ਹਰਦੀਪ ਸਿੰਘ ਮਾਨ ਕਲਾਕਾਰੀ

ਆਦਰਸ਼ ਪਤੀ ਪਤਨੀ ਦੇ ਗੁਣ

ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ

 

ਹਮੇਸ਼ਾਂ ਸੱਚ ਬੋਲੋ। ਇਹ ਸੱਚੇ ਮਾਰਗ ਦਰਸ਼ਕ ਵਾਂਗ ਤੁਹਾਨੂੰ ਰਾਹ ਦਿਖਾਏਗਾ। ਮਾਮੂਲੀ ਝੂਠ ਵੀ ਬੇਯਕੀਨੀ ਪੈਦਾ ਕਰਦਾ ਹੈ।

two hands

ਪਤੀ ਦਾ ਭੇਦ ਪਾਓ। ਉਸ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਨਣ ਦਾ ਪੂਰਾ ਧਿਆਨ ਰੱਖੋ। ਪਤੀ ਦੀ ਪਸੰਦ, ਨਾਪਸੰਦ ਨੋਟ ਕਰੋ।

ਜਿਹੜੀਆਂ ਚੀਜ਼ਾਂ ਪਤੀ ਨੂੰ ਪਿਆਰੀਆਂ ਹਨ ਤੇ ਜਿਨ੍ਹਾਂ ਨੂੰ ਉਹ ਪਸੰਦ ਕਰਦਾ ਹੈ, ਉਨ੍ਹਾਂ ਪ੍ਰਤੀ ਵੀ ਦਿਲਚਸਪੀ ਪੈਦਾ ਕਰੋ। ਜਿਨ੍ਹਾਂ ਚੀਜ਼ਾਂ ਨਾਲ ਉਸ ਨੂੰ ਨਫ਼ਰਤ ਹੈ, ਉਨ੍ਹਾਂ ਨਾਲ ਆਪਣੀ ਪਸੰਦੀਦਗੀ ਦਾ ਇਜ਼ਹਾਰ ਨਾ ਕਰੋ। ਵਿਚਾਰਾਂ ’ਚ ਸਮਰੂਪਤਾ ਪੈਦਾ ਕਰੋ।

ਜਦੋਂ ਪਤੀ ਬਾਹਰੋਂ ਥੱਕਿਆ-ਹਾਰਿਆ, ਪਰੇਸ਼ਾਨ ਤੇ ਚਿੰਤਾਗ੍ਰਸਤ ਘਰ ਆਏ ਤਾਂ ਉਸ ਦਾ ਖ਼ੁਸ਼ੀ ਨਾਲ ਸਵਾਗਤ ਕਰੋ। ਉਸ ਸਮੇਂ ਆਰਥਿਕ ਪਰੇਸ਼ਾਨੀਆਂ, ਖਾਨਦਾਨੀ ਝਗੜਿਆਂ ਤੇ ਘਰੇਲੂ ਮਾਮਲਿਆਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ।

ਆਪਣੇ ਆਪ ਨੂੰ ਸਹੁਰੇ ਘਰਬਾਰ ਅਨੁਸਾਰ ਢਾਲੋ। ਸਹੁਰੇ ਘਰ ਦੇ ਕੰਮਕਾਰ ਤੇ ਤੌਰ-ਤਰੀਕਿਆਂ ਨੂੰ ਚੰਗੀ ਤਰ੍ਹਾਂ ਦੇਖੋ, ਸਮਝੋ ਅਤੇ ਅਪਨਾਓ।

ਸਹੁਰਿਆਂ ਦੀਆਂ ਗੱਲਾਂ ਪੇਕਿਆਂ ਵਿਚ ਤੇ ਪੇਕਿਆਂ ਦੀਆਂ ਗੱਲਾਂ ਸਹੁਰਿਆਂ ਵਿਚ ਨਾ ਕਰੋ। ਘਰ ਦਾ ਕੋਈ ਵੀ ਮਸਲਾ ਮਿਲ-ਬੈਠ ਕੇ ਹੱਲ ਕਰੋ। ਬਹਿਸਬਾਜ਼ੀ ਤੋਂ ਬਚੋ।

‘ਜੀ ਕਹੋ, ਜੀ ਕਹਾਓ’ ਬਜ਼ੁਰਗਾਂ ਦਾ ਸਤਿਕਾਰ ਅਤੇ ਯੋਗ ਸਾਂਭ-ਸੰਭਾਲ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਕਰੋ।

ਘਰ ਦੇ ਕੰਮਕਾਰ ਵਿਚ ਪਾਰਦਰਸ਼ਤਾ ਲਿਆਓ ਅਤੇ ਉਨ੍ਹਾਂ ਨੂੰ ਸੂਚੀਬੱਧ ਕਰੋ। ਘਰ ਨੂੰ ਨਿਯਮਤ ਢੰਗ ਨਾਲ ਚਲਾਓ। ਹਰ ਚੀਜ਼ ਨੂੰ ਸਮੇਂ ਸਿਰ ਟਿਕਾਣੇ ਤੇ ਰੱਖੋ।

ਫ਼ਜ਼ੂਲ ਖ਼ਰਚੀ ਤੋਂ ਸੰਕੋਚ ਕਰੋ। ਆਪਣੇ ਪਤੀ ਦੀ ਆਮਦਨ ਤੇ ਆਪਣੇ ਸਰੋਤਾਂ ਨੂੰ ਦੇਖਦਿਆਂ ਖ਼ਰਚ ਕਰੋ। ਜੋ ਕੋਲ ਹੈ, ਉਸਦੀ ਕਦਰ ਕਰੋ। ਜੋ ਕੋਲ ਨਹੀਂ ਹੈ ਜਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਸ ਨੂੰ ਨਾ ਲੋਚੋ। ਲੋਕ ਦਿਖਾਵੇ ਤੋਂ ਬਚੋ।

੧੦

ਪਹਿਲਾਂ ਆਪਣੇ ਫਰਜ਼ਾਂ ਤੇ ਦਾਇਰੇ ਨੂੰ ਪਹਿਚਾਣੋਂ ਅਤੇ ਫਿਰ ਹੱਕਾਂ ਦੀ ਗੱਲ ਕਰੋ।

੧੧

ਗੈਰੀਅਤ ਨਾ ਵਰਤੋਂ। ਇਕ-ਦੂਜੇ ’ਤੇ ਵਿਸ਼ਵਾਸ ਕਰੋ। ਆਪਸੀ ਰਿਸ਼ਤਾ ਚੰਗੀਆਂ ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ ਉੱਪਰ ਕਾਇਮ ਰੱਖੋ।

੧੨

ਘਰ ਆਏ ਮਹਿਮਾਨਾਂ ਦਾ ਖਿੜੇ-ਮੱਥੇ ਸਵਾਗਤ ਕਰੋ, ਚਾਹੇ ਉਹ ਤੁਹਾਡੇ ਪੇਕਿਆਂ ਦੀ ਰਿਸ਼ਤੇਦਾਰੀ ਵਿਚੋਂ ਹੋਣ ਜਾਂ ਸਹੁਰਿਆਂ ਵੱਲੋਂ। ਸਭ ਦੀ ਇਕੋ ਜਿਹੀ ਮਹਿਮਾਨ-ਨਿਵਾਜ਼ੀ ਕਰੋ।

੧੩

‘ਪਹਿਲਾਂ ਤੋਲੋ, ਫ਼ਿਰ ਬੋਲੋ’ ਕੋਈ ਵੀ ਗੱਲ ਪਹਿਲਾਂ ਸੋਚ ਕੇ ਭਾਵ ਤਿਆਰੀ ਕਰ ਕੇ ਕਹੋ ਤਾਂ ਕਿ ਸੁਣਨ ਵਾਲੇ ਨੂੰ ਕੋਈ ਗ਼ਲਤਫ਼ਹਿਮੀ ਜਾਂ ਬੇਸਮਝੀ ਨਾ ਹੋਵੇ। ਸ਼ਾਂਤੀ ਅਤੇ ਸੰਜਮ ਨਾਲ ਇਕ ਦੂਜੇ ਦੀ ਗੱਲ ਸੁਣੋ। ਆਪਣੇ ਆਪ ਤੇ ਕਾਬੂ ਰੱਖੋ।

੧੪

ਗਲਤੀ ਹੋਣ ਤੇ ਗਲਤੀ ਮੰਨੋ ਅਤੇ ਅੱਗੇ ਤੋਂ ਧਿਆਨ ਰੱਖਣ ਦਾ ਵਾਅਦਾ ਕਰੋ। ਗਲਤੀਆਂ ਤੋਂ ਨਸੀਹਤ ਲਵੋ।

੧੫

ਖ਼ੁਦਕੁਸ਼ੀ ਬਾਰੇ ਸੋਚਣਾਂ, ਕਾਇਰਤਾ ਅਤੇ ਆਪਣੀ ਕਿਸਮਤ ਨੂੰ ਰੋਣਾਂ, ਮੂਰਖ਼ਤਾ ਹੈ।

੧੬

ਕੁਝ ਨਵਾਂ ਸਿੱਖਣ ਦੀ ਸੋਚ ਨੂੰ ਕਦੇ ਨਾ ਮਾਰੋ। ਆਪਣੀ ਸੋਚ ਨੂੰ ਉੱਚੀ ਅਤੇ ਸੁੱਚੀ ਰੱਖੋ।

੧੭

ਲੋੜ ਤੋਂ ਜ਼ਿਆਦਾ ਨੀਂਦ, ਮੰਨੋਰੰਜਨ ਅਤੇ ਦੋਸਤਾਂ-ਸਹੇਲੀਆਂ ਨੂੰ ਪਹਿਲ ਕਦੇ ਨਾ ਦਿਓ।

੧੮

ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪਤੀ ਦੀ ਰਾਏ ਜ਼ਰੂਰ ਜਾਣ ਲਓ। ਪਤੀ ਕੋਲੋਂ ਹਰ ਕੰਮ ਵਿਚ ਯੋਗ ਅਗਵਾਈ ਲਓ।

੧੯

ਆਪਣੀਆਂ ਪਿਆਰ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦਿਓ। ਦਿਲ ਦੀਆਂ ਗੱਲਾਂ ਦਿਲ ਵਿਚ ਨਾ ਰੱਖੋ।

੨੦

ਸਬਰ, ਸੰਤੋਖ ਵਾਲਾ ਤੇ ਸਾਦਾ ਜੀਵਨ ਬਸਰ ਕਰਨ ਵਿਚ ਹੀ ਭਲਾਈ ਹੈ। ਰੱਬ ਦਾ ਨਾਂ ਲੈ ਕੇ ਹਮੇਸ਼ਾ ਸ਼ਾਂਤ ਤੇ ਖ਼ੁਸ਼ ਰਹੋ। ਹਰ ਹਾਲਤ ’ਚ ਰੱਬ ਦਾ ਧੰਨਵਾਦ ਕਰੋ।

 

06.07.2008
ਹਰਦੀਪ ਸਿੰਘ ਮਾਨ

ਆਗਿਆਕਾਰ ਹੋਣ ਤੋਂ ਭਾਵ ਗੁਲਾਮ ਹੋਣਾ ਹਰਗਿਜ਼ ਨਹੀਂ ਹੈ। ਇਸ ਦੇ ਨਾਲ ਹੀ ਪਤੀ ਨੂੰ ਪਤਨੀ ਦੀ ਹਰ ਜ਼ਰੂਰਤ ਸਮੇਂ ਸਿਰ ਪੂਰੀ ਕਰਨੀ ਚਾਹੀਦੀ ਹੈ। ਉਸ ਦਾ ਅਤੇ ਉਸਦੇ ਸਾਰੇ ਰਿਸ਼ਤੇਦਾਰਾਂ ਦਾ ਘਰ ਵਿਚ ਪੂਰਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਉਸ ਦੇ ਅਰਾਮ ਅਤੇ ਇਲਾਜ ਦਾ ਖਿਆਲ ਰੱਖਣਾ ਚਾਹੀਦਾ ਹੈ। ਪਰ ਸਹੂਲਤਾਂ ਤਦ ਹੀ ਪ੍ਰਾਪਤ ਹੁੰਦੀਆਂ ਹਨ ਜੇ ਅਸੀਂ ਪਹਿਲਾਂ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿ ਕੇ ਬਾਅਦ ਵਿਚ ਹੱਕਾਂ ਦੀ ਗੱਲ ਕਰੀਏ।

 

ਨੋਟ: ਲੇਖ ਪੜ੍ਹਨ ਤੋਂ ਬਾਅਦ ਬਹੁਤ ਸਾਰੀਆਂ ਪਤਨੀਆਂ ਸ਼ਿਕਾਇਤ ਕਰਨਗੀਆਂ ਕਿ ਲੇਖ ਦਾ ਸਿਰਲੇਖ ਢੁਕਵਾਂ ਨਹੀਂ ਬੈਠਦਾ। ਲੇਖ ਵਿਚ ਸਿਰਫ਼ ਪਤਨੀ ਨੂੰ ਹੀ ਨਸੀਹਤਾਂ ਦਿੱਤੀਆਂ ਗਈਆਂ ਹਨ, ਜਦ ਕਿ ਲੇਖ ਦਾ ਸਿਰਲੇਖ ਹੈ ‘ਆਦਰਸ਼ ਪਤੀ ਪਤਨੀ ਦੇ ਗੁਣ’।

 

ਜੇਕਰ ਲੇਖ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਲੇਖ ਵਿਚ ਨੰਬਰ ੨ ੩ ੪ ੫ ੬ ੯ ੧੨ ੧੮ ਵਿਚ ਹੀ ਸਿਰਫ਼ ਪਤਨੀ ਨੂੰ ਸਿੱਧਾ ਸੰਬੋਧਨ ਕਰਕੇ ਸਲਾਹ ਦਿੱਤੀ ਗਈ ਹੈ। ਉਹ ਵੀ ਇਸ ਕਰਕੇ ਤਾਂ ਕਿ ਪੜ੍ਹਨ ਵਿਚ ਆਸਾਨੀ ਹੋਵੇ ਅਤੇ ਜੱਟ ਦਾ ਮਕਸਦ ਪਾਠਕਾਂ ਤੱਕ ਪਹੁੰਚ ਸਕੇ। ਉਦਾਹਰਣ ਦੇ ਤੌਰ ਤੇ ਜਿੱਥੇ ਲਿਖਿਆ ਹੈ ਕਿ ‘ਪਤੀ ਦਾ ਭੇਦ ਪਾਓ’ ਹੁਣ ਜੇ ਜੱਟ ਲਿਖਦਾ ਪਤੀ ਪਤਨੀ ਦਾ ਭੇਦ ਪਾਵੇ ਅਤੇ ਪਤਨੀ ਪਤੀ ਦਾ ਭੇਦ ਪਾਵੇ ਅਤੇ ਇਸੇ ਤਰ੍ਹਾਂ ਜੇ ਬਾਕੀ ਵਿਚਾਰਾਂ ਨੂੰ ਵੀ ਲਿਖਦਾ ਤਾਂ ਵਿਚਾਰ ਘੱਟ ‘ਪਤੀ ਪਤਨੀ’ ਸ਼ਬਦ ਲੇਖ ਵਿਚ ਜ਼ਿਆਦਾ ਹੋਣੇ ਸੀ ਅਤੇ ਲੇਖ ਵਿਚਲਾ ਸੰਦੇਸ਼ ਪਾਠਕਾਂ ਤੱਕ ਸ਼ਾਇਦ ਨਾ ਪਹੁੰਚਦਾ। ਨਾਲੇ ਸਿਆਣੇ ਕਹਿੰਦੇ ਹਨ, ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ। ਸੋ, ਜੱਟ ਨੇ ਸਿਰਫ਼ ਇਸ਼ਾਰਾ ਕੀਤਾ ਹੈ।

 

ਬਾਕੀ ਨਸੀਹਤਾਂ ਜਿਨ੍ਹਾਂ ਵਿਚ ਪਤੀ ਪਤਨੀ ਦਾ ਜ਼ਿਕਰ ਨਹੀਂ ਹੈ, ਉਨ੍ਹਾਂ ਨੂੰ ਆਮ ਬੰਦਾ ਇੰਝ ਹੀ ਸਮਝੇਗਾ ਕਿ ਇਹ ਦੋਵਾਂ ਲਈ ਹੈ। ਹੁਣ ਜੇਕਰ ਤੁਸੀਂ ਸੋਚਦੇ ਹੋ ਕਿ ਖ਼ੁਦਕੁਸ਼ੀ ਬਾਰੇ ਸਿਰਫ਼ ਔਰਤ ਹੀ ਸੋਚ ਸਕਦੀ ਹੈ ਜਾਂ ਬੱਚਿਆਂ ਦੇ ਪਾਲਣਪੋਸ਼ਣ ਦੀ ਜ਼ਿੰਮੇਵਾਰੀ ਸਿਰਫ਼ ਔਰਤ ਦੀ ਹੁੰਦੀ ਹੈ ਤਾਂ ਤੁਹਾਡੀ ਸੋਚ ਤੁਹਾਨੂੰ ਮੁਬਾਰਕ। ਧੰਨਵਾਦ।

 

5abi.com ਲੇਖ ਲਿੰਕ


ਵਿਆਹੀ ਤੋਂ ਉਮੀਦਾਂ:
ਅੱਜ ਕੱਲ੍ਹ ਲੋਕਾਂ ਨੂੰ ਨੂੰਹ ਨਹੀਂ, ਸਰਬ-ਕਲਾ-ਸਮਰੱਥ ''ਸੁਪਰ-ਨੂੰਹ'' ਚਾਹੀਦੀ ਹੈ
ਜੋ ਪੂਰੀ ਤਰ੍ਹਾਂ ਤੰਦਰੁਸਤ ਤੇ ਸੋਹਣੀ ਹੋਵੇ, ਸਵੇਰੇ ਨੂੰ ਸਭ ਤੋਂ ਪਹਿਲਾ ਉੱਠੇ,
ਰੋਜ਼ ਘਰੇ ਖਾਣਾ ਤੇ ਸਾਫ਼-ਸਫ਼ਾਈ ਵੀ ਕਰੇ, ਬਾਹਰ ਅੱਠ ਘੰਟੇ ਨੌਕਰੀ ਤੇ ਵੀ ਜਾਵੇ,
ਸੱਸ-ਸਹੁਰੇ ਦਾ ਪੂਰਾ ਖਿਆਲ ਰੱਖੇ, ਪਤੀ ਦੇ ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖੇ
ਆਪਣੀਆਂ ਇੱਛਾਵਾਂ, ਆਰਾਮ, ਮਨੋਰੰਜਨ ਅਤੇ ਸੁਆਦ ਨੂੰ ਪਹਿਲ ਨਾ ਦੇਵੇ,
ਆਪਣੇ ਪੇਕਿਆਂ ਨੂੰ ਬਹੁਤਾ ਫ਼ੋਨ ਨਾ ਕਰੇ, "ਤੂੰ-ਮੈਂ" ਨਾ ਕਰੇ, ਸਦਾ "ਹਾਂਜੀ" ਕਹੇ
ਨਾਲੇ ਇੱਕ ਮੁੰਡਾ ਤੇ ਇੱਕ ਕੁੜੀ ਪੈਦਾ ਕਰਨ ਨੂੰ ਜ਼ਿਆਦਾ ਸਾਲ ਨਾ ਲਾਵੇ
ਤੇ ਪੈਦਾ ਕਰਨ ਤੋਂ ਬਾਅਦ ਵਿਚ ਫਿਰ ਪਹਿਲਾਂ ਵਾਂਗ ਪਤਲੀ-ਪਤੰਗ ਹੋ ਜਾਵੇ


ਪਰ ਇਹ ਸੋਚ ਰੱਖਣ ਵਾਲਿਆਂ ਦੀ ਆਪਣੀ ਧੀ ਵਿਚ ਇਨ੍ਹਾਂ ਵਿਚੋਂ ਇੱਕ ਹੀ ਗੁਣ ਹੋਵੇ, ਓਹੀ ਬਹੁਤ ਆ ...


ਕਿਉਂਕਿ ਕੋਈ ਵੀ ਸੰਪੂਰਨ ਨਹੀਂ ਹੁੰਦਾ !!!



ਉਮੀਦਾਂ ਭਾਗ ੨ :)

ਸੱਸ ਨਾਲ ਬੈਠ ਕੇ ਸਾਸ-ਬਹੂ ਨਾਟਕ ਦੇਖੇ
ਸਹੁਰੇ ਨਾਲ ਗੁਰਬਾਣੀ-ਵਿਚਾਰ ਕਰੇ
ਨਨਾਣ ਨਾਲ ਫ਼ੈਸ਼ਨ, ਮੇਕ-ਅਪ ਤੇ ਚਰਚਾ ਕਰੇ
ਦਿਉਰ ਦੀ ਚੰਗੀ ਸਲਾਹਕਾਰ ਬਣੇ
ਦਰਾਣੀ/ਜਠਾਣੀ ਨਾਲ ਸੂਟਾਂ ਦੀ ਚੋਣ ਕਰੇ
ਪਤੀ ਦੇ ਦੋਸਤਾਂ ਨਾਲ ਸੱਸਰੀਕਾਲ ਤੱਕ ਹੀ ਸਮਿਤ ਰਹੇ ..
2016.09.22


ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਅਤੇ ਸੁਹਾਨਾ ਬਣਾਉਣ ਲਈ ਕੁਝ ਧਿਆਨ ਦੇਣ ਯੋਗ ਗੱਲਾਂ -ਪਰਮਜੀਤ ਕੌਰ ਸੋਢੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com