਰਹਿ ਕੇ ਚਲਣਾਂ ਚਾਹੀਦਾ ਹੈ। ਜੇ ਕਦੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਦਰਵਾਜੇ ਤੁਹਾਡੇ ਲਈ ਹਮੇਸ਼ਾਂ ਖੁਲ੍ਹੇ ਹਨ।
ਜਾਣਕਾਰੀ: ਮੁਲਾਕਾਤ ‘ਕਲਾਕਾਰਾਂ ਨਾਲ ਰਾਬਤਾ’ (ਜੁਲਾਈ-ਅਗਸਤ ੨00੧) ਰਸਾਲੇ ਵਿਚ ਲੱਗੀ