ਜਦ ਅਸਟਰੀਆ ਦੀ ਧਰਤੀ ਤੇ ਢੋਲ ਵੱਜਿਆ
ਰਿਪੋਰਟ ਤੇ ਰਚਨਾ: ਹੈਪੀ ਮਾਨ ਜਮਸ਼ੇਰ
ਅਸਟਰੀਆ (ਵੀਆਨਾ) ਵਿਚ 16 ਤੋਂ 23 ਸਤੰਬਰ (2000) ਤੱਕ, ਸਥਾਨਕ ਕੰਪਨੀਆਂ ਵਲੋਂ ਚੌਥੀ ਵਾਰ ''ਹੱਲਾ-ਮੱਚ ਮੇਲਾ'' (ਅੰਤਰਰਾਸ਼ਟਰੀ ਬਹੁ-ਸਭਿਆਚਾਰਕ ਪ੍ਰੋਗਰਾਮ) ਕਰਵਾਇਆ ਗਿਆ। ਇਸ ਮੇਲੇ ਦਾ ਨਿਸ਼ਾਨ ਇਕ ਹੱਸਦਾ ਹੋਇਆ ਸੂਰਜ ਸੀ। ਮੇਲਾ, ਦੂਸਰੇ ਮੁਲਕਾਂ ਦੇ ਕਲਚਰ ਦਾ ਆਦਰ-ਸਤਿਕਾਰ ਤੇ ਨਵੇਂ ਵਿਚਾਰਾਂ ਦਾ ਅਦਾਨ-ਪ੍ਰਦਾਨ ਦੇ ਮਕਸਦ ਨਾਲ ਹੋਇਆ। ਜਿਸ ਵਿਚ ਸਾਰੀ ਦੁਨੀਆ ਦੇ ਕਲਾਕਾਰ, ਸੰਗੀਤਕਾਰ, ਗਾਇਕ, ਡਾਂਸਰ ਤੇ ਸ਼ਾਇਰ ਸੱਦੇ ਗਏ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਫਿਲਮਾਂ ਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਪਰ ਇਸ ਵਾਰ ''ਇੰਡੀਆ-ਅਸਟਰੀਆ ਫ਼ਰੈਂਡਸ਼ਿਪ ਐਸੋਸੀਏਸ਼ਨ'' ਤੇ ਰਾਧਾ ਅੰਜਲੀ ਦੇ ਸਹਿਯੋਗ ਨਾਲ ਇੰਡੀਆ ਤੋਂ ਖਾਲਸਾ ਕਾਲਜ ਜਲੰਧਰ ਵਲੋਂ 16 ਨੌਜਵਾਨਾਂ ਦੀ ਭੰਗੜਾ ਟੀਮ ਸੱਦੀ ਗਈ। 22 ਸਤੰਬਰ ਨੂੰ ''ਗਲੋਬਲ ਮਿਕਸ'' ਪ੍ਰੋਗਰਾਮ ਵਿਚ ਵੱਖ ਵੱਖ ਮੁਲਕਾਂ ਤੋਂ ਆਏ ਕਲਾਕਾਰਾਂ ਨੇ ਆਪਣੇ ਪ੍ਰੋਗਰਾਮ ਨਾਲ ਇਕ ਹਾਊਸ ਫੁੱਲ ਹਾਲ ਵਿਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਿਸ ਵਿਚ ਭੰਗੜਾ ਟੀਮ ਨੇ ਵੀ ਆਪਣਾ ਅਲਬੇਲਾਪਣ ਦਿਖਾਇਆ। ਹਾਲਾਂਕਿ ਕਈ ਟੀਮਾਂ ਨੇ ਮਾਡਰਨ ਸੰਗੀਤ ਸਾਜ਼ਾਂ ਨਾਲ ਆਪਣਾ ਪ੍ਰੋਗਰਾਮ ਪੇਸ਼ ਕੀਤੇ। ਪਰ ਭੰਗੜਾ ਟੀਮ ਨੇ ਸਿਰਫ਼ ਇਕ ਢੋਲ ਤੇ ਆਪਣੀ ਮਿਹਨਤ ਸਦਕਾ ਪ੍ਰੋਗਰਾਮ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਇਸੇ ਕਰਕੇ ਸੰਭਵ ਹੋ ਸਕਿਆ ਕਿਉਂਕਿ ਦੇਸ਼ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣਾ ਪੰਜਾਬੀਆਂ ਦਾ ਮੁੱਢਲਾ ਫ਼ਰਜ਼ ਰਿਹਾ ਹੈ।
23 ਸਤੰਬਰ ਦੀ ਸ਼ਾਮ ਨੂੰ ਵੀਆਨਾ ਦੇ ਸਭ ਤੋ ਸੋਹਣੇ ਬਜ਼ਾਰ ਵਿਚ ਸਾਰੀ ਦੁਨੀਆ ਤੋਂ ਆਏ ਹੋਏ 30 ਗਰੁੱਪਾਂ ਨੇ ਪੈਦਲ ਤੇ ਟਰੱਕਾਂ ਤੇ ਝਲਕੀਆਂ ਪੇਸ਼ ਕੀਤੀਆਂ। ਜਿੱਥੇ ਲਗਭਗ 1,50,000 ਲੋਕਾਂ ਦਾ ਸਮੁੰਦਰ ਦੀ ਤਰ੍ਹਾਂ ਛੱਲਾਂ ਮਾਰਦਾ ਇਕੱਠ ਪ੍ਰਤੱਖ ਦਿਖਾਈ ਦੇ ਰਿਹਾ ਸੀ। ਰਾਧਾ ਅੰਜਲੀ ਜੋ ਇਕ ਆਸਟਰੀਅਨ ਔਰਤ ਹੈ, ਉਸ ਨੇ ਭੰਗੜਾ ਟੀਮ ਦੇ ਟਰੱਕ ਦੀ ਸਜਾਵਟ ਦਾ ਖਰਚਾ ਆਪਣੇ ਜ਼ਿੰਮੇ ਲਿਆ। ਉਸ ਨੇ ਟਰੱਕ ਤੇ ਬਹਿ ਕੇ ਔਰਤਾਂ ਨੂੰ ਬਿੰਦੀਆਂ ਭੇਂਟ ਕੀਤੀਆਂ ਤੇ ਭਾਰਤੀਆਂ ਦਾ ਮਾਣ ਵਧਾਇਆ। ਬਾਅਦ ਵਿਚ ਉਹ ਸਾਰਿਆਂ ਨੂੰ ਆਪਣੇ ਘਰ ਲੈ ਕੇ ਗਈ ਤੇ ਦਾਲ ਚੌਲ ਖਲ਼ਾਏ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਭਾਰਤੀ ਹੁੰਦੇ ਹੋਏ ਆਪਣੇ ਸਭਿਆਚਾਰ, ਵਿੱਦਿਆ ਤੇ ਖੇਲਾਂ ਤੋਂ ਬੇਮੁਖ ਹੋ ਕੇ ਨਸ਼ਿਆਂ ਵੱਲ ਜਾ ਰਹੇ ਹਾਂ ਤੇ ਰਾਧਾ ਅੰਜਲੀ ਆਸਟਰੀਅਨ ਔਰਤ ਹੋਣ ਦੇ ਬਾਵਜੂਦ ਸਾਡੇ ਕਲਚਰ ਦਾ ਕਿੰਨਾ ਮਾਨ-ਸਤਿਕਾਰ ਕਰਦੀ ਹੈ। ਸਾਨੂੰ ਇਹੋ ਜਿਹੀ ਮਹਾਨ ਔਰਤ ਤੋ ਸਿੱਖਿਆ ਲੈਣੀ ਚਾਹੀਦੀ ਹੈ।
ਅੰਤ ਵਿਚ ਰਾਤ ਨੂੰ ਇਕ ਓਪਨ ਏਅਰ ਸਟੇਜ ਤੇ ਮੇਲਾ ਲਾਇਆ ਗਿਆ। 800 ਦੇ ਕਰੀਬ ਦਰਸ਼ਕਾਂ ਨੇ ਭੰਗੜਾ ਟੀਮ ਤੇ ਹੋਰ ਪ੍ਰੋਗਰਾਮਾਂ ਦਾ ਆਨੰਦ ਉਠਾਇਆ। ਹਾਲਾਂਕਿ ਸਟੇਜ ਤੇ ਛੋਟੀਆਂ ਛੋਟੀਆਂ ਰੋੜੀਆਂ ਖਿੱਲਰੀਆਂ ਹੋਈਆਂ ਸਨ। ਪਰ ਉਨ੍ਹਾਂ ਦੀ ਪਰਵਾਹ ਨਾ ਕਰਦੇ ਹੋਏ, ਭੰਗੜਾ ਟੀਮ ਨੇ ਨੰਗੇ ਪੈਰੀਂ ਭੰਗੜਾ ਪਾਇਆ ਤੇ ਦੁੱਲਾ, ਮਿਰਜ਼ਾ, ਹੀਰ ਤੇ ਲੋਕ-ਬੋਲੀਆਂ ਪਾਈਆਂ।
ਮੇਲੇ ਦੀ ਸੰਪਾਦਕਾ ਮੈਡਮ ਨੂਸ਼ੀਨ ਪਾਸੋਂ ਜਦ ਭੰਗੜਾ ਟੀਮ ਬਾਰੇ ਵਿਚਾਰ ਪੁੱਛੇ ਗਏ ਤਾਂ ਉਨ੍ਹਾਂ ਦੱਸਿਆ ਕਿ ਇਸ ਸਾਲ ਭੰਗੜਾ ਟੀਮ ਉਹਨਾਂ ਦੀ ਸਪੈਸ਼ਲ ਗੈਸਟ ਸੀ ਤੇ ਸਾਰੇ ਗਰੁੱਪਾਂ ਨਾਲੋਂ ਉਹ ਆਕਰਸ਼ਣ ਦਾ ਮੁੱਖ ਕੇਂਦਰ ਬਣੀ ਰਹੀ। ਝਲਕੀਆਂ ਵਿਚ ਵੀ ਉਹਨਾਂ ਦਾ ਸਭ ਤੋ ਸੋਹਣਾ ਤੇ ਖੁਸ਼ਹਾਲ ਗਰੁੱਪਾਂ ਸੀ। ਉਹ ਭੰਗੜਾ ਟੀਮ ਦੇ ਖੁਸ਼ਹਾਲ ਚਿਹਰਿਆਂ ਦੇ ਪ੍ਰਗਟਾਵੇ, ਕੱਪੜੇ, ਲਚਕੀਲਾਪਣ ਤੇ ਜੋਸ਼ ਤੋਂ ਬਹੁਤ ਪ੍ਰਭਾਵਿਤ ਹੋਈ। ਜਦ ਉਹ ਭੰਗੜਾ ਪਾਉਣ ਜਾਂਦੇ ਸਨ ਤਾਂ ਮੈਡਮ ਨੂਸ਼ੀਨ ਨੂੰ ਲੱਗਦਾ ਸੀ ਕਿ ਹੁਣ ਉਹਨਾਂ ਨੂੰ ਭੰਗੜਾ ਪਾਉਣ ਤੋਂ ਕੋਈ ਰੋਕ ਨਹੀਂ ਸਕਦਾ।
ਭੰਗੜਾ ਟੀਮ ਦੇ ਮੈਂਬਰ ਕਮਲਜੀਤ ਲਵਲੀ ਨੇ ਦੱਸਿਆ ਕਿ ਉਹਨਾਂ ਨੇ ਚਾਈਨਾ (ਹਾਂਗਕਾਂਗ), ਥਾਈਲੈਂਡ (ਬੈਂਗਕੌਕ) ਤੇ ਯੂਗੋਸਲਾਵੀਆ (ਬੈਂਲਗਰਾਡ) ਵਿਚ ਵੀ ਭੰਗੜਾ ਪਾਇਆ ਹੈ। ਉਹਨਾਂ ਨੂੰ ਬਾਕੀ ਮੁਲਕਾਂ ਨਾਲੋਂ ਅਸਟਰੀਆ ਬਹੁਤ ਸੋਹਣਾ ਲੱਗਾ। ਪਰ ਹੌਸਲਾ ਅਫ਼ਜਾਈ ਵਲੋਂ ਯੂਗੋਸਲਾਵੀਆ ਦੇ ਦਰਸ਼ਕਾਂ ਨੇ ਜ਼ਿਆਦਾ ਮਾਣ ਦਿੱਤਾ।
ਬਾਕੀ ਦੀ ਰਿਪੋਰਟ ਪੇਸ਼ ਹੈ ਇਕ ਰਚਨਾ ਦੇ ਰੂਪ ਵਿਚ:-
ਜਦ ਅਸਟਰੀਆ ਦੀ ਧਰਤੀ ਤੇ ਢੋਲੀ ਨੇ ਡੱਗਾ ਢੋਲ ਤੇ ਲਾਇਆ,
ਕੰਨਾਂ ਵਿਚ ਮੁੰਦਰਾਂ ਤੇ ਗਲਿਆਂ 'ਚ ਕੈਂਠੇ ਪਾਏ,
ਬੋਲੀ ਕਾਟੋ ਤੇ ਹੋਏ ਅਲਗੋਜ਼ਿਆਂ ਦੀ ਤਾਨ ਤੇ ਮਸਤ ਸਾਰੇ,
ਪਾ ਕੇ ਬੋਲੀਆਂ ਕਰਾ ਤੀ ਉਨ੍ਹਾਂ ਬੱਲੇ ਬੱਲੇ,
ਭੰਗੜਾ ਹੈ ਪੰਜ ਦਰਿਆਵਾਂ ਦੀ ਸ਼ਾਨ, |