ਹਰਦੀਪ ਸਿੰਘ ਮਾਨ ਕਲਾਕਾਰੀ

ਵੀਆਨਾ ਗੋਲੀ ਕਾਂਡ ਕੇਸ ਦਾ ਤੀਸਰਾ ਦਿਨ ੧੬.੦੭.੨੦੧੦ - ਇਕ ਰਿਪੋਰਟ

ਅਣਖੀ, ਬਹਾਦਰ ਅਤੇ ਨਿਡਰ ਸਿੱਖ ਚੜ੍ਹਦੀ ਕਲਾ ਵਿਚ ਹਨ

ਲੇਖਕ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਜਦੋਂ ਦੋਸਤਾਂ ਅਤੇ ਜਾਣਕਾਰਾਂ ਤੋਂ ਪਤਾ ਲੱਗਾ ਕਿ ਵਿਆਨਾ ਗੋਲੀ ਕਾਂਡ ਸੰਬੰਧੀ ਅਦਾਲਤ ਦੀ ਕਾਰਵਾਈ ਦੇਖਣ-ਸੁਣਨ ਹਰ ਆਮ ਨਾਗਰਿਕ ਜਾ ਸਕਦਾ ਹੈ ਤਾਂ ਮੈਂ ਵੀ ਆਪਣੀ ਹਾਜ਼ਰੀ ਲਵਾਉਣੀ ਜ਼ਰੂਰੀ ਸਮਝੀ।

04.03.2010
ਹਰਦੀਪ ਸਿੰਘ ਮਾਨ

ਫੜੇ ਗਏ ਸ਼ੱਕੀ ਸਿੰਘਾਂ ਨੇ ਅਦਾਲਤ ਵਿਚ ਵੜਦਿਆਂ ਪਹਿਲਾਂ ਵੀਆਨਾ ਸੰਗਤਾਂ, ਦਰਸ਼ਕਾਂ, ਜਿਊਰੀ, ਜੱਜ ਅਤੇ ਵਕੀਲਾਂ ਨੂੰ ਹੱਥ ਜੋੜ ਕੇ ਮੂੰਹ ਵਿਚ ਫਤਿਹ (ਦੇਸੀ - ਵਿਦੇਸ਼ੀ ਸੱਸਰੀਕਾਲ) ਬੁਲਾਈ। ਸੁਰਜੀਤ ਸਿੰਘ ਨੂੰ ਇਕ ਪਾਸੇ ਬੈਂਚ ਤੇ, ਹਰਦੀਪ ਸਿੰਘ ਨੂੰ ਸਵਾਲ ਜਵਾਬ ਲਈ ਗੱਭੇ ਅਤੇ ਬਾਕੀ ਚਾਰ ਸਿੰਘਾਂ ਨੂੰ ਦੂਜੇ ਪਾਸੇ ਇਕ ਬੈਂਚ ਤੇ ਬਠਾਇਆ ਗਿਆ। ਸਾਰੀ ਗੱਲ-ਬਾਤ ਇਕ ਦੇਸੀ ਬੀਬੀ (ਦੋ ਭਾਸ਼ਾਈ ਦੇ ਰੂਪ ਵਿਚ) ਰਾਹੀ ਕੀਤੀ ਜਾਂਦੀ ਹੈ। ਸਿੱਖ ਸੰਗਤਾਂ ਦੀ ਗਿਣਤੀ ਮੋਨੇ ਸਿੱਖਾਂ ਸਮੇਤ ਲਗਭਗ ੨੦-੨੫ ਤੱਕ ਸੀ, ਕੁਝ ਸਿੱਖ ਕਾਰਵਾਈ ਦੌਰਾਨ ਆਉਂਦੇ-ਜਾਂਦੇ ਰਹੇ। ਸਿੱਖਾਂ ਦੇ ਪੱਕੇ ਦੁਸ਼ਮਣ ੧੦ ਦੇ ਕਰੀਬ ਵਿਚ ਸਨ, ਜਿਨ੍ਹਾਂ ਵਿਚੋਂ ਇਕ ਪਿਛਲੀ ਕਤਾਰ ਵਿਚ ਬੈਠ ਕੇ ਸਾਰੀ ਅਦਾਲਤੀ ਕਾਰਵਾਈ ਨੂੰ ਲਿਖਤੀ ਰੂਪ ਵਿਚ ਕਰਦਾ ਰਿਹਾ। ਕੇਸ ਦਿਲਚਸਪ ਹੋਣ ਕਰਕੇ ਕੁਝ ਗੋਰੇ, ਗੋਰੀਆਂ ਅਤੇ ਸ਼ੌਕੀਨ ਪੱਤਰਕਾਰ ਵੀ ਪਹੁੰਚੇ ਸਨ। ਸਾਰਾ ਅਸਟਰੀਅਨ ਮੀਡੀਆ ਲੰਬੇ ਕੇਸਾਂ ਨੂੰ ਸਿਰਫ਼ ਪਹਿਲੇ, ਦੂਜੇ ਅਤੇ ਆਖਰੀ ਦਿਨ ਹੀ ਕਵਰੇਜ ਕਰਦਾ ਹੈ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਕੇਸ ਤੇ ਸਾਰੀ ਦੁਨੀਆ ਦੀ ਨਜ਼ਰ ਹੈ, ਅਸਟਰੀਆ ਦਾ ਵੀ ਇਹ ਇਕ ਮਹੱਤਵਪੂਰਨ ਕੇਸ ਹੈ, ਪੰਜਾਬ ਦੀ ਆਰਥਿਕ ਸਥਿਤੀ ਅਤੇ ਸ਼ਾਂਤੀ ਵੀ ਇਸ ਨਾਲ ਜੁੜੀ ਹੋਈ ਹੈ, ਕਿਉਂਕਿ ਭਾਰਤ ਦੇ ਲਾਡਲੇ ਭਾਈਚਾਰੇ ਦੀਆਂ ਫੋਰਸਾਂ ਅਤੇ ਸੈਨਾਵਾਂ ਪੰਜਾਬ ਨੂੰ ਦੁਬਾਰਾ ਅੱਗ ਲਾਉਣ ਲਈ ਤਿਆਰ-ਬਰ-ਤਿਆਰ ਖੜ੍ਹੀਆਂ ਹਨ। ਪੰਜਾਬ ਟਾਈਮਜ਼ ਯੂ ਕੇ ਅਨੁਸਾਰ ਬਸਪਾ ਨੇ ਵੀ ਪੰਜਾਬ ਨੂੰ ਹਿੰਸਾ ਦੀ ਭੱਠੀ 'ਚ ਝੋਕਣ ਲਈ ਇਸ ਵਿਸ਼ੇ ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ੀ ਅਦਾਲਤ ਦਾ ਦੇਸੀ ਹਾਲ
ਵੀਆਨਾ ਅਦਾਲਤਇੰਨੀ ਦਿਨੀਂ ਵੀਆਨਾ ਵਿਚ ਬਹੁਤ ਗਰਮੀ ਪੈ ਰਹੀ ਹੈ, ਜਿਸ ਕਰਕੇ ਬਿਜਲੀ ਦੀ ਸਪਲਾਈ ਵਿਚ ਖ਼ਰਾਬੀ ਆ ਰਹੀ ਹੈ, ਸੜਕਾਂ ਟੁੱਟ ਰਹੀਆਂ ਹਨ ਅਤੇ ਆਮ ਨਾਗਰਿਕ ਤੇਜ਼ ਗਰਮੀ ਨਾ ਸਹਾਰਦੇ ਹੋਏ ਬੇਹੋਸ਼ ਹੋ ਕੇ ਡਿੱਗ ਰਹੇ ਹਨ। ਇਸ ਕਰਕੇ ਮੈਂ ਸੋਚਿਆ, ਸਭ ਤੋਂ ਜ਼ਰੂਰੀ ਕੇਸ ਦੀ ਅਦਾਲਤ ਵਿਚ ਏ.ਸੀ. ਲੱਗੇ ਹੋਣਗੇ, ਪਰ ਅਜਿਹਾ ਕੁਝ ਵੀ ਨਹੀਂ ਸੀ। ਗਰਮੀ ਨਾਲ ਅਦਾਲਤ ਵਿਚ ਬੈਠੇ ਸਾਰੇ ਲੋਕਾਂ ਦਾ ਬੁਰਾ ਹਾਲ ਸੀ। ਗਰਮੀ ਸੰਕਟ ਤੋਂ ਬਚਣ ਲਈ ਜਿਊਰੀ ਅਤੇ ਵਕੀਲਾਂ ਨੇ ਪਾਣੀ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਜੱਜ ਦੇ ਬਿਲਕੁਲ ਪਿਛਲਾ ਦਰਵਾਜ਼ਾ ਹਵਾ ਦੇ ਆਉਣ ਜਾਣ ਲਈ ਇਕ ਲੱਕੜ ਨਾਲ ਖੋਲਿਆ ਹੋਇਆ ਸੀ। ਮੈਂ ਵੀ ਲਿਖਣ ਵਾਲੀ ਕਾਪੀ ਨਾਲ ਝੱਲ ਮਾਰ ਕੇ ਬੁੱਤਾ ਸਾਰਿਆ। ਫੜੇ ਗਏ ਸ਼ੱਕੀ ਸਿੰਘਾਂ ਵਿਚੋਂ ਇਕ ਆਪਣੀ ਟੀਸ਼ਰਟ ਦੀ ਅੱਧੀ ਬਾਂਹ ਨਾਲ ਚਿਹਰੇ ਤੋਂ ਪਸੀਨਾ ਪੂੰਝਦਾ ਰਿਹਾ। ਅਦਾਲਤ ਵਿਚ ਲਗਭਗ ਸੱਤ ਵਿਸ਼ੇਸ਼ ਪੁਲਸੀਏ ਹਾਜ਼ਰ ਸਨ ਜੋ ਅੱਧੇ-ਅੱਧੇ ਘੰਟੇ ਬਾਅਦ ਬਦਲਦੇ ਰਹਿੰਦੇ ਸਨ। ਜਿਨ੍ਹਾਂ ਵਿਚ ਤਿੰਨ ਗੱਭੇ ਬੈਂਚ ਤੇ ਬੈਠੇ ਰਹਿੰਦੇ ਸਨ, ਦੋ ਸੱਜੇ ਅਤੇ ਦੋ ਖੱਬੇ ਪਾਸੇ ਖੜ੍ਹੇ ਰਹਿੰਦੇ ਸਨ।

ਸਵਾਲ-ਜਵਾਬ
ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖ ਪ੍ਰਚਾਰ ਦੀ ਘਾਟ ਨੇ ਇਸ ਕੇਸ ਤੇ ਪੂਰੀ ਮਾਰ ਮਾਰੀ ਹੈ। ਮੇਰੀ ਆਪਣੀ ਖੋਜ ਤੋਂ ਇਹ ਪਤਾ ਲੱਗਾ ਕਿ ਸਿੱਖ ਧਰਮ ਸੰਬੰਧੀ ਜਰਮਨ ਭਾਸ਼ਾ ਵਿਚ ਸਿਰਫ਼ ਇਕ ਨਿੱਕੀ ਕਿਤਾਬ ਹੀ ਆਮ ਦੁਕਾਨ ਵਿਚ ਉਪਲਬਧ ਹੈ। ਜੱਜ ਵਲੋਂ ਰਸਮੀ ਸਵਾਲਾਂ ਦੀ ਝੜੀ, ਜਿਵੇਂ 'ਅਸਟਰੀਆ ਵਿਚ ਕਦੋਂ ਤੋ ਰਹਿੰਦੇ ਹੋ? ਵੱਖਰੇ ਵੱਖਰੇ ਨਾਮ, ਜਨਮ ਤਾਰੀਖ਼ਾਂ ਕਿਉਂ ਲਿਖਵਾਈਆਂ ਗਈਆਂ ਹਨ?, ਕੀ ੨੪ ਮਈ ਨੂੰ ਕਾਂਡ ਸਥਾਨ ਵੱਲ ਜਾਂਦਿਆਂ ਕਾਰ ਵਿਚ ਬਾਣੀ ਜਪਦੇ ਸਮੇਂ ਬੂਟ ਲਾਏ ਸਨ?, ਕੀ ਕਾਂਡ ਸਥਾਨ ਵਿਚ ਅੰਦਰ ਵੜਦਿਆਂ ਬੂਟ ਲਾਏ ਸਨ? ਖਿੱਚੀਆਂ ਫੋਟੋਆਂ ਵਿਚੋਂ ਆਪਣੇ ਬੂਟਾਂ ਦੀ ਪਹਿਚਾਣ ਕਰੋ?, ਸਿੱਖ ਧਰਮ ਵਿਚ ਸਹੀ-ਗ਼ਲਤ ਦਾ ਕੋਣ ਫੈਸਲਾ ਕਰਦਾ ਹੈ?, ਤੋਂ ਇਲਾਵਾ ਦੁਸ਼ਮਣ ਵਕੀਲ ਵਲੋਂ ਵਿਸ਼ੇਸ਼ ਸਵਾਲ 'ਸਿੱਖ ਕਿਰਪਾਨ ਕਿਉਂ ਪਹਿਨਦੇ ਹਨ?, ਕੀ ਸਿੱਖ ਧਰਮ ਵਿਚ ਕਿਰਪਾਨ ਦੀ ਹਿੰਸਕ ਵਰਤੋਂ ਕਰਨ ਜਾਇਜ਼ ਹੈ?, ਕੀਤੇ ਗਏ।

ਪੰਜ ਸਿੱਖਾਂ ਦੀ ਵਕੀਲਣੀ ਅਤੇ ਸੁਰਜੀਤ ਸਿੰਘ ਸੁਰਜੀਤ ਸਿੰਘ ਨੇ ਜੱਜ ਨੂੰ ਦੱਸਿਆ ‘ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ॥ ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।, ਮੈਂ ਤਾਂ ਗੁਰੂ ਦਾ ਇਕ ਨਿਮਾਣਾ ਸਿੱਖ ਹਾਂ’, ‘ਧੀ-ਭੈਣ ਦੀ ਇੱਜ਼ਤ ਦੀ ਰਾਖੀ ਕਰਨ ਲਈ ਕਿਰਪਾਨ ਦੀ ਵਰਤੋਂ ਕਰਨਾ ਜਾਇਜ਼ ਹੈ। ‘ਸਹੀ- ਗ਼ਲਤ ਦਾ ਫੈਸਲਾ ਫੈਸਲਾ ਸਿੱਖ ਸੰਗਤ ਕਰਦੀ ਹੈ।’ ਜਿਊਰੀ ਵਲੋਂ ਸਾਰੀ ਕਾਰਵਾਈ ਦੌਰਾਨ ਇਕ ਹੀ ਸਵਾਲ ਕੀਤਾ ਗਿਆ ਕਿ ਜੇਕਰ ਕੋਈ ਸਿੱਖ ਦੀ ਪੱਗ ਉਤਾਰ ਦੇਵੇ ਤਾਂ ਕੀ ਇਹ ਸਿੱਖ ਲਈ ਬੇਇੱਜ਼ਤੀ ਵਾਲੀ ਗੱਲ ਹੈ? ਸੁਰਜੀਤ ਸਿੰਘ ਨੇ ਜਵਾਬ 'ਹਾਂ' ਵਿਚ ਦਿੱਤਾ।

ਹਰਦੀਪ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਅਕਾਲ ਤਖ਼ਤ ਸਾਹਿਬ ਨੂੰ ਵਾਰ-ਵਾਰ ਫ਼ੋਨ ਕੀਤਾ ਪਰ ਕਿਸ ਨੇ ਨਹੀਂ ਚੁੱਕਿਆ। ਜੋ ਕਿ ਅਦਾਲਤ ਨੂੰ ਨਾ-ਵਿਸ਼ਵਾਸਯੋਗ ਗੱਲ ਲੱਗੀ। ਹਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਕਿਰਪਾਨ ਸਿਰਫ਼ ਆਪਣੇ ਬਚਾਅ ਲਈ ਕੱਢੀ ਸੀ।

ਕਿਸੇ ਨੇ ਸਹੀ ਹੀ ਕਿਹਾ ਕਿ ਗੋਰਿਆਂ ਦੀ ਧਰਤੀ ਤੇ ਹਰ ਇਨਸਾਨ ਇਕ ਬਰਾਬਰ ਹੈ, ਭਾਵੇ ਉਹ ਮੂਲ ਨਿਵਾਸੀ ਹੋਵੇ ਜਾਂ ਪ੍ਰਵਾਸੀ। ਜਾਤ, ਰੰਗ ਅਤੇ ਨਸਲ ਤੋਂ ਉੱਪਰ ਉੱਠ ਕੇ ਹਰ ਮਨੁੱਖ ਨੂੰ ਪਾਰਦਰਸ਼ੀ ਇਨਸਾਫ਼ ਦਿੱਤਾ ਜਾਂਦਾ ਹੈ। ਨਾ ਕਿ 'ਮੇਰੇ ਭਾਰਤ ਮਹਾਨ' ਵਾਂਗ, ਜੇਕਰ ਸਿੱਖ ਨੇ ਸੋਧਾ ਲਾਇਆ ਹੈ ਤਾਂ ਬੰਦ ਚਾਰ ਦੀਵਾਰੀ ਵਿਚ ਫੈਸਲਾ ਕਰ ਕੇ ਸਿੱਖ ਨੂੰ ਝਟਪਟ ਫਾਂਸੀ ਲਾ ਦਿੱਤੀ ਜਾਂਦੀ ਹੈ, ਜੇ ਸਿੱਖ ਪੀੜਿਤ ਹੈ ਤਾਂ ੨੬ ਸਾਲ ਉਡੀਕ ਕਰਵਾਈ ਜਾਂਦੀ ਹੈ। ਪਰ ਇਸ ਦੇ ਉਲਟ ਗੋਰਿਆਂ ਦੀ ਧਰਤੀ ਤੇ ਕੇਸ 'ਵੀਆਨਾ ਗੋਲੀ ਕਾਂਡ' ਦੀ ਅਦਾਲਤੀ ਕਾਰਵਾਈ ਦੇ ਹਰ ਆਮ ਨਾਗਰਿਕ ਨੂੰ ਦੇਖਣ-ਸੁਣਨ ਦੀ ਇਜਾਜ਼ਤ ਹੈ।

ਮੈਂ ਨੋਟ ਕੀਤਾ, ਹਾਲਾਂਕਿ ਫੜੇ ਹੋਏ ਸਿੱਖਾਂ ਨੂੰ ਖੁੱਲ੍ਹ ਕੇ ਬੋਲਣ ਦੀ ਇਜਾਜ਼ਤ ਹੈ ਪਰ ਫੇਰ ਵੀ ਉਹਨਾਂ ਨੇ ਸੰਖੇਪ ਵਿਚ ਹੀ ਉੱਤਰ ਦਿੱਤੇ। ਵਿਸਥਾਰ ਪੂਰਵਕ ਜਵਾਬ ਰਾਹੀ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਲੋੜ ਸੀ ਤਾਂ ਕਿ ਗੋਰੇ ਮਸਲੇ ਨੂੰ ਸੰਪੂਰਨ ਰੂਪ ਵਿਚ ਸਮਝਦੇ। ਇਸ ਤੋਂ ਇਲਾਵਾ ਸਿੱਖਾਂ ਨੇ ਧਾਰਮਿਕ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ, ਜਿਸ ਨੂੰ ਜਰਮਨ ਭਾਸ਼ਾ ਵਿਚ ਅਨੁਵਾਦ ਕਰਨ ਤੇ ਗੱਲ ਕੁਗੱਲ ਬਣ ਗਈ। ਉਦਾਹਰਣ ਦੇ ਤੌਰ ਤੇ 'ਮੈਂ ਗੁਰੂ ਦਾ ਨਿਮਾਣਾ ਸਿੱਖ ਹਾਂ'। ਇਸ ਨੂੰ ਦਾ ਜਰਮਨ ਭਾਸ਼ਾ ਵਿਚ ਬਣਾਇਆ ਗਿਆ ਕਿ ਅਸੀਂ ਰੱਬ ਦੇ ਬੰਦੇ ਹਾਂ। ਰੱਬ ਤੇ ਗੁਰੂ ਦੋ ਵੱਖਰੇ ਵਿਸ਼ੇ ਹਨ ਇਸ ਤੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ, ਪਰ ਮੁੱਕਦੀ ਗੱਲ ਇਹ ਹੈ, ਅਸਟਰੀਅਨ ਅਖ਼ਬਾਰ ਨੇ ਇਹ ਗੱਲ (ਅਸੀਂ ਰੱਬ ਦੇ ਬੰਦੇ ਹਾਂ) ਖ਼ਬਰ-ਸੁਰਖੀ ਬਣਾ ਕੇ ਪੇਸ਼ ਕੀਤੀ, ਜਿਸ ਕਰਕੇ ਗੋਰਿਆਂ ਨੂੰ ਇੰਝ ਹੀ ਸਮਝ ਵਿਚ ਆਇਆ ਜਿਵੇਂ ਕੋਈ ਤਾਲੀਬਾਨੀ ਅੱਤਵਾਦੀ ਕਹਿ ਰਹਿ ਹੋਵੇ ਕਿ ਸਾਨੂੰ ਤਾਂ ਰੱਬ ਨੇ ਦੁਨੀਆ ਤੇ ਇਸੇ ਕੰਮ ਲਈ ਭੇਜਿਆ ਹੈ। ਨਿਚੋੜ ਇਹ ਹੈ ਕਿ ਸਿੱਖ ਧਰਮ ਸੰਬੰਧੀ ਗੱਲ ਕਰਦਿਆਂ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਅਸੀਂ ਦੇਸੀ ਭਰਾ ਨਾਲ ਸਵਾਲ-ਜਵਾਬ ਕਰ ਰਹੇ ਹਾਂ ਜਾਂ ਕਿਸੇ ਗੋਰੇ ਨਾਲ। 

ਫੜੇ ਹੋਏ ਸ਼ੱਕੀ ਸਿੱਖ ਇੱਥੇ ਇਹ ਵੀ ਦੱਸਣਾ ਬਣਦਾ ਹੈ ਫੜੇ ਗਏ ਸਿੱਖ ਸਿੱਧੇ-ਸਾਧੇ ਸਾਬਤ-ਸੂਰਤ ਵਾਲੇ ਸਿੱਖ ਹਨ, ਜੋ ਕਨੂੰਨੀ ਦਾਅ-ਪੇਚ ਨਹੀਂ ਜਾਣਦੇ। ਇਸ ਦੇ ਉਲਟ ਜੇਕਰ ਅਕਾਲ ਤਖ਼ਤ ਵਲੋਂ ਅਦਾਲਤ ਦੀ ਕਾਰਵਾਈ ਲਈ ਵੀਆਨਾ ਦੀ ਸਿੱਖ ਸੰਗਤਾਂ ਵਲੋਂ ਭੇਜੇ ਸਵਾਲ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਗਾ ਕੇ ਮੱਥਾ ਟਿਕਾਉਣਾ ਜਾਇਜ਼ ਹੈ? ਸਿੱਖ ਕਿਰਪਾਨ ਕਿਉਂ ਪਹਿਨਦੇ ਹਨ? ਅਤੇ ਹੋਰ ਸਵਾਲ, ਦਾ ਲਿਖਤੀ ਜਵਾਬ ਆ ਜਾਂਦਾ ਤਾਂ ਅਦਾਲਤ ਵਿਚ ਉਸ ਦੀ ਮਾਨਤਾ ਹੋਣੀ ਸੀ, ਜੋ ਫੜੇ ਗਏ ਸ਼ੱਕੀ ਸਿੱਖਾਂ ਨੂੰ ਇਨਸਾਫ਼ ਦੇਣ ਵਿਚ ਮਦਦ ਹੋਣੀ ਸੀ। ਪਰ ਜਦ ਅਕਾਲ ਤਖ਼ਤ ਦਾ ਜਥੇਦਾਰ ੧੬ ਅਗਸਤ ੨੦੦੯  ਨੂੰ ਜੱਗ ਬਾਣੀ ਵਿਚ ਐਲਾਨ ‘ਅਸਟਰੀਆ ਕਮੇਟੀ ਭੇਜਾਂਗੇ’ ਕਰ ਕੇ ਭੁੱਲ ਸਕਦਾ ਹੈ ਤਾਂ ਕਿਸੇ ਤਰ੍ਹਾਂ ਦੀ ਮਦਦ ਦੀ ਉਮੀਦ ਰੱਖਣਾ ਮੂਰਖਤਾ ਹੋਵੇਗੀ।

ਜ਼ਿਕਰਯੋਗ ਹੈ ਕਿ ਜਿਵੇਂ ਸਿੱਖ ਇਤਿਹਾਸ ਵਿਚ ਅਖੌਤੀ ਸਿੱਖਾਂ ਨੇ ਸਿੱਖਾਂ ਨੂੰ ਡੋਬਾ ਲਾਇਆ ਸੀ, ਉਸੇ ਤਰ੍ਹਾਂ ਦਾ ਕੁਝ ਇਸ ਕੇਸ ਵਿਚ ਹੋਣ ਦਾ ਡਰ ਹੈ, ਕਿਉਂਕਿ ਭੇਖੀ ਸਿੱਖਾਂ (ਕੈਟ-ਟਾਉਟ) ਵਲੋਂ ਫੜੇ ਗਏ ਸਿੱਖਾਂ ਨੂੰ ਇਕ ਦੂਜੇ ਦੇ ਵਿਰੁੱਧ ਬਿਆਨ ਦੇਣ ਲਈ ਵੀ ਉਕਸਾਇਆ ਗਿਆ ਸੀ।

Hardeep Singh Mann Facebook ਵੀਆਨਾ ਗੋਲੀ ਕਾਂਡ ਦੇ ਚੋਥੇ ਦਿਨ (੨੬.0੭.੨੦੧੦) ਦੀਆਂ ਅਦਾਲਤ ਵਿਚਲੀਆਂ ਤਸਵੀਰਾਂ                     PunjabSpectrum.com ਲਿੰਕ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com