ਦੁਨੀਆ ਦਾ ਅਨੋਖਾ ਯੌਰਪੀਅਨ ਦੇਸ਼ 'ਅਸਟਰੀਆ'
ਤਸਵੀਰਾਂ ਅਤੇ ਲੇਖਕ: ਹਰਦੀਪ ਸਿੰਘ ਮਾਨ
ਹਰਦੀਪ ਸਿੰਘ ਮਾਨ |
ਅਸਟਰੀਆ, ਆਬਾਦੀ, ਵੀਆਨਾ, ਆਵਾਜਾਈ ਦੇ ਸਾਧਨ, ਭਾਰਤੀਆਂ ਦੇ ਕੰਮ-ਕਾਜ ਭਾਰਤੀ ਜਨ-ਜੀਵਨ, ਸਮੱਸਿਆਵਾਂ, ਦੋ ਨਿਜੀ ਤਜਰਬੇ, ਅੰਤ
ਆਓ ਇਕ ਅਜਿਹੇ ਦੇਸ਼ ਦੀ ਕਲਪਨਾ ਕਰੀਏ ਜਿਸ ਵਿਚ ਧਰਮ-ਨਿਰਪੱਖਤਾ, ਇਨਸਾਨੀ-ਬਰਾਬਰੀ, ਕਾਨੂੰਨ ਦੀ ਪਾਲਣਾ, ਮਨੁੱਖੀ ਅਜ਼ਾਦੀ ਅਤੇ ਹਰ ਅਦਾਰੇ ਤੇ ਨਿਯੰਤਰਣ ਹੋਵੇ, ਜਿੱਥੇ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਰੰਗ, ਨਸਲ, ਮਜ਼੍ਹਬ ਅਤੇ ਵੱਖਰੀ ਦਿੱਖ ਦੇ ਆਧਾਰ ਤੋਂ ਬਿਨਾਂ ਕੰਮ ਕਰਨ। ਜੇ ਦੂਜੇ ਸ਼ਬਦਾਂ ਵਿਚ ਕਹੀਏ, ਇਕ ਆਮ ਨਾਗਰਿਕ ਆਪਣੇ ਦੇਸ਼ ਜਾਂ ਸ਼ਹਿਰ ਤੋਂ ਸ਼ੁੱਧ ਹਵਾ-ਪਾਣੀ, ਸੁਰੱਖਿਅਤ-ਜੀਵਨ, ਰੋਜ਼ਗਾਰ, ਸਰਕਾਰੀ ਸਹੂਲਤਾਂ, ਬੁਨਿਆਦੀ ਹੱਕ, ਸ਼ਾਂਤੀ ਅਤੇ ਇਨਸਾਫ਼ ਦੀ ਉਮੀਦ ਰੱਖਦਾ ਹੈ। ਹੁਣ ਦੇਖਦੇ ਹਾਂ, ਕੀ ਇਹ ਸਾਰੀਆਂ ਖੂਬੀਆਂ ਅਸਟਰੀਆ ਦੇਸ਼ ਵਿਚ ਹਨ?
ਅਸਟਰੀਆ, ਸੰਸਾਰ ਦੇ ਨਕਸ਼ੇ ਉੱਪਰ ਇਕ ਛੋਟਾ ਜਿਹਾ ਦਿਸਣ ਵਾਲਾ ਦੇਸ਼ ਅੱਜ ਤੋਂ 92 ਸਾਲ ਪਹਿਲਾਂ ਬਹੁਤ ਵੱਡਾ ਹੁੰਦਾ ਸੀ। ਪੂਰੇ ਦੇ ਪੂਰੇ ਦੇਸ਼ ਚੈਕੋ, ਸਲਾਵਾਕੀਆ, ਹੰਗਰੀ, ਸਲਵੇਨੀਆ, ਲਿਖਤਨਸਟਾਈਨ ਅਤੇ ਕੁਝ ਇਲਾਕੇ ਰੁਮਾਨੀਆ, ਇਟਲੀ, ਪੋਲੈਂਡ ਅਤੇ ਯੂਕਰੇਨ ਦੇ ਅਸਟਰੀਆ ਵਿਚ ਸ਼ਾਮਲ ਸਨ। ਅਸਟਰੀਆ ਵਾਰੇ ਬਹੁਤੇ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਰਕੇ ਉਹ ਇਸ ਨੂੰ ਆਸਟਰੇਲੀਆ ਨਾਂਵ ਤੇ ਬਦਲ ਦਿੰਦੇ ਹਨ। ਅਸਟਰੀਆ ਦਾ ਖੇਤਰਫਲ 83,858 ਵਰਗ ਕਿਲੋਮੀਟਰ ਹੈ, ਭਾਵ ਭਾਰਤ ਦਾ ਇਕ ਰਾਜ 'ਅਰੁਣਾਚਲ ਪ੍ਰਦੇਸ਼' ਪੂਰੇ ਅਸਟਰੀਆ ਦੇ ਬਰਾਬਰ ਹੈ। ਅਸਟਰੀਆ ਦੇ 9 ਰਾਜ ਹਨ। 'ਵੀਆਨਾ' ਅਸਟਰੀਆ ਦੀ ਰਾਜਧਾਨੀ ਹੈ। ਅਸਟਰੀਆ ਦੇ ਅੱਠ ਗੁਆਂਢੀ ਦੇਸ਼ਾਂ ਦੇ ਨਾਮ ਜਰਮਨੀ, ਸਵਿਟਜ਼ਰਲੈਂਡ, ਲਿਖਤਨਸਟਾਈਨ, ਇਟਲੀ, ਸਲਵੇਨੀਆ, ਹੰਗਰੀ, ਸਲਾਵਾਕੀਆ ਅਤੇ ਚੈਕੋ ਹਨ। ਇਸ ਦੇਸ਼ ਦਾ ਕਾਨੂੰਨੀ ਕੋਈ ਧਰਮ ਨਹੀਂ। ਵੈਸੇ, ਅਸਟਰੀਆ ਵਿਚ 78% ਕੈਥੋਲਿਕ, 5% ਪ੍ਰੈਟੈਸਟੈਂਟ, 2% ਮੁਸਲਮ ਧਰਮ ਦੇ ਲੋਕ ਰਹਿੰਦੇ ਹਨ। ਇੱਥੋਂ ਦੀ ਬੋਲੀ ਨੂੰ ਅੰਗ੍ਰੇਜ਼ੀ ਵਿਚ 'ਜਰਮਨ' ਅਤੇ ਜਰਮਨ ਵਿਚ 'ਡੁਚ' ਕਹਿੰਦੇ ਹਨ, ਭਾਵ ਇਸ ਦੇਸ਼ ਨੂੰ ਅੰਗ੍ਰੇਜ਼ੀ ਵਿਚ 'ਅਸਟਰੀਆ' ਅਤੇ ਜਰਮਨ ਜਾਂ ਡੁਚ ਵਿਚ 'ਉਸਟਰਾਹੀਖ਼' ਕਹਿੰਦੇ ਹਨ, ਇਸੇ ਤਰ੍ਹਾਂ ਹੀ ਰਾਜਧਾਨੀ ਨੂੰ ਅੰਗ੍ਰੇਜ਼ੀ ਵਿਚ 'ਵੀਆਨਾ' ਅਤੇ ਜਰਮਨ ਜਾਂ ਡੁਚ ਵਿਚ 'ਵੀਨ' ਕਹਿੰਦੇ ਹਨ।
ਸਰਵੇਖਣਾਂ ਅਨੁਸਾਰ ਅਸਟਰੀਆ ਵਿਚ ਜ਼ਿਆਦਾਤਰ ਮਰਦ 75 ਸਾਲ ਅਤੇ ਔਰਤਾਂ 81 ਸਾਲ ਤੱਕ ਉਮਰ ਭੋਗਦੀਆਂ ਹਨ। ਅਸਟਰੀਆ ਵਿਚ ਸਿਰਫ਼ ਚਾਰ ਰਾਜਨੀਤਿਕ ਪਾਰਟੀਆਂ ਤਾਕਤ ਵਿਚ ਹਨ। ਆਸਟਰੀਅਨ ਨਾਗਰਿਕ ਨੂੰ ਆਮ ਤੌਰ ਤੇ 20% ਟੈਕਸ ਦੇਣਾ ਪੈਂਦਾ ਹੈ। ਅਸਟਰੀਆ ਦੀ ਤਰੱਕੀ ਦਾ ਰਾਜ ਇੱਥੇ ਵੱਡੀ ਗਿਣਤੀ ਵਿਚ ਸੈਲਾਨੀਆਂ ਦਾ ਆਉਣਾ ਹੈ। ਸਾਲ ਦੇ 1,5 ਮਿਲੀਅਨ ਸੈਲਾਨੀ ਇਕੱਲੇ ਵੀਆਨਾ ਨੂੰ ਦੇਖਣ ਆਉਂਦੇ ਹਨ ਅਤੇ ਇਹ ਗਿਣਤੀ ਹਰ ਸਾਲ ਵੱਧ ਵੀ ਜਾਂਦੀ ਹੈ। ਅਸਟਰੀਆ ਵੀ ਦੇਸ਼ ਬਾਰੇ ਮਸ਼ਹੂਰੀ ਅਤੇ ਸੈਲਾਨੀਆਂ ਦੀ ਮੰਗਾਂ ਨੂੰ ਪੂਰੀਆਂ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ।
ਇਸ ਦੇਸ਼ ਨੇ ਹਰ ਤਰ੍ਹਾਂ ਦੇ ਮਹਾਨ ਵਿਅਕਤੀ ਪੈਦਾ ਕੀਤੇ ਜਿਵੇਂ ਅਭਿਨੇਤਾ, ਖਿਡਾਰੀ, ਲੇਖਕ, ਸੰਗੀਤਕਾਰ ਵਗੈਰਾ ਵਗੈਰਾ, ਜਿਨ੍ਹਾਂ ਨੇ ਸੰਸਾਰ ਭਰ ਵਿਚ ਅਸਟਰੀਆ ਦਾ ਨਾਮ ਉੱਚਾ ਕੀਤਾ ਅਤੇ ਕਰ ਰਹੇ ਹਨ। ਮਸ਼ਹੂਰ ਅਭਿਨੇਤਾ 'ਆਰਨੋਲਡ ਸਵਾਰਚੇਨੀਗਰ', ਜਿਸ ਨੇ 'ਕਮਾਂਡੋ' ਅਤੇ 'ਦਾ ਟਰਮੀਨੇਟਰ' ਵਰਗੀਆਂ ਅੰਗ੍ਰੇਜ਼ੀ ਫਿਲਮਾਂ ਵਿਚ ਕੰਮ ਕੀਤਾ ਅਤੇ ਹੁਣ ਵੀ ਉਸ ਦੀਆਂ ਨਵੀਆਂ ਫਿਲਮਾਂ ਆ ਰਹੀਆਂ ਹਨ, ਉਸ ਦਾ ਜਨਮ ਅਸਟਰੀਆ ਦੇ ਇਕ ਸ਼ਹਿਰ 'ਗਰਾਸ' ਵਿਚ ਹੀ ਹੋਇਆ ਹੈ। ਅਸਟਰੀਆ ਦੇ ਇਕ ਸੰਸਾਰ ਪ੍ਰਸਿੱਧ ਖਿਡਾਰੀ ਦਾ ਨਾਮ 'ਹਰਮਨ ਮਾਅਰ' ਹੈ, ਜਿਸ ਨੇ ਸਰਦੀ-ਰੁੱਤ ਦੀਆਂ ਖੇਡਾਂ ਵਿਚ ਅਸਟਰੀਆ ਲਈ ਕਈ ਸੋਨੇ ਦੇ ਤਗਮੇ ਜਿੱਤੇ। ਜਿਸ ਤਰ੍ਹਾਂ ਆਰਨੋਲਡ ਨੂੰ ਲੋਕੀਂ ਪਿਆਰ ਨਾਲ 'ਟਰਮੀਨੇਟਰ' ਕਹਿੰਦੇ ਹਨ, ਉਸੇ ਤਰ੍ਹਾਂ ਹਰਮਨ ਨੂੰ 'ਹਰਮੀਨੇਟਰ' ਕਹਿੰਦੇ ਹਨ।
ਆਬਾਦੀ ਘੱਟ ਹੋਣ ਕਰਕੇ ਹਰ ਆਸਟਰੀਅਨ ਨਾਗਰਿਕਤਾ ਪ੍ਰਾਪਤ ਮਰਦ ਨੂੰ 18 ਤੋਂ 35 ਸਾਲ ਦੀ ਉਮਰ ਦੇ ਵਿਚ 8 ਮਹੀਨੇ ਫ਼ੌਜ ਦੀ ਸਿਖਲਾਈ ਲਈ ਜਾਣਾਂ ਪੈਂਦਾ ਹੈ, ਤਾਂ ਕਿ ਲੜਾਈ ਲੱਗਣ ਤੇ ਸਾਰੇ ਮਰਦ ਆਪਣੇ ਕੰਮ-ਕਾਰ ਛੱਡ ਕੇ ਦੇਸ਼ ਲਈ ਲੜਨ ਲਈ ਪਹਿਲਾਂ ਤੋਂ ਹੀ ਤਿਆਰ ਰਹਿਣ। ਔਰਤਾਂ ਫ਼ੌਜ ਦੀ ਸਿਖਲਾਈ ਜਾਂ ਫ਼ੌਜ ਵਿਚ ਭਰਤੀ ਹੋਣ ਲਈ ਸਵੈ-ਇੱਛੁਕ ਜਾ ਸਕਦੀਆਂ ਹਨ, ਪਰ ਸਰੀਰਕ ਅਤੇ ਮਾਨਸਿਕ ਤੌਰ ਤੇ ਸੰਪੂਰਨ ਮਰਦਾਂ ਨੂੰ ਕਾਨੂੰਨੀ ਜਾਣਾਂ ਪੈਂਦਾ ਹੈ। ਫ਼ੌਜ ਦੀ ਸਿਖਲਾਈ ਦੌਰਾਨ ਸਰਕਾਰੀ ਬਿੱਲ ਮਾਫ਼ ਕਰ ਦਿੱਤੇ ਜਾਂਦੇ ਹਨ ਅਤੇ ਫ਼ੌਜੀ ਦੇ ਖ਼ਰਚਿਆਂ ਅਨੁਸਾਰ ਮਾਲੀ ਮਦਦ ਵੀ ਦਿੱਤੀ ਜਾਂਦੀ ਹੈ। ਪਗੜੀਧਾਰੀ ਸਿੱਖ ਨੂੰ ਸਿਖਲਾਈ ਦੌਰਾਨ ਫ਼ੌਜੀ ਵਰਦੀ ਦੇ ਰੰਗ ਅਨੁਸਾਰ ਪਗੜੀ ਬੰਨ੍ਹਣ ਦੀ ਇਜਾਜ਼ਤ ਹੈ।
ਅਸਟਰੀਆ ਵਿਚ 6 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦਾ ਸਕੂਲੇ ਜਾਣਾਂ ਜ਼ਰੂਰੀ ਹੈ। ਇੱਥੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਮੁਫ਼ਤ ਹੈ, ਸਿਰਫ਼ ਕਿਤਾਬਾਂ ਦੀ 10% ਕੀਮਤ ਦੇਣੀ ਪੈਂਦੀ ਹੈ, ਪਰ ਉੱਨੀ ਕੁ ਸਰਕਾਰ ਵਲੋਂ ਵੀ ਮਾਲੀ ਮਦਦ ਮਿਲ ਜਾਂਦੀ ਹੈ। ਯੂਨੀਵਰਸਿਟੀ ਵਿਚ ਪੜ੍ਹਨਾ ਵੀ ਇਸੇ ਤਰ੍ਹਾਂ ਹੀ ਹੈ, ਸਰਕਾਰ ਪੜ੍ਹਾਈ ਦਾ ਖ਼ਰਚਾ ਇਕ ਹੱਥ ਦੇ ਕੇ ਦੂਜੇ ਹੱਥ ਲੈ ਲੈਂਦੀ ਹੈ। ਵਿਦਿਆਰਥੀਆਂ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ, ਜਿਵੇਂ ਜਨਤਕ ਗੱਡੀਆਂ ਦੇ ਪਾਸ ਵਿਚ ਛੋਟ।
ਅਸਟਰੀਆ ਵਿਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਘੱਟ ਬੱਚੇ ਪੈਦਾ ਕੀਤੇ ਜਾ ਰਹੇ ਹਨ, ਸਾਲ 2001 ਵਿਚ ਪਿਛਲੇ ਸਾਲ ਨਾਲੋਂ 3000 ਬੱਚੇ ਘੱਟ ਪੈਦਾ ਹੋਏ, ਇਸ ਲਈ ਸਰਕਾਰ ਦੇਸ਼ ਦੇ ਭਵਿੱਖ ਲਈ ਬਹੁਤ ਚਿੰਤਕ ਹੈ। ਕਿਉਂਕਿ ਜੇ ਦੇਸ਼ ਦੀ ਆਬਾਦੀ ਵਿਚ ਵਾਧਾ ਨਹੀਂ ਹੁੰਦਾ ਜਾਂ ਬਹੁਤ ਹੌਲੀ ਹੁੰਦਾ ਹੈ ਤਾਂ ਪੈਨਸ਼ਨਾਂ ਕੌਣ ਭਰੇਗਾ? ਚਿੰਤਕਾਂ ਨੂੰ ਡਰ ਹੈ ਕਿ ਜੇ ਆਬਾਦੀ ਵਿਚ ਵਾਧਾ ਨਹੀਂ ਹੋਇਆ ਤਾਂ ਸਾਲ 2035 ਵਿਚ ਪੈਨਸ਼ਨਾਂ ਦੇਣੀਆਂ ਅਸੰਭਵ ਹੋ ਜਾਣਗੀਆਂ। ਇਸੇ ਕਰਕੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦਾ ਲਾਲਚ ਦਿੱਤਾ ਜਾ ਰਿਹਾ ਹੈ, ਜਿਵੇਂ ਸਰਕਾਰ ਵਲੋਂ ਬੱਚਿਆਂ ਦੇ ਪਾਲਣ-ਪੋਸ਼ਣ ਲਈ ਮਾਲੀ ਮਦਦ ਦੇਣੀ, ਮਾਂ ਕੋਲੋਂ ਬੱਚੇ ਦੇ ਬਾਪ ਦਾ ਨਾਮ ਨਾ ਪੁੱਛਣਾਂ। ਹੋਰ ਵਿਕਸਿਤ ਦੇਸ਼ ਵਾਂਗ ਇੱਥੇ ਵੀ ਬੱਚਿਆਂ ਨੂੰ ਮਾਰਨਾ-ਕੁੱਟਣਾ ਕਾਨੂੰਨੀ ਜ਼ੁਲਮ ਹੈ। ਸਕੂਲਾਂ ਵਿਚ ਸਮੇਂ ਸਮੇਂ ਤੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਜਾਂਚ ਕੀਤੀ ਜਾਂਦੀ ਹੈ। ਮਾਂ-ਬਾਪ ਨੂੰ ਵੀ ਬੱਚੇ ਦੇ ਪਾਲਣ-ਪੋਸ਼ਣ ਲਈ ਸਰਕਾਰ ਵਲੋਂ ਵੀ ਮਾਲੀ ਮਦਦ ਦੇ ਨਾਲ ਨਾਲ ਸਖ਼ਤ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਰਾਤਾਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਨਾਲ ਲੈ ਕੇ ਘੁੰਮਣਾ ਮਨ੍ਹਾਂ ਹੈ।
ਹੋਰ ਜੋ ਸਭ ਕੁਝ ਬਾਕੀ ਵਿਕਸਿਤ ਦੇਸ਼ਾਂ ਵਿਚ ਹੁੰਦਾ ਹੈ, ਉਹ ਇੱਥੇ ਵੀ ਹੁੰਦਾ ਹੈ। ਇੱਥੇ ਵੀ ਜਵਾਨ ਮੁੰਡੇ-ਕੁੜੀਆਂ ਨੂੰ ਹੱਦੋਂ ਵੱਧ ਆਜ਼ਾਦੀ ਹੈ। ਸੜਕਾਂ ਤੇ ਨੰਗੇਜਵਾਦ ਅਤੇ ਮੁੰਡੇ-ਕੁੜੀਆਂ ਦੀਆਂ ਅਸ਼ਲੀਲ ਹਰਕਤਾਂ ਆਮ ਦੇਖਣ 'ਚ ਆਉਂਦੀਆਂ ਹਨ। ਕੁੜੀਆਂ 22 ਸਾਲਾਂ ਦੀਆਂ ਹੋ ਕੇ ਪਰਿਵਾਰ ਨਾਲੋਂ ਵੱਖ ਹੋ ਕੇ ਰਹਿਣ ਲੱਗ ਪੈਂਦੀਆਂ ਹਨ ਅਤੇ ਮੁੰਡੇ 24 ਸਾਲ ਦੇ। ਵੀਆਨਾ ਵਿਚ 44.5% ਲੋਕ ਇਕੱਲੇ ਰਹਿ ਰਹੇ ਹਨ। ਇੱਥੇ ਵੀ ਬੰਦੇ ਬੰਦਿਆਂ ਨਾਲ ਵਿਆਹ ਕਰਵਾਈ ਜਾ ਰਹੇ ਹਨ ਅਤੇ ਔਰਤਾਂ ਔਰਤਾਂ ਨਾਲ। ਅਣਵਿਆਹੇ ਇਕੱਠਿਆਂ ਰਹਿਣ ਦਾ ਰੁਝਾਨ ਵੱਧ ਰਿਹਾ ਹੈ। ਅਸਟਰੀਆ ਵਿਚ ਸਾਲ 2001 ਪੈਦਾ ਹੋਏ ਹਰ ਤੀਜੇ ਬੱਚੇ ਦੇ ਮਾਂ-ਬਾਪ ਅਣਵਿਆਹੇ ਹਨ।
ਇਸ ਦੇਸ਼ ਦੀ ਜਨ-ਸੰਖਿਆ ਸਾਲ 2001 ਦੇ ਸਰਕਾਰੀ ਅੰਕੜਿਆਂ ਅਨੁਸਾਰ 80,65,465 ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਦੇ ਸਾਰੇ ਹੀ ਰਾਜਾਂ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਇਕੱਲੇ ਵੀਆਨਾ ਸ਼ਹਿਰ ਵਿਚ ਮਰਦਾਂ ਨਾਲੋਂ 86,000 ਜ਼ਿਆਦਾ ਔਰਤਾਂ ਰਹਿ ਰਹੀਆਂ ਹਨ, ਕੁਝ ਲੋਕਾਂ ਲਈ ਸ਼ਾਇਦ ਇਹ ਸਵਰਗ ਦੀ ਕਲਪਨਾ ਹੋਵੇਗੀ। ਮਰਦਾਂ ਅਤੇ ਔਰਤਾਂ ਦਾ ਵੱਡੀ ਗਿਣਤੀ ਵਿਚ ਇਹ ਅੰਤਰ ਸੰਸਾਰ ਯੁੱਧਾਂ ਵਿਚ ਬਹੁਤੇ ਮਰਦਾਂ ਦਾ ਮਾਰੇ ਜਾਣਾ ਅਤੇ ਵਿਕਸਿਤ ਸਮਾਜ ਵਿਚ ਧੀ-ਪੁੱਤਰ ਨੂੰ ਇਕ ਬਰਾਬਰ ਸਮਝਣਾ ਹੈ। ਪਿਛਲੇ ਦਸ ਸਾਲਾਂ ਵਿਚ ਅਸਟਰੀਆ ਦੀ ਆਬਾਦੀ 3.5% ਵਧੀ ਹੈ। ਸਾਰੇ ਅਸਟਰੀਆ ਵਿਚ 9.3% ਲੋਕਾਂ ਕੋਲ ਆਸਟਰੀਅਨ ਨਾਗਰਿਕਤਾ ਨਹੀਂ ਹੈ, ਜੋ ਕਿ ਯੂਰਪੀਅਨ ਯੂਨੀਅਨ ਦੇਸ਼ਾਂ ਨਾਲੋਂ ਸਭ ਤੋਂ ਵੱਧ ਹੈ। ਪ੍ਰਵਾਸੀਆਂ ਵਿਚ ਜ਼ਿਆਦਾ ਯੂਗੋ, ਸਲਾਵੀਅਨ, ਟਰਕੀ ਅਤੇ ਪੋਲੈਂਡੀਅਨ ਹਨ।
ਸਾਲ 1980 ਵਿਚ ਅਖ਼ਬਾਰਾਂ ਵੇਚਣ ਦੇ ਕੰਮ ਲਈ ਵਿਸ਼ੇਸ਼ ਵੀਜ਼ੇ ਖੁੱਲ੍ਹਣ ਕਰਕੇ ਇਕ ਪਾਸੇ ਪੰਜਾਬੀਆਂ ਨੇ ਆਉਣਾ ਸ਼ੁਰੂ ਕੀਤਾ, ਦੂਜੇ ਪਾਸੇ ਅੰਤਰਰਾਸ਼ਟਰੀ ਕੈਥੋਲਿਕ ਧਰਮ ਦੇ ਪ੍ਰਚਾਰਕਾਂ ਰਾਹੀ ਕੇਰਲਾ ਤੋਂ ਈਸਾਈ ਧਰਮ ਦੀ ਨਰਸਾਂ ਨੂੰ ਅਸਟਰੀਆ ਲਿਆਉਣਾ ਸ਼ੁਰੂ ਕੀਤਾ ਗਿਆ। ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਸਟਰੀਆ ਵਿਚ ਪੰਜਾਬ ਤੋਂ ਮਰਦ ਅਤੇ ਕੇਰਲਾ ਤੋਂ ਔਰਤਾਂ ਆ ਰਹੀਆਂ ਸਨ। ਅਸਟਰੀਆ ਵਿਚ ਸਾਲ 2001 ਵਿਚ 5127 ਭਾਰਤੀ ਨਾਗਰਿਕਤਾ ਵਾਲੇ ਦਰਜ ਸਨ। ਪਿਛਲੇ ਸਾਲ 91 ਭਾਰਤੀ ਬੱਚਿਆਂ ਨੇ ਅਸਟਰੀਆ ਵਿਚ ਜਨਮ ਲਿਆ। 678 ਭਾਰਤੀਆਂ ਨੇ ਸਾਲ 2001 ਵਿਚ ਆਸਟਰੀਅਨ ਪਾਸਪੋਰਟ ਲਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਸਟਰੀਆ ਦੇ ਸਾਰੇ ਰਾਜਾਂ ਵਿਚ ਆਪਣੇ ਭਾਰਤੀ ਹਨ, ਪਰ ਵੱਡੀ ਗਿਣਤੀ, ਸਾਲ 2001 ਵਿਚ 3756 ਭਾਰਤੀ ਨਾਗਰਿਕਤਾ ਵਾਲੇ, ਵੀਆਨਾ ਵਿਚ ਹੀ ਹੈ। ਜੇ ਸਾਰੇ ਅਸਟਰੀਆ ਵਿਚ ਸਾਲ 1979 ਤੋਂ ਲੈ ਕੇ ਸਾਲ 2001 ਤੱਕ ਭਾਰਤੀ ਪਾਸਪੋਰਟਾਂ ਨੂੰ ਦੇ ਕੇ ਆਸਟਰੀਅਨ ਪਾਸਪੋਰਟ ਲੈਣ ਵਾਲਿਆਂ ਦੀ ਗਿਣਤੀ ਦਾ ਕੁਲ ਜੋੜ ਲਾਈਏ ਤਾਂ ਇਹ 5670 ਬਣਦੀ ਹੈ। ਜ਼ਿਆਦਾਤਰ ਪੰਜਾਬ ਅਤੇ ਕੇਰਲਾ ਤੋਂ ਭਾਰਤੀ ਅਸਟਰੀਆ ਵਿਚ ਹਨ। ਦੇਖਣ ਵਿਚ ਆਇਆ ਹੈ ਕਿ ਇੱਥੇ ਹੋਰ ਦੇਸ਼ਾਂ ਦੇ ਨਾਗਰਿਕਾਂ ਨਾਲੋਂ ਭਾਰਤੀਆਂ ਨੂੰ ਵੀਜ਼ੇ ਅਤੇ ਆਸਟਰੀਅਨ ਪਾਸਪੋਰਟ ਸੌਖੇ ਅਤੇ ਛੇਤੀ ਮਿਲ ਜਾਂਦੇ ਹਨ। ਸ਼ਾਇਦ ਇਨ੍ਹਾਂ ਨੂੰ ਭਾਰਤੀਆਂ ਦੇ ਮਿਹਨਤੀ, ਅਮਨਪਸੰਦ ਅਤੇ ਖੁਲ੍ਹੇ ਸੁਭਾਅ ਵਾਰੇ ਪਤਾ ਹੈ। ਸਾਲ 2001 ਵਿਚ 429 ਭਾਰਤੀ ਅਸਟਰੀਆ ਛੱਡ ਕੇ ਚਲੇ ਗਏ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 1978 ਵਿਚ ਪਹਿਲੀ ਬਾਰ 8 ਭਾਰਤੀਆਂ ਨੇ ਆਸਟਰੀਅਨ ਸਿਆਸੀ-ਪਨਾਹ ਲਈ ਸੀ, ਪਰ ਸਾਲ 2000 ਵਿਚ ਇਹ ਵਧ ਕੇ 2441 ਹੋ ਗਈ। ਸਾਲ 2001 ਵਿਚ 1804 ਭਾਰਤੀ ਸਿਆਸੀ ਪਨਾਹਗੀਰ ਸਨ। ਸਭ ਤੋਂ ਵੱਧ ਇੱਥੇ ਅਫ਼ਗਾਨਿਸਤਾਨ ਅਤੇ ਇਰਾਨ ਤੋਂ ਲੋਕ ਸਿਆਸੀ ਪਨਾਹ ਲਈ ਆਉਂਦੇ ਹਨ।
ਕਿਉਂਕਿ ਹਰ ਦੇਸ਼ ਦੀ ਰਾਜਧਾਨੀ ਉਸ ਦੇਸ਼ ਦਾ ਕੇਂਦਰੀ ਧੁਰਾ ਹੁੰਦਾ ਹੈ, ਇਸ ਕਰਕੇ 'ਵੀਆਨਾ' ਬਾਰੇ ਵਿਸਥਾਰ ਪੂਰਕ ਦੱਸਦੇ ਹਾਂ। ਵੀਆਨਾ ਵਿਚ ਰੋਜ਼ਗਾਰ ਦੇ ਸਾਧਨ ਜ਼ਿਆਦਾ ਹੋਣ ਕਰਕੇ ਇੱਥੇ ਸੰਸਾਰ ਦੇ ਸਾਰੇ ਦੇਸ਼ਾਂ ਦੇ ਲੋਕ ਰਹਿੰਦੇ ਹਨ। ਸਾਲ 2001 ਵਿਚ ਸਿਰਫ਼ 6.1% ਨਾਗਰਿਕ ਅਸਟਰੀਆ ਵਿਚ ਬੇਰੁਜ਼ਗਾਰ ਸਨ। ਭਾਵੇਂ ਵੀਆਨਾ ਅਸਟਰੀਆ ਦੇ ਬਾਕੀ ਰਾਜਾਂ ਨਾਲੋਂ ਸਭ ਤੋਂ ਛੋਟਾ ਹੈ, ਪਰ ਰਾਜਧਾਨੀ ਹੋਣ ਕਰਕੇ ਇਸ ਦੀ ਆਬਾਦੀ (15,62,482) ਬਾਕੀ ਰਾਜਾਂ ਨਾਲੋਂ ਜ਼ਿਆਦਾ ਹੈ, ਇਸੇ ਕਰਕੇ ਹੀ ਸਾਰੇ ਰਾਜਾਂ ਨਾਲੋਂ ਵੱਧ ਵੀਆਨਾ ਦੇ 17.7% ਲੋਕਾਂ ਕੋਲ ਆਸਟਰੀਅਨ ਨਾਗਰਿਕਤਾ ਨਹੀਂ ਹੈ। ਵੀਆਨਾ ਵਿਚ ਜਗ੍ਹਾ ਥੋੜ੍ਹੀ ਅਤੇ ਆਬਾਦੀ ਜ਼ਿਆਦਾ ਹੋਣ ਕਰਕੇ ਜ਼ਿਆਦਾਤਰ ਲੋਕ ਫਲੈਟਾਂ (ਬਿਲਡਿੰਗਾਂ) ਵਿਚ ਰਹਿੰਦੇ ਹਨ, ਸਿਰਫ਼ 8.1% ਲੋਕ ਆਪਣੇ ਘਰਾਂ (ਹਾਊਸ) ਵਿਚ ਰਹਿੰਦੇ ਹਨ। ਵੀਆਨਾ ਦੇ ਫਲੈਟਾਂ ਦੀ ਕੀਮਤ ਲਗਭਗ ਇੰਗਲੈਂਡ ਦੇ ਘਰਾਂ ਜਿੰਨੀ ਹੈ।
ਅਸਟਰੀਆ ਵਿਚ ਕੰਮ ਕਰਨ ਵਾਲਿਆਂ ਨੂੰ ਸਾਲ ਦੀਆਂ ਚੌਦਾਂ ਤਨਖ਼ਾਹਾਂ ਮਿਲਦੀਆਂ ਹਨ ਅਤੇ ਸਾਲ ਦੀਆਂ 15 ਸਰਕਾਰੀ ਛੁੱਟੀਆਂ ਹੁੰਦੀਆਂ ਹਨ। ਵਧੇਰੇ ਸਰਕਾਰੀ ਛੁੱਟੀਆਂ ਦੀ ਗਿਣਤੀ ਵਿਚ ਵੀ ਅਸਟਰੀਆ ਮੋਹਰੀ ਦੇਸ਼ਾਂ ਵਿਚ ਆਉਂਦਾ ਹੈ। ਇਸ ਤੋਂ ਇਲਾਵਾ ਕਾਮਾ ਤਨਖ਼ਾਹ ਤੇ ਸਾਲ ਵਿਚ ਪੰਜ ਹਫ਼ਤੇ ਦੀਆਂ ਛੁੱਟੀਆਂ ਲੈ ਸਕਦਾ ਹੈ।
ਵੀਆਨਾ ਦੀ ਸਫ਼ਾਈ ਦੀ ਗੱਲ ਕਰੀਏ ਤਾਂ ਇੱਥੇ ਹਰ ਤਰ੍ਹਾਂ ਦੇ ਕੂੜੇ ਲਈ ਵੱਖਰਾ ਕੂੜੇਦਾਨ ਹੈ। ਜ਼ਿਆਦਾਤਰ ਬਹੁ-ਮੰਜ਼ਿਲ ਇਮਾਰਤਾਂ ਵਿਚ ਦੋ ਤਰ੍ਹਾਂ ਦੇ ਕੂੜੇਦਾਨ ਹੁੰਦੇ ਹਨ। ਇਕ ਵਿਚ ਕਾਗ਼ਜ਼ ਅਤੇ ਦੂਸਰੇ ਵਿਚ ਸਭ ਕੁਝ ਸੁੱਟ ਸਕਦੇ ਹੋ। ਬਿਲਡਿੰਗਾਂ ਤੋਂ ਕੁਝ ਦੂਰੀ ਤੇ ਛੇ ਤਰ੍ਹਾਂ ਦੇ ਕੂੜੇਦਾਨ ਰੱਖੇ ਹੁੰਦੇ ਹਨ, ਜਿਨ੍ਹਾਂ ਵਿਚ ਪਲਾਸਟਿਕ, ਫੁੱਲ-ਬੂਟੇ, ਰੰਗੀਨ ਕੱਚ, ਚਿੱਟਾ ਕੱਚ, ਲੋਹਾ ਅਤੇ ਕੱਪੜੇ ਸੁੱਟੇ ਜਾਂਦੇ ਹਨ। ਥੋੜੀ-ਥੋੜੀ ਦੂਰੀ ਤੇ ਨਿਕ-ਸੁਕ ਸੁੱਟਣ ਲਈ ਛੋਟੇ-ਛੋਟੇ ਡੱਬੇ ਲੱਗੇ ਹੋਏ ਹਨ। ਵੀਆਨਾ ਦੇ ਸਾਫ਼-ਸੁਥਰੇ ਵਾਤਾਵਰਣ ਨੂੰ ਬਰਕਰਾਰ ਰੱਖਦੇ ਹੋਏ ਪਿੱਛੇ ਜਿਹੇ ਸ਼ਹਿਰ ਵਲੋਂ ਹੋਰ ਸ਼ੁੱਧ ਹਵਾ ਲਈ ਇਕ ਬਹੁਤ ਵਧੀਆ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ 1500 ਸਾਈਕਲ ਵੀਆਨਾ ਵਿਚ ਵੱਖ-ਵੱਖ ਜਗ੍ਹਾ ਤੇ ਰੱਖੇ ਗਏ, ਜੋ ਕਿ ਹਰ ਇਕ ਨਾਗਰਿਕ ਦੋ ਯੂਰੋ ਸਾਈਕਲ ਦੇ ਜਿੰਦਰੇ ਵਿਚ ਪਾ ਕੇ ਕਿਰਾਏ ਤੇ ਲੈ ਸਕਦਾ ਹੈ।
ਇਕ ਯੂਰਪ ਯੂਨੀਅਨ ਦੇ ਟੈਸਟ ਨਤੀਜੇ ਅਨੁਸਾਰ ਵੀਆਨਾ ਵਿਚ ਖਾਣ-ਪੀਣ ਦੀਆਂ ਚੀਜ਼ਾਂ ਪੈਰਿਸ ਅਤੇ ਲੰਡਨ ਨਾਲੋਂ ਸਸਤੀਆਂ ਹਨ। ਵੀਆਨਾ ਵਿਚ ਕੋਈ ਵੀ ਅਜਿਹੀ ਜਗ੍ਹਾ ਨਹੀਂ ਜਿੱਥੇ ਪ੍ਰਵਾਸੀ ਨੂੰ ਜਾਣ ਦੀ ਇਜਾਜ਼ਤ ਨਾ ਹੋਵੇ। ਹੋਰ, ਸਾਲ 2001 ਵਿਚ ਜੁਰਮ ਦੀਆਂ ਵਾਰਦਾਤਾਂ 7.7% ਅਤੇ ਸੜਕ ਦੁਰਘਟਨਾਵਾਂ 36% ਘਟੀਆਂ ਹਨ।
ਵੀਆਨਾ ਦੁਨੀਆ ਦੇ 215 ਵੱਡੇ ਸ਼ਹਿਰਾਂ ਵਿਚੋਂ ਦੂਜੇ ਨੰਬਰ ਤੇ ਆਉਂਦਾ ਹੈ, ਜਿੱਥੇ ਸਮਾਜਿਕ ਬਣਤਰ ਬਹੁਤ ਵਧੀਆ ਹੈ। ਇੱਥੇ ਰਾਜਨੀਤਿਕ, ਸਮਾਜਿਕ, ਸਰੀਰਕ, ਮਨੋਰੰਜਨ, ਵਿਦਿਆ, ਖ਼ਰੀਦਾਰੀ ਅਤੇ ਰਹਿਣ ਦੀਆਂ ਸਹੂਲਤਾਂ ਬਹੁਤ ਵਧੀਆ ਹਨ। ਵੀਆਨਾ ਵਾਸੀਆਂ ਲਈ ਇਸ ਤੋਂ ਵੱਡੀ ਖ਼ੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਹੈ।
ਹਿੰਦੀ ਫ਼ਿਲਮਾਂ 'ਅਲਬੇਲਾ' ਅਤੇ 'ਕੁਛ ਖੱਠੀ, ਕੁਛ ਮਿਠੀ' ਦੇ ਮੁੱਖ ਗਾਣੇ ਵਿਚ ਤੁਸੀਂ ਵੀਆਨਾ ਦੇ ਕੁਝ ਮਨ-ਭਾਉਂਦੇ ਨਜ਼ਾਰੇ ਦੇਖ ਸਕਦੇ ਹੋ।
ਵੀਆਨਾ ਵਿਚ ਆਵਾਜਾਈ ਦੇ ਸਾਧਨਾਂ ਦੀਆਂ ਜਿੰਨੀ ਸਿਫ਼ਤ ਕਰੀਏ ਉੱਨੀ ਥੋੜ੍ਹੀ ਹੈ, ਆਮ ਤੌਰ ਤੇ ਇੱਥੇ ਕਾਰ ਖਰੀਦਣ ਦੀ ਲੋੜ ਹੀ ਨਹੀਂ। ਇੱਥੇ 24 ਘੰਟੇ ਜਨਤਕ ਗੱਡੀਆਂ ਦੀ ਸਹੂਲਤ ਹੈ। ਵੀਆਨਾ ਦੀ 34% ਜਨਤਾ ਜਨਤਕ ਗੱਡੀਆਂ ਰਾਹੀ ਕੰਮਾਂ ਤੇ ਪਹੁੰਚਦੀ ਹੈ। ਸਰਵੇਖਣ ਦੱਸਦੇ ਹਨ ਕਿ ਯੂਰਪ ਦੇ ਹੋਰ ਵੱਡੇ ਸ਼ਹਿਰਾਂ ਦੀ ਜਨਤਾ ਸਿਰਫ਼ 24-25% ਜਨਤਕ ਗੱਡੀਆਂ ਰਾਹੀਂ ਸਫ਼ਰ ਕਰਦੀ ਹੈ।
ਜੇ ਤੁਸੀਂ ਵੀਆਨਾ ਵਿਚ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾਂ ਹੋਵੇ ਤਾਂ ਤੁਸੀਂ ਨੋਟ ਕਰੋਗੇ ਕਿ ਉੱਥੇ ਪਹੁੰਚਣ ਲਈ ਤੁਹਾਨੂੰ ਕੋਈ ਨਾ ਕੋਈ ਜਨਤਕ ਗੱਡੀ ਜ਼ਰੂਰ ਮਿਲੇਗੀ। ਇਹ ਵੀ ਨਹੀਂ ਕਿ ਸਿਰਫ਼ ਇਕੋ-ਇੱਕ ਬਸ ਜਾਂ ਗੱਡੀ ਉਸ ਜਗ੍ਹਾ ਤੇ ਜਾਂਦੀ ਹੋਵੇਗੀ, ਕਈ ਵਾਰੀ ਤਾਂ ਦੋ-ਦੋ ਤਿੰਨ-ਤਿੰਨ ਸਹੂਲਤਾਂ ਵੀ ਮਿਲਦੀਆਂ ਹਨ, ਫਿਰ ਸਮੇਂ ਨੂੰ ਮੁੱਖ ਰੱਖ ਕੇ ਫੈਸਲਾ ਕਰਨਾ ਪੈਂਦਾ ਹੈ। ਇਕੋ ਸਫ਼ਰ-ਪਾਸ ਨਾਲ ਤੁਸੀਂ ਸਾਰੇ ਵੀਆਨਾ ਵਿਚ ਕਿਸੇ ਵੀ ਜਨਤਕ ਬਸ, ਭੂਮੀਗਤ, ਜ਼ਮੀਨਦੋਜ਼ ਜਾਂ ਰੇਲ ਗੱਡੀ ਵਿਚ ਸਫ਼ਰ ਕਰ ਸਕਦੇ ਹੋ। ਸਾਰੇ ਵੀਆਨਾ ਵਿਚ ਚਲਣ ਵਾਲੀਆਂ ਜਨਤਕ ਬੱਸਾਂ, ਜ਼ਮੀਨਦੋਜ਼ ਅਤੇ ਭੂਮੀਗਤ ਗੱਡੀਆਂ ਦੀ ਗਿਣਤੀ 126 ਹੈ। ਹਰ ਅੱਡੇ ਤੇ ਨਾਮ, ਸਮਾਂ, ਅੱਡੇ ਦਾ ਆਲੇ-ਦੁਆਲੇ ਦਾ ਨਕਸ਼ਾਂ ਅਤੇ ਸਾਰੀ ਬੱਸ ਜਾਂ ਗੱਡੀ ਦੀ ਲਾਈਨ ਤੋਂ ਹੋਰ ਮਿਲਣ ਵਾਲੀਆਂ ਬੱਸਾਂ-ਗੱਡੀਆਂ ਦੇ ਨੰਬਰ ਲਿਖੇ ਹੁੰਦੇ ਹਨ। ਇਸੇ ਤਰ੍ਹਾਂ ਹੀ ਬੱਸਾਂ ਅਤੇ ਗੱਡੀਆਂ ਦੇ ਅੰਦਰ ਵੀ ਹਰ ਅੱਡੇ ਦਾ ਨਾਮ ਅਤੇ ਉਥੋਂ ਹੋਰ ਮਿਲਣ ਵਾਲੀਆ ਬੱਸਾਂ-ਗੱਡੀਆਂ ਦੇ ਨੰਬਰ ਟੇਪ-ਮਸ਼ੀਨ ਨਾਲ ਲਿਖੇ ਅਤੇ ਬੋਲੇ ਜਾਂਦੇ ਹਨ। ਜੇਕਰ ਕਿਸੇ ਕਾਰਣ ਟੇਪ-ਮਸ਼ੀਨ ਖ਼ਰਾਬ ਹੋਵੇ ਤਾਂ ਚਾਲਕ ਨੂੰ ਹਰ ਅੱਡੇ ਦਾ ਨਾਮ ਖ਼ੁਦ ਮਾਇਕ ਵਿਚ ਬੋਲਣ ਦੇ ਆਦੇਸ਼ ਹਨ। ਇੱਥੇ ਜ਼ਿਆਦਾਤਰ ਬੱਸਾਂ-ਗੱਡੀਆਂ ਦੀ 5 ਤੋਂ 10 ਮਿੰਟ ਦੀ ਸਹੂਲਤ ਹੈ। ਬੱਸਾਂ-ਗੱਡੀਆਂ ਅੰਦਰ ਲੋੜਵੰਦਾਂ ਲਈ ਵਿਸ਼ੇਸ਼ ਜਗ੍ਹਾ ਅਤੇ ਸੀਟਾਂ ਰਾਖਵੀਂਆਂ ਹਨ, ਜਿਵੇਂ ਬਜ਼ੁਰਗਾਂ ਲਈ, ਅੰਨ੍ਹਿਆਂ ਲਈ, ਗਰਭਵਤੀ ਔਰਤਾਂ ਲਈ ਅਤੇ ਨਿਆਣਾ-ਰੇੜ੍ਹੀ ਲਈ। ਯਾਤਰੀ ਸਫ਼ਰ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ, ਇਸ ਕਰਕੇ ਬੱਸਾਂ-ਗੱਡੀਆਂ ਵਿਚ ਵਿਸ਼ੇਸ਼ ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲੇ ਪੜ੍ਹਨ ਲਈ ਮੁਫ਼ਤ ਮਿਲਦੇ ਹਨ।
ਵੀਆਨਾ ਵਿਚ ਆਵਾਜਾਈ ਦੇ ਸਾਧਨਾਂ ਦੀ ਇਕ ਬਹੁਤ ਵੱਡੀ ਖੂਬੀ ਇਹ ਹੈ ਕਿ ਇੱਥੇ ਕੰਟਰੋਲ ਨਾਲੋਂ ਵਿਸ਼ਵਾਸ ਨੂੰ ਪਹਿਲ ਹੈ, ਭਾਵ ਯਾਤਰੀ ਬੱਸਾਂ-ਗੱਡੀਆਂ ਦੇ ਚਾਲਕਾਂ ਨੂੰ ਬਗੈਰ ਟਿਕਟ ਜਾਂ ਪਾਸ ਦਿਖਾਏ ਕਿਸੇ ਵੀ ਦਰਵਾਜ਼ੇ ਰਾਹੀ ਚੜ੍ਹ ਅਤੇ ਉਤਰ ਸਕਦੇ ਹਨ। ਸਿਰਫ਼ ਟਿਕਟ-ਚੈੱਕਰ ਹੀ ਟਿਕਟ ਚੈੱਕ ਕਰਦਾ ਹੈ। ਜਦੋਂ ਟਿਕਟ-ਚੈੱਕਰ ਟਿਕਟ ਚੈੱਕ ਕਰਕੇ ਹਰ ਇਕ ਯਾਤਰੀ ਨੂੰ 'ਦਾਂਕੇ' (ਸ਼ੁਕਰੀਆ) ਕਹਿੰਦਾ ਹੈ ਤਾਂ ਇਹ ਦੇਖ ਕੇ ਦਿਲ 'ਵਾਹ ਵਾਹ' ਕਰ ਉੱਠਦਾ ਹੈ। ਮੇਰੇ ਆਪਣੇ ਨਿਜੀ ਤਜਰਬੇ ਅਨੁਸਾਰ ਟਿਕਟ-ਨਿਰੀਖਕ ਕਦੇ ਕਦੇ ਤਾਂ ਦਿਨ ਵਿਚ ਇਕ ਜਾਂ ਦੋ ਵਾਰੀ ਮਿਲ ਜਾਂਦੇ ਹਨ ਅਤੇ ਕਦੇ ਸਾਲ ਭਰ ਨਹੀਂ ਮਿਲਦੇ। ਸਰਵੇਖਣਾਂ ਮੁਤਾਬਿਕ ਵੀਆਨਾ ਵਿਚ ਰੋਜ਼ਾਨਾ ਤਕਰੀਬਨ 300 ਯਾਤਰੀ ਬਗੈਰ ਟਿਕਟ ਦੇ ਸਫ਼ਰ ਕਰਦੇ ਫੜੇ ਜਾਂਦੇ ਹਨ। ਫੜੇ ਜਾਣ ਤੇ ਯਾਤਰੀ ਨੂੰ ਮਹੀਨਾ-ਪਾਸ ਦੀ ਕੀਮਤ ਅਤੇ ਇਕ ਟਿਕਟ ਦੀ ਕੀਮਤ ਜਿੰਨਾ ਜੁਰਮਾਨਾ ਭਰਨਾ ਪੈਂਦਾ ਹੈ। ਦੇਖਣ ਵਿਚ ਆਇਆ ਹੈ ਕਿ ਜਦੋਂ ਕੋਈ ਯਾਤਰੀ ਬਗੈਰ ਟਿਕਟ ਦੇ ਸਫ਼ਰ ਕਰਦਾ ਫੜਿਆ ਜਾਂਦਾ ਹੈ ਤਾਂ ਦੋਹਾਂ ਪਾਸੋਂ ਬੜੇ ਹੀ ਸ਼ਾਂਤੀ ਨਾਲ ਸਾਰੀ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਸਾਰਾ ਕੰਮ-ਕਾਜ ਕੰਪਿਊਟਰ ਰਾਹੀਂ ਹੋਣ ਕਰਕੇ ਯਾਤਰੀ ਦੇ ਸ਼ਨਾਖ਼ਤੀ ਕਾਰਡ ਤੋਂ ਨਾਮ-ਪਤਾ ਲਿਖ ਲਿਆ ਜਾਂਦਾ ਹੈ (ਜੇ ਯਾਤਰੀ ਕੋਲ ਨਕਦ ਪੈਸੇ ਨਹੀਂ ਹਨ) ਅਤੇ ਛੱਡ ਦਿੱਤਾ ਜਾਂਦਾ ਹੈ।
ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਬਾਹਰਲੇ ਮੁਲਕਾਂ ਵਾਰੇ ਆਪਣੇ ਮਨ ਵਿਚ ਸਵਰਗਾਂ ਦੇ ਭਰਮ ਪਾਲੀ ਬੈਠੇ ਹਨ, ਭਾਵ ਉਹ ਸਮਝਦੇ ਹਨ ਕਿ ਇਕ ਵਾਰੀ ਬਾਹਰ ਪਹੁੰਚ ਗਏ, ਫਿਰ ਤਾਂ ਨੋਟਾਂ ਦੇ ਮੀਂਹ ਪੈਣੇ ਸ਼ੁਰੂ ਹੋ ਜਾਣਗੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੰਮ ਤਾਂ ਇੱਥੇ ਆ ਕੇ ਵੀ ਕਰਨੇ ਪੈਂਦੇ ਹਨ। ਸਗੋਂ ਇੱਥੋਂ ਦੇ ਕੰਮ ਜ਼ਿਆਦਾ ਔਖੇ ਹਨ। ਇਸ ਕਰਕੇ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਗ਼ੈਰ-ਕਾਨੂੰਨੀ ਤਰੀਕੇ ਨਾਲ ਅਸਟਰੀਆ ਪਹੁੰਚਦੇ ਹਨ ਅਤੇ ਇੱਥੇ ਆ ਕੇ ਸਿਆਸੀ ਪਨਾਹ ਲੈਂਦੇ ਹਨ, ਉਨ੍ਹਾਂ ਦੇ ਕੰਮ-ਕਾਰਾਂ ਵਾਰੇ ਵਿਸਥਾਰ ਪੂਰਵਕ ਦੱਸਦੇ ਹਾਂ।
ਜ਼ਿਆਦਾਤਰ ਸਿਆਸੀ ਪਨਾਹਗੀਰ ਘਰਾਂ ਵਿਚ ਪੇਪਰ ਪਾਉਣ ਦਾ ਕੰਮ ਕਰਦੇ ਹਨ। ਇਹ ਚਾਰ ਤਰ੍ਹਾਂ ਦੇ ਕੰਮ ਹਨ। ਰਾਤਾਂ ਨੂੰ ਅਖ਼ਬਾਰਾਂ ਪਾਉਣੀਆਂ (ਗਬੀਤ), ਇਕ ਜਗ੍ਹਾ ਖੜ੍ਹ ਕੇ ਅਖ਼ਬਾਰਾਂ ਵੇਚਣੀਆਂ (ਪਲੇਸ), ਦਿਨ ਨੂੰ ਮਸ਼ਹੂਰੀ ਪਰਚੇ ਪਾਉਣੇ (ਫੈਬਰਾ) ਅਤੇ ਹਫ਼ਤਾ-ਅੰਤ ਤੇ ਸੜਕਾਂ ਦੇ ਖੰਭਿਆਂ ਨਾਲ ਅਖ਼ਬਾਰਾਂ ਟੰਗਣੀਆਂ (ਕਾਸੇ)। ਇਨ੍ਹਾਂ ਕੰਮਾਂ ਨੂੰ ਕਰਨ ਲਈ ਤਾਕਤਵਰ ਲੱਤਾਂ ਦੀ ਜ਼ਰੂਰਤ ਪੈਂਦੀ ਹੈ। ਪਹਿਲਾਂ-ਪਹਿਲ ਤਾਂ ਪੇਪਰ ਪਾਉਣ ਦੇ ਕੰਮ ਸੋਖੇ ਮਿਲ ਜਾਂਦੇ ਸਨ, ਪਰ ਹੁਣ ਸਿਆਸੀ ਪਨਾਹਗੀਰਾਂ ਦੀ ਗਿਣਤੀ ਵੱਧ ਜਾਣ ਕਰਕੇ ਕੰਮ ਮਿਲਣ ਤੱਕ ਕਈ ਵਾਰੀ ਛੇ-ਛੇ ਮਹੀਨੇ ਲਗ ਜਾਂਦੇ ਹਨ।
ਗਬੀਤ ਲਈ ਸਭ ਤੋਂ ਪਹਿਲਾ ਅੱਧੀ ਰਾਤ ਨੂੰ ਉੱਠ ਕੇ ਸਵੇਰ ਨੂੰ ਵਿਕਣ ਵਾਲੀ ਅਖ਼ਬਾਰ ਲਈ ਨਿਸ਼ਚਿਤ ਜਗ੍ਹਾ ਤੇ ਪਹੁੰਚਣਾ ਹੁੰਦਾ ਹੈ। ਅਖ਼ਬਾਰਾਂ ਦੇ ਬੰਡਲਾਂ ਨੂੰ ਸਾਈਕਲਾਂ ਤੇ ਢੋਹ ਕੇ ਨਾਲ ਦਿੱਤੀ ਹੋਈ ਸੂਚੀ ਮੁਤਾਬਿਕ ਸਵੇਰ ਦੇ ਛੇ ਵਜੇ ਤੱਕ ਫਲੈਟਾਂ ਅਤੇ ਘਰਾਂ ਵਿਚ ਪਾਉਣਾ ਹੁੰਦਾ ਹੈ। ਸੂਚੀ ਇੰਨੀ ਲੰਬੀ ਹੁੰਦੀ ਹੈ ਕਿ ਆਖ਼ਰੀ ਅਖ਼ਬਾਰ ਪਾਉਣ ਤੱਕ ਤਿੰਨ-ਚਾਰ ਘੰਟੇ ਲਗ ਜਾਂਦੇ ਹਨ। ਉਪਰੋਕਤ ਦੱਸੇ ਅਨੁਸਾਰ ਵੀਆਨਾ ਵਿਚ ਜ਼ਿਆਦਾਤਰ ਲੋਕ ਫਲੈਟਾਂ ਵਿਚ ਰਹਿੰਦੇ ਹਨ। ਸੋ, ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਇਕ ਅਖ਼ਬਾਰ ਪਾਉਣ ਲਈ ਸੱਤਵੀਂ-ਅੱਠਵੀਂ ਮੰਜ਼ਿਲ ਤੇ ਚੜ੍ਹਨਾ ਉੱਤਰਨਾ ਪੈਂਦਾ ਹੈ। ਇੱਥੇ ਇਹ ਗੱਲ ਲਿਖਣੀ ਬਣਦੀ ਹੈ ਕਿ ਵੀਆਨਾ ਸ਼ਹਿਰ ਰਾਤ ਨੂੰ ਵੀ ਉੱਨਾ ਸੁਰੱਖਿਅਤ ਹੈ ਜਿੰਨਾ ਦਿਨ ਨੂੰ, ਇਸੇ ਕਰਕੇ ਹੁਣ ਤੱਕ ਕਦੇ ਵੀ ਸੁਣਨ 'ਚ ਨਹੀਂ ਆਇਆ ਕਿ ਰਾਤਾਂ ਨੂੰ ਕੰਮ ਕਰਨ ਵਾਲਿਆਂ ਨੂੰ ਨਸਲਵਾਦ, ਕੁੱਟ-ਮਾਰ ਜਾਂ ਕਿਸੇ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਕੰਮ ਦਾ ਵੱਡਾ ਹਿੱਸਾ ਲੱਦੇ ਹੋਏ ਸਾਈਕਲ ਨੂੰ ਚਲਾਉਣਾ ਅਤੇ ਬਹੁਮੰਜ਼ਿਲੀ-ਇਮਾਰਤਾਂ ਦੀਆਂ ਪੌੜੀਆਂ ਚੜ੍ਹਨੀਆਂ-ਉੱਤਰਨੀਆਂ ਹੈ। ਇਹ ਕੰਮ ਸੱਤੇ ਦਿਨ ਕਰਨਾ ਪੈਂਦਾ ਹੈ।
ਵੈਸੇ ਤਾਂ ਇੱਥੇ ਵੀ ਅਖ਼ਬਾਰਾਂ ਦੁਕਾਨਾਂ ਤੋਂ ਮਿਲ ਜਾਂਦੀਆਂ ਹਨ, ਪਰ ਚੌਕਾਂ ਅਤੇ ਜਨਤਕ ਗੱਡੀਆਂ ਦੇ ਅੱਡਿਆਂ ਤੇ ਖੜ੍ਹ ਕੇ ਵੀ ਸਵੇਰ-ਸ਼ਾਮ ਨੂੰ ਅਖ਼ਬਾਰਾਂ ਵੇਚੀਆਂ ਜਾਂਦੀਆਂ ਹਨ। ਇਸ ਕੰਮ ਨੂੰ ਪਲੇਸ ਆਖਦੇ ਹਨ। ਸਵੇਰ ਦੀ ਪਲੇਸ ਲਈ ਅੰਮ੍ਰਿਤ ਵੇਲੇ ਉੱਠ ਕੇ ਨਿਸ਼ਚਿਤ ਜਗ੍ਹਾ ਤੋਂ ਅਖ਼ਬਾਰਾਂ ਦੇ ਬੰਡਲ ਲੈਣੇ ਹੁੰਦੇ ਹਨ ਅਤੇ ਅਖ਼ਬਾਰ ਵੇਚਣ ਵਾਲੀ ਜਗ੍ਹਾ ਤੇ ਪਹੁੰਚ ਕੇ ਅਖ਼ਬਾਰ ਕੰਪਨੀ ਵਲੋਂ ਦਿੱਤੀ ਵਰਦੀ ਪਾ ਕੇ ਖੜ੍ਹਨਾ ਹੁੰਦਾ ਹੈ। ਫੇਰ ਸਵੇਰ ਦੇ ਪੰਜ-ਛੇ ਵਜੇ ਤੋਂ ਲੈ ਕੇ ਨੌਂ-ਦਸ ਵਜੇ ਤੱਕ ਹਰ ਆਉਂਦੇ-ਜਾਂਦੇ ਨੂੰ ਅਖ਼ਬਾਰ ਦੇ ਨਾਮ ਰਾਹੀ ਹੋਕਾ ਦੇ ਕੇ ਅਖ਼ਬਾਰਾਂ ਵੇਚੀਆਂ ਜਾਂਦੀਆਂ ਹੈ। ਇਸੇ ਤਰ੍ਹਾਂ ਸ਼ਾਮ ਨੂੰ ਪੰਜ-ਛੇ ਵਜੇ ਤੋਂ ਲੈ ਕੇ ਰਾਤ ਦੇ ਨੌਂ-ਦਸ ਵਜੇ ਤੱਕ ਅਖ਼ਬਾਰਾਂ ਵੇਚੀਆਂ ਜਾਂਦੀਆਂ ਹੈ। ਜਨਤਕ ਗੱਡੀਆਂ ਦੇ ਅੱਡਿਆਂ ਨਾਲੋਂ ਚੌਕਾਂ ਜਾਂ ਟਰੈਫ਼ਿਕ ਇਸ਼ਾਰਿਆਂ ਤੇ ਖੜ੍ਹ ਕੇ ਅਖ਼ਬਾਰਾਂ ਵੇਚਣੀਆਂ ਜ਼ਿਆਦਾ ਔਖੀਆਂ ਹਨ, ਕਿਉਂਕਿ ਲਾਲ ਬੱਤੀ ਹੋਣ ਤੋਂ ਬਾਅਦ ਖੜ੍ਹੀਆਂ ਕਾਰਾਂ ਵਿਚ ਘੁੰਮ-ਫਿਰ ਕੇ ਹੋਕੇ ਰਾਹੀ ਅਖ਼ਬਾਰਾਂ ਵੇਚਣੀਆਂ ਅਤੇ ਹਰੀ ਬੱਤੀ ਹੋਣ ਤੇ ਫੁਰਤੀ ਨਾਲ ਮੁੜ ਆਪਣੀ ਜਗ੍ਹਾ ਤੇ ਆਉਣਾ ਪੈਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੇ ਆਮ ਬੰਦਾ ਨੂੰ ਕਿਸੇ ਇਸ਼ਾਰੇ ਤੇ ਦੋ-ਤਿੰਨ ਘੰਟੇ ਖੜ੍ਹਨਾ ਪੈ ਜਾਵੇ ਤਾਂ ਗੱਡੀਆਂ-ਕਾਰਾਂ ਦੇ ਸ਼ੋਰ ਕਰਕੇ ਯਕੀਨਨ ਉਸਦੇ ਕੰਨ ਵੱਜਣ ਲੱਗ ਪੈਣਗੇ।
ਸਾਰੇ ਵੀਆਨਾ ਵਿਚ ਜ਼ਿਆਦਾਤਰ ਵਿਦੇਸ਼ੀ ਕੰਪਨੀਆਂ ਅਤੇ ਆਸਟਰੀਅਨ ਕੰਪਨੀਆਂ ਦੇ ਆਮ ਜਨ-ਜੀਵਨ ਵਿਚ ਵਰਤੋਂ ਆਉਣ ਵਾਲੇ ਸਾਮਾਨ ਦੇ ਵੱਡੇ ਵੱਡੇ ਸਟੋਰ ਹਨ। ਛੋਟੀਆਂ-ਮੋਟੀਆਂ ਦੁਕਾਨਾਂ ਬਹੁਤ ਘੱਟ ਹਨ। ਇਸ ਕਰਕੇ ਜਦੋਂ ਕੋਈ ਕੰਪਨੀ ਕੁਝ ਚੀਜ਼ਾਂ ਸਸਤੀਆਂ ਲਾਉਂਦੀ ਹੈ ਤਾਂ ਉਹ ਸਸਤੀਆਂ ਚੀਜ਼ਾਂ ਦੇ ਇਕੋ ਵਾਰੀ ਮਸ਼ਹੂਰੀ ਪਰਚੇ ਛਪਵਾ ਕੇ ਸਾਰੇ ਵੀਆਨਾ ਵਿਚ ਵੰਡਦੀ ਹੈ। ਇਸ ਕੰਮ ਨੂੰ ਫੈਬਰਾ ਕਹਿੰਦੇ ਹਨ। ਫੈਬਰਾ ਕਰਨ ਲਈ ਵੀ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਅਤੇ ਨਿਸ਼ਚਿਤ ਜਗ੍ਹਾ ਤੇ ਪਹੁੰਚ ਕੇ ਕਾਮਿਆਂ ਦੀ ਕਤਾਰ ਵਿਚ ਲੱਗਣਾ ਪੈਂਦਾ ਹੈ। ਜੇ ਕੰਮ ਜ਼ਿਆਦਾ ਹੋਵੇ ਤਾਂ ਸਾਰੇ ਕਾਮਿਆਂ ਨੂੰ ਦਿਹਾੜੀ ਦਾ ਕੰਮ ਮਿਲਦਾ ਹੈ, ਨਹੀਂ ਤਾਂ ਪੁਰਾਣੇ ਕਾਮਿਆਂ ਦੀ ਪਹਿਲ ਹੁੰਦੀ ਹੈ ਅਤੇ ਬਾਕੀਆਂ ਨੂੰ ਲਟਕੇ ਮੂੰਹਾਂ ਨਾਲ ਵਾਪਸ ਘਰ ਜਾਣਾ ਪੈਂਦਾ ਹੈ। ਇਕ ਰੇੜ੍ਹੀ ਤੇ ਮਸ਼ਹੂਰੀ-ਪਰਚੇ ਲੱਦ ਕੇ ਨਾਲ ਦਿੱਤੀ ਹੋਈ ਸੂਚੀ ਅਨੁਸਾਰ ਛੇ-ਸੱਤ ਬਿਲਡਿੰਗਾਂ ਦੇ ਫਲੈਟਾਂ ਦੇ ਦਰਵਾਜ਼ਿਆਂ ਨਾਲ ਪਰਚੇ ਟੰਗਣੇ ਹੁੰਦੇ ਹਨ। ਵੀਆਨਾ ਵਿਚ ਜ਼ਿਆਦਾਤਰ ਬਿਲਡਿੰਗਾਂ ਪੰਜ ਤੋਂ ਅੱਠ ਮੰਜ਼ਲਾਂ ਹਨ। ਕੰਮ ਖ਼ਤਮ ਕਰਨ ਲਈ ਛੇ-ਸੱਤ ਘੰਟੇ ਲੱਗ ਜਾਂਦੇ ਹਨ। ਇਨ੍ਹਾਂ ਛੇ-ਸੱਤ ਘੰਟਿਆਂ ਵਿਚ ਦੋਵੇਂ ਬਾਂਹਾਂ ਤੇ ਪਰਚੇ ਰੱਖ ਕੇ ਅਤੇ ਗਲੇ ਵਿਚ ਪਲਾਸਟਿਕ ਲਿਫਾਫੇ ਪਾ ਕੇ ਦੌੜ-ਦੌੜ ਕੇ ਪੌੜੀਆਂ ਚੜ੍ਹਨੀਆਂ-ਉੱਤਰਨੀਆਂ ਪੈਂਦੀਆਂ ਹਨ। ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਲਗਾਤਾਰ ਛੇ-ਸੱਤ ਘੰਟੇ ਪੌੜੀਆਂ ਚੜ੍ਹ-ਉਤਰ ਕੇ ਲੱਤਾਂ ਦਾ ਕੀ ਹਾਲ ਹੁੰਦਾ ਹੋਵੇਗਾ?
ਹਫ਼ਤੇ ਦੇ ਅੰਤ ਵਿਚ ਅਖ਼ਬਾਰਾਂ ਸੜਕਾਂ ਦੇ ਖੰਭਿਆਂ ਨਾਲ ਲਾਈਆਂ ਕੁੰਡੀਆਂ ਤੇ ਅਖ਼ਬਾਰਾਂ ਵੱਡੇ-ਵੱਡੇ ਪਲਾਸਟਿਕ ਲਿਫਾਫੇ ਵਿਚ ਪਾ ਕੇ, ਉੱਤੇ ਨਕਦੀ ਡੱਬਾ ਲਾ ਕੇ, ਟੰਗ ਕੇ ਵੇਚੀਆਂ ਜਾਂਦੀਆਂ ਹੈ। ਇੱਥੇ ਫਿਰ ਦੁਹਰਾਉਣਾ ਪਵੇਗਾ ਕਿ ਅਸਟਰੀਆ ਵਿਚ ਵਿਸ਼ਵਾਸ ਨੂੰ ਪਹਿਲ ਦਿੱਤੀ ਜਾਂਦੀ ਹੈ, ਕਿਉਂਕਿ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਪੈਸੇ ਪਾਓਗੇ ਤਦ ਹੀ ਤੁਸੀਂ ਅਖ਼ਬਾਰ ਬਾਹਰ ਕੱਢ ਸਕਦੇ ਹੋ। ਨਹੀਂ। ਅਖ਼ਬਾਰ ਵਾਲੇ ਲਿਫਾਫੇ ਤੇ ਮੀਂਹ-ਬਰਫ਼ ਤੋਂ ਬਚਾਅ ਲਈ ਮਾਮੂਲੀ ਜਿਹਾ ਪਲਾਸਟਿਕ ਦਾ ਢੱਕਣ ਹੁੰਦਾ ਹੈ। ਇਹ ਇੱਥੋਂ ਦੇ ਲੋਕਾਂ ਦੀ ਇਮਾਨਦਾਰੀ ਅਤੇ ਉੱਚੀ ਸੋਚ ਹੀ ਹੈ ਕਿ ਉਹ ਪੈਸੇ ਪਾ ਕੇ ਹੀ ਅਖ਼ਬਾਰ ਕੱਢਦੇ ਹਨ। ਜੇ ਬਿਨਾਂ ਪੈਸੇ ਪਾਏ ਹੀ ਲੋਕੀਂ ਅਖ਼ਬਾਰ ਕੱਢਦੇ ਹੁੰਦੇ ਤਾਂ ਹਫ਼ਤਾ-ਅੰਤ ਤੇ ਅਖ਼ਬਾਰਾਂ ਟੰਗ ਕੇ ਵੇਚਣ ਦਾ ਇਹ ਤਰੀਕਾ ਕਦੋਂ ਦਾ ਫੇਲ੍ਹ ਹੋ ਚੁੱਕਾ ਹੁੰਦਾ।
ਜਿਸ ਢੰਗ ਨਾਲ ਇਹ ਅਖ਼ਬਾਰਾਂ ਟੰਗੀਆਂ ਜਾਂਦੀਆਂ ਹਨ, ਉਹ ਢੰਗ ਖ਼ਤਰਨਾਕ ਅਤੇ ਸਿਹਤ ਲਈ ਨੁਕਸਾਨਦੇਹ ਹੈ। ਅਖ਼ਬਾਰਾਂ ਟੰਗਣ ਵਾਲਾ ਪਹਿਲਾਂ ਵੱਡੀ ਵੈਨ ਵਿਚ ਹੀ ਅਖ਼ਬਾਰਾਂ ਵਾਲਾ ਲਿਫਾਫਾ ਤਿਆਰ ਕਰਦਾ ਹੈ ਜਿਵੇਂ ਗਿਣ ਕੇ ਅਖ਼ਬਾਰਾਂ ਪਾਉਣੀਆਂ, ਨਕਦੀ ਡੱਬਾ ਲਾਉਣਾ। ਸਾਰੇ ਰਾਹ ਵਿਚ ਗੱਡੀ ਦਾ ਇਕ ਵੱਡਾ ਦਰਵਾਜ਼ਾ ਖੁੱਲ੍ਹਾ ਰੱਖਿਆ ਜਾਂਦਾ ਹੈ ਅਤੇ ਉਸ ਖੁਲ੍ਹੇ ਦਰਵਾਜ਼ੇ ਰਾਹੀਂ ਅਖ਼ਬਾਰ ਟੰਗਣ ਵਾਲਾ ਹਰ ਮੋੜ ਤੇ ਅਖ਼ਬਾਰ ਟੰਗ ਕੇ, ਦੌੜ-ਦੌੜ ਕੇ ਉੱਤਰਦਾ-ਚੜ੍ਹਦਾ ਹੈ। ਕਿਉਂਕਿ ਅਖ਼ਬਾਰਾਂ ਹਰ ਮੋੜ ਤੇ ਟੰਗਣੀਆਂ ਹੁੰਦੀਆਂ ਹਨ ਅਤੇ ਗੱਡੀ ਸੱਪ ਵਾਂਗ ਵੱਲ ਖਾਂਦੀ ਜਾਂਦੀ ਹੈ, ਇਸ ਕਰਕੇ ਨਵੇਂ ਬੰਦੇ ਨੂੰ ਉਲਟੀਆਂ ਲੱਗਣਾ ਆਮ ਗੱਲ ਹੈ। ਸਾਰੇ ਰਾਹ ਵਿਚ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਚਲਦੀ ਗੱਡੀ ਵਿਚੋਂ ਬਾਹਰ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇ ਅਖ਼ਬਾਰ ਸੜਕ ਦੇ ਦੂਸਰੇ ਪਾਸੇ ਟੰਗਣੀ ਹੋਵੇ ਅਤੇ ਸਮੇਂ ਦੀ ਬਚਤ ਨੂੰ ਧਿਆਨ ਵਿਚ ਰੱਖਦੇ ਹੋਏ ਬਿਨ੍ਹਾਂ ਆਲੇ-ਦੁਆਲੇ ਦੇਖੇ ਹੀ ਭੱਜ ਕੇ ਦੂਸਰੇ ਪਾਸੇ ਜਾਣ ਦੀ ਕੋਸ਼ਿਸ਼ ਵਿਚ ਦੁਰਘਟਨਾ ਵੀ ਹੋ ਸਕਦੀ ਹੈ। ਇਕ ਦਿਨ ਅਖ਼ਬਾਰਾਂ ਟੰਗਣ ਜਾਣਾਂ ਹੁੰਦਾ ਹੈ ਅਤੇ ਦੂਸਰੇ ਦਿਨ ਉਤਾਰਨ। ਲਗਭਗ 500 ਲਿਫਾਫਿਆਂ ਨੂੰ ਟੰਗਣ ਲਈ ਚਾਰ ਕੁ ਘੰਟੇ ਦਾ ਸਮਾਂ ਲਗਦਾ ਹੈ।
ਮੀਂਹ, ਹਨੇਰੀ ਅਤੇ ਬਰਫ਼ ਪੈਣ ਤੇ ਇਹ ਚਾਰੇ ਕੰਮ ਕਰਨੇ ਹੋਰ ਵੀ ਔਖੇ ਹੋ ਜਾਂਦੇ ਹਨ। ਸਿਆਸੀ ਪਨਾਹ ਤੋਂ ਲੈ ਕੇ ਵੀਜ਼ਾ ਲੱਗਣ ਤੱਕ ਦੀ ਕਹਾਣੀ, ਜੋ ਆਮ ਤੌਰ ਤੇ ਦੇਖਣ-ਸੁਣਨ ਨੂੰ ਮਿਲਦੀ ਹੈ, ਉਹ ਸੰਖੇਪ ਰੂਪ ਵਿਚ ਇੰਝ ਬਣਦੀ ਹੈ। ਪਹਿਲੀ ਬਾਰੀ ਸਿਆਸੀ ਪਨਾਹ ਲਈ ਦਿੱਤੀ ਗਈ ਅਰਜ਼ੀ ਦਾ ਜਵਾਬ ਆਉਣ ਤੱਕ ਸਾਲ-ਛੇ ਮਹੀਨੇ ਲੱਗ ਜਾਂਦੇ ਹਨ। ਜੇਕਰ ਅਰਜ਼ੀ ਨਾਮਨਜ਼ੂਰ ਹੋ ਜਾਂਦੀ ਹੈ ਤਾਂ ਪਨਾਹਗੀਰ ਮੁੜ ਵਿਚਾਰ ਕਰਨ ਲਈ ਹੋਰ ਦੋ ਵਾਰੀ ਅਰਜ਼ੀਆਂ ਦੇ ਸਕਦਾ ਹੈ। ਇਸ ਤਰ੍ਹਾਂ ਦੁਬਾਰਾ ਅਰਜ਼ੀਆਂ ਦੇ-ਦੇ ਕੇ ਲਗਭਗ ਤਿੰਨ ਸਾਲ ਲੰਘਾ ਲਏ ਜਾਂਦੇ ਹਨ। ਇਨ੍ਹਾਂ ਤਿੰਨਾਂ ਸਾਲਾਂ ਵਿਚ ਪੇਪਰਾਂ ਦਾ ਕੰਮ ਕਰ ਕੇ ਪਨਾਹਗੀਰ ਚੰਗੇ ਪੈਸੇ ਬਣਾ ਲੈਂਦੇ ਹਨ। ਇਨ੍ਹਾਂ ਪੈਸਿਆਂ ਨਾਲ ਉਹ ਭਾਰਤ ਵਿਚ ਚੱਕਿਆਂ ਹੋਇਆ ਕਰਜ਼ਾ ਵੀ ਲਾਹ ਲੈਂਦੇ ਹਨ ਅਤੇ ਪੱਕੇ ਹੋਣ ਲਈ ਆਸਟਰੀਅਨ ਪਾਸਪੋਰਟ ਵਾਲੀ ਕੁੜੀ ਨਾਲ ਕਾਗਜ਼ੀ ਵਿਆਹ ਕਰਵਾ ਲੈਂਦੇ ਹਨ। ਅਸਟਰੀਆ ਵਿਚ ਜ਼ਿਆਦਾਤਰ ਮੁੰਡੇ ਕਾਗਜ਼ੀ ਵਿਆਹ ਕਰਵਾ ਕੇ ਹੀ ਪੱਕੇ ਹੁੰਦੇ ਹਨ। ਜੇਕਰ ਕੋਈ ਮੁੰਡਾ ਬਗੈਰ ਲੋੜੀਂਦੇ ਦਸਤਾਵੇਜ਼ ਫੜਿਆ ਜਾਂਦਾ ਹੈ ਤਾਂ ਜੇਲ੍ਹ ਵਿਚ ਉਹ ਭੁੱਖ ਹੜਤਾਲ ਕਰ ਦਿੰਦਾ ਹੈ। ਜਦੋਂ ਉਸ ਦਾ ਇਕ ਹੱਦ ਤੱਕ ਭਾਰ ਘੱਟ ਜਾਂਦਾ ਹੈ ਤਾਂ ਪੁਲਿਸ ਨੂੰ ਡਾਕਟਰ ਦੀ ਸਲਾਹ ਨਾਲ ਮੁੰਡੇ ਨੂੰ ਛੱਡਣਾ ਪੈਂਦਾ ਹੈ। ਕੁਝ ਚਿਰ ਪਹਿਲਾਂ ਹੀ ਇਕ ਮੁੰਡਾ ਜੇਲ੍ਹ ਵਿਚ ਦਿਹਾੜੀ ਦੀ ਇਕ-ਅੱਧੀ ਗਲਾਸੀ ਪਾਣੀ ਪੀ ਕੇ 22 ਦਿਨਾਂ ਵਿਚ 13 ਕਿਲੋ ਭਾਰ ਘਟਾ ਕੇ ਛੁੱਟਿਆ ਹੈ।
ਜਿਨ੍ਹਾਂ ਭਾਰਤੀਆ ਨੂੰ ਡੰਗ-ਟਪਾਊ ਜਰਮਨ ਬੋਲੀ ਬੋਲਣੀ ਆਉਂਦੀ ਹੈ, ਉਹ ਅਸਟਰੀਆ ਦੇ ਹੋਟਲਾਂ ਅਤੇ ਫੈਕਟਰੀਆਂ ਵਿਚ ਆਪਣੀ ਯੋਗਤਾ ਅਨੁਸਾਰ ਕੰਮ ਕਰ ਰਹੇ ਹਨ। ਭਾਰਤੀਆਂ ਦਾ ਇਕ ਵੱਡਾ ਹਿੱਸਾ ਅਸਟਰੀਆ ਦੇ ਅਮਰੀਕਨ ਮੈੱਕਡੋਨਲਡ ਵਿਚ ਕੰਮ ਕਰ ਰਿਹਾ ਹੈ। ਬਹੁਤੀਆਂ ਭਾਰਤੀ ਬੀਬੀਆਂ ਹੋਟਲਾਂ ਵਿਚ ਸਾਫ਼-ਸਫ਼ਾਈ ਅਤੇ ਆਪਣੀ ਯੋਗਤਾ ਅਨੁਸਾਰ ਕੰਮ ਕਰ ਰਹੀਆਂ ਹਨ। ਦੱਖਣੀ ਭਾਰਤ ਤੋਂ ਆਈਆਂ ਵਧੇਰੇ ਔਰਤਾਂ ਜ਼ਿਆਦਾਤਰ ਨਰਸਾਂ ਦਾ ਕੰਮ ਕਰਦੀਆਂ ਹਨ ਅਤੇ ਮਰਦਾਂ ਨੇ ਯਾਤਰਾ ਦਫ਼ਤਰ ਖੋਲੇ ਹੋਏ ਹਨ। ਜਿਹੜੇ ਭਾਰਤੀ ਆਪਣੀ ਵੱਖਰੀ ਦਿੱਖ ਕਰਕੇ ਜਾਂ ਹੋਰ ਕਾਰਨਾਂ ਕਰਕੇ ਮੈੱਕਡੋਨਲਡ ਜਾਂ ਫੈਕਟਰੀਆਂ ਵਿਚ ਕੰਮ ਨਹੀਂ ਕਰ ਸਕਦੇ ਜਾਂ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੇ ਆਪਣੇ ਕੰਮ ਖੋਲ੍ਹੇ ਹੋਏ ਹਨ। ਵੀਆਨਾ ਵਿਚ ਪੰਦਰਾਂ ਕੁ ਭਾਰਤੀ ਖਾਣ-ਪੀਣ ਦੀਆਂ ਦੁਕਾਨਾਂ ਹਨ। ਸਾਲ 1972 ਵਿਚ ਪਹਿਲਾਂ ਭਾਰਤੀ ਰੈਸਟੋਰੈਂਟ ਖੋਲਿਆਂ ਗਿਆ, ਹੁਣ ਪੂਰੇ ਅਸਟਰੀਆ ਵਿਚ ਭਾਰਤੀ ਰੈਸਟੋਰੈਂਟਾਂ ਦੀ ਗਿਣਤੀ 51 ਹੈ। ਕੁਝ ਭਾਰਤੀ, ਮੇਲਿਆਂ ਵਿਚ ਫੱਟੇ ਲਾ ਕੇ ਕੱਪੜੇ ਅਤੇ ਹੋਰ ਨਿਕ-ਸੁਕ ਵੀ ਵੇਚਦੇ ਹਨ। ਕਈਆਂ ਨੇ ਪੀਜ਼ੇ ਵੀ ਖੋਲ੍ਹੇ ਹੋਏ ਹਨ। ਬਾਕੀ ਬਚਦੇ ਭਾਰਤੀ ਆਪਣੀ ਵਿਦਿਅਕ ਯੋਗਤਾ, ਸੋਚ ਅਤੇ ਸਮਝ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਕੰਮ ਕਰ ਰਹੇ ਹਨ।
ਅਸਟਰੀਆ ਵਿਚ ਤਿੰਨ ਗੁਰਦਵਾਰੇ ਹਨ। 'ਗੁਰਦਵਾਰਾ ਸਾਂਝੀ ਵਾਲ' ਸਾਲਜ਼ਬਰਗ ਵਿਚ ਹੈ ਅਤੇ ਦੋ ਗੁਰਦਵਾਰੇ 'ਗੁਰਦਵਾਰਾ ਨਾਨਕਸਰ' (1993) ਅਤੇ 'ਗੁਰਦੁਆਰਾ ਸਿੰਘ ਸਭਾ' (2001) ਵੀਆਨਾ ਵਿਚ ਹਨ। ਸਿੱਖ ਸੰਗਤਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਹੋਣ ਕਰਕੇ ਵੀਆਨਾ ਦੇ ਦੋਵੇਂ ਗੁਰਦਵਾਰਿਆਂ ਨੂੰ ਹੋਰ ਵੱਡਾ ਬਣਾਉਣ ਬਾਰੇ ਸੋਚਿਆ ਜਾ ਰਿਹਾ ਹੈ। ਖ਼ਾਲਸੇ ਦਾ 300 ਸਾਲਾ ਸਾਜਣਾ-ਦਿਵਸ ਤੇ 'ਗੁਰਦਵਾਰਾ ਨਾਨਕਸਰ' ਦੀ ਪ੍ਰਬੰਧਕ ਕਮੇਟੀ ਨੇ ਪੈਦਲ-ਨਗਰ ਕੀਰਤਨ ਦੀ ਮਨਜ਼ੂਰੀ ਲਈ ਸ਼ਹਿਰ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਸੀ। ਉਸ ਸਮੇਂ ਪੈਦਲ ਨਗਰ ਕੀਰਤਨ ਦੀ ਤਾਂ ਮਨਜ਼ੂਰੀ ਨਹੀਂ ਸੀ ਮਿਲੀ, ਪਰ ਕਾਰਾਂ ਵਿਚ ਨਗਰ ਕੀਰਤਨ ਕੱਢਣ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਪਰ ਫੇਰ ਵੀ ਅਸਟਰੀਆ ਦੀ ਰਾਜਧਾਨੀ 'ਵੀਆਨਾ' ਦੇ ਕੇਂਦਰ ਵਿਚ, ਜੋ ਕਿ ਸਾਰੇ ਜ਼ਿਲ੍ਹਿਆਂ ਵਿਚੋਂ ਮਹਿੰਗਾ ਅਤੇ ਸੋਹਣਾ ਜ਼ਿਲ੍ਹਾ ਹੈ, ਮਨਜ਼ੂਰੀ ਮਿਲਣੀ ਸਿੱਖ ਧਰਮ ਦੇ ਪ੍ਰਚਾਰ ਲਈ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਸੀ। ਉਸ ਸਮੇਂ ਪੁਲਿਸ ਦੀ ਗੱਡੀਆਂ ਅਤੇ ਮੋਟਰ ਸਾਈਕਲਾਂ ਦੀ ਸੁਰੱਖਿਆ ਵਿਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਖ਼ਾਲਸੇ ਦਾ 300 ਸਾਲਾ ਸਾਜਣਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਰ ਉਸ ਤੋਂ ਬਾਅਦ ਹੁਣ ਤੱਕ ਹਰ ਸਾਲ ਖ਼ਾਲਸੇ ਦਾ ਸਾਜਣਾ ਦਿਵਸ ਬੜੀ ਧੂਮਧਾਮ ਨਾਲ ਗੁਰਦਵਾਰੇ ਵਿਚ ਹੀ ਮਨਾ ਲਿਆ ਜਾਂਦਾ ਹੈ।
ਅਸਟਰੀਆ ਵਿਚ ਸਿੱਖ ਧਰਮ ਦੀ ਮਾਨਤਾ ਲਈ ਇਕ ਵਾਰ ਸਿੱਖਾਂ ਦੇ ਪਾਸਪੋਰਟ ਕਾਪੀਆਂ ਅਤੇ ਦਸਤਖ਼ਤ 'ਗੁਰਦਵਾਰਾ ਨਾਨਕਸਰ' ਪ੍ਰਬੰਧਕ ਕਮੇਟੀ ਵਲੋਂ ਇਕੱਠੇ ਕਰਕੇ ਇੱਥੋਂ ਦੀ ਸਰਕਾਰ ਨੂੰ ਦਿੱਤੇ ਗਏ ਸਨ, ਪਰ ਸਰਕਾਰ ਵਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਉਮੀਦ ਹੈ ਕਿ ਆਉਂਦੇ ਸਮੇਂ ਵਿਚ ਇਸ ਕੰਮ ਵਿਚ ਕਾਮਯਾਬੀ ਮਿਲੇਗੀ।
2002 ਦੇ ਤਾਜ਼ੇ ਅੰਕੜਿਆਂ ਅਨੁਸਾਰ ਸਾਰੇ ਅਸਟਰੀਆ ਵਿਚ 2794 (ਵੀਆਨਾ ਵਿਚ 1959) ਸਿੱਖ ਦਰਜ ਹਨ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਬਹੁਤੇ ਸਿੱਖਾਂ ਨੇ ਅਗਿਆਨਤਾ, ਡਰ, ਘੌਲ ਜਾਂ ਕਿਸੇ ਹੋਰ ਕਾਰਣ ਕਰਕੇ ਫਾਰਮ ਭਰਨ ਵੇਲੇ ਧਰਮ ਵਾਲਾ ਖਾਨਾ ਖਾਲੀ ਛੱਡ ਦਿੱਤਾ ਸੀ। ਇਸ ਕਰਕੇ ਸਿੱਖਾਂ ਦੀ ਅਸਲ ਗਿਣਤੀ ਉਪਰ ਦਿੱਤੀ ਗਈ ਗਿਣਤੀ ਨਾਲੋਂ ਕਿਤੇ ਵੱਧ ਹੈ। ਅਸਟਰੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1612 ਦਰਜ ਹੈ। ਵੀਆਨਾ ਵਿਚ ਪੰਜ ਹਿੰਦੂ ਮੰਦਰ ਹਨ ਅਤੇ ਸਾਰੇ ਅਸਟਰੀਆ ਵਿਚ 3629 (ਵੀਆਨਾ ਵਿਚ 2447) ਹਿੰਦੂ ਰਹਿ ਰਹੇ ਹਨ।
ਅਸਟਰੀਆ ਵਿਚ ਦੋ ਸਾਹਿਤਕ ਸਭਾਵਾਂ 'ਪੰਜਾਬੀ ਸਹਿਤ ਸਭਾ ਅਸਟਰੀਆ' ਵੀਆਨਾ ਵਿਚ ਅਤੇ 'ਪੰਜ ਪਾਣੀ ਸਾਹਿਤ ਸਭਾ' ਸਾਲਜ਼ਬਰਗ ਵਿਚ ਹਨ। ਇਕ 'ਵਿਕਾਸ ਪੰਜਾਬੀ ਸਭਿਆਚਾਰ ਸੁਸਾਇਟੀ' ਹੈ। ਪਿਛਲੇ ਕੁਝ ਸਾਲਾਂ ਵਿਚ ਸਿਰਫ਼ ਇਕੋ ਇਕ ਦੀਵਾਲ਼ੀ ਦਾ ਵੱਡਾ ਪ੍ਰੋਗਰਾਮ ਹੋਇਆ ਕਰਦਾ ਸੀ, ਜਿਸ ਵਿਚ ਸਾਰੇ ਹੀ ਭਾਰਤੀ ਹੁੰਮ-ਹੁੰਮਾ ਕੇ ਪਹੁੰਚਦੇ ਹੁੰਦੇ ਸਨ। ਪਰ ਇਸ ਸਾਲ ਤੋਂ ਨਾਵਲਕਾਰ 'ਜਸਵਿੰਦਰ ਸਿੰਘ ਛਿੰਦਾ', ਸ਼ਾਇਰ 'ਸ਼ੇਖਰ', ਸਾਰੇ ਭਾਰਤੀਆਂ ਦਾ ਪਰਮ ਮਿੱਤਰ 'ਸੇਟੀਫ਼ਨ ਆਲਮਰ' ਅਤੇ ਹੋਰ ਸੂਝਵਾਨ ਸੱਜਣਾਂ ਦੀ ਹਿੰਮਤ ਸਦਕਾ ਸਹਿ ਅਰਥਾਂ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ ਗਏ ਹਨ। ਜਿਵੇਂ ਪਹਿਲੇ ਸਭਿਆਚਾਰਕ ਲੋਹੜੀ ਮੇਲੇ ਵਿਚ ਅਸਟਰੀਆ ਦੇ ਭਾਰਤੀਆਂ ਦੀ ਜ਼ਿੰਦਗੀ ਤੇ ਆਧਾਰਿਤ ਪਹਿਲੀ ਬਾਰ ਨਾਟਕ 'ਮਹਿਫ਼ਲ' ਪੇਸ਼ ਕੀਤਾ ਗਿਆ ਸੀ। ਹੋਰ ਵੀ ਇਸੇ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਪੰਜਾਬੀ ਸਹਿਤ ਵਿਚ ਹੋਰ ਵਾਧਾ ਕਰਨ ਲਈ ਹਿੰਮਤੀ ਸੱਜਣ ਯਤਨਸ਼ੀਲ ਹਨ। ਹਿੰਦੀ ਫ਼ਿਲਮਾਂ ਇੱਥੋਂ ਦੇ ਸਿਨਮੇ ਕਿਰਾਏ ਤੇ ਲੈ ਕੇ ਭਾਰਤੀ ਸੱਜਣਾਂ ਵਲੋਂ ਕਦੇ-ਕਦੇ ਦਿਖਾਈਆਂ ਜਾਂਦੀਆਂ ਹਨ।
ਅਸਟਰੀਆ ਵਿਚ ਉੱਚ-ਪੱਧਰ ਦਾ ਕੰਮ ਕਰਨ ਲਈ ਸਭ ਤੋਂ ਵੱਡੀ ਮੁਸ਼ਕਲ ਜਰਮਨ ਬੋਲੀ ਦੀ ਆਉਂਦੀ ਹੈ। ਜੇਕਰ ਕੋਈ ਭਾਰਤ ਵਿਚ ਉੱਚ-ਪੜ੍ਹਾਈ ਕਰਕੇ ਅਸਟਰੀਆ ਆਉਂਦਾ ਹੈ ਤਾਂ ਇਹ ਨਹੀਂ ਹੁੰਦਾ ਕਿ ਇੱਥੇ ਆਉਂਦਿਆਂ ਹੀ ਉਸ ਨੂੰ ਕੋਈ ਵਧੀਆ ਕੰਮ ਮਿਲ ਜਾਂਦਾ ਹੈ। ਨਹੀਂ। ਉਸ ਨੂੰ ਸਭ ਤੋਂ ਪਹਿਲਾਂ ਆਮ ਬੰਦਿਆਂ ਵਾਂਗ ਜਰਮਨ ਬੋਲੀ ਸਿੱਖਣੀ ਪੈਂਦੀ ਹੈ ਅਤੇ ਜਰਮਨ ਬੋਲੀ ਸਿੱਖਦਿਆਂ ਸਾਲਾਂ ਹੀ ਲਗ ਜਾਂਦੇ ਹਨ। ਜੇਕਰ ਉਸ ਨੂੰ ਜਰਮਨ ਬੋਲੀ ਆਉਂਦੀ ਹੈ, ਤਦ ਹੀ ਉਸ ਦੀ ਪੜ੍ਹਾਈ ਦੀ ਕਦਰ ਪਾਈ ਜਾਂਦੀ ਹੈ। ਨਹੀਂ ਤਾਂ ਨਹੀਂ।
ਹੋਰ, ਸਭ ਤਰ੍ਹਾਂ ਦੀ ਸਮੱਸਿਆਵਾਂ ਲਈ ਭਾਰਤੀਆਂ ਕੋਲੋਂ ਰੱਬ ਦਾ ਦਿੱਤਾ ਬਹੁਤ ਵੱਡਾ ਤੋਹਫ਼ਾ 'ਸੇਟੀਫ਼ਨ ਆਲਮਰ' ਹੈ। ਛੇ ਮਹੀਨੇ ਭਾਰਤ ਦੇਖਣ ਤੋਂ ਬਾਅਦ ਉਸ ਨੂੰ ਭਾਰਤ, ਭਾਰਤੀ ਸਭਿਆਚਾਰ ਅਤੇ ਭਾਰਤੀ ਲੋਕ ਇੰਨੇ ਚੰਗੇ ਲੱਗੇ ਕਿ ਉਸ ਨੇ ਅਸਟਰੀਆ ਵਿਚ ਆ ਕੇ ਭਾਰਤੀਆਂ ਨਾਲ ਸੰਪਰਕ ਬਣਾ ਲਏ। ਜਦੋਂ ਉਹ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ, ਤਦ ਵੀ ਉਹ ਭਾਰਤੀਆਂ ਦੀਆਂ ਮੁਸ਼ਕਲਾਂ ਸੰਬੰਧੀ ਆਪ ਫ਼ੋਨ ਕਰ ਕੇ ਹੱਲ ਲੱਭਦਾ ਹੁੰਦਾ ਸੀ। ਹੁਣ ਤਾਂ ਉਹ ਸਰਕਾਰ ਵਲੋਂ ਪ੍ਰਵਾਸੀਆਂ ਦੀ ਮੁਫ਼ਤ ਮਦਦ ਕਰਨ ਦਾ ਕੰਮ ਕਰਦਾ ਹੈ।
ਨਗਰ ਕੀਰਤਨ |
ਸੰਗਤ ਪੰਗਤ ਵਿਚ ਲੰਗਰ ਛੱਕਦੀ |
ਗੁਰਦੁਆਰਾ ਨਾਨਕਸਰ ਪੰਜਾਬੀ ਕਲਾਸ |
ਇਕ ਵਾਰ ਮੈਂ ਵੀਆਨਾ ਦੇ ਹਵਾਈ ਅੱਡੇ ਤੇ ਉੱਤਰਿਆ ਅਤੇ ਘਰ ਤੱਕ ਪਹੁੰਚਣ ਲਈ ਜ਼ਮੀਨਦੋਜ਼ ਗੱਡੀ ਦੇ ਅੱਡੇ ਤੇ ਪਹੁੰਚਿਆ। ਕੀ ਦੇਖਦਾ ਹਾਂ ਕਿ ਇਕ ਗੋਰਾ-ਗੋਰੀ ਚਾਅ ਚਾਅ 'ਚ ਸਮਾਨ-ਰੇੜ੍ਹੀ ਵੀ ਥੱਲੇ ਨਾਲ ਹੀ ਲੈ ਆਏ ਸਨ। ਹੁਣ ਹੋਣਾ ਤਾਂ ਇੰਝ ਚਾਹੀਦਾ ਸੀ ਕਿ ਇਕ ਜਣਾ ਸਮਾਨ ਕੋਲ ਰਹਿੰਦਾ ਤੇ ਦੂਸਰਾ ਉਪਰ ਰੇੜ੍ਹੀ ਵਾਪਸ ਖੜ੍ਹੀ ਕਰ ਕੇ ਆਉਂਦਾ। ਪਰ ਮੇਰੀ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਉਨ੍ਹਾਂ ਨੇ ਆਪਣਾ ਸਾਮਾਨ ਬੈਂਚ ਤੇ ਉਵੇਂ ਹੀ ਛੱਡ ਕੇ ਦੋਵੇਂ ਲਿਫ਼ਟ ਰਾਹੀ ਰੇੜੀ ਛੱਡਣ ਚਲੇ ਗਏ। ਮੈਂ ਸਾਮਾਨ ਦਾ ਆਲ-ਦੁਆਲਾ ਚੈੱਕ ਕੀਤਾ, ਪਰ ਸਮਾਨ ਦੀ ਜ਼ਿੰਮੇਵਾਰੀ ਤੇ ਕੋਈ ਖੜ੍ਹਾ ਨਹੀਂ ਸੀ। ਅਸੀਂ ਤਾਂ ਆਪਣਾ ਟਿਸ਼ੂ ਪੇਪਰ ਵੀ ਇਕੱਲਾ ਛੱਡ ਕੇ ਨਾ ਜਾਈਏ, ਪਰ ਉਹ ਗੋਰਾ-ਗੋਰੀ ਇਕ ਵੱਡਾ ਅਟੈਚੀ ਅਤੇ ਹੈਂਡ ਬੈਗ ਇਕੱਲਾ ਛੱਡ ਕੇ ਰੇੜ੍ਹੀ ਵਾਪਸ ਖੜ੍ਹੀ ਕਰਨ ਚਲੇ ਗਏ ਸਨ। ਇੱਥੇ ਫੇਰ ਗੱਲ ਆਉਂਦੀ ਹੈ ਵਿਸ਼ਵਾਸ ਦੀ ਕਿ ਅਸਟਰੀਆ ਦੇ ਨਾਗਰਿਕਾਂ ਨੂੰ ਆਸਟਰੀਅਨ ਸਿਸਟਮ ਕਿੰਨਾ ਭਰੋਸਾ ਹੈ। ਪਹਿਲੀ ਗੱਲ, ਸਾਮਾਨ ਗੋਰਾ-ਗੋਰੀ ਦੇ ਵਾਪਸ ਆਉਣ ਉਥੇ ਹੀ ਪਿਆ ਰਿਹਾ। ਦੂਸਰੀ ਗੱਲ, ਮੰਨ ਲਓ ਜੇ ਚੋਰੀ ਹੋ ਵੀ ਜਾਂਦਾ ਤਾਂ ਕੁਝ ਹੀ ਮਿੰਟਾਂ ਵਿਚ ਚੋਰ ਸਮਾਨ ਸਮੇਤ ਫੜ ਲਏ ਜਾਣੇ ਸੀ, ਕਿਉਂਕਿ ਜਗ੍ਹਾ-ਜਗ੍ਹਾ ਤੇ ਕੈਮਰੇ ਲੱਗੇ ਹੋਏ ਹਨ ਅਤੇ ਸੁਰੱਖਿਆ ਪ੍ਰਬੰਧ ਬਹੁਤ ਵਧੀਆ ਹਨ।
ਇਕ ਵਾਰ ਇਕ ਗੋਰੀ ਪ੍ਰਵਾਸੀਆਂ ਨੇ ਇਕ ਧਾਰਮਿਕ ਸਥਾਨ ਵਿਚ ਆਸਟਰੀਅਨ ਸਿਸਟਮ ਬਾਰੇ ਪ੍ਰਵਾਸੀਆਂ ਦੇ ਵਿਚਾਰ ਸੁਣਨ ਆਈ। ਉਸ ਨੇ ਪ੍ਰਵਾਸੀਆਂ ਅੱਗੇ ਸਵਾਲ ਰੱਖਿਆ ਕਿ ਕਦੇ ਉਨ੍ਹਾਂ ਨੂੰ ਅਸਟਰੀਆ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਵੱਖਰੀ ਦਿੱਖ ਕਰਕੇ ਜਾਂ ਹੋਰ ਕਾਰਨਾਂ ਕਰਕੇ ਪੁਲਿਸ ਵਲੋਂ ਜਾਂ ਕਿਸੇ ਹੋਰ ਅਦਾਰੇ ਵਲੋਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ? ਪਹਿਲਾਂ ਤਾਂ ਸਾਰਿਆਂ ਨੇ ਇਕ-ਦੂਜੇ ਦੇ ਮੂੰਹ ਵੱਲ ਦੇਖਿਆ ਫੇਰ ਇਕ ਸੰਯੁਕਤ ਜਵਾਬ ਆਇਆ ਕਿ 'ਨਹੀਂ', ਅਸਟਰੀਆ ਵਿਚ ਹੋਰ ਮੁਲਕਾਂ ਨਾਲੋਂ ਹਾਲੇ ਸਿਸਟਮ ਬਹੁਤ ਵਧੀਆ ਹੈ। ਪੁਲਿਸ ਵਲੋਂ ਜਾਂ ਹੋਰ ਕਿਸੇ ਅਦਾਰੇ ਵਲੋਂ ਉਨ੍ਹਾਂ ਨੂੰ ਨਾਜਾਇਜ਼ ਤੰਗ ਨਹੀਂ ਕੀਤਾ ਜਾਂਦਾ ਹੈ।
ਕਈ ਬਾਰ ਇਥੋਂ ਦੀਆਂ ਖ਼ਬਰਾਂ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਹੈ। ਇਕ ਵਾਰ ਇੱਥੋਂ ਦੇ ਇਕ ਦਰਿਆ ਵਿਚ ਇਕ ਬੱਤਖ਼ ਨੇ ਆਪਣੇ ਪਰਿਵਾਰ ਦੀ ਰੱਖਿਆ ਕਰਦੇ ਹੋਏ ਇਕ ਗੋਰੇ ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਨੱਕ ਦੀ ਹੱਡੀ ਤੋੜ ਦਿੱਤੀ। ਦੂਸਰੇ ਦਿਨ ਖ਼ਬਰ ਛਪ ਗਈ ਕਿ ਤੈਰਾਕੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਦਾਲਤ ਸ਼ਾਇਦ ਬੱਤਖ਼ ਨੂੰ ਮਾਰਨ ਦਾ ਹੁਕਮ ਦੇ ਦੇਵੇ। ਅਖ਼ਬਾਰ ਵਾਲਿਆਂ ਨੇ ਪਾਠਕਾਂ ਦੇ ਵਿਚਾਰ ਜਾਣਨੇ ਚਾਹੇ। ਤੀਸਰੇ ਦਿਨ ਹੀ ਕਈ ਪਾਠਕਾਂ ਦੀਆਂ ਚਿੱਠੀਆਂ ਲੱਗੀਆਂ ਹੋਈਆਂ ਸਨ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਬੱਤਖ਼ ਨੂੰ ਮਾਰਿਆ ਨਾ ਜਾਵੇ ਅਤੇ ਕੋਈ ਹੋਰ ਹੱਲ ਲੱਭਿਆ ਜਾਵੇ। ਇਸੇ ਤਰ੍ਹਾਂ ਦੀਆਂ ਕਈ ਦਿਨ ਪਾਠਕਾਂ ਦੀਆਂ ਸੁਝਾਵਾਂ ਭਰੀਆਂ ਚਿੱਠੀਆਂ ਲੱਗਦੀਆਂ ਰਹੀਆਂ। ਆਖ਼ਰ ਵਿਚ ਅਦਾਲਤ ਨੇ ਇਹ ਫੈਸਲਾ ਕੀਤਾ ਕਿ ਬੱਤਖ਼ ਦੀ ਅਜ਼ਾਦੀ ਖੋਹ ਕੇ ਉਸ ਨੂੰ ਉਸ ਦੇ ਪਰਿਵਾਰ ਸਮੇਤ ਚਿੜੀਆਘਰ ਵਿਚ ਬੰਦ ਕਰ ਦਿੱਤਾ ਜਾਵੇ।
ਇਹ ਖ਼ਬਰ ਪੜ੍ਹ ਕੇ ਮੇਰੇ ਮਨ ਵਿਚ ਆਇਆ ਕਿ ਜਿੱਥੇ ਇਕ ਪੰਛੀ ਦੀ ਜਾਨ ਦੀ ਕੀਮਤ ਹੋ ਸਕਦੀ ਹੈ, ਉੱਥੇ ਬੰਦੇ ਦੀ ਤਾਂ ਆਪ ਹੀ ਹੋਣੀ ਹੈ। ਇਹ ਨਹੀਂ ਕਿ ਇਕ ਜਾਨਵਰ ਦੇ ਕਤਲ ਦੀ ਅਫ਼ਵਾਹ ਸੁਣ ਕੇ ਇਨਸਾਨਾਂ ਨੂੰ ਆਪਣੀ ਜਾਨ ਬਚਾਉਣ ਲਈ ਨੱਠ-ਭੱਜ ਕਰਨੀ ਪਵੇ।
ਅਸਟਰੀਆ, ਇਕ ਛੋਟਾ ਜਿਹਾ ਦੇਸ਼ ਆਮ ਨਾਗਰਿਕ ਦੀਆਂ ਸਾਰੀਆਂ ਆਸਾਂ ਤੇ ਪੂਰਾ-ਪੂਰਾ ਉੱਤਰਦਾ ਹੈ ਅਤੇ ਇੱਥੇ 'ਮਾਹੌਲ ਹਾਲੇ ਠੀਕ ਹੈ'। ਸਾਡੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਇੱਥੇ ਹਮੇਸ਼ਾਂ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਰਹੇ। ਜੇਕਰ ਕੱਲ੍ਹ ਨੂੰ ਸਾਡੇ ਔਗੁਣਾਂ ਕਰਕੇ ਇੱਥੇ ਸਾਡੇ ਨਾਲ ਪੱਖਪਾਤ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ।
ਆਓ ਇਸ ਦੇਸ਼ ਦੀ ਤਰੱਕੀ ਅਤੇ ਸ਼ਾਂਤੀ ਵਿਚ ਵੱਧ-ਚੜ੍ਹ ਕੇ ਆਪਣਾ ਹਿੱਸਾ ਪਾਈਏ। ਲੇਖ ਲਿੰਕ: 5abi.com Likhari.com