ਨਿੱਕੀਆਂ ਕਹਾਣੀਆਂ:
ਬੱਚਤ, ਛੁੱਟੀ, ਬੋਲੀ, ਫ਼ਰਕ
ਲੇਖਕ: ਹੈਪੀ ਮਾਨ ਜਮਸ਼ੇਰ
ਹਰਦੀਪ ਸਿੰਘ ਮਾਨ |
ਬੱਚਤ
''ਕਿਥੋਂ ਆਈ ਆ ਇੰਨੀ ਲੇਟ?'' ਪਤੀ ਨੇ ਸ਼ਰਾਬ ਦਾ ਪੈੱਗ ਮੇਜ਼ ਤੇ ਰੱਖਦਿਆਂ ਘੂਰ ਕੇ ਪੁੱਛਿਆ।
''ਆ, ਬਿੱਲਾ ਸਟੋਰ 'ਚ ਇਕ ਸ਼ਲਿੰਗ ਦੁੱਧ ਸਸਤਾ ਲੱਗਾ ਆ, ਉਹ ਲੈਣ ਗਈ ਸੀ'' ਪਤਨੀ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ।
''ਹੂੰ'' ਪਤੀ ਨੇ ਦਾਰੂ ਦੇ ਨਸ਼ੇ 'ਚ ਘਗੂਰਾ ਮਾਰ ਕੇ ਪਤਨੀ ਨੂੰ ਜਵਾਬ ਦਿੱਤਾ ਤੇ ਸੰਤੁਸ਼ਟ ਹੋ ਕੇ ਲਾਟਰੀ ਦੀ ਪਰਚੀ ਦੇ ਨੰਬਰਾਂ ਤੇ ਕਾਂਟੇ ਮਾਰਨ ਵਿਚ ਬਿਜ਼ੀ ਹੋ ਗਿਆ।
ਛੁੱਟੀ
ਸ਼ਨੀਵਾਰ ਦਾ ਦਿਨ। ਪਤੀ ਮੇਜ਼ 'ਤੇ ਲੱਤਾਂ ਰੱਖ ਕੇ ਸੋਫੇ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਪਤਨੀ ਰਸੋਈ ਵਿਚ ਸਫ਼ਾਈ ਕਰ ਰਹੀ ਸੀ। ਉਸ ਦੇ ਅੰਦਰ ਇਕ ਚਿਰਾਂ ਤੋਂ ਸੁੱਤਾ ਲਾਵਾ ਉੱਠਣ ਨੂੰ ਕਰ ਰਿਹਾ ਸੀ। ਅਚਾਨਕ ਉਸ ਦੇ ਕੰਨੀਂ ਪਤੀ ਦੇ ਬੋਲ ਪਏ।
''ਛੁੱਟੀ ਹੁੰਦੀ ਏ ਬਈ, ਮਜ਼ੇ ਕਰਨ ਨੂੰ, ,,ਅਜਾ ਘੜੀ ਬੈਠਦੇ ਆ, ਪੈੱਗ-ਛੈੱਗ ਲਾਉਂਦੇ ਆਂ'' ਪਤੀ ਟੈਲੀਫੂਨ 'ਤੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ।
ਇਹ ਗੱਲ ਸੁਣਦੇ ਸਾਰ ਹੀ ਜਿਵੇਂ ਜਵਾਲਾਮੁਖੀ ਨੇ ਮੂੰਹ ਖੋਲ੍ਹ ਦਿੱਤਾ। ਉਹ ਬੇਸਬਰੀ ਨਾਲ ਪਤੀ ਦੀ ਗੱਲਬਾਤ ਖ਼ਤਮ ਹੋਣ ਦੀ ਉਡੀਕ ਕਰਨ ਲੱਗ ਪਈ।
ਜਿਵੇਂ ਹੀ ਪਤੀ ਨੇ ਟੈਲੀਫੂਨ ਰੱਖਿਆ। ਪਤਨੀ ਰਸੋਈ ਦਾ ਹਥਲਾ ਕੰਮ ਛੱਡ ਕੇ ਕਮਰੇ ਵਿਚ ਆ ਗਈ ਤੇ ਦਿਲ ਦਾ ਗੁਬਾਰ ਕੱਢਣਾ ਸ਼ੁਰੂ ਕੀਤਾ।
''ਨਾ ਤੁਸੀਂ ਕਹਿੰਦੇ ਆਂ, ਛੁੱਟੀ ਮਜ਼ੇ ਕਰਨ ਲਈ ਹੁੰਦੀ ਏ। ਪਰ ਮੇਰੀਆਂ ਤਾਂ ਦੋਵੇਂ ਛੁੱਟੀਆਂ ਘਰ ਦੇ ਨਿੱਕੇ-ਮੋਟੇ ਕੰਮ ਸੰਵਾਰਦਿਆਂ ਹੀ ਨਿਕਲ ਜਾਂਦੀਆਂ ਹਨ। ਅਰਾਮ ਤਾਂ ਦੂਰ ਦੀ ਗੱਲ ਰਹੀ, ਇੱਥੇ ਤਾਂ ਦੋ ਘੜੀ ਢੂਈ ਸਿੱਧੀ ਕਰਨ ਨੂੰ ਵੀ ਟਾਈਮ ਨਹੀਂ ਲੱਗਦਾ। ,,ਬਾਕੀਆਂ ਦਿਨਾਂ 'ਚ ਵੀ ਪਹਿਲਾਂ ਅੱਠ ਘੰਟੇ ਫਰਮ 'ਚ ਹੱਡ ਭਨਾਓ ਫੇਰ ਘਰ ਆ ਕੇ ਰੋਟੀ-ਸ਼ਬਜੀ ਬਣਾਓ। ਅਸੀਂ ਜ਼ਨਾਨੀਆਂ ਨਾ ਹੋਈਆਂ ਮਸ਼ੀਨਾਂ ਹੋਈਆਂ।
ਪਤੀ ਕਿਸੇ ਚਾਬੀ ਵਾਲੇ ਖਿਡੌਣੇ ਦਾ ਤਰਾਂ ਝੂਠੇ ਭਾਂਡੇ ਮੇਜ਼ ਤੋਂ ਚੁੱਕ ਕੇ ਰਸੋਈ ਵੱਲ ਨੂੰ ਹੋ ਲਿਆ।
ਬੋਲੀ
''ਪੁੱਤ ਮੀਤੇ ਮੈਨੂੰ ਦੇਸ ਭੇਜਦੇ, ਮੇਰਾ ਨੀ ਇੱਥੇ ਜੀ ਲਗਦਾ'' ਜਦੋਂ ਇਹ ਬੋਲ ਮੀਤੇ ਦੇ ਕੰਨੀਂ ਪਏ ਤਾਂ ਉਸਨੇ ਹੈਰਾਨੀ ਨਾਲ ਮਾਂ ਵੱਲ ਦੇਖਿਆ। ਕੁਝ ਪਲ ਸੋਚ ਕੇ ਉਸਨੇ ਕਿਹਾ।
''ਬੇਬੇ ਉਦੋਂ ਤਾਂ ਕਾਹਲੀ ਹੋਈ ਸੀ ਕਿ ਮੈਨੂੰ ਮੇਰੇ ਪੋਤੇ-ਪੋਤਰੀਆਂ ਕੋਲੋਂ ਸੱਦ ਲੈ, ਹੁਣ ਕੀ ਬਿੱਲੀ ਛਿੱਕ ਗਈ?''
''ਉਦੋਂ ਪੁੱਤ ਸੋਚਦੀ ਸਾਂ, ਪੋਤੇ-ਪੋਤਰੀਆਂ 'ਚ ਰਹਾਂਗੀ, ਜੀ ਲੱਗਾ ਰਹੇਗਾ, ਪਰ ਇਹ ਤਾਂ ਆਪਣੀ ਗਿੱਟ-ਮਿੱਟ ਕਰਦੇ ਰਹਿੰਦੇ ਆਂ, ਨਾ ਮੈਨੂੰ ਇਨ੍ਹਾਂ ਦੀ ਗੱਲ ਸਮਝ ਲੱਗਦੀ ਆਂ, ਨਾ ਇਨ੍ਹਾਂ ਨੂੰ ਮੇਰੀ,, ਉਥੇ ਬੰਦਾ ਸੋ ਕਿਸੇ ਨਾਲ ਦੁੱਖ-ਸੁੱਖ ਸਾਂਝਾ ਕਰ ਲੈਂਦਾ ਹੈ'' ਮਾਂ ਨੇ ਆਪਣੀ ਮਜਬੂਰੀ ਦੱਸੀ।
ਮਾਂ ਦੀਆਂ ਗੱਲਾਂ ਸੁਣ ਉਹ ਸਿਰ ਫੜ੍ਹ ਕੇ ਸੋਚਣ ਲੱਗਾ ਕਿ ਨਿਆਣਿਆਂ ਕੋਲੋਂ ਜਰਮਨ ਸਿੱਖਣ ਦੇ ਲਾਲਚ ਨਾਲ ਉਹ ਹਮੇਸ਼ਾ ਘਰ ਵਿਚ ਜਰਮਨ ਬੋਲੀ ਵਿਚ ਹੀ ਗੱਲ ਕਰਦੇ ਰਹਿੰਦੇ ਸਨ। ਪੰਜਾਬੀ ਕਦੇ ਬੋਲੀ ਹੀ ਨਹੀਂ ਤੇ ਜਿਸ ਦਾ ਸਿੱਟਾ ਇਹ ਹੈ ਕਿ ਮਾਂ ਆਪਣੇ ਹੀ ਘਰ ਵਿਚ ਬੇਗਾਨਿਆਂ ਵਾਂਗ ਬੈਠੀ ਰਹਿੰਦੀ ਆ।
ਫ਼ਰਕ
''ਕਿੱਦਾਂ, ਕੀ ਫ਼ਰਕ ਲੱਗਿਆ, ਅਸਟਰੀਆ ਤੇ ਇੰਡੀਆ 'ਚ?'' ਇਕ ਦੋਸਤ ਨੇ ਨਵੇਂ ਆਏ ਦੋਸਤ ਨੂੰ ਪੁੱਛਿਆ।
''ਜਦ ਇੰਡੀਆ ਸੀ ਤਾਂ ਮੌਜਾਂ ਸਨ , ਕਾਪੀ ਪੈਂਟ 'ਚ ਫਸਾਈ, ਮੋਟਰ-ਸਾਈਕਲ ਤੇ ਲੱਤ ਦਿੱਤੀ, ਚੱਲ ਕਾਲਜ, ਉੱਥੇ ਕੁੜੀਆਂ-ਚਿੜੀਆਂ ਨਾਲ ਚਾਹ-ਕਾਫ਼ੀ ਪੀਤੀ, ਗੱਪ-ਸ਼ੱਪ ਮਾਰੀ, ਫੇਰ ਘਰ ਆ ਗਏ, ਘਰ ਪੱਕੀ-ਪਕਾਈ ਖਾਂਦੀ ਤੇ ਲੰਬੀਆਂ ਤਾਣ ਕੇ ਸੌਂ ਗਏ।
'ਤੇ ਇੱਥੇ?''
''ਇੱਥੇ ਤਾਂ ਫ਼ਿਕਰਾਂ ਨੇ ਲੈ ਲਿਆ , ਰਾਤ-ਦਿਨ ਕੰਮ ਦਾ ਫ਼ਿਕਰ, ਅਜ਼ੀਲ ਵਧਾਉਣ ਦਾ ਫ਼ਿਕਰ, ਕਰਜ਼ਾ ਲਾਉਣ ਦਾ ਫ਼ਿਕਰ , ਸਾਲੀ! ਨੀਂਦ ਵੀ ਚੱਜ ਨਾਲ ਨਹੀਂ ਆਉਂਦੀ , ਹੋਰ ਤਾਂ ਹੋਰ, ਹਰ ਗੋਰੀ ਕੁੜੀ ਅਸਟਰੀਅਨ ਪਾਸਪੋਰਟ ਨਜ਼ਰ ਆਉਂਦੀ ਆ , ਪਰ ਇਕ ਗੱਲ ਆ ,''
''ਉਹ ਕਿਹੜੀ?''
''ਜਦ ਇਕ ਦੇ ਤਿੰਨ ਬਣਦੇ ਤਾਂ ਸਭ ਦੁੱਖ ਦੂਰ ਹੋ ਜਾਂਦੇ ਆ।''