ਨੈਤਿਕਤਾ ਦੇ ਆਧਾਰ 'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਲੇਖਕ: ਹਰਦੀਪ ਮਾਨ ਜਮਸ਼ੇਰ, ਅਸਟਰੀਆ
'ਟਿੱਪਣੀ' ਕਰਨਾ ਤੇ 'ਪਸੰਦ' ਬਟਨ ਫੇਸਬੁੱਕ ਗੱਡੀ ਦੀਆਂ ਦੋ ਪਟੜੀਆਂ
੧) ਜੇਕਰ ਤੁਹਾਡੀ ਪ੍ਰੋਫਾਈਲ ਤੇ ਤੁਹਾਡੀ ਕਾਰਵਾਈ (ਫੋਟੋ 'ਤੇ ਜਾਂ ਹੋਰ ਕੋਈ ਪੋਸਟ 'ਤੇ) ਸੰਬੰਧੀ ਹੋਰ ਫੇਸਬੁੱਕ ਵਰਤੋਂਕਾਰ ਟਿੱਪਣੀ ਕਰਦਾ ਹੈ ਅਤੇ ਤੁਸੀਂ ਉਸ ਦੀ ਟਿੱਪਣੀ ਨਾਲ ਸਹਿਮਤ ਹੋ ਤਾਂ ਤੁਹਾਨੂੰ ਉਸਦੀ ਟਿੱਪਣੀ ਨੂੰ 'ਪਸੰਦ' ਕਲਿੱਕ ਜ਼ਰੂਰ ਕਰਨਾ ਚਾਹੀਦਾ ਹੈ। ਇੱਥੇ 'ਪਸੰਦ' ਕਲਿੱਕ ਕਰਨ ਦਾ ਮਤਲਬ ਸਿਰਫ਼ 'ਪਸੰਦ' ਹੀ ਨਹੀ ਬਲਕਿ ਬਹੁ-ਅਰਥੀ ਸਮਝਣਾ ਚਾਹੀਦਾ ਹੈ ਜਿਵੇਂ 'ਟਿੱਪਣੀ ਕਰਨ ਲਈ ਧੰਨਵਾਦ' 'ਟਿੱਪਣੀ ਪੜ੍ਹ ਲਈ ਹੈ' ਵੀ ਸਮਝਿਆ ਜਾ ਸਕਦਾ ਹੈ।
੨) ਬਹੁਤ ਸਾਰੀਆਂ ਫੋਟੋਆਂ ਦੀ ਐਲਬਮ ਵਿਚ ਫੋਟੋਆਂ ਪਸੰਦ ਹੋਣ ਦੇ ਬਾਵਜੂਦ ਜੇਕਰ ਕੱਲੀ ਕੱਲੀ ਫੋਟੋ ਨੂੰ 'ਪਸੰਦ' ਕਲਿੱਕ ਕਰਨ ਦਾ ਤੁਹਾਡਾ ਹੌਸਲਾ ਨਹੀਂ ਪੈ ਰਿਹਾ ਹੈ ਤਾਂ ਘੱਟੋ-ਘੱਟ ਫੋਟੋ-ਐਲਬਮ ਨੂੰ 'ਪਸੰਦ' ਕਲਿੱਕ ਕਰ ਦੇਣਾ ਚਾਹੀਦਾ ਹੈ।
੩) ਇਸੇ ਤਰ੍ਹਾਂ ਤੁਹਾਨੂੰ ਕਿਸੇ ਦੀ ਪ੍ਰੋਫਾਈਲ ਤੋਂ ਆਪਣੀ ਪ੍ਰੋਫਾਈਲ ਤੇ ਪੋਸਟ ਸਾਂਝੀ ਕਰਨ ਤੋਂ ਪਹਿਲਾ ਧੰਨਵਾਦ ਵਜੋਂ 'ਪਸੰਦ' ਜ਼ਰੂਰ ਕਲਿੱਕ ਕਰਨਾ ਚਾਹੀਦਾ ਹੈ। ਬਹੁਤ ਹੈਰਾਨੀ ਹੁੰਦੀ ਹੈ ਜਦੋਂ ਮੇਰੀ ਪ੍ਰੋਫਾਈਲ ਤੋਂ ਫੇਸਬੁੱਕ ਵਰਤੋਂਕਾਰ ਪੋਸਟ ਬਿਨ੍ਹਾਂ 'ਪਸੰਦ' ਕਲਿੱਕ ਕੀਤਿਆਂ ਸਾਂਝੀ ਕਰ ਲੈਂਦੇ ਹਨ। ਦੇਖ ਕੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ, ਪੋਸਟ ਪਸੰਦ ਹੈ ਤਦੇ ਸਾਂਝੀ ਕੀਤੀ ਗਈ ਹੈ, ਫਿਰ 'ਪਸੰਦ' ਕਲਿੱਕ ਕਿਉਂ ਨਹੀਂ ਕੀਤਾ ਗਿਆ? ਚੱਲੋ ਮੰਨ ਲੈਂਦੇ ਹਾਂ, ਟਿੱਪਣੀ ਨਾ ਲਿਖਣ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ, ਕੁਝ ਕੋਲ ਸਮੇਂ ਦੀ ਘਾਟ ਹੈ, ਕਈਆਂ ਨੂੰ ਗੁਰਮੁਖੀ ਯੂਨੀਕੋਡ ਵਿਚ ਲਿਖਣਾ ਨਹੀਂ ਆਉਂਦਾ, ਕੋਈ ਟਿੱਪਣੀ ਲਿਖ ਕੇ ਨਜ਼ਰਾਂ ਵਿਚ ਨਹੀਂ ਆਉਣਾ ਚਾਹੁੰਦਾ, ਵਗੈਰਾ ਵਗੈਰਾ। ਪਰ 'ਪਸੰਦ' ਨਾ ਕਲਿੱਕ ਕਰਨਾ ਸੰਬੰਧੀ ਤਾਂ ਕੋਈ ਬਹਾਨਾ ਨਹੀ ਚੱਲ ਸਕਦਾ ਕਿਉਂਕਿ 'ਪਸੰਦ' ਕਲਿੱਕ ਕਰਨ ਨੂੰ ਤਾਂ ਕੁਝ ਸੈਕਿੰਡ ਹੀ ਲੱਗਦੇ ਹਨ। ਫਿਰ ਕਿਉਂ ਨਹੀ ਕਲਿੱਕ ਕੀਤਾ ਜਾਂਦਾ? ਸ਼ਾਇਦ ਕੁਝ ਲੋਕ ਦੂਸਰੇ ਦੀ ਪੋਸਟ ਨੂੰ ‘ਪਸੰਦ’ ਕਲਿੱਕ ਕਰਨਾ ਆਪਣੀ ਹੇਠੀ ਸਮਝਦੇ ਹਨ।
੪) ਕਈ ਟਿੱਪਣੀ ਇਸ ਕਰਕੇ ਵੀ ਨਹੀਂ ਲਿਖਦੇ ਕਿ ਅਗਲਾ ਕਿਤੇ ਮਜ਼ਾਕ ਨੂੰ ਉਲਟਾ ਹੀ ਨਾ ਲੈ ਜਾਵੇ। ਇਸ ਦਾ ਹੱਲ ਇਹ ਹੈ ਕਿ ਟਿੱਪਣੀ ਨਾਲ ਸਮਾਈਲੀ :-) ਜਾਂ ਹਾਵ-ਭਾਵ 'ਹਾਹਾਹਾਹਾਹਾ' ਵੀ ਪਾ ਦੇਣੇ ਚਾਹੀਦੇ ਹਨ। ਤਾਂ ਕਿ ਪਾਠਕ ਨੂੰ ਪਤਾ ਲੱਗ ਜਾਵੇ ਟਿੱਪਣੀ ਖ਼ੁਸ਼ ਹੋ ਕੇ ਲਿਖੀ ਗਈ ਹੈ, ਭਾਵ ਮਜ਼ਾਕ ਕੀਤਾ ਗਿਆ ਹੈ ਨਾ ਕਿ ਉਸਦਾ ਮਜ਼ਾਕ ਉਡਾਇਆ ਗਿਆ ਹੈ।
੫) ਜੇਕਰ ਤੁਸੀਂ ਕਿਸੇ ਦੇ ਅਨਮੋਲ ਬਚਨ ਜਾਂ ਸ਼ਾਇਰੀ ਆਪਣੇ ਸਟੇਟਸ ਦੇ ਰੂਪ ਵਿਚ ਲਿਖਦੇ ਹੋ ਤਾਂ ਮੂਲ ਲੇਖਕ ਦਾ ਨਾਮ ਜ਼ਰੂਰ ਲਿਖਣਾ ਚਾਹੀਦਾ ਹੈ। ਜੇਕਰ ਮੂਲ ਲੇਖਕ ਦਾ ਨਾਮ ਨਹੀਂ ਪਤਾ ਤਾਂ 'ਨੈੱਟ 'ਚੋਂ' ਜਾਂ ‘ਪਤਾ ਨਹੀਂ’ ਲਿਖ ਦੇਣਾ ਚਾਹੀਦਾ ਹੈ।
ਹਰਦੀਪ ਸਿੰਘ ਮਾਨ |
੬) ਫੇਸਬੁੱਕ 'ਨਾਪਸੰਦ' ਦੀ ਸਹੂਲਤ ਨਹੀਂ ਦਿੰਦੀ। ਇਸ ਕਰਕੇ ਟਿੱਪਣੀ ਵਿਚ 'ਨਾਪਸੰਦ' ਲਿਖ ਕੇ ਆਪਣਾ ਪ੍ਰਤੀਕਰਮ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਇਕ ਵਰਤੋਂਕਾਰ ਟਿੱਪਣੀ 'ਨਾਪਸੰਦ' ਲਿਖ ਦਿੰਦਾ ਹੈ ਤਾਂ ਬਾਕੀ ਦੇ ਸਮੇਂ ਦੀ ਬਚਤ ਕਰਦਿਆਂ ਉਸ ਦੀ ਟਿੱਪਣੀ 'ਪਸੰਦ' ਕਲਿੱਕ ਕਰਕੇ ਆਪਣੀ ਸਹਿਮਤੀ ਦਿਖਾ ਸਕਦੇ ਹਨ। ਕਿਉਂਕਿ ਬਹੁਤ ਵਾਰ ਨਾਪੱਖੀ ਪੋਸਟ ਨੂੰ ਵਰਤੋਂਕਾਰ 'ਪਸੰਦ' ਕਲਿੱਕ ਕਰੀ ਜਾਂਦੇ ਰਹਿੰਦੇ ਹਨ ਅਤੇ ਪਾਠਕ ਭੰਬਲਭੂਸੇ ਵਿਚ ਪੈ ਜਾਂਦਾ ਹੈ ਕਿ ਇਹ ਹੱਕੀ ਗੱਲ ਹੋ ਰਹੀ ਹੈ ਜਾਂ ਵਿਰੋਧੀ? ਪੋਸਟ ਕਰਤਾ ਆਪ ਪੋਸਟ ਕਰਨ ਤੋਂ ਬਾਅਦ 'ਨਾਪਸੰਦ' ਟਿੱਪਣੀ ਲਿਖ ਸਕਦਾ ਹੈ।
੭) ਇਸੇ ਤਰ੍ਹਾਂ ਜਦੋਂ ਕੋਈ ਵਰਤੋਂਕਾਰ ਸਿੱਖ ਵਿਰੋਧੀ ਕਾਰਵਾਈ ਪੇਸ਼ ਕਰਦਾ ਹੈ ਤਾਂ ਸਿੱਖਾਂ ਵਲੋਂ ਸਿੱਖ ਵਿਰੋਧੀ ਕਾਰਵਾਈ 'ਪਸੰਦ' ਕਲਿੱਕ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਥੇ 'ਨਾਪਸੰਦ' ਦੀ ਤਰ੍ਹਾਂ 'ਜਾਣਕਾਰੀ ਲਈ ਧੰਨਵਾਦ' ਟਿੱਪਣੀ ਲਿਖੀ ਜਾ ਸਕਦੀ ਹੈ ਅਤੇ ਬਾਕੀ ਦੇ ਉਸ ਨੂੰ 'ਪਸੰਦ' ਕਲਿੱਕ ਕਰਕੇ ਸਹਿਮਤੀ ਬਨਾਮ ਆਪਣਾ ਧੰਨਵਾਦ ਦੇ ਸਕਦੇ ਹਨ।
'ਟਿੱਪਣੀ' ਕਰਨਾ ਤੇ 'ਪਸੰਦ' ਬਟਨ ਫੇਸਬੁੱਕ ਗੱਡੀ ਦੀਆਂ ਦੋ ਪਟੜੀਆਂ ਹਨ। ਹੁਣ ਕਲਪਨਾ ਕਰੋ, ਜੇਕਰ ਸਾਰੇ ਫੇਸਬੁੱਕ ਵਰਤੋਂਕਾਰ ਇਕ-ਦੂਜੇ ਦੀ ਪੋਸਟ ਤੇ ਟਿੱਪਣੀ ਜਾਂ ‘ਪਸੰਦ’ ਕਲਿੱਕ ਨਹੀਂ ਕਰਨਗੇ, ਜੋ ਕਿ ਪੰਜਾਬੀ ਫੇਸਬੁੱਕ ਭਾਈਚਾਰੇ ਵਿਚ ਆਮ ਗੱਲ ਹੈ, ਕੀ ਫੇਸਬੁੱਕ ਗੱਡੀ ਅੱਗੇ ਚੱਲੇਗੀ? ਜਵਾਬ ਹੋਵੇਗਾ, ਨਹੀਂ। ਸੋ ਜੇਕਰ ਤੁਸੀਂ ਫੇਸਬੁੱਕ ਬਣਾਈ ਹੈ ਤਾਂ ਆਪਣਾ ਨੈਤਿਕ ਫਰਜ਼ ਸਮਝਦਿਆਂ, ਜਿਹੜੀ ਪੋਸਟ-ਟਿੱਪਣੀ ਤੁਹਾਨੂੰ ਪਸੰਦ ਆਉਂਦੀ ਹੈ, ਉਸ ਨੂੰ ਘੱਟੋ-ਘੱਟ ‘ਪਸੰਦ’ ਕਲਿੱਕ ਜ਼ਰੂਰ ਕਰੋ।
ਫੇਸਬੁੱਕ ਦੀ ਦੁਰਵਰਤੋਂ ਕਿਵੇਂ ਕੀਤੀ ਜਾ ਰਹੀ ਹੈ?
੧) ਹਾਲਾਂਕਿ ਫੇਸਬੁੱਕ ਨੇ ਫੋਟੋ ਸਾਂਝੀ ਕਰਨ ਦੀ ਵੀ ਸਹੂਲਤ ਦਿੱਤੀ ਹੈ ਪਰ ਭੇਡਚਾਲ ਅਧੀਨ ਮਤਲਬ 'ਸਭ ਇੱਦਾਂ ਹੀ ਕਰਦੇ ਆ' ਸਿਰਫ਼ ਤੇ ਸਿਰਫ਼ ਫੋਟੋ ਟੈਗ ਕਰਨ ਦੀ ਸਹੂਲਤ ਹੀ ਵਰਤੀ ਜਾ ਰਹੀ ਹੈ। ਟੈਗ ਕਰਨ ਦੀ ਸਹੂਲਤ ਫੇਸਬੁੱਕ ਨੇ ਗਰੁੱਪ ਫੋਟੋ ਲਈ ਦਿੱਤੀ ਹੈ ਪਰ ਜਾਨਵਰਾਂ, ਫੁੱਲਾਂ ਤੇ ਕਾਰਟੂਨਾਂ ਦੀਆਂ ਫੋਟੋਆਂ ਤੇ ਵੀ ਪੰਜਾਬੀ ਟੈਗ ਕਰਕੇ ਦੱਸ ਰਹੇ ਹਨ ਕਿ ਇੱਥੇ ਤੁਸੀਂ ਵੀ ਹੋ, ਭਾਵੇਂ ਦਿਖਾਈ ਨਹੀਂ ਦੇ ਰਹੇ ਹੋ।
੨) ਫੇਸਬੁੱਕ ਦਾ ਮਤਲਬ ਹੀ ਹੈ ਕਿ ਦੋਸਤਾਂ ਦੀਆਂ ਕਾਰਵਾਈਆਂ ਦੀਆਂ ਸੂਚਨਾਵਾਂ ਦੇਣਾ, ਮਤਲਬ ਤੁਹਾਡੀ ਕਾਰਵਾਈ ਦੀ ਸੂਚਨਾ ਤੁਹਾਡੇ ਦੋਸਤਾਂ ਨੂੰ ਪਹੁੰਚ ਹੀ ਜਾਣੀ ਹੁੰਦੀ ਹੈ। ਪਰ ਪੰਜਾਬੀਆਂ ਨੂੰ ਸਿਰਫ਼ ਇਸ ਨਾਲ ਤਸੱਲੀ ਨਹੀਂ ਹੈ ਜਾਂ ਫੇਸਬੁੱਕ ਤੇ ਵਿਸ਼ਵਾਸ ਨਹੀ ਹੈ, ਇਸ ਕਰਕੇ ਉਹ ਆਪਣੀਆਂ ਪੋਸਟਾਂ ਨੂੰ ਦੋਸਤਾਂ ਦੀਆਂ ਕੰਧਾਂ ਤੇ ਆਪ ਟੰਗ ਕੇ ਆਉਂਦੇ ਹਨ ਤਾਂ ਕਿ ਕੰਮ ਪੱਕਾ ਹੋ ਜਾਵੇ। ਇਸ ਪਿੱਛੇ ਇਕ ਸੋਚ ਇਹ ਵੀ ਹੈ ਕਿ ਦੋਸਤ ਦੇ ਦੋਸਤ ਤੁਹਾਡੀ ਦੋਸਤ-ਸੂਚੀ ਵਿਚ ਸ਼ਾਮਲ ਨਹੀਂ ਹੁੰਦੇ, ਸੋ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇ। ਪਰ ਜਦੋਂ ਤੁਹਾਡਾ ਦੋਸਤ ਤੁਹਾਡੀ ਪੋਸਟ ਪ੍ਰਤੀ ਕਾਰਵਾਈ ਕਰਦਾ ਹੈ ਤਾਂ ਉਸ ਦੇ ਦੋਸਤਾਂ ਨੂੰ ਵੀ ਪਤਾ ਲੱਗ ਹੀ ਜਾਣਾ ਹੁੰਦਾ ਹੈ। ਪਰ ਅਸੀਂ ਸਮਝਣਾ ਨਹੀਂ ਚਾਹੁੰਦੇ। ਇੱਥੇ ਵੀ ਸੋਚ 'ਸਾਰੇ ਇੱਦਾਂ ਹੀ ਕਰਦੇ ਆ' ਆ ਜਾਂਦੀ ਹੈ।
੩) ਇਕ ਅਖ਼ਬਾਰ ਜਾਂ ਰਸਾਲੇ ਦਾ ਸੰਪਾਦਕ ਬਣਨਾ ਔਖਾ ਹੈ, ਸੋ ਜਿਨ੍ਹਾਂ ਦੀ ਇੱਛਾ ਸੰਪਾਦਕ ਬਣਨ ਦੀ ਸੀ, ਪਰ ਕਿਸੇ ਕਾਰਣ ਬਣ ਨਹੀਂ ਸਕੇ, ਉਨ੍ਹਾਂ ਦੀ ਇਹ ਇੱਛਾ ਫੇਸਬੁੱਕ ਨੇ ਪੂਰੀ ਕਰ ਦਿੱਤੀ। ਜਦੋਂ ਫੇਸਬੁੱਕ ਗਰੁੱਪ ਬਣਾਉਣ ਦੀ ਲਹਿਰ ਚੱਲੀ ਤਾਂ ਪਹਿਲਾ ਬਹੁਤ ਸਾਰਿਆਂ ਦੋਸਤਾਂ ਨੂੰ ਦੋਸਤ ਸੂਚੀ ਵਿਚ ਸ਼ਾਮਿਲ ਕਰ ਲਿਆ। ਫਿਰ ਆਪ ਇਕ ਗਰੁੱਪ ਬਣਾ ਲਿਆ ਤੇ ਨਵੇਂ-ਪੁਰਾਣੇ ਦੋਸਤਾਂ ਨੂੰ ਉਸ ਗਰੁੱਪ ਵਿਚ ਧੱਕੇ ਨਾਲ ਸ਼ਾਮਿਲ ਕਰ ਲਿਆ ਤੇ ਆਪ ਸੰਪਾਦਕ ਬਨਾਮ ਪ੍ਰਧਾਨ ਬਣ ਕੇ ਆਪਣੀ ਸੋਚ ਦੂਸਰਿਆਂ ਤੇ ਥੋਪਣ ਲੱਗ ਪਏ।
੪) ਜਦੋਂ 'ਫੇਸਬੁੱਕ ਗਰੁੱਪ ਲਹਿਰ' ਖ਼ਤਮ ਹੋਈ ਤਾਂ 'ਸਾਂਝਾ ਸੁਨੇਹਾ ਲਹਿਰ' ਸ਼ੁਰੂ ਹੋ ਗਈ। ਇਕ ਸੁਨੇਹਾ ਇਸ ਤਰ੍ਹਾਂ ਦਾ ਬਣਾ ਲਿਆ ਜਾਂਦਾ ਹੈ, ਜਿਸ ਵਿਚ ੧੦੦-੨੦੦ ਦੋਸਤ ਧੱਕੇ ਨਾਲ ਸ਼ਾਮਿਲ ਕਰ ਲਏ ਜਾਂਦੇ ਹਨ ਤੇ ਧੱਕਾ-ਵਿਚਾਰ-ਚਰਚਾ ਸ਼ੁਰੂ ਕਰ ਲਈ ਜਾਂਦੀ ਹੈ।
੫) ਫੇਸਬੁੱਕ ਪਲ ਪਲ ਖ਼ਬਰ ਦੇਣ ਲਈ ਵੱਖ ਵੱਖ ਸਹੂਲਤਾਂ ਦਿੰਦੀ ਹੈ, ਉਨ੍ਹਾਂ ਵਿਚੋਂ ਇਕ ਸਹੂਲਤ ਹੈ ਜੇਕਰ ਤੁਸੀਂ ਆਪਣੇ ਦੋਸਤ ਨਾਲ ਕਿਤੇ ਜਾ ਰਹੇ ਹੋ ਜਾਂ ਘੁੰਮ-ਫਿਰ ਰਹੇ ਹੋ ਤਾਂ ਲਿਖ ਸਕਦੇ ਹੋ ਕਿ ਮੈਂ ਫਲਾਣੇ ਦੋਸਤ ਨਾਲ ਜਾ ਰਿਹਾ ਹਾਂ। ਇਸ ਦੀ ਦੁਰਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸਟੇਟਸ ਬਨਾਮ ਅਨਮੋਲ ਬਚਨ ਲਿਖ ਕੇ ਧੱਕੇ ਨਾਲ ਹੋਰ ਦੋਸਤਾਂ ਨੂੰ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ। ਹੁਣ ਪੰਜਾਬੀ ਫੇਸਬੁੱਕ ਸਭਿਆਚਾਰ ਵਿਚ ਲਿਖਿਆ ਤਾਂ ਆ ਰਿਹਾ ਹੁੰਦਾ ਕਿ ਫਲਾਣਾ ਧੈਮਕੜੇ ਨਾਲ ਜਾ ਰਿਹਾ ਹੈ, ਪਰ ਜੇ ਧੈਮਕੜੇ ਦੀ ਪ੍ਰੋਫਾਈਲ ਤੇ ਦੇਖੋ ਤਾਂ ਪਤਾ ਲੱਗਦਾ ਹੈ ਕਿ ਉਹ ਇੰਗਲੈਂਡ ਵਿਚ ਹੈ ਤੇ ਫਲਾਣਾ ਅਸਟਰੇਲਿਆ ਵਿਚ। ਇਸ ਤਰ੍ਹਾਂ ਦੁਨੀਆ ਭਰ ਵਿਚੋਂ ੨੫-੩੦ ਦੋਸਤਾਂ ਨੂੰ ਸ਼ਾਮਿਲ ਕਰਕੇ ਫੇਸਬੁੱਕ ਦੀ ਸਦਵਰਤੋਂ ਦੀ ਬਜਾਏ ਦੁਰਵਰਤੋਂ ਕੀਤੀ ਜਾ ਰਹੀ ਹੈ।
੬) ਰੋਸ ਪ੍ਰਦਰਸ਼ਨ ਸਾਡੇ ਪੰਜਾਬੀਆਂ ਦੇ ਅੰਗ-ਅੰਗ ਵਿਚ ਵਸਿਆ ਹੈ, ਸੋ ਇੰਝ ਕਿਵੇਂ ਹੋ ਜਾਂਦਾ ਕਿ ਫੇਸਬੁੱਕ ਨੂੰ ਅਸੀਂ ਰੋਸ ਪ੍ਰਦਰਸ਼ਨ ਲਈ ਨਾ ਵਰਤਦੇ। ਇਕ ਨਵੀਂ ਹੀ ਲਹਿਰ ਚਲਾਈ ਗਈ। ਸਿੱਖ ਵਿਰੋਧੀ ਜਾਂ ਸਿੱਖ 'ਬੱਲੇ ਬੱਲੇ' ਕਾਰਵਾਈ ਹੋਣ ਤੇ ਧੱਕੇ ਨਾਲ ਦੂਸਰਿਆਂ ਨੂੰ ਕਿਹਾ ਗਿਆ ਕਿ ਆਪਣੀ ਪ੍ਰੋਫਾਈਲ-ਫੋਟੋ ਬਦਲ ਕੇ ਭੁੱਲਰ, ਹਵਾਰਾ, ਧੁੰਦੇ ਦੀ ਫੋਟੋ ਲਾਈ ਜਾਵੇ ਤਾਂ ਕਿ ਆਪਣਾ ਪੱਖ ਪੇਸ਼ ਕਰ ਸਕੋ, ਰੋਸ ਦਿਖਾ ਸਕੋ।
ਸੋ ਲੈਦੇਕੇ ਇਹੀ ਕਿਹਾ ਜਾ ਸਕਦਾ ਹੈ, ਭਾਵੇਂ ਫੇਸਬੁੱਕ ਸਾਡੇ ਪੰਜਾਬੀਆਂ ਦੀਆਂ ਲੋੜਾਂ ਤੇ ਅਨੁਕੂਲ ਨਹੀ ਬੈਠਦੀ ਸੀ। ਪਰ ਫਿਰ ਵੀ ਪੰਜਾਬੀ ਜੁਗਾੜੀ ਸੁਭਾਅ ਦੇ ਹੋਣ ਕਰਕੇ ਫੇਸਬੁੱਕ ਤੇ ਵੀ ਜੁਗਾੜ ਫਿੱਟ ਕਰ ਹੀ ਲਿਆ ਹੈ।
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਇਹ ਅਤਿਕਥਨੀ ਨਹੀਂ ਹੋਵੇਗੀ ਜੇਕਰ ਇਹ ਕਹਿ ਲਿਆ ਜਾਵੇ, ਫੇਸਬੁੱਕ ਦੀ ਵਰਤੋਂ ਲਈ ਕੁੜੀਆਂ ਮੋਹਰੀ ਹਨ। ਆਮ ਕੁੜੀ ਦੀ ਫੇਸਬੁੱਕ ਜਿਸ ਨੇ ਆਪਣੀ ਸੋਹਣੀ ਫੋਟੋ ਲਾਈ ਹੋਵੇ, ਉਹ ਪ੍ਰੋਫਾਈਲ ਤਾਂ ਸਫ਼ਲ ਹੀ ਹੈ। ਪਰ ਜਿਹੜੀਆਂ ਕੁੜੀਆਂ ਪਿਆਰ-ਵਫ਼ਾ-ਬੇਵਫ਼ਾਈ-ਵਿਛੋੜਾ-ਦਰਦ ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ, ਆਪਣੇ ਅਜ਼ਾਦ ਖਿਆਲਾਤ ਲਿਖਦੀਆਂ ਹਨ। ਉਨ੍ਹਾਂ ਦੀਆਂ ਪ੍ਰੋਫਾਈਲਾਂ ਤੇ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਹਨ, ਉੱਥੋਂ ਬਹਾਰਾਂ ਕਦੇ ਨਹੀਂ ਜਾਂਦੀਆਂ। ਜੇਕਰ ਉਹ ਖ਼ੁਸ਼-ਸਮਾਈਲੀ ਲਿਖ ਦੇਣ ਤਾਂ ਝਟਪਟ 'ਪਸੰਦ' ਕਲਿੱਕ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਉਹ ਉਦਾਸ-ਸਮਾਈਲੀ ਲਿਖ ਦੇਣ ਤਾਂ 'ਕੀ ਹੋਇਆ ਜੀ' ਪੁੱਛਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਕੁਝ ਮਹਾਂ ਪੁਰਸ਼ (ਵਡੇਰੀ ਉਮਰ ਦੇ ਵੀ) ਅਜਿਹੇ ਵੀ ਹਨ ਜੋ ਕਦੇ ਵੀ ਮੁੰਡਾ-ਦੋਸਤ ਦੀ ਆਈਡੀ ਤੇ ਕੋਈ ਪ੍ਰਤੀਕਰਮ ਨਹੀਂ ਦਿਖਾਉਣਗੇ, ਜਿਵੇਂ ਉਨ੍ਹਾਂ ਨੇ ਸੌਂਹ ਖਾਧੀ ਹੋਵੇ ਤੇ ਸੋਚਦੇ ਹਨ ਮੁੰਡਾ-ਦੋਸਤ ਦੀ ਪ੍ਰੋਫਾਈਲ ਤੇ ਪ੍ਰਤੀਕਰਮ ਦਿਖਾਉਣਾ ਸਮੇਂ ਦੀ ਬਰਬਾਦੀ ਹੈ। ਪਰ ਕਿਸੇ ਸੋਹਣੀ ਕੁੜੀ ਦੀ ਆਈਡੀ ਤੇ ਉਹ ਝਟਪਟ ਹਾਜ਼ਰੀ ਲਗਵਾਉਣ ਪਹੁੰਚ ਜਾਂਦੇ ਹਨ।
ਇਸ ਦੇ ਉਲਟ ਮੁੰਡੇ ਬੇਚਾਰੇ ਆਪਣੀ ਪ੍ਰੋਫਾਈਲ ਤੇ 'ਪਸੰਦ' ਕਲਿੱਕ ਹੋਏ ਨੂੰ ਦੇਖਣ ਲਈ ਤਰਸਦੇ ਰਹਿ ਜਾਂਦੇ ਹਨ। ਕੁੜੀਆਂ ਦੀਆਂ ਆਈਡੀਆਂ ਦੀ ਮਾਨਤਾ ਹੋਣ ਕਰਕੇ ਸੋਹਣੀ ਕੁੜੀ ਦੀ ਫੋਟੋ ਲਾ ਕੇ ਨਕਲੀ ਆਈਡੀ ਬਣਾ ਲਈ ਜਾਂਦੀ ਹੈ ਅਤੇ ਮਹੀਨੇ ਦੇ ਅੰਦਰ ਹੀ ਦੋਸਤਾਂ ਦੀ ਗਿਣਤੀ ਹਜ਼ਾਰ ਤੋਂ ਉੱਤੇ ਵਧਾ ਲਈ ਜਾਂਦੀ ਹੈ। ਕੋਈ ਚੈੱਕ ਕਰਨ ਦੀ ਟੈਨਸ਼ਨ ਨਹੀਂ ਲੈਂਦਾ ਕਿ ਆਈਡੀ ਨਕਲੀ ਹੈ ਜਾਂ ਅਸਲੀ।
ਜਿਵੇਂ ਉੱਪਰ ਲਿਖਿਆ ਫੇਸਬੁੱਕ ਨੇ ਕੁਝ ਲੋਕਾਂ ਦੀ ਸੰਪਾਦਕ ਬਣਨ ਦੀ ਇੱਛਾ ਪੂਰੀ ਕੀਤੀ। ਉਂਝ ਹੀ ਕੁਝ ਕੁੜੀਆਂ ਜਿਹੜੀਆਂ ਸੁਪਰ-ਸਟਾਰ ਬਣਨਾ ਚਾਹੁੰਦੀਆਂ ਸਨ ਜਾਂ ਚਰਚਾ ਵਿਚ ਰਹਿਣਾ ਚਾਹੁੰਦੀਆਂ ਸਨ। ਉਹ ਫੇਸਬੁੱਕ ਰਾਹੀ ਮਿੰਨੀ-ਸਟਾਰ ਬਣ ਗਈਆਂ ਹਨ। ਇੱਥੇ ਇਹ ਜ਼ਿਕਰ ਯੋਗ ਹੈ ਕਿ ਇਹ ਗੱਲ ਪੰਜਾਬਣਾਂ ਜਾਂ ਭਾਰਤਣਾਂ ਤੱਕ ਸੀਮਿਤ ਨਹੀਂ ਹੈ, ਸਾਰੀ ਦੁਨੀਆ ਦੀਆਂ ਕੁੜੀਆਂ ਦਾ ਇਹੀ ਹਾਲ ਹੈ। ਇਕ ਸਰਵੇਖਣ ਮੁਤਾਬਕ ਅਮਰੀਕਾ ਦੀ ਹਰ ਤੀਜੀ ਔਰਤ ਫੇਸਬੁੱਕ ਦੀ ਦੀਵਾਨੀ ਹੈ, ਉਨ੍ਹਾਂ ਦਾ ਸਵੇਰੇ ਉੱਠਣ ਤੋਂ ਬਾਅਦ ਪਹਿਲਾ ਕੰਮ ਫੇਸਬੁੱਕ ਖੋਲ੍ਹਣਾ ਹੀ ਹੁੰਦਾ ਹੈ। ਸੁਪਰ-ਸਟਾਰ ਕੁੜੀਆਂ ਦੀ ਰੀਸ ਕਰਦਿਆਂ ਆਪਣੀਆਂ ਫੋਟੋਆਂ ਆਪ ਵਿੰਗੀਆਂ-ਟੇਢੀਆਂ ਖਿੱਚ ਕੇ ਰੋਜ਼ਾਨਾ ਪਾਉਣੀਆਂ, ਥੱਲੇ ਹੁੰਦੀਆਂ ਟਿੱਪਣੀਆਂ ਤੇ 'ਪਸੰਦ' ਕਲਿੱਕ ਦੀ ਵਧਦੀ ਗਿਣਤੀ ਦੇਖਣ ਦੀ ਚਾਹਤ ਕਾਰਣ ਫੇਸਬੁੱਕ ਉਨ੍ਹਾਂ ਦਾ ਅਟੁੱਟ ਅੰਗ ਬਣ ਗਈ ਹੈ। ਸਵੇਰੇ ਉੱਠਦੇ ਸਾਰ ਸਾਰਿਆਂ ਨੂੰ 'ਗੁੱਡ ਮੌਰਨਿੰਗ ਫਰੈਂਡਜ਼' ਤੇ ਰਾਤ ਨੂੰ ਸੌਣ ਤੋਂ ਪਹਿਲਾ 'ਗੁੱਡ ਨਾਈਟ ਫਰੈਂਡਜ਼' ਕਰਨਾ ਤੇ ਸਟੇਟਸ 'ਪਸੰਦ' ਹੋਣ ਤੇ ਆਪਣੇ ਆਪ ਨੂੰ ਇਕੱਲਾ ਨਾ ਸਮਝ ਕੇ ਅਜੀਬ ਜਿਹੀ ਖ਼ੁਸ਼ੀ ਮਹਿਸੂਸ ਕਰਦੀਆਂ ਹਨ।
ਪੰਜਾਬੀ ਫੇਸਬੁੱਕ ਸਭਿਆਚਾਰ
ਫੇਸਬੁੱਕ ਦਾ ਅਸਲ ਮਤਲਬ ਆਪਣੀ ਕਲਾਕਾਰੀ ਨੂੰ ਪੇਸ਼ ਕਰਨਾ ਅਤੇ ਆਪਣੇ-ਬੇਗਾਨਿਆਂ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਦੀ ਸਫ਼ਲਤਾ ਦਾ ਰਾਜ ਇਸ ਦੇ ਝਟਪਟ ਸੂਚਨਾਵਾਂ ਦਾ ਆਉਣਾ ਹੈ। ਵਰਤੋਂਕਾਰ ਹੈਰਾਨ ਰਹਿ ਜਾਂਦਾ ਹੈ, ਜਦੋਂ ਪੋਸਟ ਪਾਈ ਨੂੰ ਕੁਝ ਸੈਕਿੰਡ ਹੀ ਹੋਏ ਹੁੰਦੇ ਹਨ ਤੇ ਪੋਸਟ 'ਪਸੰਦ' ਕਲਿੱਕ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ। ਇਹ ਦੇਖ ਕੇ ਵਰਤੋਂਕਾਰ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ 'ਵਾਹ ਫੇਸਬੁੱਕ, ਵਾਹ'।
ਫੇਸਬੁੱਕ ਸਭ ਤਰ੍ਹਾਂ ਦੇ ਵਰਤੋਂਕਾਰਾਂ ਦੇ ਅਨੁਕੂਲ ਹੈ। ਜੇਕਰ ਤੁਸੀਂ ਫੋਟੋਕਾਰ ਹੋ ਤਾਂ ਫੋਟੋਆਂ ਚਾੜ ਸਕਦੇ ਹੋ। ਜੇਕਰ ਲੇਖਕ ਹੋ ਤਾਂ ਆਪਣੀਆਂ ਰਚਨਾਵਾਂ ਫੇਸਬੁੱਕ ਤੇ ਲਿਖ ਸਕਦੇ ਹੋ। ਪਹਿਲਾ ਸਿਰਫ਼ ਰਚਨਾਵਾਂ ਅਦਾਰਿਆਂ ਨੂੰ ਭੇਜੀਆਂ ਜਾਂਦੀਆਂ ਸਨ, ਪਰ ਪਾਠਕਾਂ ਦੇ ਪ੍ਰਤੀਕਰਮ ਦਾ ਈਮੇਲਾਂ ਰਾਹੀ ਹੀ ਪਤਾ ਲੱਗਦਾ ਸੀ। ਹੁਣ ਰਚਨਾਵਾਂ ਫੇਸਬੁੱਕ ਤੇ ਸਾਂਝੀਆਂ ਕਰ ਲਈਆਂ ਜਾਂਦੀਆਂ ਹਨ ਤੇ ਪਾਠਕ ਉਸੇ ਸਮੇਂ ਆਪਣੇ ਵਿਚਾਰ ਲਿਖ ਦਿੰਦੇ ਹਨ। ਕਿਉਂਕਿ ਸਭ ਕੁਝ ਖੁੱਲ੍ਹੇਆਮ ਹੈ, ਭਾਵ ਲੇਖਕ ਦੀ 'ਬੱਲੇ ਬੱਲੇ' ਹੋਰ ਪਾਠਕ ਵੀ ਪੜ੍ਹ ਸਕਦੇ ਹਨ। ਜਿਸ ਨਾਲ ਲੇਖਕ ਦਾ ਹੌਸਲਾ ਦੁੱਗਣਾ-ਚੌਗੁਣਾ ਹੋ ਜਾਂਦਾ ਹੈ। ਪਹਿਲਾ ਲੇਖਕ ਦੀਆਂ ਦੋ-ਚਾਰ ਲਾਈਨਾਂ ਵਾਲੀ ਰਚਨਾ ਦੀ ਕਦਰ ਨਹੀਂ ਪੈਂਦੀ ਸੀ। ਕਿਉਂਕਿ ਅਦਾਰੇ ਵੱਡੀਆਂ ਕਵੀਤਾਵਾਂ ਜਾਂ ਰਚਨਾਵਾਂ ਹੀ ਲਾਉਂਦੇ ਸਨ। ਪਰ ਫੇਸਬੁੱਕ ਨੇ ਜਿੱਥੇ ਕੁੜੀਆਂ ਦੇ ਸਟੇਟਸ ਰੂਪੀ 'ਹਾਸੇ' ਦੀ ਵੀ ਕਦਰ ਪਵਾਈ ਹੈ, ਉੱਥੇ ਲੇਖਕਾਂ ਦੀ ਦੋ-ਚਾਰ ਲਾਈਨਾਂ ਵਾਲੀ ਰਚਨਾ ਤੇ ਵਿਦਵਾਨਾਂ ਦੇ ਅਨਮੋਲ ਬਚਨ ਵੀ ਸਰਾਹੇ ਜਾਂਦੇ ਹਨ।
ਗੋਰੇ ਫੇਸਬੁੱਕ ਆਪਣੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਵਰਤਦੇ ਹਨ। ਇਸ ਦੇ ਉਲਟ ਬਹੁਤੇ ਪੰਜਾਬੀ ਫੇਸਬੁੱਕ ਦੂਸਰਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਵਰਤਦੇ ਹਨ। ਇਸੇ ਕਰਕੇ ਦੋਸਤ ਬਣਨ ਤੋਂ ਬਾਅਦ ਉਹ ਚੁੱਪੀ ਧਾਰਨ ਕਰ ਲੈਂਦੇ ਹਨ। ਇਸ ਦਾ ਪਤਾ ਇੱਥੋਂ ਲੱਗਦਾ ਹੈ ਕਿ ਜਦੋਂ ਕਿਸੇ ਵਰਤੋਂਕਾਰ ਦੇ ਦੋਸਤ ੫੦੦੦ ਦੇ ਲਾਗੇ ਹੋ ਜਾਂਦੇ ਹਨ ਅਤੇ ਉਹ ਹੋਰ ਦੋਸਤ ਸ਼ਾਮਲ ਨਹੀ ਕਰ ਸਕਦਾ ਤਾਂ ਪੇਜ ਬਣਾਉਣ ਤੋਂ ਬਾਅਦ ਜਦੋਂ ਪੇਜ ਨੂੰ 'ਪਸੰਦ' ਕਲਿੱਕ ਕਰਨ ਲਈ ਬੇਨਤੀ ਕਰਦਾ ਹੈ ਤਾਂ ਵਿਚੋਂ ਸਿਰਫ਼ ੧੦੦-੨੦੦ ਤੱਕ ਹੀ ਪੇਜ ਤੇ 'ਪਸੰਦ' ਕਲਿੱਕ ਕਰਦੇ ਹਨ। ਕੁਝ ਪੰਜਾਬੀ ਅਜਿਹੇ ਵੀ ਹਨ, ਜਿਨ੍ਹਾਂ ਦੀ ਫੇਸਬੁੱਕ ਸਿਰਫ਼ 'ਮੈਂ' ਦੁਆਲੇ ਹੀ ਘੁੰਮਦੀ ਹੈ। ਸਹੀ ਵੀ ਹੈ, ਫੇਸਬੁੱਕ ਕਿਸੇ ਨੂੰ ਟਿੱਪਣੀ ਜਾਂ 'ਪਸੰਦ' ਕਲਿੱਕ ਕਰਨ ਲਈ ਮਜਬੂਰ ਨਹੀਂ ਕਰਦੀ। ਇਹ ਤੁਹਾਡੀ ਘੱਟ ਦੋਸਤ-ਸੂਚੀ ਦੇਖ ਕੇ ਹਰ ਥਾਂ ਦੋਸਤ ਬਣਾਉਣ ਲਈ ਸੁਝਾਅ-ਦੋਸਤ ਲੈ ਕੇ ਪਹੁੰਚ ਜਾਂਦੀ ਹੈ, ਪਰ ਆਪ ਦੋਸਤ ਸ਼ਾਮਿਲ ਨਹੀਂ ਕਰਦੀ। ਦੋਸਤ ਸੂਚੀ ਘਟਾਉਣ-ਵਧਾਉਣ ਲਈ ਹਰ ਕੋਈ ਅਜ਼ਾਦ ਹੈ।
ਪੰਜਾਬੀ ਫੇਸਬੁੱਕ ਵਰਤੋਂਕਾਰਾਂ ਦੀ ਗਿਣਤੀ ੨੦੧੧ ਤੋਂ ਵਧੀ ਹੈ। ਯੂਟੂਬ ਫੇਸਬੁੱਕ ਦਾ ਦਿਲ ਹੈ। ਪਿਛਲੇ ਇਕ ਸਾਲ ਤੋਂ ਬਹੁਤ ਸਾਰੇ ਮਸਲੇ ਯੂਟੂਬ ਤੇ ਫੇਸਬੁੱਕ ਦੇ ਸੁਮੇਲ ਨਾਲ ਉਜਾਗਰ ਹੋਏ। ਮੈਂ ਆਪਣੇ ਪਿਛਲੇ ਡੇਢ ਸਾਲ ਦੇ ਫੇਸਬੁੱਕ ਤਜਰਬੇ ਤੋਂ ਇਹ ਕਹਿ ਸਕਦਾ ਹਾਂ ਕਿ ਫੇਸਬੁੱਕ ਨੇ ਮਸ਼ਹੂਰ ਹਸਤੀਆਂ ਤੇ ਪ੍ਰਸੰਸਕਾਂ ਵਿਚਕਾਰਲੀ ਦੂਰੀ ਖ਼ਤਮ ਕਰ ਦਿੱਤੀ ਹੈ। ਹੁਣ ਤੱਕ ਜਿਨ੍ਹਾਂ ਨੂੰ ਰੇਡੀਓ, ਟੀਵੀ ਚੈਨਲਾਂ ਤੇ ਸੁਣਦੇ-ਦੇਖਦੇ ਸਨ, ਹੁਣ ਉਨ੍ਹਾਂ ਨਾਲ ਫੇਸਬੁੱਕ ਰਾਹੀ ਸਿੱਧਾ ਸੰਪਰਕ ਹੈ। ਇਸੇ ਤੇ ਚੱਲਦਿਆਂ ਗਾਇਕ ਤੇ ਨਾਇਕ ਦਲਜੀਤ ਦੇ ਗੀਤ '15 ਸਾਲਾਂ ਤੋਂ ਘੱਟ' ਦਾ ਮਸਲਾ ਬਹੁਤ ਭਖਿਆ। ਹਾਲਾਂਕਿ ਇਹ ਕੋਈ ਇੱਡਾ ਵੱਡਾ ਮਸਲਾ ਨਹੀਂ ਸੀ, ਪਰ ਫਿਰ ਵੀ ਫੇਸਬੁੱਕ ਦੇ ਡਾਕੀਏ ਨੇ ਪੰਜਾਬ ਦੀ ਇੱਜ਼ਤ ਦਾ ਮਸਲਾ ਬਣਾ ਕੇ ਪੇਸ਼ ਕੀਤਾ। ਬਹੁਤਿਆਂ ਨੂੰ ਡਾਕੀਏ ਸ਼ਬਦ ਵੀ ਚੁਭਿਆ। ਜਦ ਕਿ ਡਾਕੀਏ ਦਾ ਕੰਮ ਹੁੰਦਾ ਹੈ ਕਿਸੇ ਦੀ ਚਿੱਠੀ-ਸੁਨੇਹਾ ਪ੍ਰਾਪਤ-ਕਰਤਾ ਦੇ ਘਰ ਤੱਕ ਪਹੁੰਚਾਉਣਾ। ਇਸੇ ਤਰ੍ਹਾਂ ਫੇਕ ਆਈਡੀਆਂ ਨੇ ਗੀਤ ਸੰਬੰਧੀ ਕਿਸੇ ਦੇ ਵਿਰੋਧੀ ਵਿਚਾਰ ਕਾਪੀ ਕਰਕੇ, ਭਾਵੇ ਉਨ੍ਹਾਂ ਨੂੰ ਆਪ ਗੁਰਮੁਖੀ ਯੂਨੀਕੋਡ ਵਿਚ ਲਿਖਣਾ ਵੀ ਨਹੀ ਆਉਂਦਾ, ਹਰ ਪੇਜ ਤੇ ਪ੍ਰੋਫਾਈਲ ਤੇ ਪਾ ਦਿੱਤੇ। ਜਿਸ ਕਾਰਣ ਦਲਜੀਤ ਨੂੰ ਗੀਤ ਵਾਪਸ ਲੈਣਾ ਪਿਆ ਅਤੇ ਅੱਗੇ ਤੋਂ ਉਸ ਨੇ ਤੌਬਾ ਕੀਤੀ। ਹੁਣ ਇੱਥੇ ਹੀ ਸਵਾਲ ਪੈਦਾ ਹੁੰਦਾ ਹੈ ਜੇਕਰ ਗੀਤ 'ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ' ਦੇ ਸਮੇਂ ਵੀ ਫੇਸਬੁੱਕ ਹੁੰਦੀ ਤਾਂ ਕੀ ਦਲਜੀਤ ਨੇ ਗੀਤ ਵਾਪਸ ਨਹੀਂ ਲੈਣਾ ਸੀ???
ਸੋ, ਇਹ ਤਾਂ ਸੀ ਸਮਾਜਿਕ ਤੌਰ ਤੇ ਫੇਸਬੁੱਕ ਤੇ ਯੂਟੂਬ ਦੇ ਸੁਮੇਲ ਨਾਲ ਕੀਤੀ ਪਹਿਲੀ ਫਤਿਹ ਦੀ ਗੱਲ ਬਨਾਮ ਉਦਾਹਰਣ। ਇਸੇ ਤਰ੍ਹਾਂ ਫੇਸਬੁੱਕ ਤੇ ਯੂਟੂਬ ਦੇ ਸੁਮੇਲ ਨਾਲ ਸਿੱਖ ਵਿਰੋਧੀ ਮਸਲੇ ਵੀ ਉਜਾਗਰ ਹੋਏ ਪਰ ਫਤਿਹ ਪ੍ਰਾਪਤ ਨਹੀਂ ਹੋਈ। ਸਿਰਫ਼ ਜਿਸ ਮਸਲੇ ਵਿਚ ਬਾਹਮਣ ਨੂੰ ਅਪਸ਼ਬਦ ਬੋਲੇ ਗਏ, ਉੱਥੇ ਹੀ ਮੱਕੜ ਸਾਹਿਬ ਵਲੋਂ ਸਿੱਧੀ ਤੇ ਮੁੱਖ ਮੰਤਰੀ ਵਲੋਂ ਅਸਿੱਧੇ ਤੌਰ ਤੇ ਮਾਫ਼ੀ ਮੰਗੀ ਗਈ। ਪਰ ਫਿਰ ਵੀ ਇਕ ਸਾਲ ਦੌਰਾਨ ਜਾਗਰੂਕ ਪਰ ਆਰਥਿਕ ਪੱਖੋਂ ਕਮਜ਼ੋਰ ਸਿੱਖ ਯੂਟੂਬ ਤੇ ਫੇਸਬੁੱਕ ਦੀ ਅਹਿਮੀਅਤ ਨੂੰ ਸਮਝ ਗਏ ਹਨ। ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬੀ ਅਖ਼ਬਾਰਾਂ ਰਾਜਨੀਤਿਕ ਪਾਰਟੀ ਦੀਆਂ ਐਡਾਂ ਲੈਣ ਦੀ ਮਜਬੂਰੀ ਕਰਕੇ ਸਿਰਫ਼ ਤਾਕਤਵਰ ਤੇ ਅਮੀਰ ਧਿਰਾਂ ਦੀਆਂ ਖ਼ਬਰਾਂ ਲਾ ਸਕਦੀਆਂ ਹਨ। ਪਰ ਯੂਟੂਬ ਤੇ ਫੇਸਬੁੱਕ ਮੁਫ਼ਤ ਹੋਣ ਕਰਕੇ ਉਹ ਆਪਣੀ ਆਵਾਜ਼ ਵੀ ਫੇਸਬੁੱਕ ਵਰਤੋਂਕਾਰਾਂ ਤੱਕ ਪਹੁੰਚਾ ਸਕਦੇ ਹਨ ਅਤੇ ਆਪਣਾ ਪੱਖ ਵੀ ਰੱਖ ਸਕਦੇ ਹਨ। ਦੂਜੇ ਸ਼ਬਦਾਂ ਵਿਚ ਇਹ ਮੁਫ਼ਤ ਸੇਵਾਵਾਂ ਯੂਟੂਬ ਤੇ ਫੇਸਬੁੱਕ ਹਰ ਆਮ ਤੇ ਖਾਸ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੀਆਂ ਹਨ। ਇਸੇ ਕਰਕੇ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿਚ ਫੇਸਬੁੱਕ ਤੇ ਯੂਟੂਬ ਨੂੰ ਬੰਦ ਕਰਕੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਯੂਟੂਬ ਸਿਰਫ਼ ਵੀਡੀਓ ਦੀ ਸਹੂਲਤ ਦਿੰਦੀ ਹੈ। ਪਰ ਇਸ ਦੀ ਅਹਿਮੀਅਤ ਨੂੰ ਸਮਝਦਿਆਂ ਪੰਜਾਬੀ ਰੇਡੀਓ ਚੈਨਲ ਵਾਲੇ ਵੀ ਫੋਟੋ ਲਾ ਕੇ ਆਡੀਓ ਮੁਲਾਕਾਤ ਨੂੰ ਵੀਡੀਓ ਵਿਚ ਬਦਲ ਕੇ ਫੇਸਬੁੱਕ ਰਾਹੀ ਜਾਗਰੂਕਤਾ ਲਿਆ ਰਹੇ ਹਨ।
ਮੁੱਕਦੀ ਗੱਲ ਇਹ ਹੈ, ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਫੇਸਬੁੱਕ ਆਸ਼ਕੀ ਦਾ ਅੱਡਾ ਅਤੇ ਯੂਟੂਬ ਦੋ ਜਾਤਾਂ ਦੀ ਲੜਾਈ ਬਨਾਮ ਦੁਰਵਰਤੋਂ ਲਈ ਹੈ। ਇਸੇ ਕਰਕੇ ਪੰਜਾਬੀਆਂ ਨੇ ਇਕ-ਦੂਜਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ, 'ਬਹੁਤੀ ਟੈਂ ਟੈਂ ਕੀਤੀ ਤਾਂ ਤੇਰੀ ਵੀਡੀਓ ਬਣਾ ਕੇ ਯੂਟੂਬ ਤੇ ਚਾੜ ਦੇਊਂ'। ਪਰ ਇਹ ਪੂਰਾ ਸੱਚ ਨਹੀਂ ਹੈ। ਉੱਪਰਲੀਆਂ ਦੋ ਉਦਾਹਰਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਸਾਨੂੰ ਦੋਵੇਂ ਤਕਨੀਕਾਂ ਦੇ ਸਾਰਥਕ ਪਹਿਲੂ ਵੀ ਦੇਖਣੇ ਚਾਹੀਦੇ ਹਨ। ਤਾਂ ਕਿ ਯੂਟੂਬ ਬਨਾਮ ਤੀਰ ਤੇ ਫੇਸਬੁੱਕ ਬਨਾਮ ਕਮਾਣ ਦੀ ਵਰਤੋਂ ਰਾਹੀ ਸਿੱਖ ਵਿਰੋਧੀ ਰਾਵਣ ਚਿਹਰਿਆਂ ਨੂੰ ਨਿਸ਼ਾਨਿਆਂ ਅਤੇ ਸਮਾਜ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ।
ਹਰਦੀਪ ਸਿੰਘ ਮਾਨ ਦੀ ਲੇਖ-ਸੂਚੀ 5abi.com ਲੇਖ ਲਿੰਕ
ਹੋਰ ਲੇਖ: ਦੋਸਤੀ ਦੀ ਨਵੀਂ ਕਿਤਾਬ ਫੇਸਬੁੱਕ - ਲੋਕ ਮਿੱਤਰ ਮੈਨੂੰ ਸੋਸ਼ਲ ਨੈੱਟਵਰਕਿੰਗ (ਫੇਸਬੁੱਕ) ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?