ਕਹਾਣੀ:
ਤਨ ਦੀ ਕਮੀਜ਼
ਲੇਖਕ: ਹੈਪੀ ਮਾਨ ਜਮਸ਼ੇਰ
ਜਿਉਂ-ਜਿਉਂ ਜਹਾਜ਼ ਤੇ ਦਿੱਲੀ ਏਅਰ ਪੋਰਟ ਦੀ ਦੂਰੀ ਘਟਦੀ ਜਾ ਰਹੀ ਸੀ। ਤਿਉਂ-ਤਿਉਂ ਦਲਬੀਰ ਦੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ। ਖਿੜਕੀ ਵਿਚੋਂ ਹੇਠਾਂ ਧਰਤੀ ਦੀ ਸਤਹ ਸਾਫ਼ ਦਿਸਣ ਲੱਗ ਪਈ ਸੀ। ਇਕ ਬਾਰ ਤਾਂ ਉਸਦੇ ਮਨ 'ਚ ਉਬਾਲ ਉਠਿਆ ਕਿ ਹੁਣੇ ਜਹਾਜ਼ ਵਿਚੋਂ ਨਿਕਲ ਕੇ ਵਾਪਸ ਅਸਟਰੀਆ ਚਲਾ ਜਾਵੇ। ਪਰ ਸੀਟ ਦੇ ਨਾਲ ਬੰਨ੍ਹੀ ਪੇਟੀ ਨੇ ਉਸ ਨੂੰ ਹਿੱਲਣ ਤੱਕ ਨਾ ਦਿੱਤਾ। ਉਸਨੂੰ ਲੱਗਾ ਜਿਵੇਂ ਉਸਦੇ ਆਲੇ-ਦੁਆਲੇ ਕਿਸੇ ਨੇ ਕਾਲਾ ਨਾਗ ਬੰਨ੍ਹ ਦਿੱਤਾ ਹੋਵੇ ਤੇ ਹਰ ਕੋਈ ਉਸ ਨੂੰ ਸਵਾਲੀਆ ਨਜ਼ਰਾਂ ਨਾਲ ਦੇਖ ਰਹੇ ਹੋਣ।
ਥੋੜੇ ਚਿਰ ਨੂੰ ਇਕ ਝਟਕੇ ਨੇ ਮਹਿਸੂਸ ਕਰਾ ਦਿੱਤਾ ਕਿ ਜਹਾਜ਼ ਦੇ ਪੈਰ ਜ਼ਮੀਨ ਨਾਲ ਲੱਗ ਚੁੱਕੇ ਹਨ। ਜਿਵੇਂ ਹੀ ਪੇਟੀਆਂ ਖੋਲ੍ਹਣ ਦੀ ਇਜਾਜ਼ਤ ਹੋਈ ਮੁਸਾਫ਼ਰ ਆਪੋ-ਆਪਣਾ ਸਾਮਾਨ ਸੰਭਾਲਣ ਲੱਗ ਪਏ। ਉਹ ਇਕ ਦੂਜੇ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉੱਤਰਨ ਲਈ ਕਾਹਲੇ ਜਾਪ ਰਹੇ ਸਨ। ਪਰ ਦਲਬੀਰ ਦੁਚਿੱਤੀ 'ਚ ਸੀਟ ਤੇ ਬੈਠਾ ਮਨ ਤੇ ਆਤਮਾ ਦੇ ਇਕ ਫੈਸਲੇ ਦੀ ਉਡੀਕ ਕਰ ਰਿਹਾ ਸੀ। ਸਾਹਮਣੇ ਕਿਨਾਰਾ ਦੇਖ ਕੇ ਉਸਦੇ ਮਨ ਦੇ ਸਥਿਰ ਸਮੁੰਦਰ ਵਿਚ ਛੱਲਾਂ ਨੇ ਹਲਚਲ ਪੈਦਾ ਕਰ ਦਿੱਤੀ ਸੀ। ਉਹ ਆਪਣੇ ਅੰਦਰੋਂ ਚਾਰ ਸਾਲ ਪੁਰਾਣੇ ਦਲਬੀਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸ ਦਲਬੀਰ ਦਾ ਤਾਂ ਉਸਨੇ ਆਪ ਗਲਾ ਘੁੱਟ ਦਿੱਤਾ ਸੀ।
ਆਖ਼ਰ ਉਹ ਬੁਝੇ ਹੋਏ ਮਨ ਨਾਲ ਉਠਿਆ। ਉਸਨੇ ਆਪਣਾ ਹੈਂਡ-ਬੈਗ ਲਿਆ ਤੇ ਬੋਝਲ ਕਦਮੀਂ ਇਮੀਗ੍ਰੇਸ਼ਨ ਕੋਲ ਆ ਗਿਆ। ਸਾਂਵਲੇ ਰੰਗ ਦੇ ਇਮੀਗ੍ਰੇਸ਼ਨ ਅਫ਼ਸਰ ਨੇ ਦਲਬੀਰ ਦਾ ਪਾਸਪੋਰਟ ਫੜਦਿਆਂ ਹੀ ਉਸ ਤੇ ਸਵਾਲਾਂ ਦਾ ਮੀਂਹ ਵਰਸਾ ਦਿੱਤਾ। ਪਰ ਉਸ ਨੂੰ ਲੱਗ ਰਿਹਾ ਸੀ ਜਿਵੇਂ ਸਵਾਲ ਅਫ਼ਸਰ ਨਹੀਂ, ਉਸ ਦੇ ਆਪਣੇ ਕਰ ਰਹੇ ਹੋਣ। ਜਿਨ੍ਹਾਂ ਦੇ ਚਿਹਰੇ ਦਲਬੀਰ ਨੂੰ ਆਲੇ-ਦੁਆਲੇ ਘੁੰਮਦੇ ਦਿਸ ਰਹੇ ਸਨ। ਉਹ ਪੁੱਛ ਰਹੇ ਸਨ
''ਤੂੰ ਇੰਨਾ ਚਿਰ ਕਿੱਥੇ ਰਿਹਾ? ਸਾਡੇ ਖ਼ਤਾਂ ਦਾ ਜਵਾਬ ਕਿਉਂ ਨਹੀਂ ਦਿੱਤਾ? ਆਪਣੀ ਖ਼ਬਰ ਸਾਰ ਕਿਉਂ ਨਹੀਂ ਦਿੱਤੀ? ਤੈਨੂੰ ਸਾਡੀ ਇਕ ਬਾਰ ਵੀ ਨੀ ਯਾਦ ਆਈ?''
ਪਰ ਦਲਬੀਰ ਬਸ ਡੌਰ-ਭੌਰ ਉਹਨਾਂ ਵੱਲ ਦੇਖੀਂ ਜਾ ਰਿਹਾ ਸੀ।
ਹਰਦੀਪ ਸਿੰਘ ਮਾਨ |
ਇੰਨੇ ਨੂੰ ਅਫ਼ਸਰ ਨੇ ਆਪਣੀ ਅਵਾਜ਼ ਹੋਰ ਉੱਚੀ ਕਰਦਿਆਂ ਦਲਬੀਰ ਦਾ ਧਿਆਨ ਆਪਣੇ ਵੱਲ ਖਿੱਚਿਆ। ਦਲਬੀਰ ਨੇ ਆਪਣੇ ਆਪ ਨੂੰ ਸੰਭਾਲਦਿਆਂ ਕੁਝ ਡਾਲਰ ਗੁੱਛਾ-ਮੁੱਛਾ ਕਰ ਕੇ ਬੜੀ ਸਾਵਧਾਨੀ ਨਾਲ ਅਫ਼ਸਰ ਵੱਲ ਵਧਾ ਦਿੱਤੇ। ਡਾਲਰ ਦੇਖ ਕੇ ਅਫ਼ਸਰ ਦੇ ਕਾਲੇ ਬੁੱਲੇ ਤੇ ਮੁਸਕਾਨ ਆਈ। ਉਸ ਨੇ ਪਾਸਪੋਰਟ ਤੇ ਮੋਹਰ ਲਾ ਕੇ ਦਲਬੀਰ ਨੂੰ ਵਾਪਸ ਦੇ ਦਿੱਤਾ।
ਮੁੱਖ ਦਰਵਾਜ਼ੇ ਵੱਲ ਜਾਂਦਿਆਂ ਦਲਬੀਰ ਨੇ ਆਪਣੇ ਆਪ ਨੂੰ ਪੁੱਛਿਆ ''ਇਸ ਤੋਂ ਤਾਂ ਮੈਂ ਡਾਲਰ ਦੇ ਕੇ ਪਿੱਛਾ ਛਡਵਾ ਲਿਆ, ਪਰ ਘਰਦਿਆਂ ਨੂੰ ਕੀ ਜਵਾਬ ਦੇਵਾਂਗਾ?''
ਮੋਢੇ ਤੇ ਹੈਂਡ ਬੈਗ ਪਾਇਆ, ਵੱਡਾ ਟੈਂਚੀ ਬਦੱਰ ਨਾਲ ਰੋੜ੍ਹਦਿਆਂ ਹੋਇਆ ਦਲਬੀਰ ਨੇ ਏਅਰ ਪੋਰਟ ਤੋਂ ਬਾਹਰ ਨਿਕਲ ਕੇ ਸਾਫ਼ ਆਸਮਾਨ ਵੱਲ ਤੱਕਿਆ। ਸੂਰਜ ਪੂਰੇ ਜ਼ੋਰਾਂ ਨਾਲ ਚਮਕ ਰਿਹਾ ਸੀ। ਬਾਹਰ ਦੀ ਗਰਮੀ ਜਿਵੇਂ ਉਸ ਦੇ ਅੰਦਰ ਪਸਰਦੀ ਜਾ ਰਹੀ ਸੀ। ਉਸ ਨੇ ਇਕ ਬਾਰ ਆਲੇ-ਦੁਆਲੇ ਨਜ਼ਰ ਮਾਰੀ। ਹਰ ਕੋਈ ਕਾਹਲ ਵਿਚ ਇਧਰ-ਉਧਰ ਭੱਜਾ ਫਿਰਦਾ ਸੀ। ਕੋਈ ਉਸ ਵਲ ਧਿਆਨ ਨਹੀਂ ਸੀ ਦੇ ਰਿਹਾ। ਜਿਵੇਂ ਕਿਸੇ ਨੂੰ ਵੀ ਉਸ ਦੇ ਆਉਣ ਦੀ ਕੋਈ ਖ਼ੁਸ਼ੀ ਨਾ ਹੋਈ ਹੋਵੇ।
''ਪਰ ਇਹ ਤਾਂ ਬੇਗਾਨੇ ਹਨ, ਇਨ੍ਹਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ, ਕੀ ਆਪਣਿਆਂ ਨੂੰ ਮੇਰੇ ਵਾਪਸ ਆਉਣ ਦੀ ਖ਼ੁਸ਼ੀ ਹੋਵੇਗੀ?'' ਇਸ ਤਰ੍ਹਾਂ ਦੇ ਹਜ਼ਾਰਾਂ ਹੀ ਸਵਾਲ ਉਸ ਦੇ ਦਿਲ ਵਿਚ ਉੱਠ ਰਹੇ ਸਨ। ਪਰ ਜਵਾਬ ਉਸ ਕੋਲ ਇਕ ਵੀ ਨਹੀਂ ਸੀ।
ਲੰਬਾ ਹੌਕਾ ਲੈ ਕੇ ਦਲਬੀਰ ਨੇ ਹੈਂਡ-ਬੈਗ ਜ਼ਮੀਨ ਤੇ ਰੱਖਿਆ ਤੇ ਪੈਂਟ ਦੀ ਜੇਬ ਵਿਚੋਂ ਸਿਮਰਨ ਦੀ ਇਕ ਪੁਰਾਣੀ ਫੋਟੋ ਕੱਢੀ। ਸਿਮਰਨ ਦੀਆਂ ਬਾਕੀ ਯਾਦਾਂ ਤਾਂ ਉਸ ਨੇ ਸੁੱਟ ਦਿੱਤੀਆਂ ਸਨ, ਪਰ ਪਤਾ ਨਹੀਂ ਕੀ ਸੋਚ ਕੇ ਉਸ ਨੇ ਇਹ ਫੋਟੋ ਸਾਂਭ ਲਈ ਸੀ। ਕਿੰਨੀ ਖ਼ੁਸ਼ ਸੀ ਉਸ ਦਿਨ ਸਿਮਰਨ, ਜਿਸ ਦਿਨ ਦਲਬੀਰ ਨੇ ਇਹ ਫੋਟੋ ਖਿੱਚੀ ਸੀ। ਸਿਮਰਨ ''ਨਹੀਂ, ਨਹੀਂ'' ਕਰਦੀ ਰਹਿ ਗਈ ਤੇ ਦਲਬੀਰ ਨੇ ਉਸ ਦੀ ਫੋਟੋ ਖਿੱਚ ਦਿੱਤੀ। ਫੋਟੋ ਤੇ ਬਹਾਰ ਦੇ ਪਹਿਲੇ ਖਿੜੇ ਹੋਏ ਗੁਲਾਬ ਦੇ ਫੁੱਲ ਵਾਂਗ ਉਸ ਦਾ ਚਿਹਰਾ ਲਗ ਰਿਹਾ ਸੀ। ਪਰ ਇਹ ਕੀ?, ਅਚਾਨਕ ਉਸ ਚਿਹਰੇ ਤੇ ਉਦਾਸੀ ਤੇ ਨਿਰਾਸ਼ਾ ਦੀ ਲਕੀਰਾਂ ਉਭਰ ਆਈਆਂ। ਚਿਹਰੇ ਤੇ ਕੋਈ ਚਮਕ-ਦਮਕ ਨਾ ਰਹੀ। ਚਿਹਰਾ ਪੀਲਾ ਤੇ ਮੁਰਝਾ ਗਿਆ।
ਦਲਬੀਰ ਨੇ ਘੁੱਟ ਕੇ ਅੱਖਾਂ ਬੰਦ ਕਰ ਲਈਆਂ। ਉਸ ਕੋਲ ਇਹ ਸਭ ਕੁਝ ਦੇਖਿਆ ਨਹੀਂ ਗਿਆ। ਟੁੱਟੇ ਹੋਏ ਦਿਲ ਨਾਲ ਉਸ ਨੇ ਫੋਟੋ ਵਾਪਸ ਜੇਬ ਵਿਚ ਪਾ ਲਈ।
ਟਰੈਫ਼ਿਕ ਦਾ ਕੰਨ ਪੜਾਵਾਂ ਸ਼ੋਰ ਹੋਰ ਨਾ ਸਹਾਰਦੇ ਹੋਏ, ਉਸਨੇ ਜਲੰਧਰ ਨੂੰ ਇਕ ਸਰਦਾਰ ਡਰਾਈਵਰ ਦੀ ਟੈਕਸੀ ਕੀਤੀ ਤੇ ਉਸ ਵਿਚ ਬੈਠ ਗਿਆ।
ਦਿੱਲੀ ਤੋਂ ਪੰਜਾਬ ਨੂੰ ਅੱਠ ਘੰਟਿਆਂ ਦਾ ਸਫ਼ਰ ਦਲਬੀਰ ਲਈ ਅਸਟਰੀਆ ਦੇ ਚਾਰ ਸਾਲਾਂ ਨਾਲੋਂ ਲੰਬਾ ਹੋ ਗਿਆ। ਰਸਤੇ ਵਿਚ ਜਦੋਂ ਵੀ ਉਹ ਕਾਰ ਦੀ ਤਾਕੀ ਦੇ ਸ਼ੀਸ਼ੇ ਨਾਲ ਸਿਰ ਲਾ ਕੇ ਸੌਣ ਲਈ ਅੱਖਾਂ ਬੰਦ ਕਰਦਾ ਤਾਂ ਉਸਦੇ ਘਰਦਿਆਂ ਦੇ ਚਿਹਰੇ ਸਾਹਮਣੇ ਆ ਜਾਂਦੇ ਤੇ ਉਹਨਾਂ ਦੀਆਂ ਅੱਖਾਂ ਦੇ ਸੇਕ ਨੂੰ ਨਾ ਝੱਲਦਾ ਹੋਇਆ, ਉਹ ਮੁੜ ਜਾਗ ਜਾਂਦਾ। ਸਿਮਰਨ ਦਾ ਚਿਹਰਾ ਜਿਵੇਂ ਉਸਦੇ ਅੰਗ-ਅੰਗ ਵਿਚ ਸੂਲ਼ਾਂ ਚੋਭ ਰਿਹਾ ਹੁੰਦਾ।
ਕਾਰ ਆਪਣੀ ਸਪੀਡ ਨਾਲ ਚਲਦੀ ਹੋਈ ਸਭ ਕੁਝ ਪਿੱਛੇ ਛੱਡ ਕੇ ਅੱਗੇ ਵਧਦੀ ਜਾ ਰਹੀ ਸੀ। ਪਰ ਪਤਾ ਨਹੀਂ ਕਿਉਂ ਅੱਜ ਦਲਬੀਰ ਕਈ ਸਾਲ ਪਿੱਛੇ ਚਲਾ ਗਿਆ। ਉਸ ਨੂੰ ਸਿਮਰਨ ਨਾਲ ਬਿਤਾਏ ਹੋਏ ਖ਼ੁਸ਼ੀਆਂ ਭਰੇ ਦਿਨ ਯਾਦ ਆ ਗਏ। ਸਿਮਰਨ ਨੂੰ ਪਾ ਕੇ ਉਹ ਆਪਣੇ ਆਪ ਨੂੰ ਕਿੰਨਾ ਖ਼ੁਸ਼ਕਿਸਮਤ ਸਮਝਦਾ ਸੀ। ਜਿਵੇਂ ਉਸ ਨੂੰ ਕੋਈ ਗੁਆਚਿਆ ਹੋਇਆ ਖ਼ਜ਼ਾਨਾ ਮਿਲ ਗਿਆ ਸੀ। ਹਰ ਦਿਨ ਉਨ੍ਹਾਂ ਲਈ ਈਦ ਸੀ ਤੇ ਹਰ ਰਾਤ ਦੀਵਾਲ਼ੀ। ਸਿਮਰਨ ਦਾ ਗੋਰਾ ਰੰਗ, ਤਿੱਖੇ ਨੈਣ ਨਕਸ਼, ਪਤਲਾ ਸਰੀਰ ਤੇ ਲੰਬੇ ਵਾਲ ਦਲਬੀਰ ਨੂੰ ਉਸ ਤੋਂ ਇਕ ਪਲ ਵੀ ਦੂਰ ਨਹੀਂ ਸੀ ਰਹਿਣ ਦਿੰਦੇ । ਸਾਲ ਵਿਚ ਦੋ-ਦੋ ਵਾਰੀ ਉਹ ਬਗੈਰ ਪੈਸਿਆਂ ਦੀ ਪਰਵਾਹ ਕੀਤੇ ਇੰਡੀਆ ਦੇ ਗੇੜੇ ਮਾਰ ਜਾਂਦਾ ਸੀ।
ਪਰ ਫੇਰ ਜਿਵੇਂ ਸਮਾਂ ਉਨ੍ਹਾਂ ਦਾ ਵੈਰੀ ਹੋ ਗਿਆ। ਕਈ ਸਾਲ ਉਨ੍ਹਾਂ ਦੇ ਬੱਚਾ ਨਹੀਂ ਹੋਇਆ। ਡਾਕਟਰਾਂ ਨੇ ਨੁਕਸ ਸਿਮਰਨ ਵਿਚ ਹੀ ਦੱਸਿਆ। ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਖਾ ਕੇ ਸਿਮਰਨ ਦਾ ਸਰੀਰ ਦਿਨ-ਬ-ਦਿਨ ਭਾਰਾ ਹੁੰਦਾ ਗਿਆ। ਉਸ ਦੀ ਸੁੰਦਰਤਾ ਖੰਭ ਲਾ ਕੇ ਉੱਡ ਗਈ ਤੇ ਉਹ ਚੁੱਪ-ਚੁੱਪ, ਆਪਣੇ ਆਪ 'ਚ ਘੁੱਟੀ-ਘੁੱਟੀ ਜਿਹੀ ਰਹਿਣ ਲੱਗ ਪਈ। ਉਸ ਦੀ ਖ਼ਾਮੋਸ਼ੀ ਦਲਬੀਰ ਲਈ ਜਿਵੇਂ ਜ਼ਹਿਰ ਬਣ ਗਈ ਸੀ।
''ਜਲੰਧਰ ਆ ਗਿਆ ਭਾਜੀ'' ਡਰਾਈਵਰ ਨੇ ਉਸ ਦੀ ਸੋਚਾਂ ਦੀ ਲੜੀ ਨੂੰ ਤੋੜਿਆ।
ਦਲਬੀਰ ਨੇ ਉਸ ਨੂੰ ਪਿੰਡ ਨੂੰ ਜਾਂਦਾ ਰਾਹ ਦੱਸਿਆ।
ਪਿੰਡ ਪਹੁੰਚਦਿਆਂ ਸ਼ਾਮ ਪੈ ਚੁੱਕੀ ਸੀ। ਹਰ ਕੋਈ ਆਦਤ ਤੋਂ ਮਜਬੂਰ ਦਿੱਲੀ ਦੀ ਟੈਕਸੀ ਦੇਖ ਕੇ ਉਸ ਵਿਚ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟੈਕਸੀ ਦਾ ਸ਼ੀਸ਼ਾ ਥੱਲੇ ਕਰਨ ਨੂੰ ਦਲਬੀਰ ਦੀ ਹਿੰਮਤ ਨਾ ਪਈ। ਕਿਸ ਮੂੰਹ ਨਾਲ ਉਹ ਉਨ੍ਹਾਂ ਦੇ ਸਾਹਮਣੇ ਹੁੰਦਾ।
ਦਲਬੀਰ ਨੇ ਟੈਕਸੀ ਘਰ ਤੋਂ ਕੁਝ ਦੂਰੀ ਤੇ ਹੀ ਰੁਕਵਾ ਲਈ। ਡਰਾਈਵਰ ਨੂੰ ਉਸਦੀ ਮੰਗ ਤੋਂ ਕੁਝ ਵੱਧ ਰੁਪਏ ਦੇ ਕੇ ਉਸ ਨੂੰ ਵਿਦਾ ਕਰ ਦਿੱਤਾ। ਸਮਾਨ ਚੁੱਕਦਿਆਂ ਉਸ ਨੇ ਕੁਝ ਪਹਿਚਾਨਣ ਦੀ ਆਸ ਵਿਚ ਆਲੇ-ਦੁਆਲੇ ਦੇਖਿਆ। ਸਭ ਕੁਝ ਓਪਰਾ-ਓਪਰਾ ਅਜੀਬ ਜਿਹਾ ਲਗ ਰਿਹਾ ਸੀ। ਕੱਚੀਆਂ ਸੜਕਾਂ ਹੁਣ ਪੱਕੀਆਂ ਹੋ ਗਈਆਂ ਸਨ। ਚਾਰ ਸਾਲਾਂ ਵਿਚ ਜਿਵੇਂ ਸਭ ਕੁਝ ਬਦਲ ਗਿਆ ਸੀ। ਹਨੇਰਾ ਵੱਧ ਰਿਹਾ ਸੀ। ਇਕ ਬਾਰ ਫੇਰ ਸਿਮਰਨ ਦੇ ਖਿਆਲ ਨੇ ਉਸ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ।
''ਕੀ ਸਿਮਰਨ ਹੁਣ ਮੈਨੂੰ ਸਵੀਕਾਰ ਕਰੇਂਗੀ? ਕੀ ਮੇਰੇ ਮਾਂ-ਬਾਪ ਮੈਨੂੰ ਮਾਫ਼ ਕਰਨਗੇ?'' ਉਸ ਦੇ ਅੰਦਰ ਛੁਪੇ ਅਪਰਾਧੀ ਨੇ ਉਸ ਨੂੰ ਪੁੱਛਿਆ।
ਘਰ ਤੱਕ ਪਹੁੰਚਦਿਆਂ ਜਦੋਂ ਵੀ ਕਿਸੇ ਨੇ ਦਲਬੀਰ ਨੂੰ ਬੁਲਾਇਆ ਤਾਂ ਉਹ ਜਵਾਬ ਵਜੋਂ ਸਿਰ ਹਿਲਾਉਣ ਜਾਂ ਚਿਹਰੇ ਤੇ ਜ਼ੋਰਾਂ ਨਾਲ ਲਿਆਂਦੀ ਮੁਸਕਰਾਹਟ ਤੋਂ ਸਵਾਏ ਕੁਝ ਨਾ ਦੇ ਸਕਿਆ। ਜਿਵੇਂ ਕੋਈ ਅਪਰਾਧੀ ਖ਼ੁਦ ਅਦਾਲਤ ਵੱਲ ਜਾ ਰਿਹਾ ਸੀ।
ਉਸ ਦਾ ਦਿਲ ਜ਼ੋਰਾਂ ਨਾਲ ਧੜਕ ਰਿਹਾ ਸੀ ਜਦ ਉਹ ਘਰ ਅੰਦਰ ਵੜਿਆ। ਉਸ ਨੇ ਦੇਖਿਆ ਕਿ ਸਿਮਰਨ ਰੋਟੀਆਂ ਪਕਾ ਰਹੀ ਸੀ। ਮਾਂ ਸਬਜ਼ੀ ਕੱਟ ਰਹੀ ਸੀ ਤੇ ਬਾਪੂ ਧਾਰਾਂ ਕੱਢ ਰਿਹਾ ਸੀ। ਜਦੋਂ ਉਨ੍ਹਾਂ ਦਾ ਧਿਆਨ ਦਰਵਾਜ਼ੇ ਵਿਚਕਾਰ ਖੜ੍ਹੇ ਆਦਮੀ ਵੱਲ ਗਿਆ ਤਾਂ ਸਮੇਂ ਨੇ ਆਪਣੀ ਤੋਰ ਰੋਕ ਦਿੱਤੀ। ਦਲਬੀਰ ਦਾ ਇਸ ਤਰ੍ਹਾਂ ਬਿਨਾਂ ਖ਼ਬਰ ਦਿੱਤੇ ਅਚਾਨਕ ਆਉਣਾ ਉਨ੍ਹਾਂ ਲਈ ਅਸਚਰਜ ਵਾਲੀ ਗੱਲ ਸੀ। ਚਾਰ ਸਾਲ ਦਲਬੀਰ ਉਨ੍ਹਾਂ ਤੋਂ ਬਹੁਤ ਦੂਰ ਚਲਾ ਗਿਆ ਸੀ ਤੇ ਹੁਣ ਅਚਾਨਕ, ਉਹ ਉਨ੍ਹਾਂ ਦੇ ਸਾਹਮਣੇ ਖੜ੍ਹਾ ਸੀ।
ਉਹ ਅਪਣਾ ਹਥਲਾ ਕੰਮ ਛੱਡ ਕੇ ਦਲਬੀਰ ਵੱਲ ਇਕ ਟਕ ਦੇਖੀ ਜਾ ਰਹੇ ਸਨ। ਰੋਟੀ ਤਵੇ ਤੇ ਪਈ ਸੜ ਰਹੀ ਸੀ। ਘਰ ਵਿਚ ਕਬਰਾਂ ਵਰਗੀ ਚੁੱਪ ਪੈ ਗਈ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਦਲਬੀਰ ਦੀ ਵਾਪਸੀ ਤੇ ਖ਼ੁਸ਼ ਹੋਣ ਜਾਂ ਉਸ ਤੇ ਗੁੱਸੇ ਹੋਣ ਕਿ ਉਹ ਚਾਰ ਸਾਲ ਸਪੁੱਤਰ ਤੋਂ ਕਪੁੱਤਰ ਬਣਿਆ ਰਿਹਾ।
''ਰੱਬਾ ਤੇਰਾ ਲੱਖ-ਲੱਖ ਸ਼ੁਕਰ ਹੈ, ਮੇਰਾ ਪੁੱਤ ਵਾਪਸ ਆ ਗਿਆ'' ਮਾਂ ਦੇ ਇਸ ਬੋਲਾਂ ਨੇ ਚੁੱਪੀ ਨੂੰ ਭੰਗ ਕੀਤਾ।
ਸਿਮਰਨ ਨੇ ਸਿਰ ਦਾ ਪੱਲਾ ਠੀਕ ਕਰਦਿਆਂ ਚੁਲੇ ਸਾਹਮਣੇ ਬੈਠਿਆਂ ਹੀ ਦਲਬੀਰ ਨੂੰ ''ਸਸਰੀ ਅਕਾਲ'' ਬੁਲਾਈ। ਉਹ ਰੂਹ ਦੇ ਪਿਆਰ ਤੋ ਬਿਨਾਂ ਕਮਜ਼ੋਰ ਹੋ ਗਈ ਦਿਸਦੀ ਸੀ। ਅੱਗ ਦੇ ਸੇਕ ਨਾਲ ਉਸ ਦਾ ਚਿਹਰਾ ਲਾਲ ਸੂਹਾ ਹੋਇਆ ਪਿਆ ਸੀ ਇੰਜ ਲਗ ਰਿਹਾ ਸੀ ਜਿਵੇਂ ਉਹ ਅੱਗ ਨਾਲ ਮੁਕਾਬਲਾ ਕਰ ਰਹੀ ਹੋਵੇ। ਅੱਗ ਹੀ ਤਾਂ ਸੀ ਉਸ ਦੀ ਜ਼ਿੰਦਗੀ, ਬਗੈਂਰ ਸਿਰ ਦੇ ਸਾਂਈਂ ਤੋਂ।
ਪਰ ਦਲਬੀਰ ਦੀ ਹੈਰਾਨੀ ਦੀ ਹੱਦ ਨਾ ਰਹੀ। ਜਦੋਂ ਉਸ ਨੇ ਸਿਮਰਨ ਨੂੰ ਧਿਆਨ ਨਾਲ ਦੇਖਿਆ ਅਤੇ ਦਿਮਾਗ ਤੇ ਜ਼ੋਰ ਪਾ ਕੇ ਯਾਦ ਕੀਤਾ ਕਿ ਸਿਮਰਨ ਦੇ ਉਹੀ ਪੁਰਾਣੀ ਕਮੀਜ਼ ਪਾਈ ਹੋਈ ਸੀ ਜਿਹੜੀ ਉਸਨੇ ਸਿਮਰਨ ਨੂੰ ਵਿਸਾਖੀ ਦੇ ਮੇਲੇ ਤੇ ਲੈ ਕੇ ਦਿੱਤੀ ਸੀ। ਪਰ ਕੈਲੀ ਤਾਂ ਉਸਦੀ ਖਰੀਦੀ ਹੋਈ ਚੀਜ਼ ਨੂੰ ਇਕ ਵਾਰੀ ਪਾ ਕੇ ਸੁੱਟ ਦਿੰਦੀ ਸੀ।
''ਪਰ ਉਹਦਾ ਕੀ ਆਂ, ਉਹ ਤਾਂ ਮਰਦ ਵੀ ਕੱਪੜਿਆਂ ਵਾਂਗ ਬਦਲਦੀ ਆਂ'' ਦਲਬੀਰ ਨੇ ਸੋਚਿਆ।
ਦਲਬੀਰ ਨੇ ਅੱਗੇ ਵੱਧ ਕੇ ਜਦ ਮਾਂ ਦੇ ਪੈਰੀਂ ਹੱਥ ਲਾਇਆ ਤਾਂ ਮਾਂ ਦੀਆਂ ਅੱਖਾਂ 'ਚ ਖ਼ੁਸ਼ੀ ਦੇ ਅੱਥਰੂ ਵਗ ਤੁਰੇ। ਮਾਂ ਦਾ ਪਿਆਰ ਦੇਖ ਕੇ ਦਲਬੀਰ ਦੀਆਂ ਵੀ ਅੱਖਾਂ ਸੁੱਕੀਆਂ ਨਾ ਰਹਿ ਸਕੀਆਂ ਤੇ ਉਹ ਮਾਂ ਦੇ ਕਲਾਵੇ ਵਿਚੋਂ ਨਿਕਲਣਾ ਨਹੀਂ ਚਾਹੁੰਦਾ ਸੀ। ਫੇਰ ਉਸ ਨੇ ਬਾਪੂ ਦੇ ਪੈਰੀਂ ਹੱਥ ਲਾਇਆ। ਪਰ ਬਾਪੂ ਨੇ ਦਲਬੀਰ ਦਾ ਸਿਰ ਇਸ ਤਰਾਂ ਪਲੋਸਿਆ ਜਿਵੇਂ ਕੋਈ ਬੇਗਾਨੇ ਪੁੱਤ ਨੂੰ ਆਸ਼ੀਰਵਾਦ ਦਿੰਦਾ ਹੋਵੇ। ਆਖ਼ਰ ਉਹ ਇਕ ਜੱਟ ਮਰਦ ਸੀ। ਇੱਜ਼ਤਦਾਰ, ਅਸੂਲ ਪ੍ਰਸੱਤ ਬੰਦਾ।
ਜਦੋਂ ਸਿਮਰਨ ਦੇ ਮਾਂ ਬਾਪ ਨੂੰ ਕਿਤੋਂ ਇਹ ਪਤਾ ਲੱਗਾ ਸੀ ਕਿ ਦਲਬੀਰ ਨੇ ਹੋਰ ਔਰਤ ਰੱਖ ਲਈ ਹੈ ਤਾਂ ਉਹ ਸਿਮਰਨ ਨੂੰ ਲੈਣ ਦਲਬੀਰ ਦੇ ਬਾਪ ਕੋਲ ਆਏ ਸਨ। ਦਲਬੀਰ ਦੇ ਬਾਪ ਨੇ ਉਸ ਦਿਨ ਇਕੋ ਨਬੇੜ ਦਿੱਤੀ ਸੀ। ''ਦੇਖੋ ਭਾਈ, ਮੁੰਡਾ ਜੋ ਕਰਦਾ ਕਰੇ, ਇਥੇ ਆ ਕੇ ਉਹ ਕੁਝ ਨਹੀਂ ਕਰ ਸਕਦਾ ਜੇ ਕੁੜੀ ਸਾਡੀ ਬਣ ਕੇ ਰਹੇਗੀ ਤਾਂ ਜੋ ਸਾਡਾ ਹੈ, ਉਹ ਇਸਦਾ ਹੈ ਕਹੋ, ਤਾਂ ਵਸੀਅਤ ਕਰਾਂ ਦੈਨਾ, ਬਾਕੀ ਧ੍ਹਾਨੂੰ ਪਤੇ ਕੋਈ ਬਾਲ ਬੱਚਾ ਹੁੰਦਾ ਤਾਂ ਸਾਡੀ ਧ੍ਹਾਡੀ ਵੀ ਧੌਂਸ ਉਹਦੇ ਤੇ ਚਲ ਸਕਦੀ ਸੀ।''
ਫਿਰ ਸਿਮਰਨ ਨੇ ਸੱਸ-ਸੁਹਰੇ ਦੇ ਪਿਆਰ ਅੱਗੇ ਸਿਰ ਨਿਵਾ ਦਿੱਤਾ। ਉਹ ਜਾਣ ਗਈ ਕਿ ਪੇਕੀਂ ਕਦੋਂ ਤੱਕ ਬੈਠੀ ਰਹੇਗੀ।
ਪਤਾ ਲੱਗਣ ਤੇ ਆਂਢੀ-ਗੁਆਂਢੀ ਮਿਲਣ ਆਉਣੇ ਸ਼ੁਰੂ ਹੋ ਗਏ। ਪਰ ਦਲਬੀਰ ਦੀ ਚੁੱਪ ਅਤੇ ਨਾਮਿਲਵਰਤਣ ਕਰਕੇ ਕੋਈ ਵੀ ਬਹੁਤਾ ਚਿਰ ਨਾ ਠਹਿਰਿਆ।
ਰਾਤ ਨੂੰ ਵੀ ਰੋਟੀ ਖਾਂਦੇ ਸਮੇਂ ਸਿਰਫ਼ ਮਾਂ ਤੋਂ ਛੁੱਟ ਉਸ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ।
''ਮੈਂ ਤਾਂ ਸਵੇਰੇ ਹੀ ਮੇਰੇ ਪੁੱਤ ਦੇ ਵਾਪਸ ਆਉਣ ਦੀ ਖ਼ੁਸ਼ੀ ਵਿਚ ਗੁਰਦੁਆਰੇ ਪ੍ਰਸ਼ਾਦ ਚੜ੍ਹਾ ਕੇ ਆਉਗੀ'' ਮਾਂ ਮਮਤਾ ਭਰੀ ਨਜ਼ਰ ਨਾਲ ਦਲਬੀਰ ਨੂੰ ਦੇਖਦਿਆਂ ਕਹਿ ਰਹੀ ਸੀ।
ਦਲਬੀਰ ਨੂੰ ਹੁਣ ਤੱਕ ਸਮਝ ਆ ਚੁੱਕੀ ਸੀ ਕਿ ਉਨ੍ਹਾਂ ਨੂੰ ਚਾਰ ਸਾਲਾਂ ਦੀ ਕਿਸੇ ਕੋਲੋਂ ਪੂਰੀ ਖ਼ਬਰ ਮਿਲਦੀ ਰਹੀ ਹੋਣੀ ਹੈ। ਇਸ ਕਰਕੇ ਉਸ ਕੋਲੋਂ ਕੋਈ ਕੁਝ ਪੁੱਛ ਨਹੀਂ ਰਿਹਾ ਸੀ। ਉਸ ਦੇ ਚਿਹਰੇ ਤੇ ਪਛਤਾਵੇ ਦੇ ਚਿੰਨ੍ਹ ਸਾਫ਼ ਨਜ਼ਰ ਆ ਰਹੇ ਸਨ। ਸਿਮਰਨ ਨਾਲ ਨਜ਼ਰਾਂ ਮਿਲਾਉਣਾ ਉਸ ਨੂੰ ਅੱਗ 'ਚ ਹੱਥ ਪਾਉਣ ਦੇ ਬਰਾਬਰ ਲਗ ਰਿਹਾ ਸੀ। ਬਾਪੂ ਰੋਟੀ ਖਾ ਕੇ ਕਿਤੇ ਬਾਹਰ ਨੂੰ ਨਿਕਲ ਗਿਆ। ਦਲਬੀਰ ਨੇ ਵੀ ਰੋਟੀ ਖਾਂਦੀ ਤੇ ਚੁੱਪ-ਚਾਪ ਚੁਬਾਰੇ ਤੇ ਚੜ੍ਹ ਗਿਆ। ਜਿੱਥੇ ਉਹ ਤੇ ਸਿਮਰਨ ਪਹਿਲਾਂ ਸਾਉਦੇ ਸਨ। ਪਰ ਜਿਵੇਂ ਹੀ ਉਸ ਨੇ ਕਮਰੇ ਅੰਦਰ ਪੈਰ ਰੱਖਣਾ ਚਾਹਿਆ ਤਾਂ ਇਕ ਅਵਾਜ਼ ਆਈ।
''ਕੀ ਤੈਨੂੰ ਇਸ ਕਮਰੇ ਵਿਚ ਵੜਨ ਦਾ ਹੱਕ ਹੈ?''
ਤੇ ਦਲਬੀਰ ਇਕ ਪਲ ਰੁਕਣ ਲਈ ਮਜਬੂਰ ਹੋ ਗਿਆ। ਪਰ ਫੇਰ ਕੁਝ ਸੋਚ ਕੇ ਉਹ ਆਪਣੇ ਜ਼ਮੀਰ ਦੀ ਛਾਤੀ ਤੇ ਪੈਰ ਰੱਖ ਕੇ ਅੰਦਰ ਲੰਘ ਗਿਆ। ਦਰਵਾਜ਼ਾ ਢੋਹ ਕੇ, ਬੈੱਡ ਕੋਲ ਜਾ ਕੇ ਉਸ ਨੇ ਚੱਪਲਾਂ ਲਾਈਆਂ, ਆਪਣੇ ਉੱਤੇ ਚਾਦਰ ਲਈ, ਸਿੱਧਾ ਲੰਮਾ ਪੈ ਕੇ ਇਕ ਟਕ ਛੱਤ ਵੱਲ ਦੇਖਣ ਲਗ ਪਿਆ। ਛੱਤ ਦੀਆਂ ਲਾਲ ਟਾਈਲਾਂ ਤੇ ਨੀਲੇ ਬਾਲਿਆਂ ਵਿਚਕਾਰ ਇਕ ਮਕੜੀ-ਜਾਲ ਲੱਗਾ ਹੋਇਆ ਸੀ। ਉਸ ਵਿਚ ਇਕ ਕੀੜਾ ਫਸਿਆ ਸੀ। ਉਹ ਕੀੜਾ ਦਲਬੀਰ ਨੂੰ ਆਪਣਾ ਆਪ ਪ੍ਰਤੀਤ ਹੋਇਆ ਤੇ ਮੱਕੜੀ ਉਸਨੂੰ 'ਕੈਲੀ' ਲੱਗੀ।
ਜਦ ਉਹ ਆਖ਼ਰੀ ਬਾਰ ਇੰਡੀਆ ਤੋਂ ਅਸਟਰੀਆ ਗਿਆ ਤਾਂ ਕਿੰਨਾ ਉਦਾਸ, ਨਿਰਾਸ਼ ਤੇ ਬੇਸਹਾਰਾ ਸੀ। ਕਿੰਨੇ ਹੀ ਦਿਨ ਉਸ ਦਾ ਕੰਮ ਤੇ ਜਾਣ ਨੂੰ ਜੀ ਨਹੀਂ ਕੀਤਾ। ਪਰ ਜ਼ਿੰਦਗੀ ਵਿਚ ਕੋਈ ਪਰਿਵਰਤਨ ਨਾ ਆਉਂਦਾ ਦੇਖ ਕੇ ਉਹ ਮੁੜ ਕੰਮ ਤੇ ਗਿਆ। ਪਰ ਪਰਿਵਰਤਨ ਜਿਵੇਂ ਕੰਮ ਤੇ ਹੀ ਆਉਣਾ ਸੀ। ਪਹਿਲੀ ਹੀ ਨਜ਼ਰ ਵਿਚ ਦਲਬੀਰ ਨੂੰ ਫ਼ਰਮ ਵਿਚ ਨਵੀਂ ਕੰਮ ਤੇ ਲੱਗੀ ਗੋਰੀ 'ਕੈਲੀ' ਵੱਲ ਇਕ ਖਿੱਚ ਜਿਹੀ ਮਹਿਸੂਸ ਹੋਈ।
ਕੈਲੀ ਦੀ ਪਹਿਲੇ ਦੋ ਆਸਟਰੀਅਨ ਦੋਸਤਾਂ ਨਾਲ ਜ਼ਿਆਦਾ ਦੇਰ ਤੱਕ ਨਾ ਨਿਭ ਸਕੀ। ਉਹ ਵੀ ਹੁਣ ਇਕ ਸਹਾਰੇ ਦੀ ਤਲਾਸ਼ ਵਿਚ ਸੀ। ਸ਼ਰਾਬ ਤੇ ਸਿਗਰਟਾਂ ਤੋਂ ਕੈਲੀ ਨੂੰ ਨਫ਼ਰਤ ਸੀ। ਉਸ ਦੀ ਸਾਦਗੀ, ਮਸੂਮੀਅਤ, ਸੁੰਦਰਤਾ ਦਲਬੀਰ ਨੂੰ ਸਿਮਰਨ ਤੋਂ ਦੂਰ ਕਰਦੀ ਗਈ। ਦਲਬੀਰ, ਕੈਲੀ ਦੇ ਕਸਰਤੀ ਸਰੀਰ ਤੇ ਉਸ ਦੀਆਂ ਬਿੱਲੀਆਂ ਅੱਖਾਂ ਵਿਚ ਡੁੱਬਦਾ ਚਲਾ ਗਿਆ। ਉਹ ਹੋਲੀ ਹੋਲੀ ਕੈਲੀ ਚੋਂ ਆਪਣੀ ਪੁਰਾਣੀ ਸਿਮਰਨ ਨੂੰ ਭਾਲਣ ਦੀ ਕੋਸ਼ਿਸ਼ ਕਰਨ ਲਗ ਪਿਆ। ਔਲਾਦ ਦੀ ਚਾਹਤ ਵੀ ਇਕ ਕਾਰਣ ਸੀ ਜਿਸ ਨੇ ਦਲਬੀਰ ਨੂੰ ਸਿਮਰਨ ਨਾਲ ਬੇਵਫ਼ਾਈ ਕਰਨ ਲਈ ਮਜਬੂਰ ਕਰ ਦਿੱਤਾ।
ਦੇਖਣ ਨੂੰ ਦਲਬੀਰ ਕਿਹੜਾ ਕਿਸੇ ਨਾਲੋਂ ਘੱਟ ਸੀ। ਚੰਗਾ ਸੋਹਣਾ ਉੱਚਾ ਲੰਮਾ, ਚੌੜੀ ਛਾਤੀ। ਮਰਦਊ ਸਰੀਰ ਦਾ ਮਾਲਕ। ਜੇ ਕਿਤੇ ਬੇਧਿਆਨੇ ਹੀ ਦਲਬੀਰ ਦੀ ਕਮੀਜ਼ ਦੇ ਉਪਰਲੇ ਦੋ-ਤਿੰਨ ਬਟਨ ਖੁੱਲ੍ਹੇ ਰਹਿ ਜਾਂਦੇ ਤਾਂ ਕੈਲੀ ਉਸ ਦੇ ਛਾਤੀ ਦੇ ਵਾਲਾਂ ਵੱਲ ਦੇਖ ਕੇ ਸੋਚੀਂ ਪੈ ਜਾਂਦੀ। ਤੇ ਦਲਬੀਰ, ਜਦ ਕੈਲੀ ਦਫ਼ਤਰ ਵਿਚ ਜੁੱਤੀ ਲਾਹ ਕੇ ਨੰਗੇ ਪੈਰਾਂ ਨਾਲ ਦੌੜ-ਦੌੜ ਕੇ ਕੰਮ ਕਰਦੀ ਤਾਂ ਦਲਬੀਰ ਉਸ ਦੇ ਨਾਜ਼ਕ, ਮੁਲਾਇਮ ਤੇ ਗੋਰੇ ਪੈਰਾਂ ਵੱਲ ਦੇਖ ਕੇ ਉਸਦੇ ਬਾਕੀ ਅੰਗਾਂ ਦੀ ਕਲਪਨਾ ਕਰਦਾ ਰਹਿੰਦਾ।
ਦੋ ਬੇਸਹਾਰਾ ਦਿਲਾਂ ਨੂੰ ਮਿਲਣ ਲਈ ਫਿਰ ਜ਼ਿਆਦਾ ਦਿਨ ਨਾ ਲੱਗੇ। ਅੱਖਾਂ ਚਾਰ ਹੋਣ ਤੋਂ ਬਾਅਦ ਗੱਲ ਬੈੱਡ ਤੱਕ ਪਹੁੰਚ ਗਈ। ਦਲਬੀਰ ਆਪਣਾ ਘਰ ਵੇਚ ਕੇ ਕੈਲੀ ਨਾਲ ਰਹਿਣ ਲਗ ਪਿਆ। ਕੈਲੀ ਨੇ ਘਰ ਵਿਚ ਬਿੱਲੀ ਰੱਖੀ ਹੋਈ ਸੀ, ਜੋ ਉਸ ਨੂੰ ਜਾਨ ਤੋਂ ਵੀ ਪਿਆਰੀ ਸੀ।
ਹਫ਼ਤੇ ਵਿਚ ਤਿੰਨ ਬਾਰ ਫਿਟਨਸ ਕਲੱਬ ਜਾਣਾ ਉਸਦੇ ਤਰਾਛੇ ਹੋਏ ਸਰੀਰ ਦਾ ਰਾਜ ਸੀ। ਇਕ ਵਾਰੀ ਉਹ ਦਲਬੀਰ ਨੂੰ ਵੀ ਨਾਲ ਲੈ ਕੇ ਗਈ। ਭਾਵੇਂ ਦਲਬੀਰ ਦਾ ਢਿੱਡ ਹਾਲੇ ਵੱਖਰਾ ਨਹੀਂ ਸੀ ਦਿਸਦਾ। ਪਰ ਸਰੀਰ ਭਰਿਆ-ਭਰਿਆ ਲੱਗਦਾ ਸੀ। ਕਲੱਬ ਵਿਚ ਬੇਸੁਰਾ ਜਿਹਾ ਰੌਲ਼ੇ ਗੌਲ਼ੇ ਵਾਲਾ ਉੱਚੀ ਮਿਊਜ਼ਿਕ ਲੱਗਾ ਹੋਇਆ ਸੀ। ਸੋਹਣੀਆਂ-ਸੋਹਣਿਆਂ, ਪਤਲੀਆਂ-ਪਤਲੀਆਂ ਕਮਰ ਵਾਲੀਆਂ ਗੋਰੀਆਂ ਤਨ ਨਾਲ ਬਿਲਕੁਲ ਚੁੰਬੜੇ ਕੱਪੜੇ ਪਾ ਕੇ, ਕਸਰਤ ਕਰ ਕਰ ਪਸੀਨੀਂਓ ਪਸੀਨੀ ਹੋਈਆਂ ਇੰਝ ਲਗ ਰਹੀਆਂ ਸਨ, ਜਿਵੇਂ ਕੋਈ ਭਖਦੇ ਅੰਗਾਰਾਂ ਤੇ ਪਾਣੀ ਛਿੜਕ ਰਿਹਾ ਹੋਵੇ। ਪਰ ਕਈ ਤਾਂ ਕਸਰਤ ਕਰਨ ਦੀ ਬਜਾਏ ਖੁੜਮਸਤੀਆਂ ਕਰਦੇ। ਉਹ ਚਟਾਈਆਂ ਤੇ ਇਕ ਦੂਜੇ ਉੱਤੇ ਪੈ ਕੇ ਲਿਟਦੇ ਰਹਿੰਦੇ।
ਹਾਲਾਂਕਿ ਔਰਤਾਂ ਦਾ ਕਸਰਤ ਕਰਨ ਲਈ ਅਲੱਗ ਹਾਲ ਸੀ। ਪਰ ਫੇਰ ਵੀ ਕਈ ਔਰਤਾਂ, ਮਰਦਾਂ ਦੇ ਹਾਲ ਵਿਚ ਕਸਰਤ ਕਰਦੀਆਂ। ''ਸ਼ਾਇਦ ਕਿਸੇ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾਉਣਾ ਚਾਹੁੰਦੀਆਂ ਹੋਣ'' ਦਲਬੀਰ ਦੀ ਮਰਦ ਸ਼ਕਤੀ ਨੇ ਸੋਚਿਆ। ਜਦ ਉਸਨੇ ਕੈਲੀ ਨੂੰ ਉਥੇ ਕੁਝ ਬਾਡੀ ਬਿਲਡਰ ਨਾਲ ਹੱਸ-ਹੱਸ ਕੇ ਗੱਲਾਂ ਕਰਦਿਆਂ ਦੇਖਿਆ। ਜਿਨ੍ਹਾਂ ਵਿਚ ਇਕ ਕਾਲਾ ਵੀ ਸੀ ਤਾਂ ਦਲਬੀਰ ਨੂੰ ਅਹਿਸਾਸ ਹੋਇਆ ਜਿਵੇਂ ਕੋਈ ਉਸ ਦੇ ਦਿਲ ਤੇ ਛੁਰੀਆਂ ਚਲਾ ਰਿਹਾ ਹੋਵੇ।
ਉਸਨੇ ਸਾਰੀਆਂ ਮਸ਼ੀਨਾਂ ਟੈਸਟ ਕੀਤੀਆਂ ਤੇ ਫੇਰ ਕੱਪੜੇ ਬਦਲਣ ਲਈ ਮਰਦਾਨਾ ਕਮਰੇ ਵਿਚ ਆ ਗਿਆ। ਉਸ ਨੇ ਦੇਖਿਆ ਕਮਰੇ ਵਿਚ ਗੋਰੇ ਅਲਫ਼ ਨੰਗੇ ਹੋ ਕੇ ਨਿਰਸੰਕੋਚ ਤੁਰ-ਫਿਰ ਰਹੇ ਸਨ। ਨਹਾਉਣ ਜਾਣ ਵਾਲਿਆਂ ਨੇ ਵੀ ਤੌਲੀਆ ਮੋਢੇ ਤੇ ਜਾਂ ਹੱਥ ਵਿਚ ਫੜਿਆ ਹੁੰਦਾ ਸੀ। ''ਇਹ ਤਾਂ ਇਸ ਤਰਾਂ ਜਾਂਦੇ ਆ ਜਿਵੇਂ ਕੁਸ਼ਤੀ ਲੜਨ ਜਾਂਦੇ ਹੋਣ। ਬਈ, ਬੰਦਾ ਢੱਕਣ ਵਾਲੀ ਚੀਜ਼ ਢੱਕ ਕੇ, ਬੰਦੇ ਤੇ ਜਾਨਵਰ ਵਿਚ ਕੁਝ ਤਾਂ ਫ਼ਰਕ ਰੱਖੇ। ਕੱਪੜਿਆਂ ਤੋਂ ਬਗੈਰ ਤਾਂ ਜਾਨਵਰ ਵੀ ਰਹਿ ਲੈਂਦੇ ਹਨ'' ਇਹ ਸਭ ਕੁਝ ਦੇਖ ਕੇ ਦਲਬੀਰ ਆਪਣੇ ਬੇਅਵਾਜ਼ ਵਿਚਾਰ ਦੇਣੋਂ ਨਾ ਰਹਿ ਸਕਿਆ। ਕਈਆਂ ਦਾ ਤਾਂ ਸਾਰਾ ਸਰੀਰ ਹੀ ਤਰਾਂ-ਤਰਾਂ ਦੇ ਕਾਰਟੂਨਾਂ ਨਾਲ ਭਰਿਆ ਸੀ। ਉਹ ਹੋਰ ਵੀ ਜੰਗਲੀ ਲੱਗਦੇ। ਗੋਰੀਆਂ ਵੀ ਇਕ ਛੋਟਾ ਜਿਹਾ ਤੋਲਿਆ ਜਿਸਮ ਤੇ ਲਪੇਟ ਕੇ ਇੰਝ ਜਵਾਨੀ ਖਿਲਾਰਦੀਆਂ ਜਿਵੇਂ ਕੋਈ ਸ਼ਰਾਬ ਦੀ ਬੋਤਲ ਕਾਗ਼ਜ਼ ਵਿਚ ਲਪੇਟੀ ਹੋਵੇ।
ਦਲਬੀਰ ਨੂੰ ਉਹ ਜਾਨਵਰਾਂ ਵਾਲਾ ਮਾਹੌਲ ਬਿਲਕੁਲ ਚੰਗਾ ਨਹੀਂ ਲੱਗਾ। ਉਸਨੂੰ ਗੋਰਿਆ ਤੋਂ ਹੋਰ ਵੀ ਨਫ਼ਰਤ ਹੋ ਗਈ। ਉਸ ਦਿਨ ਤੋਂ ਉਹ ਮੁੜ ਕਲੱਬ ਨਹੀਂ ਗਿਆ। ਪਰ ਕੈਲੀ ਨੇ ਕਲੱਬ ਜਾਣਾ ਬੰਦ ਨਾ ਕੀਤਾ। ਕੈਲੀ ਕਲੱਬ ਚਲੇ ਜਾਂਦੀ ਤੇ ਦਲਬੀਰ ਘਰ ਵਿਚ ਕਿਤਾਬਾਂ ਪੜ੍ਹਦਾ ਰਹਿੰਦਾ ਜਾਂ ਟੀ.ਵੀ. ਦੇਖ ਕੇ ਟਾਈਮ ਪਾਸ ਕਰਦਾ। ਉਸ ਦਿਨ ਬਿੱਲੀ ਦੀ ਜ਼ਿੰਮੇਵਾਰੀ ਵੀ ਉਹਦੀ ਹੁੰਦੀ। ਉਸ ਨੂੰ ਖਾਣਾ ਦੇਣਾ। ਉਸਦਾ ਟੱਟੀ-ਪੇਸ਼ਾਬ ਚੁੱਕਣਾ। ਦਲਬੀਰ ਬਿੱਲੀ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ। ਉਸ ਦੇ ਥਾਂ ਥਾਂ ਤੇ ਵਾਲ ਖਿੱਲਰੇ ਪਏ ਹੁੰਦੇ। ਬਿੱਲੀ ਤੋਂ ਉਸਨੂੰ ਅਜੀਬ ਤਰਾਂ ਦੀ ਬੋ ਆਉਂਦੀ। ਬਿੱਲੀ ਚਾਹੁੰਦੀ ਰਹਿੰਦੀ ਕਿ ਦਲਬੀਰ, ਕੈਲੀ ਦੀ ਤਰਾਂ ਉਸ ਨਾਲ ਖੇਲੇ। ਪਰ ਉਹ ਉਸਨੂੰ ਪੰਜਾਬੀ ਵਿਚ ਚੀਕਦਾ ''ਪਰਾਂ ਮਰ।'' ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਬਿੱਲੀ ਹੋਰ ਕਮਰੇ ਵਿਚ ਜਾ ਕੇ ਆਪਣੀ ਗੇਂਦ ਨਾਲ ਖੇਲੇ। ਉਹ ਚਾਹੁੰਦਾ ਸੀ ਕਿ ਉਹ ਉਸਦੇ ਸਾਹਮਣੇ ਰਹਿ ਕੇ ਆਪਣੀ ਟੋਕਰੀ ਵਿਚ ਖੇਲੀ ਜਾਏ ਤਾਂ ਕਿ ਉਹ ਦੂਸਰੇ ਕਮਰਿਆਂ ਵਿਚ ਕੋਈ ਭੰਨ-ਤੋੜ ਨਾ ਕਰ ਦੇਵੇ।
ਜਦ ਕੈਲੀ, ਬਿੱਲੀ ਲਈ ਵਧੀਆ ਤੋਂ ਵਧੀਆ ਖਾਣੇ, ਖੇਲਾਂ ਲਿਆਂਦੀ। ਉਹਦੇ ਵਾਲਾਂ ਤੇ ਪਿਆਰ ਨਾਲ ਹੱਥ ਫੇਰਦੀ। ਉਹਦੇ ਨਾਲ ਖੇਲਦੀ। ਉਹਨੂੰ ਪਲੋਸਦੀ ਤਾਂ ਦਲਬੀਰ ਆਪਣੀ ਜੂਨ ਨੂੰ ਕੋਸਦਾ ਹੋਇਆ ਕਹਿੰਦਾ ''ਇੱਥੇ ਤਾਂ ਬੰਦੇ ਨਾਲੋਂ ਜਾਨਵਰ ਦੀ ਜ਼ਿੰਦਗੀ ਜ਼ਿਆਦਾ ਚੰਗੀ ਹੈ।''
ਦਿਨ, ਮਹੀਨੇ, ਸਾਲ ਗੁਜ਼ਰਦੇ ਗਏ। ਬੇਤਰਸ ਸਮਾਂ ਨਾ ਰੁਕਿਆ। ਘਰ ਬਦਲਣ ਕਰਕੇ ਇੰਡੀਆ ਤੋਂ ਚਿੱਠੀਆਂ ਆਉਣੀਆਂ ਬੰਦ ਹੋ ਗਈਆਂ ਸਨ। ਜੋ ਕਿ ਦਲਬੀਰ ਆਪਣੇ ਲਈ ਚੰਗਾ ਹੀ ਸਮਝਦਾ ਸੀ। ਜਦ ਆਉਂਦੀਆਂ ਸਨ ਤਾਂ ਉਹ ਬਿਨਾਂ ਪੜ੍ਹੇ ਕੂੜੇਦਾਨ ਵਿਚ ਸੁੱਟ ਦਿੰਦਾ ਸੀ। ਉਹ ਆਪਣੇ ਅਤੀਤ ਨੂੰ ਇਕ ਬੁਰਾ ਸੁਪਨਾ ਸਮਝ ਕੇ ਭੁੱਲ ਜਾਣਾ ਚਾਹੁੰਦਾ ਸੀ ਤੇ ਭਵਿੱਖ ਬਾਰੇ ਕੈਲੀ ਨਾਲ ਸੁਨਹਿਰੇ ਸੁਪਨੇ ਘੜਦਾ। ਪਰ ਕੁਦਰਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ।
ਨਵੀਂ ਖਰੀਦੀ ਚੀਜ਼ ਵਾਂਗੂ ਉਨ੍ਹਾਂ ਨੂੰ ਪਿਆਰ ਦਾ ਚਾਅ ਘੱਟ ਗਿਆ। ਉਨ੍ਹਾਂ ਦੇ ਪਿਆਰ ਦੀ ਗੱਡੀ ਜਿਹੜੀ ਪਹਿਲਾਂ ਨੋਂਨ ਸਟਾਪ ਸੀ ਉਹ ਹੁਣ ਧੱਕੇ ਨਾਲ ਚੱਲ ਰਹੀ ਸੀ। ਦਲਬੀਰ ਤੇ ਕੈਲੀ ਦਾ ਆਪਸੀ ਬੋਲਚਾਲ ਘੱਟ ਗਿਆ ਸੀ। ਦਲਬੀਰ ਸੋਚਦਾ ਸੀ ਕਿ ਮੇਰੇ ਕਲੱਬ ਨਾ ਜਾਣ ਕਰਕੇ ਸ਼ਾਇਦ ਗੁੱਸੇ 'ਚ ਰਹਿੰਦੀ ਹੈ।
ਇਕ ਸ਼ਾਮ ਦਲਬੀਰ ਨੂੰ ਸਿਮਰਨ ਬੜੀ ਯਾਦ ਆਈ। ਉਸ ਦਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਸਿਰ ਵਿਚ ਢੋਲ ਵਜਾ ਰਿਹਾ ਹੋਵੇ। ਗੋਲੀ ਖਾ ਕੇ, ਸਿਰ ਬੰਨ੍ਹ ਕੇ, ਅੱਖਾਂ ਮੀਟ ਕੇ, ਉਹ ਸੋਫੇ ਤੇ ਪਿਆ ਸੀ ਕਿ ਅਚਾਨਕ, ਉਸ ਦੇ ਕੰਨਾਂ ਵਿਚ ਅਵਾਜ਼ ਪਈ ''ਲਿਆਉ, ਮੈਂ ਸਿਰ ਘੁੱਟ ਦਵਾ'' ਸਿਮਰਨ ਬਾਂਹਾਂ ਫਲਾਏ ਕਹਿ ਰਹੀ ਸੀ। ਦਲਬੀਰ ਹੜਬੜਾਇਆ ਹੋਇਆ ਉੱਠਿਆ। ਉਸ ਨੇ ਆਲਾ-ਦੁਆਲਾ ਦੇਖਿਆ। ਪਰ ਉਥੇ ਕੋਈ ਨਹੀਂ ਸੀ। ਫਿਰ ਉਸ ਨੂੰ ਯਾਦ ਆਇਆ ਕਿ ਇਕ ਬਾਰ ਇਸੇ ਤਰਾਂ ਇੰਡੀਆ ਵਿਚ ਉਸ ਦਾ ਸਿਰ ਦੁਖਿਆ ਸੀ। ਸਿਮਰਨ ਉਸਦਾ ਸਿਰ ਆਪਣੀ ਗੋਂਦ ਵਿਚ ਲੈ ਕੇ ਸਾਰੀ ਰਾਤ ਘੁੱਟਦੀ ਰਹੀ ਸੀ। ਸਿਮਰਨ ਦੇ ਹੱਥਾਂ ਨੇ ਉਸਦੇ ਸਿਰ ਤੇ ਪਤਾ ਨਹੀਂ ਕੀ ਜਾਦੂ ਕੀਤਾ। ਉਸ ਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਕਦੋਂ ਉਹ ਸਿਮਰਨ ਦੀ ਗੋਂਦ ਦਾ ਨਿੱਘ ਮਾਣਦੇ ਹੋਏ ਉਸ ਦੀ ਅੱਖ ਲੱਗ ਗਈ ਸੀ।
ਉਸ ਦਿਨ ਕੈਲੀ ਕਲੱਬ ਗਈ ਸੀ। ਕਲੱਬ ਜਿਵੇਂ ਉਸ ਨੂੰ ਆਪਣਾ ਦੁਸ਼ਮਣ ਲੱਗ ਰਿਹਾ ਸੀ। ਕੈਲੀ ਵੀ ਕੁਝ ਦਿਨਾਂ ਤੋਂ ਘਰ ਲੇਟ ਆਉਣ ਲੱਗ ਪਈ ਸੀ। ਜੇ ਦਲਬੀਰ ਲੇਟ ਹੋਣ ਦਾ ਕਾਰਣ ਪੁੱਛਦਾ ਤਾਂ ਕਹਿੰਦੀ ''ਉੱਥੇ ਲੋਕੀਂ ਬਹੁਤ ਆਉਂਦੇ ਆਂ, ਵਾਰੀ ਹੀ ਨਹੀਂ ਆਉਂਦੀ।'' ਕੈਲੀ ਪਤੰਗ ਦੀ ਡੋਰ ਦੀ ਤਰਾਂ ਉਸਦੇ ਹੱਥਾਂ ਵਿਚੋਂ ਨਿਕਲਦੀ ਜਾ ਰਹੀ ਸੀ।
ਇਕ ਰਾਤ ਪਿਆਰ ਕਰਨ ਤੋਂ ਬਾਅਦ ਕੈਲੀ ਤੇ ਦਲਬੀਰ ਨੂੰ ਨੀਂਦ ਨਹੀਂ ਸੀ ਆ ਰਹੀ। ਕੈਲੀ ਬੈੱਡ ਤੇ ਨਿਰਵਸਤਰ ਪਈ ਉਸਲਵੱਟੇ ਲੈ ਰਹੀ ਸੀ ਤੇ ਦਲਬੀਰ ਨੂੰ ਆਪਣਾ ਉਜਲਾ ਭਵਿੱਖ ਕਾਲਾ ਹੁੰਦਾ ਦਿਸ ਰਿਹਾ ਸੀ।
ਮੌਕਾ ਦੇਖ ਕੇ ਦਲਬੀਰ ਨੇ ਕੈਲੀ ਨੂੰ ਕਲੱਬ ਜਾਣ ਤੋਂ ਰੋਕਣ ਦੇ ਇਰਾਦੇ ਨਾਲ ਉਸ ਦੀ ਗੋਰੀ ਪਿੱਠ 'ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ
''ਕੈਲੀ, ਆਪਾਂ ਨੂੰ ਵੱਧ ਤੋਂ ਵੱਧ ਸਮਾਂ ਇਕੱਠਿਆਂ ਬਤਾਉਣਾ ਚਾਹੀਦਾ ਹੈ, ਤੂੰ ਕਲੱਬ ਜਾਣਾ ਬੰਦ ਕਿਉਂ ਨਹੀਂ ਕਰ ਦਿੰਦੀ ਤਾਂ ਕਿ ਸਾਡੇ ਪਿਆਰ ਵਿਚ ਪਈ ਹੋਈ ਦੂਰੀ ਘੱਟ ਸਕੇ?''
ਕੈਲੀ, ਪਹਿਲਾਂ ਤਾਂ ਲੰਮੀ ਪਈ ਕੁਝ ਸੋਚਦੀ ਰਹੀ ਪਰ ਫੇਰ ਉਸਨੇ ਬੈੱਡ ਚੋਂ ਨਿਕਲ ਕੇ ਅਲਮਾਰੀ ਵਿਚੋਂ ਇਕ ਡੱਬਾ ਕੱਢਿਆ ਅਤੇ ਉਸ ਵਿਚੋਂ ਇਕ ਪੁਰਾਣੀ ਤਸਵੀਰ ਕੱਢ ਕੇ ਦਲਬੀਰ ਨੂੰ ਦਿਖਾਈ ਤੇ ਦੱਸਣਾ ਸ਼ੁਰੂ ਕੀਤਾ ''ਮੈਂ ਸਕੂਲ ਟਾਈਮ ਬਹੁਤ ਮੋਟੀ ਹੁੰਦੀ ਸੀ, ਮੇਰਾ ਕਲਾਸ ਵਿਚ ਸਾਰੇ ਮਜ਼ਾਕ ਉਡਾਉਂਦੇ ਸਨ, ਮੇਰਾ ਕੋਈ ਦੋਸਤ ਬਣਨ ਨੂੰ ਤਿਆਰ ਨਹੀਂ ਸੀ, ਸਪੋਰਟ ਸਬਜੈਕਟ ਵਿਚੋਂ ਮੈਂ ਮੋਟੀ ਹੋਣ ਕਰਕੇ ਸਭ ਤੋਂ ਪਿੱਛੇ ਆਉਂਦੀ ਸੀ।''
ਕੈਲੀ ਕੁਝ ਚਿਰ ਲਈ ਚੁੱਪ ਕਰ ਗਈ। ਸ਼ਾਇਦ ਸੁੱਕੇ ਜ਼ਖ਼ਮ ਫਿਰ ਤਾਜ਼ਾ ਹੋ ਗਏ ਸਨ।
''ਫੇਰ ਮੈਂ ਇਕ ਦਿਨ ਫੈਸਲਾ ਕਰ ਲਿਆ, ਮੈਂ ਪਤਲੀ ਹੋਵਾਂਗੀ, ਮੈਂ ਖਾਣਾਂ ਪੀਣਾ ਘੱਟ ਕਰ ਦਿੱਤਾ ਤੇ ਕਲੱਬ ਜਾਣਾ ਸ਼ੁਰੂ ਕਰ ਦਿੱਤਾ ਤੇ ਇਕ ਦਿਨ ਮੈਂ ਨਾਰਮਲ ਹੋ ਗਈ, ਅੱਜ ਮੈਂ ਜਿਧਰ ਦੀ ਲੰਘ ਜਾਵਾਂ ਮੈਨੂੰ ਹਰ ਕੋਈ ਭੁੱਖੀਆਂ-ਪਿਆਸੀਆਂ ਚੋਰ ਨਜ਼ਰਾਂ ਨਾਲ ਦੇਖਦਾ ਹੈ ਤੇ ਮੈਨੂੰ ਵੀ ਪਰਵਾਨੇ ਸੜਦੇ ਚੰਗੇ ਲੱਗਦੇ ਹਨ, ਇਸ ਕਰਕੇ ਮੇਰੇ ਲਈ ਕਲੱਬ ਜਾਣਾ ਬਹੁਤ ਜ਼ਰੂਰੀ ਹੈ, ਮੈਂ ਕਲੱਬ ਜਾਣਾ ਬੰਦ ਨਹੀਂ ਕਰ ਸਕਦੀ''।
ਕੈਲੀ ਨੇ ਇਕੋ ਸਾਹ ਵਿਚ ਆਪਣਾ ਫੈਸਲਾ ਸੁਣਾਇਆ।
ਦਲਬੀਰ ਨੇ ਹਾਰੇ ਹੋਏ ਜੁਆਰੀ ਵਾਂਗੂ ''ਹੂੰ'' ਕਹਿ ਕੇ ਸਿਰ ਹਿਲਾਇਆ ਤੇ ਪਾਸਾ ਵੱਟ ਕੇ ਸੌ ਗਿਆ।
ਇਕ ਦਿਨ ਦਲਬੀਰ ਨੇ ਕਲੱਬ ਜਾਣ ਦਾ ਫੈਸਲਾ ਕੀਤਾ। ਉਹ ਦੇਖਣਾ ਚਾਹੁੰਦਾ ਸੀ ਕਿ ਕੈਲੀ ਦੇ ਰੋਜ਼ ਲੇਟ ਆਉਣ ਦਾ ਕਾਰਣ ਵਾਕਿਆ ਜ਼ਿਆਦਾ ਲੋਕਾਂ ਦਾ ਆਉਣਾ ਹੈ ਜਾਂ ਕੁਝ ਹੋਰ। ਉਸ ਨੇ ਦੇਖਿਆ ਕਲੱਬ ਵਿਚ ਬਹੁਤੇ ਲੋਕੀਂ ਨਹੀਂ ਸਨ। ਕੈਲੀ ਨੂੰ ਉਸਨੇ ਮਰਦਾਨਾ ਹਾਲ ਵਿਚ ਕਸਰਤ ਕਰਦਿਆਂ ਦੇਖਿਆ। ਪਰ ਉਸ ਦੀ ਨਜ਼ਰ ਆਪਣੇ ਤੇ ਨਹੀਂ ਪੈਣ ਦਿੱਤੀ। ਦਲਬੀਰ ਕਲੱਬ ਤੋ ਬਾਹਰ ਆ ਗਿਆ। ਉਸ ਨੇ ਸੋਚਿਆ ''ਅੱਜ ਮੌਸਮ ਚੰਗਾ ਹੈ, ਸ਼ੈਦ ਇਸ ਕਰਕੇ ਬਹੁਤੇ ਲੋਕੀਂ ਨਹੀਂ ਆਏ।''
ਉਹ ਕੈਲੀ ਨੂੰ ਸਰਪ੍ਰਾਈਜ਼ ਦੇਣ ਦੇ ਇਰਾਦੇ ਨਾਲ ਕਲੱਬ ਤੋਂ ਬਾਹਰ ਖੜ੍ਹਾ ਹੋ ਕੇ ਉਸਦਾ ਇੰਤਜ਼ਾਰ ਕਰਨ ਲੱਗ ਪਿਆ। ਜਦੋਂ ਕੈਲੀ ਬਾਹਰ ਆਈ ਤਾਂ ਉਸਨੂੰ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਹੋਇਆ। ਉਸਨੂੰ ਜ਼ਮੀਨ ਹਿੱਲਦੀ ਮਹਿਸੂਸ ਹੋਈ। ਉਹ ਤਾਂ ਕੈਲੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਪਰ ਕੈਲੀ ਨੇ ਜਿਹੜਾ ਸਰਪ੍ਰਾਈਜ਼ ਉਸਨੂੰ ਦਿੱਤਾ ਉਹ ਉਸਦੇ ਨਾਲੋਂ ਕਿਤੇ ਵੱਡਾ ਸੀ।
ਕੈਲੀ ਇਕ ਕਾਲੇ ਬਾਡੀ ਬਿਲਡਰ ਨਾਲ, ਜਿਸ ਨਾਲ ਉਹ ਇਕ ਦਿਨ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ, ਕਲੱਬ ਚੋਂ ਬਾਹਰ ਨਿਕਲ ਰਹੀ ਸੀ। ਦੋਵਾਂ ਨੇ ਇਕ ਦੂਜੇ ਦੀ ਕਮਰ ਤੇ ਬਾਂਹਾਂ ਕੱਸੀਆਂ ਹੋਈਆਂ ਸਨ ਤੇ ਇਕ ਦੂਜੇ ਦੇ ਚਿਹਰਿਆਂ ਵੱਲ ਦੇਖ ਦੇਖ ਕੇ, ਕੋਈ ਜਲਦ ਹੀ ਮਿਲਣ ਵਾਲੀ ਖ਼ੁਸ਼ੀ ਬਾਰੇ ਸੋਚ ਕੇ ਮੁਸਕਰਾ ਰਹੇ ਸਨ। ਫਿਰ ਉਹ ਇਕ ਕਾਰ ਕੋਲ ਜਾ ਕੇ ਖੜੇ ਹੋ ਗਏ। ਉਨ੍ਹਾਂ ਨੇ ਇਕ ਦੂਜੇ ਦੇ ਮੂੰਹ 'ਚ ਮੂੰਹ ਪਾ ਲਿਆ। ਕੈਲੀ ਦੀ ਪਿੱਠ ਕਾਰ ਦੇ ਬੋਨਟ ਨਾਲ ਲੱਗੀ ਹੋਈ ਸੀ ਤੇ ਕਾਲਾ ਉਸ ਤੇ ਝੁਕਿਆ ਹੋਇਆ ਸੀ। ਦਲਬੀਰ ਦਿਲ ਤੇ ਪੱਥਰ ਰੱਖ ਕੇ ਸਭ ਕੁਝ ਦੇਖੀਂ ਜਾ ਰਿਹਾ ਸੀ। ਫਿਰ ਕਾਲੇ ਨੇ ਕਾਰ ਦਾ ਦਰਵਾਜ਼ਾ ਖੋਲਿਆਂ ਤੇ ਕੈਲੀ ਉਸ ਦੀ ਕਾਰ ਵਿਚ ਬੈਠ ਗਈ। ਉਹ ਦੇਖਦੇ-ਦੇਖਦੇ ਦਲਬੀਰ ਦੀਆਂ ਅੱਖਾਂ ਸਾਹਮਣੋਂ ਓਝਲ ਹੋ ਗਏ।
ਦਲਬੀਰ ਜਦੋਂ ਘਰ ਆਇਆ ਤਾਂ ਉਸ ਨੂੰ ਆਪਣਾ ਆਪ ਭਾਰੀ ਲੱਗ ਰਿਹਾ ਸੀ। ਲੱਖਾਂ ਮਣ ਭਾਰੇ ਪੈਰਾਂ ਨਾਲ ਉਸਨੇ ਘਰ ਦੀਆਂ ਪੌੜੀਆਂ ਵੀ ਮਸਾਂ ਚੜ੍ਹੀਆਂ। ਦਰਵਾਜ਼ਾ ਖੋਲ ਕੇ ਉਹ ਸੋਫੇ ਤੇ ਇਸ ਤਰਾਂ ਡਿੱਗਿਆ ਜਿਵੇਂ ਉਸ ਵਿਚ ਜਾਨ ਹੀ ਨਾ ਹੋਵੇ। ਫਿਰ ਉਸ ਦੇ ਦਿਮਾਗ ਦੇ ਘੋੜੇ ਦੌੜਨ ਲੱਗ ਪਏ ਕਿ ਕੈਲੀ ਉਸ ਨਾਲ ਇਸ ਤਰਾਂ ਕਿਉਂ ਕਰ ਰਹੀ ਹੈ। ਦਲਬੀਰ ਨੇ ਹਨੇਰੇ ਵਿਚ ਇਕ ਰੋਸ਼ਨੀ ਦੀ ਆਸ ਲਈ ਆਪਣੇ ਆਪ ਨੂੰ ਕਿਹਾ ''ਸ਼ੈਦ! ਇਨ੍ਹਾਂ ਗੋਰੀਆਂ ਲਈ ਇਕ ਮਰਦ ਕਾਫ਼ੀ ਨਹੀਂ ਹੈ। ਜ਼ਿੰਦਗੀ ਵਿਚ ਤਬਦੀਲੀ ਇਨ੍ਹਾਂ ਲਈ ਬਹੁਤ ਜ਼ਰੂਰੀ ਹੈ, ਪਰ ਚਲੋ! ਮੇਰੇ ਨਾਲ ਸੋਦੀਂ ਤਾਂ ਹੈ। ਜਦ ਨਿਆਣੇ ਹੋਣਗੇ ਤਾਂ ਆਪੇ ਹੀ ਸਹੀ ਰਸਤੇ ਆ ਜਾਊਗੀ, ਨਾਲੇ ਮੈਂ ਕੈਲੀ ਨੂੰ ਛੱਡ ਕੇ ਹੁਣ ਹੋਰ ਕਿੱਥੇ ਜਾ ਸਕਦਾ ਹਾਂ। ਕੈਲੀ ਹੀ ਤਾਂ ਮੈਰਾ ਸਭ ਕੁਝ ਹੈ।''
ਔਲਾਦ ਦੀ ਚਾਹਤ ਨੇ ਉਸ ਨੂੰ ਨਾਮਰਦ ਬਣਾ ਦਿੱਤਾ।
ਕੁਝ ਸਾਲ ਪਹਿਲਾਂ ਦਲਬੀਰ ਨੇ ਸਿਮਰਨ ਨਾਲ ਬੇਵਫ਼ਾਈ ਕੀਤੀ ਸੀ ਤੇ ਅੱਜ ਕੈਲੀ ਉਸ ਨਾਲ ਕਰ ਰਹੀ ਸੀ। ਹੋਣੀ ਦਲਬੀਰ ਨੂੰ ਉਸ ਦੇ ਕੀਤੇ ਹੋਏ ਦਾ ਫਲ ਦੇ ਰਹੀ ਸੀ।
ਦਲਬੀਰ ਆਪਣੀ ਸਿਹਤ ਵੱਲ ਬਹੁਤਾ ਧਿਆਨ ਨਾ ਦਿੰਦਾ। ਉਹ ਦਿਨ ਬ ਦਿਨ ਚੌੜਾ ਹੁੰਦਾ ਜਾ ਰਿਹਾ ਸੀ। ਉਹ ਸ਼ਾਮ ਨੂੰ ਖਾ ਪੀ ਕੇ ਸੋਫੇ ਤੇ ਡਿੱਗਿਆ ਰਹਿੰਦਾ ਤੇ ਸੋਚਦਾ ਰਹਿੰਦਾ। ਕੈਲੀ ਲਈ ਸਿਹਤ ਜਿੰਨੀ ਜ਼ਰੂਰੀ ਸੀ ਉਸ ਲਈ ਉਨ੍ਹੀਂ ਹੀ ਬੇਲੋੜੀ ਹੋ ਗਈ। ਦਲਬੀਰ ਦਾ ਵਧਿਆ ਹੋਇਆ ਢਿੱਡ ਕੱਪੜਿਆਂ ਪਾਇਆ ਤੇ ਵੀ ਸਾਫ਼ ਦਿਸਣ ਲੱਗ ਪਿਆ ਸੀ ਤੇ ਉਹ ਉਸਨੂੰ ਨਜ਼ਰ-ਅੰਦਾਜ਼ ਕਰਦਾ ਰਹਿੰਦਾ।
ਇਕ ਸ਼ਾਮ ਬਿੱਲੀ, ਦਲਬੀਰ ਨੂੰ ਬਹੁਤ ਤੰਗ ਕਰ ਰਹੀ ਸੀ। ਦਲਬੀਰ ਸੋਫੇ ਤੇ ਬੈਠਾ ਕਿਤਾਬ ਪੜ੍ਹ ਰਿਹਾ ਸੀ। ਉਹ ਬਿੱਲੀ ਨੂੰ ਆਪਣੀ ਟੋਕਰੀ ਵਿਚ ਬੈਠਣ ਲਈ ਕਹਿੰਦਾ ਪਰ ਉਹ ਦੂਸਰਿਆਂ ਕਮਰਿਆਂ ਨੂੰ ਦੋੜ ਜਾਂਦੀ। ਜਦੋਂ ਉਹ ਕੁਝ ਚਿਰ ਟਿਕ ਕੇ ਟੋਕਰੀ ਵਿਚ ਬੈਠੀ ਤਾਂ ਦਲਬੀਰ ਬਾਥਰੂਮ ਗਿਆ। ਹੱਥ ਧੋ ਕੇ ਜਦੋਂ ਉਹ ਤੋਲੀਏ ਨਾਲ ਪੂੰਝ ਰਿਹਾ ਸੀ। ਤਾਂ ਉਸ ਦੀ ਨਜ਼ਰ ਕੂੜੇਦਾਨ ਵਿਚ ਪਏ ਗਰਭਰੋਕੂ ਗੋਲੀਆਂ ਦੇ ਪੈਕਟ 'ਤੇ ਪਈ। ਇਕ ਪਲ ਲਈ ਉਹ ਪੱਥਰ ਹੋ ਗਿਆ। ਉਸ ਦੀ ਇਕੋ ਇਕ ਆਸ ਕੈਲੀ ਨਾਲ ਆਪਣੇ ਬੱਚੇ ਹੋਣ ਦੀ ਟੁੱਟਦੀ ਨਜ਼ਰ ਆਈ। ਸੁਪਨਿਆਂ ਦਾ ਰੇਤ-ਮਹਿਲ ਚੂਰ ਚੂਰ ਹੋ ਕੇ ਬਿਖੇਰ ਗਿਆ।
''ਇਸ ਦਾ ਮਤਲਬ ਕੈਲੀ ਨੇ ਮੈਨੂੰ ਚਾਲ ਸਾਲ ਤੋਂ ਧੋਖੇ 'ਚ ਰੱਖਿਆ'' ਦਲਬੀਰ ਦੇ ਜ਼ਖਮੀ ਦਿਲ ਨੇ ਕਿਹਾ। ਉਹ ਸੋਚਾਂ ਵਿਚ ਪਿਆ ਮੁੱਖ ਕਮਰੇ ਵਿਚ ਆਇਆ ਤਾਂ ਉਸ ਨੇ ਦੇਖਿਆ ਕਿ ਕਿਤਾਬ ਦੇ ਲਾਗੇ ਰੱਖਿਆ ਪਾਣੀ ਦਾ ਗਲਾਸ ਕਿਤਾਬ 'ਤੇ ਡੁੱਲ੍ਹਿਆ ਹੈ। ਕਿਤਾਬ ਖੁੱਲ੍ਹੀ ਹੋਣ ਕਰਕੇ ਸਾਰੀ ਗਿੱਲੀ ਹੋ ਗਈ ਹੈ। ਲਾਗੇ ਹੀ ਬਿੱਲੀ ਬੈਠੀ ਸੀ।
ਬਿੱਲੀ ਦੀਆਂ ਬਿੱਲੀਆਂ ਅੱਖਾਂ ਵਿਚ ਉਸ ਨੂੰ ਕੈਲੀ ਨਜ਼ਰ ਆਈ। ਉਹ ਦਲਬੀਰ ਨੂੰ ਹੱਸ ਹੱਸ ਕੇ ਚਿੜਾ ਰਹੀ ਸੀ ''ਤੂੰ ਦਸ ਹੁਣ ਮੇਰਾ ਕੀ ਕਰ ਲਵੇਗਾਂ? ਮੈਂ ਤਾਂ ਇਹਦਾ ਹੀ ਜ਼ਿੰਦਗੀ ਦੇ ਮਜ਼ੇ ਲੈਣੇ ਆਂ "ਜਿੱਥੇ ਜੋ ਜੀ ਕਰੂਗਾਂ, ਕਰੂਗੀ! ਤੂੰ ਕੋਣ ਹੁੰਦਾ ਆਂ, ਮੈਨੂੰ ਰੋਕਣ ਵਾਲਾ? ਮੇਰੇ ਲਈ ਤਾਂ ਤੂੰ ਰਾਤਰੀ ਕਮੀਜ਼ ਦੇ ਬਰਾਬਰ ਆਂ, ਪਾ ਲਈ, ਨਾ ਪਾਈ ਇਕੋ ਗੱਲ ਆਂ''
ਇਨ੍ਹਾਂ ਸੂਲ਼ਾਂ ਵਰਗੇ ਸ਼ਬਦਾਂ ਨੇ ਦਲਬੀਰ ਦੇ ਮਨ ਦੀ ਅੱਗ ਤੇ ਤੇਲ ਪਾਉਣ ਵਾਲੀ ਗੱਲ ਕੀਤੀ। ਉਹ ਗੁੱਸੇ ਦੀ ਹੱਦ ਟੱਪ ਗਿਆ ਤੇ ਉਸਨੇ ਕਿਤਾਬ ਚੁੱਕ ਕੇ ਬੇਜ਼ਬਾਨ ਬਿੱਲੀ ਦੇ ਮਾਰੀ। ਕਿਤਾਬ ਬਿੱਲੀ ਦੇ ਲੱਤ ਤੇ ਲੱਗੀ। ਉਹ ਮਿਆਉ-ਮਿਆਉ ਕਰਦੀ ਲੜਖੜਾਉਂਦੀ ਹੋਈ ਆਪਣੀ ਟੋਕਰੀ ਵਿਚ ਜਾ ਬੈਠੀ।
ਕੈਲੀ ਦੇ ਘਰ ਵਿਚ ਦਲਬੀਰ ਦਾ ਦਮ ਘੁੱਟਣ ਲਗ ਪਿਆ ਸੀ। ਉਹ ਤਾਜ਼ੀ ਹਵਾ ਲਈ ਪਾਰਕ ਨੂੰ ਚਲਾ ਗਿਆ।
ਦਲਬੀਰ ਦੇ ਜਾਣ ਤੋਂ ਬਾਅਦ ਕੈਲੀ ਨੇ ਜਦੋਂ ਘਰ ਆ ਕੇ ਦਰਵਾਜ਼ਾ ਖੋਲਿਆਂ ਤੇ ਤਾਂ ਉਸਨੂੰ ਹੈਰਾਨੀ ਹੋਈ ਕਿ ਅੱਗੇ ਤਾਂ ਜਦੋਂ ਉਹ ਆਉਂਦੀ ਹੁੰਦੀ ਹੈ ਤਾਂ ਬਿੱਲੀ ਦੋੜ ਕੇ ਉਸ ਦੀਆਂ ਲੱਤਾਂ ਨਾਲ ਘਿਸੜਨ ਲੱਗ ਪੈਂਦੀ ਸੀ ਤੇ ਉਹ ਅੱਜ ਕਿਉਂ ਨਹੀਂ ਆਈ। ਉਸ ਨੇ ਦੋ-ਤਿੰਨ ਬਾਰੀ ''ਟਾਈਗਰ, ਮੇਰਾ ਟਾਈਗਰ'' ਪੁਕਾਰਿਆ। ਪਰ ਉਹ ਨਾ ਆਈ। ਟੋਕਰੀ ਵਿਚ ਬੈਠੀ ਬਿੱਲੀ ਨੇ ਜਦੋਂ ਕੈਲੀ ਨੂੰ ਦੇਖਿਆ ਤਾਂ ਉਸ ਨੇ ਕੈਲੀ ਕੋਲ ਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਕੈਲੀ ਨੇ ਦੇਖਿਆ ਕਿ ਉਹ ਲੜਖੜਾ ਰਹੀ ਹੈ। ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਸੱਟ ਬਿੱਲੀ ਦੇ ਨਹੀਂ, ਉਹਦੇ ਲੱਗੀ ਹੋਵੇ। ਕੈਲੀ ਦਾ ਦਿਲ ਰੋਣ ਨੂੰ ਕਰ ਉਠਿਆ।
''ਮੇਰੇ ਟਾਈਗਰ ਨੂੰ ਕੀ ਹੋਇਆ?'' ਜਿਵੇਂ ਇਕ ਮਾਂ ਆਪਣੇ ਛੋਟੇ ਬੱਚੇ ਨੂੰ ਸੱਟ ਲੱਗਣ ਤੇ ਪੁੱਛਦੀ ਹੈ, ਕੈਲੀ ਨੇ ਉਸੇ ਤਰਾਂ ਬਿੱਲੀ ਨੂੰ ਪੁੱਛਿਆ।
ਜਦ ਫਰਸ਼ ਤੇ ਪਈ ਗਿੱਲੀ ਕਿਤਾਬ ਤੇ ਕੈਲੀ ਦੀ ਨਜ਼ਰ ਪਈ ਉਸ ਨੂੰ ਸਾਰੀ ਗੱਲ ਸਮਝਦਿਆਂ ਦੇਰ ਨਾ ਲੱਗੀ। ਉਹ ਗੁੱਸੇ 'ਚ ਅੱਗ ਬੂਬਲਾ ਹੋ ਗਈ। ਕੈਲੀ ਨੇ ਮਨ ਹੀ ਮਨ ਵਿਚ ਇਕ ਵੱਡਾ ਫੈਸਲਾ ਕਰ ਲਿਆ। ਉਹਨੇ ਆਪਣੇ ਨਵੇਂ ਦੋਸਤ ਕਾਲੇ ਨੂੰ ਬੁਲਾਇਆ।
ਦਲਬੀਰ ਕੁਝ ਘੰਟਿਆਂ ਬਾਅਦ ਘਰ ਅੱਗੇ ਆਇਆ। ਸੁੱਕੇ ਬੁੱਲ੍ਹ, ਉਲਝੇ ਵਾਲ, ਕਮੀਜ਼ ਦਾ ਇਕ ਪਾਸਾ ਪੈਂਟ ਤੋਂ ਬਾਹਰ ਤੇ ਇਕ ਅੰਦਰ, ਉਸ ਦੇ ਹਾਲਤ ਖ਼ੁਦ ਬਿਆਨ ਕਰ ਰਹੇ ਸਨ। ਪਰ ਜਦ ਉਸਨੇ ਆਪਣਾ ਸਮਾਨ ਘਰ ਦੇ ਬਾਹਰ ਪਾਇਆ। ਉਸ ਨੂੰ ਇੰਝ ਲੱਗਾ ਜਿਵੇਂ ਉਸਦੇ ਲਾਗੇ ਕੋਈ ਬੰਬ ਆ ਫਟਿਆ ਹੋਵੇ ਤੇ ਉਹ ਬੋਲਾ ਤੇ ਬਹਿਰਾ ਹੋ ਗਿਆ ਹੋਵੇ। ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਦਰਵਾਜ਼ੇ ਤੇ ਲੱਗੀ ਘੰਟੀ ਵਜਾਈ। ਕੈਲੀ ਨੇ ਦਰਵਾਜ਼ਾ ਖੋਲਿਆਂ।
''ਕੈਲੀ ਮੇਰਾ ਕਸੂਰ ਕੀ ਹੈ?'' ਜਿਵੇਂ ਕੋਈ ਭਿਖਾਰੀ ਕਿਸੇ ਦੀ ਕੋਠੀ ਅੱਗੇ ਭੀਖ ਮੰਗ ਰਿਹਾ ਹੁੰਦਾ ਹੈ ਉਂਜ ਹੀ ਦਲਬੀਰ ਨੇ ਤਰਸ ਭਰੀ ਅਵਾਜ਼ ਵਿਚ ਕੈਲੀ ਤੋਂ ਪੁੱਛਿਆ।
''ਪਹਿਲਾਂ ਆਪਣੇ ਆਪ ਨੂੰ ਦੇਖ, ਫੇਰ ਪੁੱਛ, ਤੂੰ ਉਹ ਹੀ ਹੈ ਜਿਸ ਨੂੰ ਮੈਂ ਪਿਆਰ ਕੀਤਾ ਸੀ?'' ਕੈਲੀ ਨੇ ਕਚੀਚੀਆਂ ਵੱਟਦੀ ਨੇ ਕਿਹਾ।
ਉਸਨੇ ਇੰਨਾ ਹੀ ਕਿਹਾ ਸੀ ਕਿ ਪਿਛੋਂ ਇਕ ਮਰਦਾਵੀਂ ਅਵਾਜ਼ ਆਈ ਤੇ ਕੈਲੀ ਨੇ ਜ਼ੋਰ ਦੀ ਦਰਵਾਜ਼ਾ ਬੰਦ ਕੀਤਾ ਤੇ ਚਲੀ ਗਈ। ਦਲਬੀਰ ਦੇ ਸਾਰੇ ਸਵਾਲ ਬੰਦ ਦਰਵਾਜ਼ੇ ਨਾਲ ਟਕਰਾ ਕੇ ਵਾਪਸ ਆ ਗਏ।
ਦਲਬੀਰ ਨੂੰ ਪੌੜੀਆਂ 'ਚ ਕਿਸੇ ਦੇ ਕਦਮਾਂ ਦੀ ਆਹਟ ਸੁਣੀ। ਉਹ ਇਕ ਦਮ ਅਭੜਵਾਹੇ ਉਠ ਕੇ ਬੈਠ ਗਿਆ। ਸਿਮਰਨ ਦੁੱਧ ਦਾ ਗਿਲਾਸ ਲੈ ਕੇ ਅੰਦਰ ਵੜੀ। ਦਲਬੀਰ ਦੀਆਂ ਨਸਾਂ ਵਿਚ ਖੂਨ ਤੇਜ਼ ਦੌੜਨ ਲੱਗ ਪਿਆ। ਇਹ ਉਹੀ ਪਲ ਸਨ, ਜਿਸ ਦੀ ਸੋਚ ਨੇ ਦਲਬੀਰ ਨੂੰ ਸਾਰੇ ਸਫ਼ਰ ਵਿਚ ਸੂਲੀ ਤੇ ਟੰਗ ਰੱਖਿਆ ਸੀ। ਆਪਣੇ ਆਪ ਨੂੰ ਕਾਬੂ 'ਚ ਕਰਨ ਲਈ ਉਸ ਨੇ ਬੈੱਡ ਦੇ ਢੋਅ ਨਾਲ ਪਿੱਠ ਲਾ ਲਈ ।
ਸਿਮਰਨ ਨੇ ਦੁੱਧ ਦਾ ਗਲਾਸ ਮੇਜ਼ 'ਤੇ ਰੱਖਿਆ ਤੇ ਡਰਦਿਆਂ ਡਰਦਿਆਂ ਬੈੱਡ ਦੇ ਇਕ ਕੋਨੇ ਵਿਚ ਕਸੂਰਵਾਰ ਅਪਰਾਧੀ ਦੀ ਤਰ੍ਹਾਂ ਸਿਮਟ ਕੇ ਗਈ।
ਦਲਬੀਰ ਕੋਲ ਜਿਵੇਂ ਲਫਜ਼ ਮੁੱਕ ਗਏ ਸਨ। ਗੱਲਾਂ ਬੁੱਲ੍ਹਾਂ ਨਾਲ ਟਕਰਾ ਕੇ ਪਿੱਛੇ ਮੁੜ ਜਾਂਦੀਆਂ ਸਨ। ਉਹ ਕੀ ਕਹੇ, ਕਿਥੋਂ ਗੱਲ ਸ਼ੁਰੂ ਕਰੇ, ਉਸਨੂੰ ਸਮਝ ਨਹੀਂ ਸੀ ਆਉਂਦੀ ।
''ਸਿਮਰ, ਕੀ ਹਾਲ ਐ ਤੇਰਾ'', ਅਚੇਤ ਆਪਣੇ ਆਪ ਇਹ ਸ਼ਬਦ ਉਹਦੇ ਮੂੰਹੋਂ ਨਿਕਲ ਗਏ।
''ਠੀਕ ਐ'',
ਸਿਮਰਨ ਦਾ ਸਿਰਫ਼ ਇੰਨਾ ਜੁਆਬ ਦਲਬੀਰ ਲਈ ਕਾਫ਼ੀ ਨਹੀਂ ਸੀ। ਉਹ ਚਾਹੁੰਦਾ ਸੀ, ਸਿਮਰਨ ਉਸ ਤੇ ਗੁੱਸੇ ਹੋਵੇ, ਲੜੇ, ਉਲਾਂਭੇ ਦੇਵੇ, ਪਰ ਉਹ ਸ਼ਾਂਤ ਪਾਣੀ ਵਾਂਗ ਚੁੱਪ ਚਾਪ ਬੈਠੀ ਸੀ। ਦਲਬੀਰ ਉਸਦੇ ਚਿਹਰੇ ਤੋਂ ਕੁਝ ਪੜ੍ਹਨ 'ਚ ਅਸਮਰਥ ਸੀ। ਚੰਦ ਸ਼ਬਦਾਂ ਮਗਰੋਂ ਚੁੱਪੀ ਦੋਹਾਂ ਨੂੰ ਖਾਣ ਲੱਗੀ।
ਦਲਬੀਰ ਨੇ ਆਪਣੇ ਉਬਲਦੇ ਮਨ ਨੂੰ ਕਾਬੂ ਕਰਦਿਆਂ ਕਿਹਾ, ''ਸਿਮਰਨ, ਮੈਂ ਤੇਰਾ ਗੁਨਾਹਗਾਰ ਹਾਂ। ਭਾਵੇਂ ਇਹ ਬੱਜਰ ਗੁਨਾਹ ਮਾਫ਼ ਕਰਨ ਦੇ ਲਾਇਕ ਨਹੀਂ, ਪਰ ਹੋ ਸਕੇ ਤਾਂ ਮਾਫ਼ ਕਰ ਦੇਵੀ'' ਇਹਨਾਂ ਸ਼ਬਦਾਂ ਦੇ ਨਾਲ ਹੀ ਦਲਬੀਰ ਦਾ ਰੋਕਿਆ ਹੰਝੂਆਂ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਦੀਆ ਭੁੱਬਾਂ ਨਿਕਲ ਗਈਆਂ।
ਸਿਮਰਨ ਘਬਰਾ ਗਈ।
''ਨਹੀਂ, ਨਹੀਂ ਤੁਸੀਂ ਕੋਈ ਗੁਨਾਹ ਨਹੀਂ ਕੀਤਾ। ਇਹ ਤਾਂ ਕਿਸਮਤਾਂ ਦੇ ਸੌਦੇ ਆਂ। ਨਾਲੇ, ਫਿਰ ਤੁਸੀਂ ਕੋਈ ਅਲੋਂਕਾਰ ਗੱਲ ਤਾਂ ਨਹੀਂ ਕੀਤੀ। ਔਲਾਦ ਖਾਤਰ ਲੋਕੀਂ ਸੋ ਸੋ ਜਫਰ ਜਾਲਦੇ ਐ।''
''ਸਿਮਰਨ ਤੂੰ ਬਹੁਤ ਮਹਾਨ ਏ'', ਉਹ ਭੁੱਬ ਮਾਰ ਕੇ ਉਹਦੀ ਬੁੱਕਲ ਵਿਚ ਬੱਚੇ ਵਾਂਗ ਡਿੱਗ ਪਿਆ।
''ਮੈਂ ਕਮੀਨਾ ਹਾਂ, ਘਟੀਆ ਹਾਂ, ਧੋਖੇਬਾਜ਼ ਹਾਂ, ਮੈਨੂੰ ਮੇਰੇ ਕੀਤੇ ਦੀ ਸਜ਼ਾ ਮਿਲ ਗਈ ਏ, ਮੈਂ ਤੈਨੂੰ ਦੁਬਾਰਾ ਪਾਉਣਾ ਚਾਹੁੰਦਾ ਹਾਂ, ਉਸ ਸਿਮਰਨ ਨੂੰ ਜਿਸ ਨੂੰ ਮੈਂ ਕਦੇ ਬਹੁਤ ਚਾਹਿਆ ਸੀ।''
''ਮੈਂ ਤਾਂ ਸਦਾ ਹੀ ਤੁਹਾਡੀ ਸਾਂ, ਤੁਹਾਡੀ ਹਾਂ ਤੇ ਤੁਹਾਡੀ ਰਹਾਂਗੀ।''