ਕੀ ਤੁਸੀਂ 5abi.com ਨੂੰ ਪੁਰਾਣੀ ਰੂਪ-ਰੇਖਾ ਵਿਚ ਦੇਖਣਾ ਚਾਹੁੰਦੇ ਹੋ?
ਚੱਲੋ, 10 ਸਾਲ ਪਿੱਛੇ ਚੱਲੀਏ!
ਬੇਨਤੀ ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
ਬਹੁਤੇ ਪੰਜਾਬੀਆਂ ਦੀ ਆਦਤ ਹੈ ਕਿ ਉਹ ਪੈਸਾ ਕਮਾਉਣ ਦੇ ਚੱਕਰ ਵਿਚ ਦੂਸਰਿਆਂ ਦੀ ਰੀਸ ਕਰਦੇ ਹਨ। ਜੇਕਰ ਇੱਕ ਨੇ ਢਾਬਾ ਖੋਲ੍ਹਿਆ ਤਾਂ ਦੂਸਰੇ ਨੇ ਵੀ ਉਸ ਦੇ ਸਾਹਮਣੇ ਢਾਬਾ ਖੋਲ ਕੇ ਬਹਿ ਜਾਣਾ ਹੁੰਦਾ ਹੈ। ਜੇ ਇਕ ਪੰਜਾਬੀ ਗਾਇਕ ਫਿਲਮੀ ਖੇਤਰ ਵਿਚ ਉੱਤਰਦਾ ਹੈ ਤਾਂ ਬਾਕੀ ਵੀ ਉਸ ਦੀ ਸਫ਼ਲਤਾ ਨੂੰ ਦੇਖਦਿਆਂ ਛਲਾਂਗ ਮਾਰ ਦਿੰਦੇ ਹਨ, ਭਾਵੇਂ ਉਨ੍ਹਾਂ ਨੂੰ ਤੈਰਨਾ ਆਉਂਦਾ ਹੋਵੇ ਜਾਂ ਨਹੀਂ, ਭਾਵ ਲੋੜੀਂਦੀ ਯੋਗਤਾ ਦਾ ਹੋਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। 'ਪਹਿਲਾਂ ਕਰੋ, ਫਿਰ ਸਿੱਖੋ' ਨੂੰ ਪਹਿਲ ਦਿੱਤੀ ਜਾਂਦੀ ਹੈ।
ਅੱਜ ਨਿੱਤ ਨਵੀਂਆਂ ਇੰਟਰਨੈੱਟ ਪੰਜਾਬੀ ਅਖ਼ਬਾਰਾਂ ਚਾਲੂ ਹੋ ਰਹੀਆਂ ਹਨ। ਖ਼ਬਰਾਂ ਇੰਟਰਨੈੱਟ ਪੰਜਾਬੀ ਅਖ਼ਬਾਰਾਂ ਦਾ ਅਟੁੱਟ ਅੰਗ ਹਨ। ਖ਼ਬਰਾਂ ਨਾਲ ਬਹੁਤੀ ਛੇੜ-ਛਾੜ ਨਹੀਂ ਕੀਤੀ ਜਾ ਸਕਦੀ। ਸਿਰਫ਼ ਦੋ ਚਾਰ ਸ਼ਬਦ ਬਦਲੇ ਜਾ ਸਕਦੇ ਹਨ, ਜਿਸ ਦੇ ਫਲਸਰੂਪ ਇਕੋ ਖ਼ਬਰ ਸਾਰੀਆਂ ਇੰਟਰਨੈੱਟ ਪੰਜਾਬੀ ਅਖ਼ਬਾਰਾਂ ਤੇ ਪੜ੍ਹਨ ਨੂੰ ਮਿਲ ਜਾਂਦੀ ਹੈ, ਮਤਲਬ ਜੇਕਰ ਤੁਸੀਂ ਸਿਰਫ਼ ਖ਼ਬਰਾਂ ਵਿਚ ਦਿਲਚਸਪੀ ਰੱਖਦੇ ਹੋ ਤਾਂ ਤੁਹਾਨੂੰ ਇਕ ਇੰਟਰਨੈੱਟ ਪੰਜਾਬੀ ਅਖ਼ਬਾਰ ਪੜ੍ਹ ਕੇ ਹੋਰ ਕੋਈ ਪੰਜਾਬੀ ਅਖ਼ਬਾਰ ਖੋਲ੍ਹਣ ਦੀ ਜ਼ਰੂਰਤ ਨਹੀਂ ਰਹਿੰਦੀ।
ਦੂਸਰਾ ਵਿਸ਼ਾ ਜਾਂ ਲੱਤ ਕਹਿ ਲਓ, ਜਿਸ ਤੇ ਇੰਟਰਨੈੱਟ ਪੰਜਾਬੀ ਅਖ਼ਬਾਰਾਂ ਟਿਕੀਆਂ ਹਨ, ਉਹ ਹਨ 'ਲੇਖ'। ਬਿਜਲਈ ਚਿੱਠੀ (ਈਮੇਲ) ਪੰਜਾਬੀ ਲੇਖਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਈ। ਇਕ ਬਾਰ ਪੰਜਾਬੀ ਵਿਚ ਲੇਖ ਟਾਈਪ ਕਰਨ ਤੋਂ ਬਾਅਦ ਤੁਹਾਨੂੰ ਸਿਰਫ਼ ਈਮੇਲ ਪਤਾ ਲਿਖਣ ਦੀ ਖੇਚਲ ਕਰਨੀ ਪੈਂਦੀ ਹੈ ਅਤੇ ਲੇਖ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਭਾਵੇਂ ਉਸ ਦੀ ਮੰਜ਼ਿਲ ਬਹੁ-ਗਿਣਤੀ ਵਿਚ ਹੋਵੇ। ਇਸ ਦਾ ਨਤੀਜਾ ਇਹ ਹੈ ਕਿ ਇਕੋ ਲੇਖ ਬਹੁਤੀਆਂ ਇੰਟਰਨੈੱਟ ਪੰਜਾਬੀ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲ ਜਾਂਦਾ ਹੈ। ਮੁੱਕਦੀ ਗੱਲ, ਖ਼ਬਰਾਂ ਅਤੇ ਲੇਖ ਦੇ ਸਿਰ ਤੇ ਬਹੁਤੀਆਂ ਅਖ਼ਬਾਰਾਂ ਆਪਣੇ ਲਿਖੇ ਹੋਏ ਮਨੋਰਥ ਨੂੰ ਪਾਣੀ ਪਾ ਕੇ ਵਧਾ-ਫੁਲਾ ਰਹੀਆਂ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਮੁੱਢਲੇ ਤੌਰ ਤੇ ਨਿੱਤ-ਨਵੀਆਂ ਇੰਟਰਨੈੱਟ ਅਖ਼ਬਾਰਾਂ ਉੱਪਰ ਲਿਖੇ ਦੋ ਵਿਸ਼ਿਆਂ ਰਾਹੀ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਹਨ ਤਾਂ 5abi.com ਆਪਣੇ ਪੁਰਾਣੇ ਰੂਪ ਵਿਚ ਆ ਕੇ ਕੀ ਨਵਾਂ ਕਰੇਗੀ?
ਇਸ ਦਾ ਜਵਾਬ ਲੱਭਣ ਲਈ 10 ਸਾਲ ਪਿੱਛੇ ਜਾਣਾ ਪਵੇਗਾ। ਆਮ ਪੰਜਾਬੀ ਪਾਠਕ ਆਮ ਵਿਦੇਸ਼ੀ ਪਾਠਕ ਨਾਲੋਂ 10 ਸਾਲ ਪਿੱਛੇ ਚੱਲ ਰਿਹਾ ਹੈ। ਜਿਹੜੀ ਪੇਸ਼ਕਾਰੀ 5abi.com ਨੇ 10 ਸਾਲ ਪਹਿਲਾਂ ਪੰਜਾਬੀ ਪਾਠਕ ਨੂੰ ਦਿੱਤੀ ਸੀ, ਉਸ ਦੇ ਬਰਾਬਰ ਦਰਜੇ ਦੀ ਅੱਜ ਤੱਕ ਕੋਈ ਵੀ ਇੰਟਰਨੈੱਟ ਪੰਜਾਬੀ ਅਖ਼ਬਾਰ ਨਹੀਂ ਦੇ ਪਾਈ। ਪਾਠਕ ਅਤੇ ਅਦਾਰੇ ਦਾ ਕਰੀਬੀ ਸੰਪਰਕ ਹੁਣ ਤੱਕ ਘੱਟ ਹੀ ਦੇਖਣ ਨੂੰ ਮਿਲਿਆ ਹੈ। ਜਿੱਥੇ 5 ਸਾਲ ਪਹਿਲਾਂ ਹੀ 5abi.com ਨੂੰ ਯੂਨੀ ਕੋਡ ਵਿਚ ਸੰਪੂਰਨ ਤੌਰ ਤੇ ਤਬਦੀਲ ਕਰ ਦਿੱਤਾ ਗਿਆ ਸੀ, ਉੱਥੇ ਕੁਝ ਵੈੱਬ ਸਾਈਟਾਂ ਅੱਜ ਵੀ ਯੂਨੀ ਕੋਡ ਤੋਂ ਪਰਹੇਜ਼ ਕਰ ਰਹੀਆਂ ਹਨ, ਜਦ ਕਿ ਯੂਨੀ ਕੋਡ ਪੰਜਾਬੀ ਲੇਖਕਾਂ ਅਤੇ ਪਾਠਕਾਂ ਲਈ ਤਕਨੀਕੀ ਵਰਦਾਨ ਹੈ।
ਜੇਕਰ ਪੇਸ਼ਕਾਰੀ ਦੀ ਗੱਲ ਕਰੀਏ 5abi.com ਸਰਬ ਕਲਾ ਸੰਪੂਰਨ ਸੀ। ਕੁਝ ਹੀ ਸਕਿੰਟਾਂ ਵਿਚ ਮੁੱਖ ਪੰਨੇ ਦੇ ਬਹੁਤ ਸਾਰੇ ਵਿਸ਼ਿਆਂ ਵਿਚੋਂ ਪਾਠਕ ਆਪਣੇ ਮਨ ਚਾਹੇ ਵਿਸ਼ੇ ਤੱਕ ਪਹੁੰਚ ਜਾਂਦਾ ਸੀ। ਰੰਗਾਂ ਦੇ ਸੁਮੇਲ ਨਾਲ ਅੱਖਾਂ ਨੂੰ ਆਨੰਦ ਆ ਜਾਂਦਾ ਸੀ। ਰਚਨਾਵਾਂ ਸੰਬੰਧੀ ਫੋਟੋ ਲਾਉਣੀ ਆਪਣੇ ਆਪ ਵਿਚ ਇੱਕ ਵੱਡੀ ਚੁਣੌਤੀ ਹੈ। ਜਿਸ ਨੂੰ 5abi.com ਹੁਣ ਤੱਕ ਬਖ਼ੂਬੀ ਨਿਭਾ ਰਹੀ ਹੈ। ਫੋਟੋ ਲਾਉਣ ਨਾਲ ਇਹ ਵੀ ਸਿੱਧ ਹੁੰਦਾ ਹੈ ਕਿ ਲੇਖਕ ਦੀ ਰਚਨਾ ਨਾਲ 'ਕਾਪੀ-ਪੇਸਟ' ਵਾਲਾ ਵਿਵਹਾਰ ਨਹੀਂ ਕੀਤਾ ਗਿਆ ਬਲਕਿ ਰਚਨਾ ਦਾ ਪੂਰਾ ਅਧਿਐਨ ਕੀਤਾ ਗਿਆ ਅਤੇ ਸੰਪਾਦਕ ਪੂਰੀ ਜ਼ਿੰਮੇਵਾਰੀ ਨਾਲ ਪਾਠਕ ਅੱਗੇ ਰਚਨਾ ਪੇਸ਼ ਕਰ ਰਿਹਾ ਹੈ।
ਪਰ ਜਿਵੇਂ ਕਿ ਉਪਰ ਲਿਖਿਆ, ਆਮ ਪੰਜਾਬੀ ਪਾਠਕ 10 ਸਾਲ ਪਿੱਛੇ ਚੱਲ ਰਿਹਾ ਹੈ, ਇਸ ਦੇ ਕਾਰਣ ਸਰਕਾਰੀ ਪੱਧਰ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮਾਤਰ ਵਿਕਾਸ ਅਤੇ ਬੇਰੋਕ ਨਿਘਾਰ ਹੋਣਾ ਹੈ। ਕੁਝ ਸਾਲ ਪਹਿਲਾਂ ਹਰ ਪੰਜਾਬੀ ਘਰ ਵਿਚ ਕੰਪਿਊਟਰ ਨਹੀਂ ਸੀ ਜਿਸ ਕਰਕੇ 5abi.com ਨੂੰ ਉਹ ਸਹਿਯੋਗ ਨਹੀਂ ਮਿਲ ਸਕਿਆ, ਜਿਸ ਦਾ ਉਹ ਹੱਕਦਾਰ ਸੀ। ਨਤੀਜਾ ਇਹ ਹੋਇਆ ਕਿ 5abi.com ਨੂੰ ਆਪਣਾ ਵਿਸ਼ਾਲ ਘੇਰਾ ਸੀਮਿਤ ਕਰਨਾ ਪਿਆ। ਪਰ ਅੱਜ ਹਰ ਪੰਜਾਬੀ ਘਰ ਵਿਚ ਕੰਪਿਊਟਰ ਹੈ, ਹਰ ਜਾਗਰੂਕ ਪੰਜਾਬੀ ਇੰਟਰਨੈੱਟ ਨਾਲ ਜੁੜਿਆ ਹੈ। ਦੁਕਾਨਦਾਰਾਂ, ਗੁਰਦੁਆਰਿਆਂ ਅਤੇ ਵਪਾਰੀਆਂ ਵਲੋਂ ਇਸ਼ਤਿਹਾਰਾਂ ਰਾਹੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਨਿੱਤ-ਨਵੀਆਂ ਇੰਟਰਨੈੱਟ ਪੰਜਾਬੀ ਅਖ਼ਬਾਰਾਂ ਚਾਲੂ ਹੋ ਰਹੀਆਂ ਹਨ। ਪਰ ਬਹੁਤੀਆਂ ਵੈੱਬ ਸਾਈਟਾਂ ਉੱਪਰ ਲਿਖੇ ਦੋ ਵਿਸ਼ਿਆਂ ਤੋਂ ਉੱਪਰ ਨਹੀਂ ਉੱਠ ਰਹੀਆਂ। ਪਾਠਕ ਅਤੇ ਅਦਾਰੇ ਦਾ ਜੋ ਤਾਲਮੇਲ 10 ਸਾਲ ਪਹਿਲਾਂ ਦੇਖਣ ਨੂੰ ਮਿਲਿਆ ਸੀ ਉਹ ਘੱਟ ਹੀ ਨਜ਼ਰ ਆ ਰਿਹਾ ਹੈ। ਅਦਾਰਿਆਂ ਦਾ ਰਚਨਾਵਾਂ ਪ੍ਰਤੀ 'ਕਾਪੀ-ਪੇਸਟ' ਵਿਵਹਾਰ ਹੋਣ ਕਰਕੇ ਲੇਖਕ ਦੀ ਗੱਲ ਪਾਠਕ ਤੱਕ ਨਹੀਂ ਪਹੁੰਚ ਰਹੀ।
ਸੋ ਜੇਕਰ ਤੁਸੀਂ 5abi.com ਨੂੰ ਪੁਰਾਣੀ ਰੂਪ-ਰੇਖਾ ਵਿਚ ਦੇਖਣਾ ਚਾਹੁੰਦੇ ਹੋ, ਜੋ ਕਿ ਸਮੇਂ ਦੀ ਮੰਗ ਵੀ ਹੈ, ਤਾਂ 5abi.com ਨੂੰ ਆਪਣੇ ਵਿਚਾਰ ਭੇਜ ਸਕਦੇ ਹੋ। info@5abi.com