ਹਰਦੀਪ ਸਿੰਘ ਮਾਨ ਕਲਾਕਾਰੀ

ਕਿਸ਼ਤ ੨: ਪੰਜਾਬ, ਸਿੱਖ, ਜੱਟ ਮਸਲੇ ਅਤੇ ਸੰਭਾਵੀ ਹੱਲ

ਸਿੱਖੀ ਬਨਾਮ ਗਰੀਬ ਕੁੜੀਆਂ ਦੇ ਵਿਆਹ

ਲੇਖਕ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਹਰਦੀਪ ਸਿੰਘ ਮਾਨ ਕਲਾਕਾਰੀ  
ਸਿੱਖ ਅਤੇ ਪੰਜਾਬ ਵਿਰੋਧੀ ਨੀਤੀ ਕੀ ਹੈ?
ਪੰਜਾਬ, ਸਿੱਖ, ਮਸਲਿਆਂ ਦੇ ਸੰਭਾਵੀ ਹੱਲ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਪੰਜਾਬ ਦੇ ਗੱਦਾਰਾਂ ਦੀ ਨੀਤੀ ਬਾਰੇ ਦੱਸਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਆਪਣੇ ਭਾਈਚਾਰੇ ਵਿਚੋਂ ਇਕ ਚਰਚਿਤ ਵਿਅਕਤੀ ਜਾਂ ਧਾਰਮਿਕ ਮਹਾਂਪੁਰਸ਼ ਦੇ ਨਾਮ ਹੇਠ ਸੰਸਥਾ ਬਣਾਈ ਜਾਂਦੀ ਹੈ। ਉਸ ਤੋਂ ਬਾਅਦ ਇਕ ਪੜ੍ਹੇ-ਲਿਖੇ ਵਿਅਕਤੀ ਨੂੰ ਨਾਲ ਰਲਾਇਆ ਜਾਂਦਾ ਹੈ, ਜੋ ਦੋ-ਚਾਰ ਸ਼ਬਦ ਜੋੜ ਲੈਦਾ ਹੋਵੇ ਤਾਂ ਕਿ ਮਹੀਨੇਵਾਰ ਰਸਾਲਾ ਸ਼ੁਰੂ ਕੀਤਾ ਜਾ ਸਕੇ। ਜਿਸ ਵਿਚ ਆਪਣੇ ਭਾਈਚਾਰੇ ਦੀਆਂ ਵੱਧ ਤੋਂ ਵੱਧ ਖ਼ਬਰਾਂ ਲਾ ਕੇ, ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਉੱਤੇ ਕਿੰਨਾ ਜੁਰਮ ਹੋ ਰਿਹਾ ਹੈ, ਕੋਈ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਪਾਰਟੀ ਤੁਹਾਡੇ ਬਾਰੇ ਰਤਾ ਭਰ ਨਹੀਂ ਸੋਚਦੀ। ਗ਼ੈਰ-ਸਿੱਖ ਸੰਸਥਾ ਹੋਣ ਕਰਕੇ ਸਿੱਖ-ਕਾਰਿਆਂ ਦੀਆਂ ਖ਼ਬਰਾਂ ਮਿਰਚ-ਮਸਾਲੇ ਲਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਦੱਸਿਆ ਜਾਂਦਾ ਹੈ ਕਿ ਸਿੱਖ ਧਰਮ ਮੁਸੀਬਤਾਂ ਅਤੇ ਮਸਲਿਆਂ ਦਾ ਧਰਮ ਹੈ, ਇਸ ਕਰਕੇ ਸਾਡਾ ਧਰਮ ਅਪਣਾਓ।
04.03.2010
ਹਰਦੀਪ ਸਿੰਘ ਮਾਨ

ਇਕ ਪਾਸੇ ਤਾਂ ਸਿੱਖੀ ਵਿਚ ਜਾਤ-ਪਾਤ ਭਾਰੂ ਦੱਸੀ ਜਾਂਦੀ ਹੈ, ਦੂਜੇ ਪਾਸੇ ਰਸਾਲੇ ਵਿਚ ਸੰਬੰਧਿਤ ਜਾਤ ਦੇ ਸਿੱਖ-ਹੀਰੋ ਬਾਰੇ ਲੰਬੇ-ਲੰਬੇ ਲੇਖ ਲਿਖੇ ਜਾਂਦੇ ਹਨ, ਲਿਖਿਆ ਜਾਂਦਾ ਹੈ ਕਿ ਸਿੱਖ ਉਨ੍ਹਾਂ ਦਾ ਬਣਦਾ ਮਾਣ-ਤਾਣ ਨਹੀਂ ਕਰਦੇ। ਸੰਸਥਾ ਵਿਚ ਆਪਣੀ ਜਾਤ ਦੇ ਕੁਝ ਅਖੌਤੀ ਸਿੱਖਾਂ ਨੂੰ ਨਾਲ ਰਲਾਇਆ ਜਾਂਦਾ ਹੈ, ਜਿਨ੍ਹਾਂ ਨੇ ਸਿੱਖੀ ਨੂੰ ਸਿਰਫ਼ ਕਮਾਈ ਦਾ ਸਾਧਨ ਕਰਕੇ ਅਪਣਾਇਆ ਹੋਇਆ ਹੈ, ਤਾਂ ਕਿ ਪਰਦਾਫਾਸ਼ ਹੋ ਜਾਣ ਤੇ ਇਹ ਅਖੌਤੀ ਸਿੱਖ 'ਮਾਫ਼ੀ ਮੰਗਣ ਤੇ ਪੰਥਕ ਜਥੇਬੰਦੀਆਂ ਵੱਲੋਂ ਤਸੱਲੀ' ਹੇਠ ਖ਼ਬਰ, ਸਾਰੀਆਂ ਪੰਜਾਬੀ ਅਖ਼ਬਾਰਾਂ ਨੂੰ ਭੇਜ ਕੇ ਕਾਂਡ ਨੂੰ ਠੰਢੇ ਬਸਤੇ ਵਿਚ ਪਾ ਸਕਣ।

ਇੱਥੇ ਇਹ ਜ਼ਿਕਰਯੋਗ ਹੈ ਸਿੱਖ ਅਤੇ ਪੰਜਾਬ ਵਿਰੋਧੀ ਸ਼ਰਾਰਤੀ ਅਨਸਰ ਸਭ ਤੋਂ ਪਹਿਲਾਂ ਇੰਟਰਨੈੱਟ ਆਨਲਾਈਨ ਅਖ਼ਬਾਰ ਸ਼ੁਰੂ ਕਰਦੇ ਹਨ। ਜਦੋਂ ਅਖ਼ਬਾਰ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਖ਼ਬਾਰ ਮਹੀਨੇਵਾਰ ਰਸਾਲੇ ਦੇ ਰੂਪ ਵਿਚ ਕਾਗ਼ਜ਼ ਤੇ ਛਪਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਲੋੜ ਅਨੁਸਾਰ ਐਡ ਮਿਲਦੀ ਰਹਿੰਦੀ ਹੈ ਤਾਂ ਇਸ ਨੂੰ ਹਫ਼ਤੇਵਾਰ-ਰਸਾਲਾ ਕਰ ਦਿੱਤਾ ਜਾਂਦਾ ਹੈ। ਹੋਲੀ ਹੋਲੀ ਰੋਜ਼ਾਨਾ ਅਖ਼ਬਾਰ ਖੋਲ੍ਹਣ ਬਾਰੇ ਵੀ ਸੋਚ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਮੁੱਕਦੀ ਗੱਲ ਇਹ ਹੈ ਕਿ ਕਲਮ (ਲੇਖ) ਅਤੇ ਅਖ਼ਬਾਰ ਵਿਚ 'ਫੋਟੋ ਸਮੇਤ ਖ਼ਬਰ' ਹੀ ਪੰਜਾਬ ਦੇ ਗੱਦਾਰਾਂ ਦੀ ਤਾਕਤ ਹੈ। ਇਸ ਨੀਤੀ ਨਾਲ ਪੰਜਾਬ ਦੇ ਗੱਦਾਰ ਆਪਣੇ ਆਪ ਨੂੰ ਕੱਲ ਦੇ ਮੁੱਖ-ਮੰਤਰੀ ਅਤੇ ਪਰਸੋਂ ਦੇ ਪ੍ਰਧਾਨ ਮੰਤਰੀ ਵਜੋਂ ਦੇਖ ਰਹੇ ਹਨ। ਕਿਉਂਕਿ ਇਨ੍ਹਾਂ ਦੀਆਂ ਵੈੱਬਸਾਈਟਾਂ ਤੇ ਸੰਸਦ ਭਵਨ ਅਤੇ ਦਰਬਾਰ ਸਾਹਿਬ ਦੀ ਫੋਟੋ ਇਕ ਬਰਾਬਰ ਲੱਗੀ ਦੇਖੀ ਜਾ ਸਕਦੀ ਹੈ। ਹੁਣ ਦਰਬਾਰ ਸਾਹਿਬ ਅਤੇ ਸੰਸਦ ਭਵਨ ਨੂੰ ਬਰਾਬਰ ਦਿਖਾਉਣਾ, ਇਹ ਇਕ ਵੱਖਰਾ ਵਿਸ਼ਾ ਹੈ ਪਰ ਸੰਸਦ ਭਵਨ ਦੀ ਇਮਾਰਤ ਇਨ੍ਹਾਂ ਦੀ ਇੰਨੀ ਚਹੇਤੀ ਕਿਉਂ ਹੈ? ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਦੇ ਬਾਬੇ ਦੇ ਬੁੱਤ ਦੀ ਉਂਗਲ ਵੀ ਇਸ਼ਾਰੇ ਨਾਲ ਇਹ ਹੀ ਸੰਦੇਸ਼ ਦਿੰਦੀ ਹੈ ਕਿ ਸਾਡਾ ਮਕਸਦ ਸੰਸਦ ਭਵਨ ਹੈ। ਬੁੱਤਾਂ ਸੰਬੰਧੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਹਾਲਾਤ ਇਹ ਹਨ, ਇਕ ਪਾਸੇ ਤਾਂ ਬਿਜਲੀ ਬੋਰਡ ਦੀ ਗ਼ੈਰ-ਜ਼ਿੰਮੇਵਾਰੀ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹਜ਼ਾਰਾਂ ਏਕੜ ਤੋਂ ਵੱਧ ਕਣਕ ਸੜ ਕੇ ਸੁਆਹ ਹੋ ਰਹੀ ਹੁੰਦੀ ਹੈ, ਦੂਜੇ ਪਾਸੇ ਸਰਕਾਰੀ ਮੰਤਰੀ ਗ਼ੈਰ-ਪੰਜਾਬੀਆਂ ਦੇ ਬੁੱਤਾਂ ਤੋਂ ਪਰਦਾ ਚੁੱਕਣ ਦੀ ਰਸਮ ਅਦਾ ਕਰ ਰਹੇ ਹੁੰਦੇ ਹਨ। ਜੋ ਪੰਜਾਬ ਵਿਚ ਥਾਂ-ਥਾਂ ਤੇ ਗ਼ੈਰ-ਪੰਜਾਬੀਆਂ ਦੇ ਬੁੱਤ ਸਥਾਪਿਤ ਕੀਤੇ ਜਾ ਰਹੇ ਹਨ, ਉਸ ਪਿੱਛੇ ਵੀ ਪੰਜਾਬ ਵਿਰੋਧੀਆਂ ਦੀ ਕੋਝੀ ਚਾਲ ਹੈ ਕਿ ਜਦੋਂ ਕਦੇ ਵੀ ਪੰਜਾਬ ਸ਼ਾਂਤੀ ਦੇ ਰਾਹ ਤੇ ਤੁਰੇ ਤਾਂ ਕਿਸੇ ਸ਼ਰਾਰਤੀ ਕੋਲੋਂ ਬੁੱਤ ਦੀ ਬੇਅਦਬੀ ਕਰਾ ਦਿਓ। ਬਾਕੀ ਕੰਮ (ਸਾੜ-ਫੂਕ, ਭੰਨ-ਤੋੜ) ਪੰਜਾਬ ਦੇ ਗੱਦਾਰਾਂ ਨੇ ਆਪੇ ਹੀ ਕਰ ਦੇਣਾ ਹੈ।

ਗ਼ੈਰ-ਜ਼ਿੰਮੇਵਾਰ ਬਿਜਲੀ ਬੋਰਡ
ਅੱਗ ਲੱਗੀ
ਪੀੜਿਤ ਕਿਸਾਨ

ਪੰਜਾਬ ਵਿਰੋਧੀਆਂ ਦੇ ਰਸਾਲਿਆਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਸੰਬੰਧੀ ਕੋਈ ਗੱਲ ਨਹੀਂ ਕੀਤੀ ਜਾਂਦੀ। ਪਰ ਇਸ ਦੇ ਉਲਟ, ਦੋ ਦਿਨ ਵਿਚ ਹੁੱਲੜਬਾਜ ਪੰਜਾਬ ਦਾ ਅਰਬਾਂ ਦਾ ਨੁਕਸਾਨ ਕਰ ਦੇਣ ਤਾਂ ਨੌਜਵਾਨਾਂ ਵਿਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ, ਜੇਕਰ ਇਕ ਬਾਬੇ ਦੇ ਮਰਨ ਨਾਲ ਭਾਈਚਾਰੇ ਦਾ ਇਕ ਹਿੱਸਾ ਜਾਗ੍ਰਿਤ ਹੋ ਗਿਆ ਹੈ ਤਾਂ ਸਾਰੇ ਭਾਈਚਾਰੇ ਨੂੰ ਜਾਗ੍ਰਿਤ ਕਰਨ ਲਈ ਸਾਰੇ ਬਾਬਿਆਂ ਨੂੰ ਗੱਡੀ ਚਾੜ ਦੇਣਾ ਜਾਇਜ਼ ਹੈ ਵਰਗੀਆਂ ਬੇਤੁਕੀਆਂ ਅਤੇ ਅੱਗ ਲਾਊ ਗੱਲਾਂ ਲਿਖਿਆਂ ਜਾਂਦੀਆਂ ਹਨ। ਇਕ ਗੱਲ, ਕਿਸ ਤਰ੍ਹਾਂ ਸਾਰੇ ਭਾਈਚਾਰੇ ਵਿਚ ਪਹੁੰਚਾਉਣੀ ਹੈ, ਯੋਜਨਾਬੰਦ ਤਰੀਕੇ ਨਾਲ ਜਾਲ ਵਿਛਾਇਆ ਹੋਇਆ ਹੈ। ਜੇਕਰ ਕੋਈ ਫੁੱਟ ਪਾਊ ਆਗੂ ਕੁਵਚਨ ਕਰ ਦਿੰਦਾ ਹੈ ਕਿਉਂ ਨਾ ਆਪਾਂ ਧਾਰਮਿਕ ਗ੍ਰੰਥ ਵਾਪਸ ਕਰ ਦੇਈਏ? ਤਾਂ ਸਾਰੀਆਂ ਅਖ਼ਬਾਰਾਂ ਦੇ ਸੰਪਾਦਕ ਬੜੇ ਨਾਟਕੀ ਢੰਗ ਨਾਲ ਆਪਣੀ ਸੰਪਾਦਕੀ ਵਿਚ ਇਸੇ ਗੱਲ ਨੂੰ ਲਿਖ ਦਿੰਦੇ ਹਨ ਅਤੇ ਗ੍ਰੰਥ ਵਾਪਸ ਕਰਨ ਜਾਂ ਚੁਕਵਾਉਣ ਦੇ ਸੰਦੇਸ਼ ਨੂੰ ਸਮੂਹ ਭਾਈਚਾਰੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ, ਫਿਰ ਗ੍ਰੰਥ ਚੁੱਕਣੇ ਜਾਂ ਚੁਕਵਾਉਣੇ ਸ਼ੁਰੂ ਹੋ ਜਾਂਦੇ ਹਨ। ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਸਿਵਿਆਂ ਦੀ ਸਾਂਝ ਹੋ ਗਈ ਤਾਂ ਜਾਤ-ਪਾਤ ਖ਼ਤਮ ਹੋ ਜਾਣੀ ਹੈ।

ਕੁਝ ਅਖੌਤੀ ਸਿੱਖਾਂ ਵਲੋਂ ਗਰੀਬ ਕੁੜੀਆਂ ਦੇ ਵਿਆਹਸੰਸਥਾਵਾਂ ਬਣਾਈਆਂ ਹੋਈਆਂ ਹਨ ਜੋ ਸਿੱਖਾਂ ਤੋਂ ਪੈਸੇ ਲੈ ਕੇ ਸਿਰਫ਼ ਤੇ ਸਿਰਫ਼ ਆਪਣੀ ਜਾਤ-ਬਰਾਦਰੀ ਦੀ ਸੇਵਾ ਕਰ ਰਹੇ ਹਨ। ਇਹਨਾਂ ਸੰਸਥਾਵਾਂ ਦੇ ਮੁੱਢਲੇ ਟੀਚੇ ਇਹ ਹਨ: ਗਰੀਬ ਧੀਆਂ ਦੇ ਅਨੰਦ ਕਾਰਜ, ਅੰਗਹੀਣ ਲੋਕਾਂ ਦੇ ਨਕਲੀ ਅੰਗ ਲਗਵਾਉਣੇ, ਗਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ, ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਾ, ਵਰਦੀ ਅਤੇ ਬਸਤੇ ਲੈ ਕੇ ਦੇਣੇ। ਮੁੱਕਦੀ ਗੱਲ, ਸਿਰਫ਼ ਤੇ ਸਿਰਫ਼ ਗਰੀਬਾਂ ਦੀ ਮਾਲੀ ਮਦਦ ਦਾ ਨਾਮ ਹੀ ਸਿੱਖੀ ਹੈ। ਹੁਣ ਇੱਥੇ ਆਪਣੇ ਆਪ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਸਿੱਖ ਧਰਮ ਨੂੰ ਗਰੀਬਾਂ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਹੈ ਤਾਂ ਸਿੱਖੀ ਵਿਕਾਸ ਜਾਂ ਮਸਲੇ ਹੱਲ ਕੌਣ ਕਰੇਗਾ? ਮਤਲਬ, ਗਰੀਬ ਕੁੜੀ ਦਾ ਵਿਆਹ ਕਰ ਕੇ ਸਿੱਖੀ ਨਿਭਾਓ। ਗਰੀਬਾਂ ਦੀ ਸਹਾਇਤਾ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ। ਇਹ ਸਿਰਫ਼ ਸਿੱਖ ਸਿਧਾਂਤਾਂ ਅਤੇ ਮੁੱਖ ਧਾਰਾ ਦਾ ਮੂੰਹ-ਮੱਥਾ ਵਿਗਾੜਨ ਲਈ ਸ਼ਾਤਰ ਚਾਲਾਂ ਖੇਡੀਆਂ ਜਾ ਰਹੀਆਂ ਹਨ।

ਪੰਜਾਬ ਦੇ ਮੌਜੂਦਾ ਹਾਲਾਤ
ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਰਾਜ ਵਿਚ ਸ਼ਾਂਤੀ ਬਣਾਉਣਾ ਅਤੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਪਰ ਹੋ ਇਸ ਦੇ ਉਲਟ ਰਿਹਾ ਹੈ। ਪੰਜਾਬ ਦੀ ਸ਼ਾਂਤੀ ਦੇ ਦੁਸ਼ਮਣ ਨਿੱਤ ਆਏ ਦਿਨ ਰੋਸ ਪ੍ਰਦਰਸ਼ਨ ਦੇ ਨਾਮ ਤੇ ਹੁੱਲੜਬਾਜ਼ੀ ਕਰਦੇ ਰਹਿੰਦੇ ਹਨ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਕ ‘ਰੋਸ ਪ੍ਰਦਰਸ਼ਨ ਨਿਗਰਾਨ ਵਿਭਾਗ’ ਬਣਾਏ। ਜੋ ਰੋਜ਼ਾਨਾ ਬਣ ਰਹੀਆਂ ਫੋਰਸ, ਸਭਾਵਾਂ, ਸੰਸਥਾਵਾਂ ਵਗੈਰਾ ਵਗੈਰਾ ਨੂੰ ਬਕਾਈਦਾ ਦਰਜ ਕਰੇ। ਸਰਕਾਰੀ ਤੌਰ ਤੇ ਉਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਦੇ ਨਾਮ-ਪਤੇ ਦਰਜ ਹੋਣ। ਕਥਿਤ ਸੰਸਥਾ ਇਕ ਭਾਈਚਾਰਾ ਲਈ ਕੰਮ ਕਰ ਰਹੀ ਹੈ ਜਾਂ ਪੰਜਾਬੀਅਤ ਲਈ, ਇਹ ਦੱਸਿਆ ਜਾਵੇ। ਜਦ ਵੀ ਸੰਸਥਾ ਰੋਸ ਪ੍ਰਦਰਸ਼ਨ ਤੇ ਨਿਕਲੇ, ਪਹਿਲਾਂ ਸੰਬੰਧਿਤ ਥਾਣੇ ਨੂੰ ਪੂਰੀ ਜਾਣਕਾਰੀ ਦੇਵੇ। ਕਿੰਨੇ ਮੈਂਬਰ ਸ਼ਾਮਿਲ ਹੋਣਗੇ? ਕਿੰਨੇ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਵੇਗੀ? ਜਾਂ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਇਸ ਦਾ ਅੰਦਾਜ਼ਾ ਲਾਇਆ ਜਾਵੇ। ਇਕ ਸਾਲ ਬਾਅਦ ਪੂਰਾ ਹਿਸਾਬ-ਕਿਤਾਬ ਕੀਤਾ ਜਾਵੇ ਕਿ ਸੰਸਥਾ ਸਾਲ ਵਿਚ ਕਿੰਨੀ ਵਾਰ ਰੋਸ ਪ੍ਰਦਰਸ਼ਨ ਤੇ ਨਿਕਲੀ, ਕੀ ਰੋਸ ਪ੍ਰਦਰਸ਼ਨ ਦੌਰਾਨ ਹਿੰਸਕ ਘਟਨਾਵਾਂ ਰਾਹੀ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ? ਕੀ ਸੰਸਥਾ ਨੇ ਕੋਈ ਵਿਕਾਸ ਕਾਰਜ ਵੀ ਕੀਤਾ? ਜੇ ਕੀਤਾ ਤਾਂ ਉਹ ਆਪਣੇ ਭਾਈਚਾਰੇ ਲਈ ਸੀ ਜਾਂ ਪੰਜਾਬੀਅਤ ਲਈ? ਜਿਸ ਸੰਸਥਾ ਨੇ ਪੰਜਾਬੀਅਤ ਲਈ ਵਿਕਾਸ ਕਾਰਜ ਕੀਤੇ ਹੋਣ, ਸਰਕਾਰ ਉਸ ਨੂੰ ਮਾਲੀ ਅਤੇ ਸਰਕਾਰੀ ਮਦਦ ਦੇਵੇ। ਜਿਸ ਸੰਸਥਾ ਦੇ ਰੋਸ ਪ੍ਰਦਰਸ਼ਨ ਦੌਰਾਨ ਹਿੰਸਕ ਘਟਨਾਵਾਂ ਹੋਣੀਆਂ ਆਮ ਗੱਲ ਹੋਵੇ ਜਾਂ ਟੀਵੀ ਅਤੇ ਅਖ਼ਬਾਰ ਵਿਚ ਆਉਣ ਲਈ ਰੋਸ ਪ੍ਰਦਰਸ਼ਨ ਬੇਲੋੜਾ ਮਹੀਨੇਵਾਰ ਕਰਦੇ ਹੋਣ, ਸਰਕਾਰ ਉਸ ਤੇ ਸ਼ਿਕੰਜਾ ਕੱਸੇ। ਲਿਖਣਾ ਤਾਂ ਮੈਂ ਇੱਥੇ ਇਹ ਵੀ ਚਾਹੁੰਦਾ ਸੀ ਕਿ ਇਕ ‘ਬੁੱਤ ਅਤੇ ਨੀਂਹ ਪੱਥਰ ਸਥਾਪਨਾ ਨਿਗਰਾਨ ਵਿਭਾਗ’ ਵੀ ਬਣਾਇਆ ਜਾਵੇ। ਪਰ ਚੱਲੋ, ਛੱਡੋ ਖ਼ੈਰ ...। 

ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰੀਏ ਤਾਂ ਪੰਜਾਬ ਦੇ ਗੱਦਾਰਾਂ ਦੀ ਨਜ਼ਰ ਹੁਣ ਕਿਸਾਨੀ, ਜਵਾਨੀ ਤੋਂ ਬਾਅਦ ਦੁਕਾਨੀਂ ਤੇ ਹੈ। ਕਿਸਾਨ ਅਤੇ ਨੌਜਵਾਨ ਪੀੜੀ ਦਾ ਸਤਿਆਨਾਸ ਕਰਨ ਤੋਂ ਬਾਅਦ ਹੁਣ ਉਹ ਪੰਜਾਬ ਦੇ ਦੁਕਾਨਦਾਰਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨਾ ਚਾਹੁੰਦੇ ਹਨ। ਜੇਕਰ ਪੰਜਾਬ ਨੂੰ ਰੋਸਾਬ ਦਾ ਨਾਮ ਦੇ ਦਿੱਤਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਨਿੱਤ ਆਏ ਦਿਨ ਇੱਥੇ ਭਾਵਨਾਵਾਂ ਭੜਕੀਆਂ ਰਹਿੰਦੀਆਂ ਹਨ, ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਸ਼ਰਾਰਤੀ ਅਨਸਰ ਸ਼ਰਾਰਤ ਕਰ ਜਾਂਦੇ ਹਨ। ਉਸ ਤੋਂ ਬਾਅਦ ਧਰਮ ਸੰਕਟ ਦੇ ਨਾਮ ਤੇ ਸੰਬੰਧਿਤ ਸੰਸਥਾਵਾਂ ਦੁਕਾਨਾਂ ਬੰਦ ਕਰਵਾਉਣ, ਸਾੜ-ਫੂਕ ਅਤੇ ਭੰਨ-ਤੋੜ ਲਈ ਸੜਕਾਂ ਤੇ ਉਤਰ ਆਉਂਦੀਆਂ ਹਨ। ਜਿਸ ਨਾਲ ਦੁਕਾਨਦਾਰਾਂ ਨੂੰ ਘਾਟਾ ਅਤੇ ਪਰੇਸ਼ਾਨੀ ਝੱਲਣੀ ਪੈਂਦੀ ਹੈ।

ਪਿੱਛੇ ਜਿਹੇ ਹੀ ਇਕ ਟੀਵੀ ਚੈਨਲ ਤੇ ਧਾਰਮਿਕ ਪ੍ਰੋਗਰਾਮ ਦੌਰਾਨ ਅਸ਼ਲੀਲ ਫ਼ਿਲਮ ਚੱਲਣ ਤੋਂ ਬਾਅਦ ਕੱਟੜ ਜਥੇਬੰਦੀਆਂ ਨੇ ਸ਼ਹਿਰ ਦੇ ਬਜ਼ਾਰਾਂ 'ਚ ਜਬਰੀ ਦੁਕਾਨਾਂ ਬੰਦ ਕਰਵਾਈਆਂ ਅਤੇ ਕਿਰਪਾਨਾਂ ਤੇ ਸੋਡੇ ਦੀਆਂ ਬੋਤਲਾਂ ਚਲਾਈਆਂ। ਹੁਣ ਆਮ ਪੰਜਾਬੀ ਸੋਚ ਸਕਦਾ ਹੈ ਕਿ ਗ਼ਲਤੀ ਟੀਵੀ ਚੈਨਲ ਦੀ ਹੋਵੇ, ਇਸ ਵਿਚ ਦੁਕਾਨਦਾਰਾਂ ਦਾ ਕੀ ਕਸੂਰ ਹੈ? ਜੇਕਰ ਟੀਵੀ ਚੈਨਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੁੰਦਾ ਤਾਂ ਕਿਸੇ ਹੱਦ ਤੱਕ ਸਮਝ ਆ ਸਕਦੀ ਸੀ, ਪਰ ਦੁਕਾਨਦਾਰਾਂ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ? ਇਸ ਪਿੱਛੇ ਦੋ ਹੀ ਕਾਰਣ ਹਨ ਕਿ ਕੱਟੜ ਜਥੇਬੰਦੀ ਆਪਣੀ ਦਹਿਸ਼ਤ ਕਾਇਮ ਰੱਖਣਾ ਚਾਹੁੰਦੀ ਹੈ, ਇਸ ਲਈ ਉਹ ਨਿੱਕੀ ਤੋਂ ਨਿੱਕੀ ਗੱਲ ਦਾ ਬਖੇੜਾ ਬਣਾਉਣਾ ਜ਼ਰੂਰੀ ਸਮਝਦੀ ਹੈ, ਭਾਵੇ ਮਸਲਾ ਨਿਜੀ ਸਕੂਲ ਵਿਚ ਰਾਸ਼ਟਰੀ ਗੀਤ ਬੰਦ ਕਰਨ ਦਾ ਕਿਉਂ ਨਾ ਹੋਵੇ। ਦੂਸਰਾ, ਅਖ਼ਬਾਰ ਵਿਚ 'ਫੋਟੋ ਸਮੇਤ ਖ਼ਬਰ' ਲੱਗਣ ਤੇ ਜਥੇਬੰਦੀ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੀ ਹੈ ਅਤੇ ਦੂਸਰਿਆਂ ਨੂੰ ਨਸੀਹਤ ਦੇਣਾ ਚਾਹੁੰਦੀ ਹੈ ਕਿ ਸਾਡੇ ਧਰਮ ਤੇ ਕੋਈ ਉਂਗਲ ਨਹੀਂ ਕਰ ਸਕਦਾ।

ਲੁਧਿਆਣਾ ਕਾਂਡ ਤੋਂ ਬਾਅਦ ਸਿੱਖ ਰੋਸ ਪ੍ਰਦਰਸ਼ਨਦੂਜੇ ਪਾਸੇ ਜਦੋਂ ਸਿੱਖ ਰੋਸ ਪ੍ਰਦਰਸ਼ਨ ਜਾਂ ਪੰਜਾਬ ਬੰਦ ਦਾ ਐਲਾਨ ਕਰਦੇ ਹਨ ਤਾਂ ਕੋਈ ਨੁਕਸਾਨ ਨਹੀਂ ਹੁੰਦਾ। ਪਿਛਲੇ ਸਾਲ ਭਾਵੇ ਪਹਿਲਾਂ ਪੰਜਾਬ ਬੰਦ ਐਲਾਨ 'ਫਿੱਟੇ ਮੂੰਹ ਭਾਰਤੀ ਇਨਸਾਫ ਪ੍ਰਣਾਲੀ' ਹੇਠ ਸੀ। ਪਰ ਦੂਸਰਾ 'ਪੰਜਾਬ ਬੰਦ ਐਲਾਨ' ਤਾਂ ਉੱਨਾ ਜੋਸ਼ੀਲਾ ਸੀ ਜਿੰਨਾ ਮਈ ਨੂੰ ਹੋਇਆ ਸੀ। ਫਿਰ ਸਿੱਖਾਂ ਦੇ 'ਪੰਜਾਬ ਬੰਦ ਐਲਾਨ' ਤੇ ਅਰਬਾਂ ਦਾ ਜਾਂ ਰੁਪਇਆਂ ਦਾ ਨੁਕਸਾਨ ਕਿਉਂ ਨਹੀਂ ਹੋਇਆ? ਗੱਲ ਸਾਫ਼ ਹੈ ਕਿ ਹੁੱਲੜਬਾਜ਼ ਮੌਕੇ ਦੀ ਭਾਲ ਵਿਚ ਰਹਿੰਦੇ ਹਨ ਕਿ ਮੱਧ ਵਰਗ ਅਤੇ ਵਪਾਰੀ ਵਰਗ ਦੀ ਸੰਪਤੀ ਨੂੰ ਨੁਕਸਾਨ ਪਹੁੰਚਾ ਕੇ ਗਰੀਬ ਬਣਾਇਆ ਜਾਵੇ ਤਾਂ ਕਿ ਬਰਾਬਰਤਾ ਆਵੇ।

ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਵਿਚੋਂ ਇਕ ਸਾਲ 'ਚ ਹੀ ਵੱਡੀਆਂ ੨੩੬ ਅਤੇ ਛੋਟੀਆਂ ੪੭.੦੮੨ ਸਨਅਤੀ ਇਕਾਈਆਂ ਖਿਸਕ ਕੇ ਗੁਆਂਢੀ ਰਾਜ ਵਿਚ ਚੱਲੇ ਗਈਆਂ ਹਨ। ੮ ਦਿਨਾਂ 'ਚ ੩੫ ਤੋਂ ਜ਼ਿਆਦਾ ਅਪਰਾਧਣ ਵਾਰਦਾਤਾਂ ਅਤੇ ਹਰ ੧੨ ਮਿੰਟ ਪਿਛੋਂ ਇਕ ਸੜਕੀਂ ਹਾਦਸਾ, ਨਤੀਜਣ ਰੋਜ਼ਾਨਾ ੨-੩ ਵਿਅਕਤੀਆਂ ਦੀ ਅਣਿਆਈ ਮੌਤ, ਮੌਜੂਦਾ ਪੰਜਾਬ ਦੇ ਹਾਲਾਤ ਹਨ। ਕੇਂਦਰ ਸਰਕਾਰ ਨੂੰ ਹਰ ਮਸਲੇ ਦਾ ਹੱਲ ਰਾਖਵਾਂਕਰਨ ਅਤੇ ਗਰੀਬ ਵਰਗ (ਵੱਡਾ ਵੋਟ ਬੈਂਕ) ਤੋਂ ਬਿਨ੍ਹਾਂ ਬਾਕੀ ਸਾਰੇ ਵਰਗ ਖ਼ੁਸ਼ਹਾਲ ਦਿਸਦੇ ਹਨ। ਇਸੇ ਕਰਕੇ ਸਿਰਫ਼ ਗਰੀਬ ਵਰਗ ਲਈ ਨਿੱਤ ਨਵੀਆਂ ਸਕੀਮਾਂ ਘੜੀਆਂ ਜਾਂਦੀਆਂ ਹਨ, ਭਾਵੇ ਇਸ ਨਾਲ ਹੋਰ ਵਰਗ ਦਾ ਮੰਦੇ ਹਾਲ ਤੋਂ ਬੁਰੇ ਹਾਲ ਨਾ ਹੋ ਜਾਵੇ। ਨਰੇਗਾ ਸਕੀਮ ਨੇ ਜਿੱਥੇ ਹਜ਼ਾਰਾਂ ਕਰੋੜ ਟੈਕਸ ਤਾਰਨ ਵਾਲੇ ਕਿਸਾਨਾਂ ਨੂੰ ਕਣਕ ਵਾਢੀ ਵੇਲੇ ਵਖਤ ਪਾਈ ਰੱਖਿਆ, ਹੁਣ ਝੋਨਾ ਬਿਜਾਈ ਵੇਲੇ ਵੀ ਉਹੀ ਹਾਲ ਹੈ ਕਿ ਮਜ਼ਦੂਰ ਨਹੀਂ ਮਿਲ ਰਹੇ। ਤਰਾਸਦੀ ਇਹ ਹੈ ਕਿ ਖ਼ਬਰਾਂ ਫਿਰ ਇਹ ਹੀ ਆ ਰਹੀਆਂ ਹੁੰਦੀਆਂ ਹਨ ਕਿ ‘ਨਰੇਗਾ ਦਾ ਪੈਸਾ ਅਸਲ ਹੱਥਾਂ 'ਚ ਨਹੀਂ ਪਹੁੰਚ ਰਿਹਾ: ਸੁਪ੍ਰੀਮ ਕੋਰਟ’। ਹੁਣ ਅਜਿਹੀਆਂ ਸਕੀਮਾਂ ਦਾ ਕੀ ਫ਼ਾਇਦਾ?, ਜਿੰਨਾਂ ਨਾਲ ਮੱਧ ਵਰਗ ਹੋਰ ਦੁੱਖੀ ਹੋ ਜਾਵੇ ਅਤੇ ਗਰੀਬ ਵਰਗ ਵੀ ਨਾ ਖ਼ੁਸ਼ ਹੋਵੇ।

ਸੰਭਾਵੀ ਹੱਲ
ਹਰ ਕੌਮ ਦਾ ਆਪਣਾ ਮੀਡੀਆ ਹੁੰਦਾ ਹੈ, ਇੱਥੇ ਮੀਡੀਆ ਤੋਂ ਭਾਵ ਹੈ ਟੀਵੀ ਚੈਨਲ ਅਤੇ ਅਖ਼ਬਾਰ। ਸਿੱਖ ਚੈਨਲ ਦੇ ਰੂਪ ਵਿਚ ਸਿੱਖਾਂ ਕੋਲ ਟੀਵੀ ਚੈਨਲ ਤਾਂ ਹੈ, ਪਰ ਹਾਲੇ ਨਿਰਪੱਖ ਸਿੱਖ ਅਖ਼ਬਾਰ ਕੋਈ ਨਹੀਂ। ਸਿੱਖ ਚੈਨਲ ਦੇ ਪ੍ਰਚਾਰ ਅਤੇ ਵਿਚਾਰ-ਗੋਸ਼ਟੀ ਨਾਲ ਜੋ ਸਿੱਖਾਂ ਵਿਚ ਜਾਗ੍ਰਿਤੀ ਆਈ ਹੈ, ਉਹ ਕਾਬਲੇ ਤਾਰੀਫ਼ ਹੈ। ਜਿੱਥੇ ਵੈਨਾਂ ਵਿਚ ਰੋਸ ਪ੍ਰਦਰਸ਼ਨ ਲਈ ਸੰਗਤ ਜਾਂਦੀ ਹੁੰਦੀ ਸੀ, ਉੱਥੇ ੨-੩ ਬੱਸਾਂ ਵਿਚ ਸੰਗਤ ਇਕੱਤਰ ਹੋ ਕੇ ਪਹੁੰਚੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖੀ ਦੀ ਆਵਾਜ਼ ਸਿੱਖ ਚੈਨਲ ਰਾਹੀ ਘਰ ਘਰ ਤੱਕ ਪਹੁੰਚ ਰਹੀ ਹੈ। ਇਸ ਤੋਂ ਅਗਲਾ ਕਦਮ ਸਿੱਖ ਚੈਨਲ ਨੂੰ ਚਾਹੀਦਾ ਹੈ ਕਿ ਪੰਜਾਬੀ ਵਿਚ ਇੰਟਰਨੈੱਟ ਆਨਲਾਈਨ ਅਖ਼ਬਾਰ ਸ਼ੁਰੂ ਕਰੇ। ਕਿਉਂਕਿ ਇੰਟਰਨੈੱਟ ਆਨਲਾਈਨ ਅਖ਼ਬਾਰ ਦੀ ਇਕ ਬੰਦਾ ਦੇਖ-ਰੇਖ ਅਤੇ ਸਾਂਭ-ਸੰਭਾਲ ਕਰ ਸਕਦਾ ਹੈ। ਸਿੱਖ ਚੈਨਲ ਕੋਲ ਸੂਝਵਾਨ ਸੰਪਾਦਕ ਅਤੇ ਲੇਖਕ ਮੌਜੂਦ ਹਨ, ਉਹ ਵਿਚਾਰ-ਗੋਸ਼ਟੀਆਂ ਵਿਚ ਗਿਆਨ ਵੰਡਦੇ ਰਹਿੰਦੇ ਹਨ, ਪਰ ਲਿਖਤੀ ਰੂਪ ਵਿਚ ਵੀ ਗਿਆਨ ਜ਼ਰੂਰੀ ਹੈ। ਉਹਨਾਂ ਦੀਆਂ ਲਿਖਤਾਂ ਆਨਲਾਈਨ ਕਰਨੀਆਂ ਚਾਹੀਦੀਆਂ ਹਨ। ਭਾਵੇ ਕਿ ਉਹ ਵੱਖ-ਵੱਖ ਅਖ਼ਬਾਰਾਂ ਨੂੰ ਆਪਣੇ ਲੇਖ ਭੇਜਦੇ ਰਹਿੰਦੇ ਹਨ। ਪਰ ਹੋਰ ਲੇਖਾਂ ਅਤੇ ਹੋਰ ਵਿਸ਼ਿਆਂ ਹੇਠ ਉਹਨਾਂ ਦੀਆਂ ਲਿਖਤਾਂ ਦੱਬ ਕੇ ਰਹਿ ਜਾਂਦੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਸਿੱਖਾਂ ਦੀ ਵੀ ਇਕ ਰੋਜ਼ਾਨਾ ਅਖ਼ਬਾਰ ਛਪੇ, ਪਰ ਰੋਜ਼ਾਨਾ ਅਖ਼ਬਾਰ ਇੱਕ ਵਿਸ਼ਾਲ, ਬਹੁ-ਮਨੁੱਖੀ ਅਤੇ ਬਹੁ-ਖਰਚੀਲਾ ਕੰਮ ਹੈ। ਇਸ ਦੇ ਉਲਟ ਰੋਜ਼ਾਨਾ ਆਨਲਾਈਨ ਅਖ਼ਬਾਰ ਦਾ ਕੰਮ ਇਕ ਬੰਦਾ ਕਰ ਸਕਦਾ ਹੈ ਅਤੇ ਖ਼ਰਚਾ ਵੀ ਨਾ-ਮਾਤਰ ਹੈ। 

ਪੰਜਾਬ ਮਸਲੇ ਸੰਬੰਧੀ ਵਿਚਾਰ-ਗੋਸ਼ਟੀ ਦੌਰਾਨ ਬਹੁਤ ਸਾਰੇ ਸਰੋਤਿਆਂ ਨੇ ਕਿਹਾ ਯੌਰਪ ਵਿਚ ਬੈਠੇ ਸਿੱਖਾਂ ਤੱਕ ਲੁਧਿਆਣਾ ਕਾਂਡ ਬਾਰੇ ਸਚਾਈ ਪਹੁੰਚ ਗਈ ਹੈ, ਪਰ ਪੰਜਾਬ ਵਿਚ ਬੈਠੇ ਪੰਜਾਬੀਆਂ ਤੱਕ ਤੁਹਾਡੀ ਗੱਲ ਨਹੀਂ ਪਹੁੰਚੀ। ਇਸ ਦਾ ਹੱਲ ਮਹੀਨੇਵਾਰ ਰਸਾਲਾ ਹੀ ਹੈ। ਜਿਵੇਂ ਕਿ ਵਿਰੋਧੀਆਂ ਦੀ ਤਾਕਤ ਕਲਮ ਹੈ ਅਤੇ ਮਹੀਨੇਵਾਰ ਰਸਾਲੇ ਤੋਂ ਉਹ ਆਪਣਾ ਮਿਸ਼ਨ ਸ਼ੁਰੂ ਕਰਦੇ ਹਨ। ਇਸੇ ਤਰ੍ਹਾਂ ਜਦੋਂ ਕਦੇ ਪ੍ਰਵਾਸੀ ਸਿੱਖਾਂ ਕੋਲ ਮਾਇਆ ਦੀ ਕਮੀ ਨਾ ਰਹੇ ਤਾਂ ਸਿੱਖ ਰਲ ਕੇ ਇਕ ਗ਼ੈਰ-ਰਾਜਨੀਤਿਕ ਅਤੇ ਨਿਰਪੱਖ ਮਹੀਨੇਵਾਰ ਰਸਾਲਾ ਛਾਪਣਾ ਸ਼ੁਰੂ ਕਰਨ। ਜਿਹੜੇ ਵਿਚਾਰ-ਵਟਾਂਦਰੇ ਅਤੇ ਗਿਆਨ ਸਿੱਖ ਚੈਨਲ ਤੇ ਸਾਂਝੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕਲਮਬੰਦ ਕਰਕੇ ਰਸਾਲੇ ਵਿਚ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪੰਜਾਬ ਵਿਚ ਲਗਭਗ ੧੨੦੦੦ ਹਜ਼ਾਰ ਪਿੰਡ ਹਨ ਤਾਂ ੧੨੦ ਸਿੱਖ ਸੇਵਕ ਤਿਆਰ ਕਰਨੇ ਚਾਹੀਦੇ ਹਨ। ਜੋ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਜਾਂ ਪ੍ਰਬੰਧਕਾਂ ਤੱਕ ਰਸਾਲਾ ਪਹੁੰਚਦਾ ਕਰਨ। ਪ੍ਰਬੰਧਕ ਜਾਂ ਗ੍ਰੰਥੀ ਰਸਾਲਾ ਭਗਤ ਨੂੰ ਭਗਤ ਤੇ ਗੁਰੂ ਨੂੰ ਗੁਰੂ ਕਹਿਣ ਵਾਲੇ ਸਿੱਖਾਂ ਨੂੰ ਮੁਫ਼ਤ ਵੰਡਣ। ਕਿਉਂਕਿ ਆਮ ਹੀ ਕਹਾਵਤ ਹੈ ਕਿ ਪੰਜਾਬੀ ਨੂੰ ਪੜ੍ਹਨ ਦੀ ਤਾਂ ਆਦਤ ਹੈ, ਪਰ ਇਹ ਪੱਲਿਓਂ ਪੈਸੇ ਖ਼ਰਚਣ ਤੋਂ ਝਿਜਕਦਾ ਹੈ। ਮੁਫ਼ਤ ਸਾਹਿਤ ਇਹ ਭੱਜ ਕੇ ਫੜਦਾ ਹੈ। ਜੇਕਰ ਪਿੰਡਾਂ ਦੇ ਘਰਾਂ ਵਿਚ ਮੁਫ਼ਤ ਪੰਜਾਬੀ ਰਸਾਲਾ ਪਿਆ ਹੋਵੇਗਾ ਤਾਂ ਸਿੱਖ ਬੱਚੇ ਵੀ ਮਾਂ ਬੋਲੀ ਪੰਜਾਬੀ ਵੱਲ ਨੂੰ ਪ੍ਰੇਰਿਤ ਹੋਣਗੇ।

ਇਹ ਹੀ ਇਕੋ ਇਕ ਹੱਲ ਹੈ, ਜਿਸ ਨਾਲ ਪ੍ਰਵਾਸੀ ਸਿੱਖਾਂ ਦੀ ਆਵਾਜ਼ ਪੰਜਾਬੀ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਸਕਦੀ ਹੈ। ਇਹ ਯੋਜਨਾ ਸਾਰੇ ਪੰਜਾਬ ਵਿਚ ਸ਼ੁਰੂ ਕਰਨ ਦੀ ਬਜਾਏ ਕਿਸੇ ਇਕ ਜ਼ਿਲ੍ਹੇ ਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਮਹੀਨੇਵਾਰ ਰਸਾਲੇ ਦਾ ਖ਼ਰਚਾ ਇੰਗਲੈਂਡ ਵਿਚਲੀਆਂ ਦੇਸੀ ਐਡ ਰਾਹੀ ਪੂਰਾ ਕੀਤਾ ਜਾ ਸਕਦਾ ਹੈ। ਇੰਟਰਨੈੱਟ ਦੇ ਜ਼ਰੀਏ ਰਸਾਲੇ ਵਿਚਲੀ ਸਮੱਗਰੀ ਦਾ ਅਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ। ਇਕੋ ਰਸਾਲਾ ਇੰਗਲੈਂਡ ਅਤੇ ਪੰਜਾਬ ਵਿਚ ਛਾਪ ਕੇ ਵੰਡਿਆ ਜਾ ਸਕਦਾ ਹੈ।

ਕੀ ਸਾਰੇ ਸਿੱਖ ਅਮੀਰ ਹਨ?ਜੇਕਰ ਸਿੱਖਾਂ ਦੀ ਆਪਣੀ ਅਖ਼ਬਾਰ ਹੋਵੇਗੀ ਤਾਂ ਉਹ ਉਸ ਵਿਚ ੮੪ ਦੇ ਪੀੜਤਾਂ ਲਈ ਇਕ ਪਾਰਦਰਸ਼ੀ ਦਾਨ ਵਿਧੀ ਵੀ ਸ਼ੁਰੂ ਕਰ ਸਕਦੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਇਕ ਪਾਸੇ ਤਾਂ ਖ਼ਬਰ ਲੱਗੀ ਹੁੰਦੀ ਹੈ ਕਿ ੮੪ ਦੀਆਂ ਪੀੜਿਤ ਬੀਬੀਆਂ ਭਾਂਡੇ ਮਾਂਝ ਕੇ ਗੁਜ਼ਾਰਾ ਕਰ ਰਹੀਆਂ ਹਨ। ਦੂਜੇ ਪਾਸੇ ਗ਼ੈਰ-ਸਿੱਖ-ਅਖ਼ਬਾਰ ਵਿਚ ਸਿੱਖ ਪਰਵਾਰ (ਫੋਟੋ ਸਮੇਤ) ੧੦੦ ਲੇਡੀਜ਼ ਸੂਟ ਜਾਂ ਇਕ ਸਿੱਖ (ਫੋਟੋ ਸਮੇਤ) ੨੧੦੦੦ ਹਜ਼ਾਰ ਦਾ ਚੈੱਕ ਗ਼ੈਰ-ਸਿੱਖ-ਸੰਸਥਾ ਨੂੰ ਭੇਟ ਕਰ ਰਿਹਾ ਹੁੰਦਾ ਹੈ। ਸਿੱਖ ਕੌਮ ਵਿਚ ਦਾਨੀ ਸਿੱਖਾਂ ਦੀ ਕਮੀ ਨਹੀਂ, ਪਰ ਬਹੁਤਾਤ ਵਿਚ ਸਿੱਖ-ਮਾਇਆ ਗ਼ੈਰ-ਸਿੱਖ-ਪੀੜਤਾਂ ਜਾਂ ਗਰੀਬ ਕੁੜੀਆਂ ਦੇ ਵਿਆਹਾਂ ਤੇ ਜਾਂ ਗਰੀਬੀ ਦੂਰ ਕਰਨ ਤੇ ਭੇਟ ਹੋ ਰਹੀ ਹੈ। ਇਸੇ ਕਰਕੇ ੮੪ ਦੇ ਪੀੜਿਤ, ਸਿੱਖ ਸ਼ਹੀਦਾਂ ਅਤੇ ਫੜੇ ਹੋਏ ਸਿੱਖਾਂ ਦੇ ਪਰਿਵਾਰ ਇਕ ਟਾਈਮ ਦੀ ਰੋਟੀ ਖਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਸਿੱਖਾਂ ਨੂੰ ਆਪਣਾ ਦਾਇਰਾ ਸੀਮਿਤ ਰੱਖ ਕੇ ਚੱਲਣਾ ਚਾਹੀਦਾ ਹੈ। ਪਹਿਲਾਂ ਆਪਣਾ ਘਰ ਪੱਕਾ ਕਰ ਲੈਣਾ ਚਾਹੀਦਾ ਹੈ। ਫਿਰ ਗੁਆਂਢੀਆਂ ਜਾਂ ਸ਼ਰੀਕਾਂ ਬਾਰੇ ਸੋਚਣਾ ਚਾਹੀਦਾ ਹੈ। ਕਿਉਂਕਿ ਬੇਗਾਨਿਆਂ ਦੀ ਮਦਦ ਕਰਨ ਲਈ ਤਾਂ ਸਿੱਖ ਝਟਪਟ ਅਫ਼ਰੀਕਾ ਵੀ ਪਹੁੰਚ ਜਾਂਦੇ ਹਨ ਪਰ ੮੪ ਦੇ ਪੀੜਿਤਾਂ ਦਾ ਸੰਪੂਰਨ ਰੂਪ ਵਿਚ ਮੁੜ ਵਸੇਬਾ ਹਾਲੇ ਤੱਕ ਸੰਭਵ ਨਹੀਂ ਹੋਇਆ।

ਦਾਇਰਾ ਸੀਮਿਤ ਕਰਨ ਹੇਠ ਹੀ ਸਿਰਫ਼ ਭਗਤ ਨੂੰ ਭਗਤ ਤੇ ਗੁਰੂ ਨੂੰ ਗੁਰੂ ਕਹਿਣ ਵਾਲੇ ਮਾਈ-ਭਾਈ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਜਿਵੇਂ ਕਿ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੀ ਪ੍ਰਬੰਧਕ ਕਮੇਟੀ ਵਲੋਂ ਸਭਾ ਦੇ ਵਿਧਾਨ ਵਿੱਚ ਸੋਧ ਕਰਕੇ ਮੈਂਬਰ ਬਣਨ ਜਾਂ ਕਮੇਟੀ ਵਿਚ ਉਮੀਦਵਾਰ ਲਈ ਨਾਂ ਪਿੱਛੇ ਸਿੰਘ ਜਾਂ ਕੌਰ ਲੱਗਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਇਸ ਤਰ੍ਹਾਂ ਦੇ ਹੋਰ ਮਤੇ ਪਾਸ ਹੋਣੇ ਚਾਹੀਦੇ ਹਨ। ਜਦੋਂ ਸਿੱਖ ਸਿੱਖਾਂ ਵਰਗੇ ਦਿਸਣ ਵਾਲੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲਣ ਦੀ ਗ਼ਲਤੀ ਕਰ ਬੈਠਦੇ ਹਨ ਤਾਂ ਸਾਰੇ ਮਾਮਲੇ ਜਾਤ-ਪਾਤ ਅਤੇ ਭਗਤ-ਗੁਰੂ ਦੀ ਘੁੰਮਣ-ਘੇਰੀ ਵਿਚ ਹੀ ਫਸ ਕੇ ਰਹਿ ਜਾਂਦੇ ਹਨ ਅਤੇ ਸਿੱਖ ਜਿੱਥੋਂ ਚੱਲਿਆ ਹੁੰਦਾ ਹੈ ਉੱਥੇ ਹੀ ਵਾਪਸ ਪਹੁੰਚ ਜਾਂਦਾ ਹੈ। ਜਿਵੇਂ ਸਿੱਖ ਚੈਨਲ ਤੇ ਵਿਚਾਰ-ਗੋਸ਼ਟੀ ਵਿਚ ਭੇਖੀ ਸਿੱਖ ਵਲੋਂ ਨਿਰਾਸ਼ਾਵਾਦੀ ਵਿਚਾਰਾਂ 'ਕਮੇਟੀਆਂ ਤਾਂ ਅੱਗੇ ਹੀ ਬਹੁਤ ਹਨ' ਜਾਂ 'ਸਿੱਖ ਚੈਨਲ ਵਿਚ ਨੁਕਸ ਕੱਢੋ ਅਤੇ ਉਹ ਜਨਤਕ ਕਰੋ' ਵਰਗੀ ਬੇਤੁਕੀ ਸੋਚ ਨਾਲ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਨੇ ਸਿੱਖ ਚੈਨਲ ਤੇ ਆਪਣੇ ਇਕ ਪ੍ਰੋਗਰਾਮ ਵਿਚ ਸਿੱਖੀ ਨੂੰ ਗਰੀਬ ਕੁੜੀਆਂ ਦੇ ਵਿਆਹ ਤੱਕ ਸੀਮਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਭੇਖੀ ਸਿੱਖਾਂ ਦੀ ਇਸ ਚਾਲ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

ਇਕ ਗੱਲ ਹੋਰ, ਸਿੱਖ ਬੀਬੀਆਂ ਅਤੇ ਕੁੜੀਆਂ ਨੂੰ ਹਿੰਦੀ 'ਸਮਾਜ ਵਿਗਾੜ ਨਾਟਕਾਂ' ਤੋਂ ਵੀ ਅਜ਼ਾਦ ਕਰਵਾਉਣਾ ਚਾਹੀਦਾ ਹੈ। ਕਥਾ ਪ੍ਰਚਾਰ ਹੀ ਇਸ ਦਾ ਹੱਲ ਹੈ। ਭਾਵੇ ਕਿ ਸਿੱਖ ਚੈਨਲ ਤੇ ਸਵੇਰ ਸਮੇਂ ਕਥਾ ਪ੍ਰਸਾਰਿਤ ਕੀਤੀ ਜਾਂਦੀ ਹੈ, ਪਰ ਉਸ ਸਮੇਂ ਬਹੁਤੇ ਸਿੱਖ ਕੰਮਾਂ ਤੇ ਹੋਣ ਕਰਕੇ ਕਥਾ ਦੇਖਣ-ਸੁਣਨ ਤੋਂ ਵਾਂਝੇਂ ਰਹਿ ਜਾਂਦੇ ਹਨ। ਦਿੱਲੀ ਦੇ ਸੂਝਵਾਨ ਕਥਾ ਪ੍ਰਚਾਰਕ ਜੋ ਗਿਆਨ ਦਾ ਚਾਨਣ ਫੈਲਾ ਰਹੇ ਹਨ, ਉਹ ਸ਼ਲਾਘਾਯੋਗ ਹੈ। ਇਸੇ ਕਰਕੇ ਜੇਕਰ ਸ਼ਾਮ ਦੇ ੭ ਤੋਂ ੧੦ ਵਜੇ ਤੱਕ ਜੇ ਵਿਚਾਰ ਗੋਸ਼ਟੀ ਨਾ ਹੋਵੇ ਤਾਂ ਕਥਾ ਪ੍ਰਸਾਰਣ ਕੀਤੀ ਜਾਵੇ ਤਾਂ ਕਿ ਸਿੱਖੀ ਬੀਬੀਆਂ ਅਤੇ ਕੁੜੀਆਂ ਨੂੰ ਇਨ੍ਹਾਂ ਤਰਕਹੀਣ, ਕਾਲਪਨਿਕ ਅਤੇ ਝੂਠੀਆਂ ਗੱਲਾਂ ਭਰਪੂਰ ਨਾਟਕਾਂ ਦੇ ਨੈਤਿਕ ਪ੍ਰਦੂਸ਼ਣ ਤੋਂ ਅਜ਼ਾਦ ਕਰਵਾਇਆ ਜਾ ਸਕੇ। ਕਿਉਂਕਿ ਜੇਕਰ ਮਾਂ ਨੂੰ ਸਿੱਖੀ ਦਾ ਗਿਆਨ ਹੋਵੇਗਾ ਤਦੇ ਹੀ ਉਹ ਬੱਚੇ ਨੂੰ ਸਿੱਖੀ ਬਾਰੇ ਦੱਸ ਸਕਦੀ ਹੈ, ਨਹੀਂ ਤਾਂ ਉਨ੍ਹਾਂ ਵਿਚ ਮਨੋਵਿਗਿਆਨਕ ਵਿਕਾਰ ਅਤੇ ਡਰ ਪੈਦਾ ਹੋ ਜਾਵੇਗਾ।

ਸ਼ਾਇਦ ਹੀ ਕਿਸੇ ਹੋਰ ਧਰਮ ਵਿਚ ਅਧੂਰੇ ਧਾਰਮਿਕ ਲੋਕਾਂ ਨੂੰ ਇੰਨੀਆਂ ਲਾਹਨਤਾਂ ਪਾਈਆਂ ਜਾਂਦੀਆਂ ਹੋਣ, ਜਿੰਨੀਆਂ ਆਪੇ ਬਣੇ ਸਿੱਖ ਆਗੂਆਂ ਵਲੋਂ ਅਪੂਰਨ (ਮੋਨੇ) ਸਿੱਖਾਂ ਨੂੰ ਪਾਈਆਂ ਜਾਂਦੀਆਂ ਹਨ। ਜਦ ਕਿ ਮੋਨੇ ਸਿੱਖ ਤਨ-ਮਨ-ਧਨ ਨਾਲ ਗੁਰਦੁਆਰਾ ਸਥਾਪਨਾ, ਸਾਰੇ ਸਿੱਖ ਮੋਰਚੇ ਅਤੇ ਰੋਸ ਪ੍ਰਦਰਸ਼ਨਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਹਨ। ਨਾ ਹੀ ਇਹ ਭਗਤ ਨੂੰ ਭਗਤ ਕਹਿਣ ਤੇ ਕਿੰਤੂ ਕਰਦੇ ਹਨ ਅਤੇ ਨਾ ਹੀ ਸਿੱਖ ਧਰਮ ਤੋਂ ਪਿੱਛੇ ਹਟੇ ਹਨ। ਇਕ ਗੱਲ ਪੱਕੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜਦੋਂ ਕਦੇ ਪੰਜਾਬ ਵਿਚ ਸੁਖਾਵਾਂ ਮਾਹੌਲ ਹੋ ਗਿਆ ਤਾਂ ਅਪੂਰਨ ਸਿੱਖਾਂ ਨੇ ਆਪਣੇ ਆਪ ਸੰਪੂਰਨ ਹੋਣ ਵਾਲੇ ਰਾਹੇ ਚੱਲ ਪੈਣਾ ਹੈ। ਸੋ, ਮੁੱਕਦੀ ਗੱਲ ਇਹ ਹੈ ਕਿ ਸਿੱਖ ਕੌਮ ਵਿਚ ਲਚਕੀਲਾਪਣ ਅਪੂਰਨ ਸਿੱਖਾਂ ਲਈ ਹੋਣਾ ਚਾਹੀਦਾ ਹੈ ਨਾ ਕਿ ਭਗਤ ਨੂੰ ਗੁਰੂ ਕਹਿਣ ਵਾਲਿਆ ਲਈ, ਤਦੇ ਮਸਲੇ ਵਧਣ ਦੀ ਬਜਾਏ ਘਟਣਗੇ।

ਸਿੱਖਾਂ ਨੂੰ ਹੁਣ ਹਥਿਆਰਬੰਦ ਹੋਣ ਦੀ ਬਜਾਏ ਤਕਨੀਕਬੰਦ ਹੋਣ ਦੀ ਲੋੜ ਹੈ। ਇੰਟਰਨੈੱਟ ਤਕਨੀਕ ਰਾਹੀ ਵਿਸ਼ਵ ਵਿਚ ਵਸਦੇ ਸਿੱਖਾਂ ਦਾ ਇਕ ਸਾਂਝਾ ਪਲੇਟਫਾਰਮ ਬਣਾਉਣਾ ਚਾਹੀਦਾ ਹੈ। ਕਿਉਂਕਿ ਹਥਿਆਰਾਂ ਨਾਲ ਸ਼ਹੀਦ ਬਣਦੇ ਹਨ ਅਤੇ ਕਲਮ ਨਾਲ ਬਹੁ-ਚਿਰੀ ਆਗੂ। (ਖ਼ਤਮ)

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com