ਆਓ ਤੁਹਾਨੂੰ ਯੌਰਪ ਲੈ ਚੱਲੀਏ
ਤਸਵੀਰਾਂ ਅਤੇ ਲੇਖਕ: ਹਰਦੀਪ ਸਿੰਘ ਮਾਨ, ਆਸਟਰੀਆ
ਜਦੋਂ ਪ੍ਰਵਾਸੀ ਪੰਜਾਬੀ, ਪੰਜਾਬ ਵਾਪਸ ਜਾ ਕੇ ਬੇਹਿਸਾਬੇ ਪੈਸੇ ਖ਼ਰਚਦੇ ਹਨ, ਭਾਵੇਂ ਕਰਜ਼ਾ ਚੁੱਕ ਕੇ ਹੀ ਗਏ ਹੋਣ, ਅਤੇ ਬਾਹਰਲੇ ਮੁਲਕਾਂ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ਤਾਂ ਪੰਜਾਬੀ ਨੌਜੁਆਨ ਉਨ੍ਹਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ ਆਉਣ ਲਈ ਹਰ ਸੰਭਵ ਤਰੀਕਾ ਅਪਣਾਉਂਦੇ ਹਨ। ਚਾਹੇ ਉਹ ਤਰੀਕਾ ਆਸਾਨ (ਕਿਸੇ ਕਲਾਕਾਰਾਂ ਦੇ ਗਰੁੱਪ ਨਾਲ) ਜਾਂ ਖ਼ਤਰਨਾਕ (ਅਸਿੱਧੇ ਢੰਗ ਨਾਲ ਚੋਰੀ ਬਾਡਰ ਪਾਰ ਕਰਦੇ ਹੋਏ ਪਹੁੰਚ-ਸਥਾਨ ਤੱਕ ਪਹੁੰਚਣਾ) ਹੋਵੇ।
ਵਿਦੇਸ਼ਾਂ ਨੂੰ ਆਉਣ ਜਾਂ ਮੰਗਵਾਉਣ ਦੀ ਖ਼ਾਤਰ ਤਾਂ ਲੋਕੀਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਛਿੱਕੇ ਤੇ ਟੰਗ ਕੇ ਸਕੀਆਂ ਭੈਣਾਂ ਅਤੇ ਹੋਰ ਰਿਸ਼ਤਿਆਂ ਨਾਲ ਵੀ ਕਾਗਜ਼ੀ ਵਿਆਹ ਕਰਵਾ ਕੇ ਇਮੀਗ੍ਰੇਸ਼ਨ ਲੈਣ ਲਈ ਉਤਾਵਲੇ ਹਨ। ਬਾਹਰ ਆਉਣ ਦੀ ਦੌੜ ਵਿਚ ਕਾਨੂੰਨੀ ਸਹੂਲਤਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ; ਜਿਵੇਂ ਜੇਕਰ ਕਿਸੇ ਦੀ ਮੌਤ ਵਿਦੇਸ਼ ਵਿਚ ਹੋ ਜਾਵੇ ਜਾਂ ਮਰਨ ਕੰਡੇ ਪਿਆ ਹੋਵੇ ਤਾਂ ਉਸਦੀ ਲੋਥ ਲੈਣ ਆਏ ਜਾਂ ਮਿਲਣ ਆਏ ਰਿਸ਼ਤੇਦਾਰ ਮੁੜ ਕੇ ਵਾਪਸ ਹੀ ਨਹੀਂ ਜਾਂਦੇ। ਕਿਸੇ ਦੀ ਮੌਤ ਦਾ ਫ਼ਾਇਦਾ ਉਠਾਉਣਾ ਇਨਸਾਨੀਅਤ ਦੇ ਨਾਂ ਤੇ ਬਹੁਤ ਵੱਡਾ ਕਲੰਕ ਹੈ।
ਹਰਦੀਪ ਸਿੰਘ ਮਾਨ |
ਕੁਝ ਨੌਜਵਾਨਾਂ ਦਾ ਤਾਂ ਪੰਜਾਬ ਵਿਚ ਚੰਗਾ ਕੰਮ-ਕਾਰ ਚਲਦਿਆਂ ਹੋਣ ਦੇ ਬਾਵਜੂਦ, ਉਹ ਹੋਰ ਪੈਸਾ ਕਮਾਉਣ ਦੇ ਲਾਲਚ ਅਤੇ ਬਾਹਰਲੇ ਮੁਲਕਾਂ ਦੀ ਐਸ਼ੋਂ-ਅਰਾਮ ਦੇ ਸੁਫਨੇ ਘੜਨ ਲੱਗ ਪੈਂਦੇ ਹਨ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਜਿੰਨੀ ਮਿਹਨਤ ਬਾਹਰ ਜਾ ਕੇ ਕਰਨੀ ਪੈਂਦੀ ਹੈ, ਉੱਨੀ ਮਿਹਨਤ ਆਪਣੀ ਖੇਤੀ ਜਾਂ ਹੋਰ ਕੰਮ ਲਈ ਕਰਨ ਤਾਂ ਭਾਰਤ ਵਿਚ ਹੀ ਲਹਿਰਾਂ-ਬਹਿਰਾਂ ਹੋ ਸਕਦੀਆਂ ਹਨ। ਕੁਝ ਬੇਰੁਜ਼ਗਾਰੀ ਤੋਂ ਤੰਗ ਜ਼ਮੀਨ ਗਹਿਣੇ ਰੱਖ ਕੇ ਜਾਂ ਰਿਸ਼ਤੇਦਾਰਾਂ ਕੋਲੋਂ ਪੈਸਿਆਂ ਦਾ 'ਬੰਦੋਬਸਤ' ਕਰਦੇ ਹਨ। ਕਈ ਏਜੰਟਾਂ ਦੇ ਲਾਰਿਆਂ ਵਿਚ ਆ ਕੇ ਕਿ ਦੋ ਦਿਨਾਂ ਵਿਚ ਫ਼ਲਾਣੇ ਦੇਸ ਵਿਚ ਪਹੁੰਚਾ ਦਿਓਗਾ ਜਾਂ ਜਾਂਦੇ ਹੀ ਕੰਮ ਤੇ ਲਵਾ ਦੇਵਾਂਗਾ, ਉਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਪਰ ਬਹੁਤ ਵਾਰੀ ਇਹ ਦੋ ਦਿਨ, ਮਹੀਨਿਆਂ ਜਾਂ ਸਾਲਾਂ ਵਿਚ ਬਦਲ ਜਾਂਦੇ ਹਨ। ਜੇ ਕੋਈ ਨੌਜੁਆਨ ਪਹੁੰਚ-ਸਥਾਨ ਤੇ ਏਜੰਟਾਂ ਰਾਹੀ ਸਹੀ ਸਲਾਮਤ ਪਹੁੰਚ ਜਾਂਦਾ ਹੈ ਤਾਂ ਏਜੰਟਾਂ ਦੀ 'ਬੱਲੇ, ਬੱਲੇ' ਹੋ ਜਾਂਦੀ ਹੈ ਜੇ ਨਹੀਂ ਤਾਂ ਏਜੰਟ, ਨੌਜੁਆਨ ਦੀ 'ਮਾੜੀ ਕਿਸਮਤ' ਕਹਿ ਕੇ ਪਿੱਛਾ ਛੁਡਾ ਲੈਂਦੇ ਹਨ।
ਮਾਲਟਾ ਕਿਸ਼ਤੀ ਹਾਦਸੇ ਨੂੰ ਹਾਲੇ ਵੀ ਪੰਜਾਬੀਆਂ ਨੇ ਦਿਲੋਂ ਨਹੀਂ ਭੁਲਾਇਆ ਹੋਵੇਗਾ ਕਿ ਕਿਸ ਤਰਾਂ ਕਿੰਨੇ ਹੀ ਪੰਜਾਬੀ ਨੌਜੁਆਨ ਭਵਿੱਖ ਦੇ ਸੁਨਹਿਰੇ ਸੁਫਨੇ ਲੈ ਕੇ ਡੂੰਘੇ ਪਾਣੀਆਂ ਦੇ ਭੇਟ ਚੜ੍ਹ ਗਏ। ਮਾਪੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਨੂੰ ਦੇਖਣ ਲਈ ਤਰਸਦੇ ਰਹਿ ਗਏ। ਪਰ ਕੀ ਅਸੀਂ ਇਸ ਦਰਦਨਾਕ ਹਾਦਸੇ ਤੋਂ ਕੁਝ ਸਿਖਿਆ? ਨਹੀਂ! ਹਾਲੇ ਵੀ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਰੋਜ਼ਾਨਾ ਹੀ ਦਰਜਨਾਂ ਨੌਜੁਆਨ ਅਸਿੱਧੇ ਢੰਗ ਨਾਲ ਯੂਰਪ ਲਈ ਉਡਾਣ ਭਰਦੇ ਹਨ। ਇਹ ਅਸਿੱਧੇ ਢੰਗ ਹਨ ਪਹਿਲਾਂ ਭਾਰਤ ਤੋਂ ਮਾਸਕੋ (ਰੂਸਲੈਂਡ) ਤੱਕ ਜਹਾਜ਼ ਰਾਹੀ ਆਉਣਾ ਫੇਰ ਡੌਕੀ (ਚੋਰੀ ਬਾਡਰ ਪਾਰ ਕਰਨਾ) ਲਾ ਕੇ ਕੀਵ (ਯੂਕਰੇਨ) - ਉਚਗਰਾਡ (ਯੂਕਰੇਨ) - ਕੋਸਿਸ (ਸਲਵਾਕੀਆ) - ਬਰਾਤੀਸਲਾਵਾ (ਸਲਵਾਕੀਆ) ਤੋਂ ਵਿਆਨਾ (ਆਸਟਰੀਆ) ਜਾਂ ਜਰਮਨੀ ਲਈ ਪਰਾਗ (ਚੇਕੋ), ਵਿਆਨਾ ਤੋਂ ਇਟਲੀ, ਫਰਾਂਸ ਤੇ ਸਵੀਜ਼ਰਲੈਂਡ ਲਈ ਵੱਖ ਵੱਖ ਤਰੀਕਿਆਂ ਨਾਲ ਡੌਕੀਆਂ ਲਾਈਆਂ ਜਾਂਦੀਆਂ ਹਨ।
ਜਿਵੇਂ ਕਿ ਤੁਸੀਂ ਉਪਰ ਪੜ੍ਹਿਆ, ਪਹੁੰਚ-ਸਥਾਨ ਤੱਕ ਪਹੁੰਚਣ ਲਈ ਨੌਜਵਾਨਾਂ ਨੂੰ ਲੰਬਾ ਸਫ਼ਰ ਤਹਿ ਕਰਨਾ ਪੈਂਦਾ ਹੈ ਤੇ ਇਸ ਲੰਬੇ ਸਫ਼ਰ ਵਿਚ ਹਰ ਵਾਰ ਡੌਕੀਆਂ ਲਾਉਂਦੇ ਸਮੇਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਨਾਲ ਖੇਲਣਾ ਪੈਂਦਾ ਹੈ। ਮਾਸਕੋ ਪਹੁੰਚਦਿਆਂ ਹੀ ਏਜੰਟਾਂ ਦੀ ਸਚਾਈ ਮੁੰਡਿਆਂ ਸਾਹਮਣੇ ਆ ਜਾਂਦੀ ਹੈ। ਜਦ ਉਨ੍ਹਾਂ ਕੋਲੋਂ ਭਰਾਵਾਂ ਜਾਂ ਦੋਸਤਾਂ ਵਰਗਾ ਏਜੰਟ, ਪੁਲਿਸ ਦਾ ਡਰਾਵਾ ਦੇ ਕੇ ਸੋਨਾ, ਡਾਲਰ, ਟਿਕਟਾਂ ਤੇ ਪਾਸਪੋਰਟ ਕੱਢਵਾਂ ਲੈਂਦਾ ਹੈ ਅਤੇ ਪਹਿਲਾਂ ਤੋਂ ਹੀ ਭਰੇ ਕਮਰੇ ਵਿਚ ਉਨ੍ਹਾਂ ਨੂੰ ਵਾੜ ਦਿੰਦਾ ਹੈ। ਉਥੇ ਉਨ੍ਹਾਂ ਨੂੰ ਸਿਰਫ਼ ਪਾਣੀ ਵਰਗੀ ਦਾਲ ਤੇ ਬਰੈੱਡ ਨਾਲ ਦਿਨ ਅਤੇ ਇਕ ਦੂਜੇ ਦੇ ਪੈਰਾਂ-ਢਿੱਡਾਂ ਤੇ ਸਿਰ ਰੱਖ ਕੇ ਰਾਤਾਂ ਕੱਟਣੀਆਂ ਪੈਂਦੀਆਂ ਹਨ।
ਮਾਸਕੋ ਤੋਂ ਡੌਕੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜ਼ਿਆਦਾਤਰ ਮੁੰਡਿਆਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੱਕ ਵੱਡੇ-ਵੱਡੇ ਟਰਾਲਿਆਂ ਵਿਚ ਬੰਦ ਕਰ ਕੇ ਲਿਜਾਇਆ ਜਾਂਦਾ ਹੈ। ਟਰਾਲੇ ਹੱਦੋਂ ਵੱਧ ਭਰੇ ਹੋਣ ਕਰਕੇ ਕਈ ਵਾਰੀ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਮਾਸਕੋ ਤੋਂ ਕੀਵ ਦਾ 24 ਘੰਟਿਆਂ ਦਾ ਸਫ਼ਰ ਮੁੰਡਿਆਂ ਨੂੰ ਭੁੱਖੇ-ਤਿਹਾਏ ਪੈਰਾਂ ਭਾਰ ਕੱਟਣਾ ਪੈਂਦਾ ਹੈ। ਬੋਲਣ ਤੱਕ ਦੀ ਵੀ ਇਜਾਜ਼ਤ ਨਹੀਂ ਹੁੰਦੀ।
ਕੀਵ ਸ਼ਹਿਰ ਪਹੁੰਚ ਕੇ ਕਈ ਵਾਰ ਏਜੰਟ, ਮੁੰਡਿਆਂ ਨੂੰ ਤਰਾਂ ਤਰਾਂ ਤਸੀਹੇ ਦੇ ਕੇ; ਜਿਵੇਂ ਪਿੱਠਾਂ ਤੇ ਗਰਮ ਪ੍ਰੈਸਾਂ ਲਾਉਣੀਆਂ ਜਾਂ ਕੁੱਟ ਮਾਰ ਕਰਨੀ, ਪੂਰੀ ਜਾਂ ਦੋਹਰੀ ਪੇਮਿੰਟ ਲਈ ਮਜਬੂਰ ਕਰਦੇ ਹਨ। ਜਦ ਤੱਕ ਪੂਰੀ ਜਾਂ ਦੋਹਰੀ ਪੇਮਿੰਟ ਨਹੀਂ ਹੋ ਜਾਂਦੀ ਤਦ ਤੱਕ ਉਨ੍ਹਾਂ ਨੂੰ ਬੰਦ ਭੋਰੇ ਵਿਚ ਭੁੱਖੇ-ਤਿਹਾਏ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜੇ ਕਮਰੇ ਚੋਂ ਬਾਹਰ ਨਿਕਲੂਗੇ ਤੇ ਪੁਲਿਸ ਜਾਂ ਮਾਫਿਆ ਦੇ ਬੰਦੇ ਤੁਹਾਨੂੰ ਕੁੱਟਣਗੇ ਅਤੇ ਡਾਲਰ ਸੋਨਾ ਮੰਗਣਗੇ। ਉਸ ਸਮੇਂ ਉਨ੍ਹਾਂ ਕੋਲ ਸਿਵਾਏ ਮਾਪਿਆਂ ਦੀ ਯਾਦਾਂ ਤੇ ਰੱਬ ਦੇ ਆਸਰੇ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ।
ਕੀਵ ਤੋਂ ਉਚਗਰਾਡ (ਯੂਕਰੇਨ) ਤੱਕ ਮੁੰਡਿਆਂ ਨੂੰ ਕਾਰਾਂ ਨਾਲ ਪਹੁੰਚਾਇਆ ਜਾਂਦਾ ਹੈ। ਉਥੋਂ ਉਨ੍ਹਾਂ ਨੂੰ ਪੈਦਲ ਉਚਗਰਾਡ ਤੋਂ ਯੂਕਰੇਨ ਦਾ ਬਾਡਰ ਪਾਰ ਕਰਵਾ ਕੇ ਸਲਵਾਕੀਆ ਦੇ ਸ਼ਹਿਰ ਕੋਸਿਸ ਪਹੁੰਚਉਣਾਂ ਹੁੰਦਾ ਹੈ। ਇਸ ਡੌਕੀ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਗਰਮੀਆਂ ਨੂੰ ਤਾਂ ਪੈਦਲ ਡੌਕੀ ਲਾਉਂਦੇ ਸਮੇਂ ਬਹੁਤੀ ਪ੍ਰੇਸ਼ਾਨੀ ਨਹੀਂ ਆਉਂਦੀ ਪਰ ਸਰਦੀਆਂ ਨੂੰ ਇਹ ਮੌਤ ਨਾਲ ਖੇਲਣ ਦੇ ਬਰਾਬਰ ਹੈ। ਮੁੰਡਿਆਂ ਨੂੰ ਅੰਤਾਂ ਦੀ ਠੰਡ ਵਿਚ ਆਮ ਸਾਧਾਰਣ ਕੱਪੜਿਆਂ ਤੇ ਬੂਟਾਂ ਨਾਲ ਗੋਡੇ-ਗੋਡੇ ਬਰਫ਼ਾਂ ਨਾਲ ਲੱਦੀਆਂ ਉੱਚੀਆਂ-ਨੀਵੀਂਆਂ ਪਹਾੜੀਆਂ, ਗੰਦੇ ਪਾਣੀ ਅਤੇ ਸੰਘਣੇ ਜੰਗਲ ਪਾਰ ਕਰਨੇ ਪੈਂਦੇ ਹਨ। ਡੌਕਰਾਂ ਦਾ ਤਾਂ ਨਿੱਤ ਦਾ ਕੰਮ ਹੁੰਦਾ ਹੈ ਅਤੇ ਉਨ੍ਹਾਂ ਨੇ ਨਸ਼ੇ ਵੀ ਕੀਤੇ ਹੁੰਦੇ ਹਨ, ਇਸ ਕਰਕੇ ਉਨ੍ਹਾਂ ਲਈ ਡੌਕੀ ਲਾਉਣੀ ਸਾਧਾਰਣ ਜਿਹੀ ਗੱਲ ਹੈ ਪਰ ਕਈ ਕਮਜ਼ੋਰ ਮੁੰਡੇ ਬੇਹੱਦ ਠੰਢ, ਥਕਾਵਟ ਅਤੇ ਭੁੱਖ ਨੂੰ ਨਾ ਸਹਾਰਦੇ ਹੋਏ ਰਾਹ ਵਿਚ ਹੌਸਲਾ ਛੱਡ ਜਾਂਦੇ ਹਨ ਅਤੇ ਉੱਥੇ ਹੀ ਛੱਡਣ ਨੂੰ ਤਰਲਾ ਪਾਉਣ ਲੱਗ ਪੈਂਦੇ ਹਨ।
ਇੰਝ ਹੀ ਇਕ ਵਾਰ ਸਰਦੀਆਂ ਨੂੰ ਡੌਕੀ ਲਾਉਂਦੇ ਸਮੇਂ ਇਕ ਮੁੰਡੇ ਦੀਆਂ ਲੱਤਾਂ ਜਵਾਬ ਦੇ ਗਈਆਂ ਸਨ। ਉਹ ਹੋਰਨਾਂ ਮੁੰਡਿਆਂ ਨੂੰ ਆਪਣੀ ਬੇਵਸੀ ਦੱਸਦਿਆਂ ਹੋਇਆਂ, ‘ਤੁਸੀਂ ਅੱਗੇ ਜਾਓ’ ਕਹਿਣ ਲੱਗਾ। ਹਾਲਾਂਕਿ ਡੌਕਰ ਕਹਿ ਰਿਹਾ ਸੀ ਕਿ ਮੈਂ ਇਸ ਨੂੰ ਬਾਅਦ ਵਿਚ ਲੈ ਜਾਵਾਂਗਾ ਪਰ ਕੁਝ ਮੁੰਡਿਆਂ ਨੂੰ ਉਸ ਤੇ ਯਕੀਨ ਨਹੀਂ ਸੀ। ਕਿਉਂਕਿ ਉਨ੍ਹਾਂ ਨੇ ਪਹਿਲਾਂ ਵੀ ਡੌਕੀਂਆਂ ਲਾਈਆਂ ਸਨ ਤੇ ਉਨ੍ਹਾਂ ਨੂੰ ਪਤਾ ਸੀ ਜੇ ਅਸੀਂ ਇਸ ਨੂੰ ਪਿੱਛੇ ਛੱਡ ਦਿੱਤਾ, ਡੌਕਰ ਨੇ ਇਸ ਨੂੰ ਮੁੜ ਲੈਣ ਨਹੀਂ ਆਉਣਾ ਜਾਂ ਡੌਕਰ ਨੇ ਇਸ ਨੂੰ ਗੋਲੀ ਮਾਰ ਦੇਣੀ ਹੈ ਕਿਉਂਕਿ ਜੇ ਪੁਲਿਸ ਨੇ ਇਸ ਨੂੰ ਇਥੇ ਜੀਂਦਾ ਫੜ ਲਿਆ ਤਾਂ ਰਾਹ ਬੰਦ ਹੋ ਜਾਣਾ। ਇਹ ਸਭ ਸੋਚ ਕੇ ਉਨ੍ਹਾਂ ਨੇ ਹਿੰਮਤ ਕੀਤੀ ਤੇ ਦੋ ਲੱਕੜਾਂ ਲੱਭੀਆਂ, ਉਹਨਾਂ ਵਿਚਾਲੇ ਆਪਣੀਆਂ ਜੈਕਟਾਂ ਬੰਨੀਆਂ ਅਤੇ ਉਸ ਤੇ ਮੁੰਡੇ ਨੂੰ ਪਾ ਕੇ ਪਾਰ ਲੰਘਾਇਆ।
ਪੰਜਾਬ ਤੋਂ ਤਾਂ ਨੌਜੁਆਨ ਮੁੰਡੇ ਹੀ ਆਉਂਦੇ ਹਨ ਪਰ ਅਫ਼ਗਾਨੀਸਤਾਨ ਤੋਂ ਜਾਂ ਇਰਾਕ ਤੋਂ ਟੱਬਰਾਂ ਦੇ ਟੱਬਰ ਤੁਰੇ ਹੁੰਦੇ ਹਨ। ਬੱਚੇ, ਬੁੱਢੇ ਤੇ ਔਰਤਾਂ ਸਭ ਸ਼ਾਮਿਲ ਹੁੰਦੇ ਹਨ। ਬੱਚਿਆਂ ਨੂੰ ਨੌਜੁਆਨ ਮੁੰਡੇ ਹੀ ਮੋਢਿਆਂ ਤੇ ਬਿਠਾ ਕੇ ਪੈਦਲ ਡੌਕੀਆਂ ਲਵਾਉਂਦੇ ਹਨ ਤੇ ਹੋਰ ਜਿਹੜੇ ਡੌਕੀ ਲਾਉਣ ਲਈ ਅਸਮਰਥ ਹੋ ਜਾਂਦੇ ਉਨ੍ਹਾਂ ਦੀ ਮਦਦ ਵੀ ਮੁੰਡੇ ਹੀ ਕਰਦੇ ਹਨ। ਰਾਹ ਵਿਚ ਕਈ ਮੁੰਡਿਆਂ ਨੇ ਬਰਫ਼ਾਂ ਤੇ ਮਨੁੱਖੀ ਪਿੰਜਰ ਪਏ ਵੀ ਦੇਖੇ ਹਨ ਜਿਨ੍ਹਾਂ ਦੀਆਂ ਬਾਂਹਾਂ ਵਿਚ ਕੜੇ ਪਾਏ ਹੋਣ ਤੋਂ ਪਤਾ ਲੱਗਦਾ ਹੈ ਕਿ ਇਹ ਪੰਜਾਬੀ ਸੀ। ਡੌਕਰ ਕਿਸੇ ਦੀ ਵੀ ਜਾਨ ਦੀ ਪਰਵਾਹ ਨਹੀਂ ਕਰਦੇ। ਉਹ ਗੋਲੀ ਮਾਰਨ ਲੱਗੇ ਮਿੰਟ ਨਹੀਂ ਲਾਉਂਦੇ ਕਿਉਂਕਿ ਉਥੇ ਕਿਹੜਾ ਕਿਸੇ ਨੇ ਪੁੱਛ-ਪੜਤਾਲ ਕਰਨੀ ਹੁੰਦੀ ਹੈ। ਉਨ੍ਹਾਂ ਨੇ ਤਾਂ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ।
ਪਿੱਛੇ ਜਿਹੇ ਹੀ ਇਕ ਮੁੰਡੇ ਨਾਲ ਮੁਲਾਕਾਤ ਹੋਈ ਜੋ ਲੰਗੜਾ ਕੇ ਤੁਰਦਾ ਸੀ। ਪੁੱਛਣ ਤੇ ਪਤਾ ਲੱਗਾ ਕਿ ਉਸ ਨੂੰ ਤੇ ਕੁਝ ਹੋਰ ਮੁੰਡਿਆਂ ਨੂੰ ਇਕ ਜੰਗਲ ਦੀ ਠੰਢੀ ਗੁਫਾ ਵਿਚ ਡੌਕਰ ਬਿਠਾ ਕੇ ਚਲਾ ਗਏ ਸਨ। ਉਨ੍ਹਾਂ ਨੂੰ ਕਈ ਘੰਟੇ ਉੱਥੇ ਹੀ ਰਹਿਣਾ ਪਿਆ। ਠੰਡ ਜ਼ਿਆਦਾ ਹੋਣ ਕਰਕੇ ਸਾਰਿਆਂ ਦੇ ਪੈਰ ਬੂਟਾਂ ਵਿਚ ਸੁੰਨ ਹੋ ਗਏ ਸਨ ਤੇ ਬਾਅਦ ਵਿਚ ਪੈਰਾਂ ਦੀਆਂ ਉਗਲਾਂ ਗਲ ਗਈਆਂ। ਇਸੇ ਹੀ ਤਰ੍ਹਾਂ ਇਕ ਮੁੰਡੇ ਨੇ ਡੌਕੀ ਲਾਉਣ ਤੋਂ ਬਾਅਦ ਆਪਣੇ ਹੱਥ ਗਰਮ-ਸਰਦ ਕਰ ਲਏ ਸਨ ਤੇ ਉਹ ਹੱਥੋਂ ਨਾਕਾਮ ਹੋ ਗਿਆ ਸੀ। ਇਸ ਕਰਕੇ ਡੌਕਰ ਨੇ ਉਸ ਨੂੰ ਭਾਰਤ ਵਾਪਸ ਚੜ੍ਹਾ ਦਿੱਤਾ। ਭਾਰਤ ਵਿਚ ਉਸਦੇ ਹੱਥ ਕੱਟਣੇ ਪੈ ਗਏ ਸਨ। ਇਹ ਅੱਖੀਂ ਦੇਖੇ ਦਰਦਨਾਕ ਹਾਦਸੇ ਮੁੰਡਿਆਂ ਲਈ ਜ਼ਿੰਦਗੀ ਭਰ ਲਈ ਅਭੁੱਲ ਯਾਦਾਂ ਬਣ ਜਾਂਦੀਆਂ ਹਨ।
ਯੂਕਰੇਨ ਤੇ ਸਲਵਾਕੀਆ ਦੇ ਬਾਡਰ ਤੇ ਜੇ ਮੁੰਡੇ ਡੌਕੀ ਲਾਉਂਦੇ ਫੜੇ ਜਾਣ ਤਾਂ ਉਨ੍ਹਾਂ ਨੂੰ ਯੂਕਰੇਨ ਦੇ ਮੁਕਾਚੀਵ ਪੁਲਿਸ ਸਟੇਸ਼ਨ ਵਿਚ ਠਾਈਆ (28 ਦਿਨ ਦੀ ਜੇਲ੍ਹ) ਕੱਟਣਾ ਪੈਂਦਾ ਹੈ। ਉਥੇ ਪੁਲਿਸ, ਮੁੰਡਿਆਂ ਦੀਆਂ ਫੋਟੋਆਂ ਤੇ ਫਿਗਰ ਪਰੈਂਟ ਲੈਣ ਤੋਂ ਬਾਅਦ ਤਲਾਸ਼ੀ ਲਈ ਅਲਫ਼ ਨੰਗੇ ਕਰਾ ਲੈਂਦੀ ਹੈ। ਕੱਪੜਿਆਂ ਵਿਚ ਜਿੱਥੇ ਵੀ ਉਨ੍ਹਾਂ ਨੂੰ ਸ਼ੱਕ ਪੈਂਦਾ ਹੈ, ਉਥੇ ਕੈਂਚੀ ਮਾਰ ਦਿੰਦੇ ਹਨ। ਉਨ੍ਹਾਂ ਨੂੰ ਡਾਲਰਾਂ ਦੀ ਤਲਾਸ਼ ਹੁੰਦੀ ਹੈ। ਵਧੀਆ ਕੱਪੜੇ ਅਤੇ ਸਮਾਨ ਪੁਲਿਸ ਆਪਣੇ ਕੋਲ ਰੱਖ ਲੈਂਦੀ ਹੈ। ਕਈ ਮੁੰਡੇ ਤਾਂ ਇੱਥੋਂ ਤੱਕ ਗਿਰ ਜਾਂਦੇ ਹਨ ਕਿ ਉਹ ਡਾਲਰ ਗੋਲ ਕਰ ਕੇ ਪਿੱਛੇ (ਟੱਟੀ ਵਾਲੀ ਥਾਂ) ਪਾ ਲੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇ ਛੁੱਟ ਗਏ ਤਾਂ ਇਹੀ ਡਾਲਰ ਟੈਲੀਫ਼ੋਨ ਜਾਂ ਟੈਕਸੀ ਲਈ ਕੰਮ ਆਉਣੇ ਹਨ। ਇਸ ਕਰਕੇ ਉਨ੍ਹਾਂ ਤੋਂ ਬੈਠਕਾਂ ਕਢਵਾਈਆਂ ਜਾਂਦੀਆਂ ਹਨ। ਜਿਨ੍ਹਾਂ ਤੋਂ ਡਾਲਰ ਨਿਕਲਦੇ ਹਨ ਉਨ੍ਹਾਂ ਨਾਲ ਨਰਮੀ ਵਰਤੀ ਜਾਂਦੀ ਹੈ ਤੇ ਜਿਸ ਕੋਲੋਂ ਏਜੰਟ ਨੇ ਡਾਲਰ ਪਹਿਲਾਂ ਹੀ ਕਢਵਾ ਲਏ ਹੁੰਦੇ ਹਨ ਉਸ ਨੂੰ ਪੁਲਿਸ ਬੇਦਰਦੀ ਨਾਲ ਇੰਨਾ ਕੁੱਟਦੀ ਹੈ ਕਿ ਜਦ ਤੱਕ ਉਹ ਬੇਹੋਸ਼ ਨਾ ਹੋ ਜਾਵੇ ਜਾਂ ਕੁੱਟਣ ਵਾਲੇ ਹਫ਼ ਨਹੀਂ ਜਾਂਦੇ। ਹਰ ਰਾਤ ਪੁਲਿਸ ਵਾਲੇ ਸ਼ਰਾਬ ਪੀ ਕੇ ਆਪਣੀ ਮੌਜ-ਮਸਤੀ ਲਈ ਦੋ-ਤਿੰਨ ਮੁੰਡਿਆਂ ਅਲਫ਼ ਨੰਗੇ ਕਰ ਕੇ ਕੁੱਟਦੇ ਹਨ ਅਤੇ ਦਿਨ ਨੂੰ ਕੰਮ ਕਰਵਾਉਂਦੀ ਹੈ ਜਿਵੇਂ ਸਰਦੀਆਂ ਨੂੰ ਬਰਫ਼ ਚੁਕਵਾਉਣੀ।
ਕਈ ਮੁੰਡਿਆਂ ਨਾਲ ਮੁਲਾਕਾਤਾਂ ਹੋਈਆਂ ਜਿਨ੍ਹਾਂ ਦੇ ਸਿਰਾਂ ਵਿਚ ਜੂੰਆਂ ਪਈਆਂ ਹੋਈਆਂ ਸਨ ਤੇ ਸਰੀਰ ਖੁਰਕਿਆਂ ਹੋਇਆ ਸੀ ਕਿਉਂਕਿ ਉਨ੍ਹਾਂ ਨੂੰ ਡੌਕੀਆਂ ਦੇ ਚੱਕਰਾਂ ਵਿਚ ਨਹਾਉਣਾ ਹੀ ਨਹੀਂ ਸੀ ਨਸੀਬ ਹੋਇਆ। ਕਈ ਵਾਰ ਜਦ ਮੁੰਡੇ ਸਰੀਰਕ ਤੇ ਮਾਨਸਿਕ ਦੁੱਖ-ਤਕਲੀਫ਼ਾਂ ਝੱਲ ਕੇ ਵਾਪਸ ਆਪਣੇ ਏਜੰਟਾਂ ਕੋਲ ਪਹੁੰਚਦੇ ਤਾਂ ਉਹ ਇੰਡੀਆ ਵਾਪਸ ਭੇਜਣ ਨੂੰ ਕਹਿੰਦੇ ਹਨ। ਪਰ ਏਜੰਟ ਵਾਪਸ ਭੇਜਣ ਦੇ ਵੀ ਦੁਗਣੇ-ਤੀਗਣੇ ਡਾਲਰ ਮੰਗਦੇ ਹਨ। ਜਿਹੜੇ ਪਹਿਲਾਂ ਤੋਂ ਕਰਜ਼ਾਈ ਹੁੰਦੇ ਹਨ ਉਹ ਹੋਰ ਪੈਸਿਆਂ ਦਾ ਬੰਦੋਬਸਤ ਕਿਥੋਂ ਕਰ ਸਕਦੇ ਹਨ? ਉਸ ਸਮੇਂ ਪਾਣੀ ਸਿਰ ਤੋਂ ਲੰਘ ਚੁੱਕਾ ਹੋਣ ਕਰਕੇ ਮੁੜ ਉਨ੍ਹਾਂ ਰਾਹਾਂ ਤੇ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।
ਕੋਸਿਸ ਤੇ ਬਰਾਤੀਸਲਾਵਾ ਸ਼ਹਿਰ ਇਕੋ ਦੇਸ ਵਿਚ ਹੋਣ ਕਰਕੇ ਮੁੰਡਿਆਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਣ ਵਿਚ ਬਹੁਤੀ ਮੁਸ਼ਕਲ ਨਹੀਂ ਆਉਂਦੀ। ਸਲਵਾਕੀਆ ਤੋਂ ਆਸਟਰੀਆ ਦੇ ਬਾਡਰ ਤੇ ਇਕ ਦਰਿਆ ਪੈਂਦਾ ਹੈ। ਇਸ ਤੇਜ਼ ਬਹਾਓ ਵਾਲੇ ਦਰਿਆ ਨੂੰ ਪਾਰ ਕਰਾ ਕੇ ਮੁੰਡਿਆਂ ਨੂੰ ਆਸਟਰੀਆ ਪਹੁੰਚਾਇਆ ਜਾਂਦਾ ਹੈ। ਮੁੰਡੇ ਆਪਣੀ ਜਾਨ ਮੁੱਠੀ 'ਚ ਲੈ ਕੇ, ਹਵਾ ਵਾਲੀਆਂ ਕਿਸ਼ਤੀਆਂ ਰਾਹੀ ਆਸਟਰੀਆ ਪਹੁੰਚਦੇ ਹਨ। ਜੇ ਆਸਟਰੀਅਨ ਪੁਲਿਸ ਫੜ੍ਹ ਲਵੇ ਤਾਂ ਮੁੰਡੇ ਭੁੱਖ-ਹੜਤਾਲਾਂ ਕਰ ਕੇ ਛੁੱਟਦੇ ਹਨ। ਔਕੜਾਂ ਦਾ ਅੰਤ ਇਥੇ ਹੀ ਨਹੀਂ ਹੋ ਜਾਂਦਾ। ਜੇਲ੍ਹ ‘ਚੋਂ ਨਿਕਲ ਕੇ ਆਸਟਰੀਅਨ ਬੋਲੀ, ਸਖ਼ਤ ਕੰਮ ਅਤੇ ਵੀਜ਼ਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਵੇਂ ਮੁੰਡੇ ਖ਼ੁਦ ਕਹਿੰਦੇ ਹਨ ਕਿ ਜਦੋਂ ਅਸੀਂ ਇੰਡੀਆ ਹੁੰਦੇ ਸੀ ਤਾਂ ਸਾਨੂੰ ਇਨ੍ਹਾਂ ਗੱਲਾਂ ਤੇ ਯਕੀਨ ਨਹੀਂ ਸੀ ਆਉਂਦਾ ਤੇ ਹੁਣ ਜਦੋਂ ਅਸੀਂ ਇੰਡੀਆ ਸਾਡੇ ਹਮ-ਉਮਰ ਦੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਦੱਸਦੇ ਹਾਂ ਤਾਂ ਉਹ ਸਾਡੇ ਤੇ ਯਕੀਨ ਨਹੀਂ ਕਰਦੇ ਤੇ ਕਹਿੰਦੇ ਹਨ ਕਿ ਹੁਣ ਆਪ ਪਹੁੰਚ ਕੇ ਸਾਨੂੰ ਨਾ ਆਉਣ ਦੀ ਸਲਾਹ ਦਿੰਦੇ ਹਨ। ਇਹ ਗੇੜ ਤਾਂ ਇਸੇ ਤਰਾਂ ਹੀ ਚਲਦਾ ਰਹਿਣਾ। ਪਰ ਕਈ ਮੁੰਡੇ ਵਿਦੇਸ਼ਾਂ ਵਿਚ ਝੱਲੀਆਂ ਦੁੱਖ-ਤਕਲੀਫ਼ਾਂ ਬਾਰੇ ਸਚਾਈ ਨਾ ਦੱਸ ਕੇ ਆਪਣੇ ਆਪ ਨੂੰ ਅਤੇ ਭਾਰਤੀ ਰਿਸ਼ਤੇਦਾਰਾਂ ਨੂੰ ਧੋਖੇ ਵਿਚ ਰੱਖਦੇ ਹਨ।
ਪ੍ਰਵਾਸੀ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਬਾਹਰੋਂ ਪੈਸਾ ਭੇਜ ਕੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਕੋਈ ਵਪਾਰ ਖੌਲਣ ਲਈ ਮਦਦ ਕਰਨ ਨਾ ਕਿ ਉਨ੍ਹਾਂ ਦੀ ਮੌਤ ਦੇ ਜ਼ਿੰਮੇਵਾਰ ਬਣਨ। ਉਹ ਪੰਜਾਬ ਵਾਪਸ ਜਾ ਕੇ ਬਾਹਰਲੇ ਮੁਲਕਾਂ ਦੀਆਂ ਸਹੂਲਤਾਂ ਦੇ ਨਾਲ-ਨਾਲ ਇਥੋਂ ਦੀ ਹੱਡ-ਭੰਨਵੀਂ ਮਿਹਨਤ ਤੇ ਮੁਸ਼ਕਲਾਂ ਬਾਰੇ ਵੀ ਦੱਸਣ ਅਤੇ ਏਜੰਟਾਂ ਦੇ ਚੁੰਗਲ ਤੋਂ ਬਚਣ ਦੀ ਸਲਾਹ ਦੇਣ। ਏਜੰਟਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣਾ ਸਾਡਾ ਫਰਜ਼ ਬਣਦਾ ਹੈ ਤਾਂ ਕਿ ਇਹ ਲੋਕ ਆਪਣੀਆਂ ਜੇਬਾਂ ਭਰਨ ਦੀ ਖ਼ਾਤਰ ਸਾਡੇ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ ਦੀਆਂ ਪਹਾੜੀਆਂ, ਜੰਗਲਾਂ, ਨਦੀਆਂ ਅਤੇ ਜੇਲ੍ਹਾਂ ਦੀ ਭੇਟ ਨਾ ਚੜ੍ਹਾਉਣ।
ਤੁਸੀਂ ਇਹ ਕਹੋਗੇ ਕਿ ਆਪ ਬਾਹਰ ਬੈਠੇ ਐਸ਼ਾਂ ਕਰਦੇ, ਸਾਨੂੰ ਬਾਹਰ ਆਉਣ ਤੋਂ ਰੋਕਦੇ ਹਨ। ਆਓ ਜੀ ਸਦਕੇ ਆਓ। ਇਕ ਤਾਂ ਸਿੱਧਾ ਵੀਜ਼ਾ ਲੈ ਕੇ ਆਓ। ਜਿਹੜੇ ਦੇਸ ਆਉਣਾ। ਏਜੰਟ ਲੱਖ ਕਹਿਣ ਰੂਸ ਤੋਂ ਵੀਜ਼ਾ ਮਿਲਜੂ, ਹੰਗਰੀ ਤੋਂ ਵੀਜ਼ਾ ਮਿਲਜੂ। ਇਹ ਸਭ ਚਾਲਾਂ ਨੇ ਤੁਹਾਨੂੰ ਜਾਲ 'ਚ ਫਸਾਉਣ ਦੀਆਂ। ਇਸ ਤੋਂ ਵੀ ਵਧੀਆ ਤਰੀਕਾ ਹੈ ਬਾਹਰ ਆਉਣ ਦਾ ਉਹ ਹੈ ਉੱਚ-ਸਿੱਖਿਆ। ਲਗਭਗ ਸਭ ਅਮੀਰ ਮੁਲਕਾਂ ਵਿਚ ਕੰਪਿਊਟਰ ਇੰਜੀਨੀਅਰ, ਡਾਕਟਰ ਤੇ ਹੋਰ ਅਨੇਕਾਂ ਸਾਇੰਸਟਿਸਟਾਂ ਦੀ ਹਮੇਸ਼ਾਂ ਲੋੜ ਰਹਿੰਦੀ ਹੈ ਤੇ ਰਹੇਗੀ। ਆਸਟਰੀਆ ਨੇ ਪਿਛਲੇ ਸਾਲ ਤਿੰਨ ਹਜ਼ਾਰ ਭਾਰਤੀ ਕੰਪਿਊਟਰ ਮਾਹਰਾਂ ਨੂੰ ਇੱਥੇ ਭਾਰਤ ਤੋਂ ਸਿੱਧੇ ਵੀਜ਼ੇ ਦੇ ਕੇ ਸੱਦਿਆ। ਕਿਉਂ ਨਹੀਂ ਤੁਸੀਂ ਵੀ ਉੱਚ-ਸਿੱਖਿਆ ਪ੍ਰਾਪਤ ਕਰਕੇ ਕਿਸੇ ਵਧੀਆ ਦੇਸ ਵਿਚ ਪੱਕੇ ਤੌਰ ਤੇ ਆਉਂਦੇ? ਬਿਨਾਂ ਚੰਗੀ ਪੜ੍ਹਾਈ ਦੇ ਬਾਹਰ ਆ ਕੇ ਧੱਕੇ ਹੀ ਖਾਣੇ ਪੈਂਦੇ ਹਨ। ਇਹ ਕੋਰਾ ਸੱਚ ਹੈ।
ਹੁਣ ਸੋਚਣਾ ਤੁਸੀਂ ਹੈ ਕਿ ਤੁਸੀਂ ਕਿਵੇਂ ਬਾਹਰਲੇ ਮੁਲਕਾਂ ਵਿਚ ਆਉਣਾ? ਲੇਖ ਲਿੰਕ: 5abi.com Likhari.com