ਫ਼ਿਲਮ ਵਿਚਾਰ
ਫ਼ਿਲਮ: 'ਪੁੱਤ ਜੱਟਾਂ ਦੇ' - ਆਟੇ ਦਾ ਦੀਵਾ ਨਹੀਂ !
ਲੇਖਕ: ਹਰਦੀਪ ਮਾਨ ਜਮਸ਼ੇਰ ਅਸਟਰੀਆ
ਵੈੱਬਸਾਈਟ AnmolUni ਫੌਂਟ ਵਿੱਚ ਹੈ। ਫਰਕ ਫੋਟੋ
ਪੰਜਾਬੀ ਗਾਇਕਾਂ ਦੀ ਬਦੌਲਤ ਅਸਟਰੀਆ ਵਰਗੇ ਨਿੱਕੇ ਦੇਸ਼ ਵਿਚ ਹੁਣ ਤੱਕ ਪੰਜ ਪੰਜਾਬੀ ਫ਼ਿਲਮਾਂ ਸਿਨੇਮੇ ਵਿਚ ਦੇਖੀਆਂ। ਪਰ 'ਪੁੱਤ ਜੱਟਾਂ ਦੇ' ਫ਼ਿਲਮ ਦਾ ਤਜਰਬਾ ਵੱਖਰਾ ਰਿਹਾ। ਸ਼ੋਅ ਦਾ ਤੀਜਾ ਦਿਨ ਹੋਣ ਦੇ ਬਾਵਜੂਦ ਅੱਧਾ ਹਾਲ ਭਰਿਆ ਹੋਇਆ ਸੀ।
ਫ਼ਿਲਮ ਦੀ ਸ਼ੁਰੂਆਤੀ ਭੂਮਿਕਾ ਪ੍ਰਭਾਵੀ ਢੰਗ ਨਾਲ ਪਿੰਡਾਂ ਦੇ ਵੱਖਰੇ ਵੱਖਰੇ ਨਜ਼ਾਰਿਆਂ ਨਾਲ ਕੀਤੀ ਗਈ। ਫ਼ਿਲਮ ਵਿਚ ਵਰਤੀ ਗਈ ਅਤਿ ਉੱਚ-ਤਕਨੀਕ ਚਾਹੇ ਉਹ ਕੱਟ-ਤਿਆਰ (ਐਡਿਟਿੰਗ) ਜਾਂ ਪਿਛਲੀਆਂ ਆਵਾਜ਼ਾਂ (Dolby Digital HD Surround Sound) ਹੋਣ, ਦਰਸ਼ਕ ਫ਼ਿਲਮ ਦੇ ਪਹਿਲੇ ਹੀ ਕੁੱਝ ਮਿੰਟਾਂ ਵਿਚ ਨੋਟ ਕਰ ਲੈਂਦਾ ਹੈ।
ਫ਼ਿਲਮ ਦੇ ਸੁਪਰ-ਹਿੱਟ ਹੋਣ ਦੇ ਹੋਰ ਕਾਰਣ ਇਸ ਦਾ ਆਧੁਨਿਕ ਸਾਜਾਂ ਨਾਲ ਤਿਆਰ ਕੀਤਾ ਗੀਤ-ਸੰਗੀਤ ਅਤੇ ਆਕਰਸ਼ਕ ਕੁੱਟ-ਮਾਰ (ਐਕਸ਼ਨ ਸੀਨ) ਹੈ। ਦਿਲਚਸਪ ਇਹ ਹੈ ਕਿ ਇੱਕ ਹੋਰ ਫ਼ਿਲਮ ਵਿਚ ਦੱਖਣ ਦੇ ਕੁੱਟ ਖਾਣ ਵਾਲੇ (ਸਟੰਟ ਮੈਨ) ਲਿਆਂਦੇ ਗਏ ਸਨ, ਜਿਨ੍ਹਾਂ ਦੇ ਚਿਹਰੇ ਪੰਜਾਬੀ ਫ਼ਿਲਮ ਵਿਚ ਓਪਰੇ ਲੱਗਦੇ ਸਨ। ਪਰ ਇਸ ਫ਼ਿਲਮ ਵਿਚ ਬੜੀ ਚਤੁਰਾਈ ਨਾਲ ਉਨ੍ਹਾਂ ਦੇ ਚਿਹਰਿਆਂ ਤੇ ਕੈਮਰੇ ਮਾਰਿਆ ਹੀ ਨਹੀਂ ਗਿਆ। ਸਿਰਫ਼ ਆਪਣੇ ਕੁੱਟ ਖਾਂਦੇ ਦੇਸੀਆਂ ਦੇ ਹੀ ਚਿਹਰੇ ਸਾਫ਼ ਦਿਖਾਏ ਗਏ ਹਨ।
ਹਰਦੀਪ ਸਿੰਘ ਮਾਨ |
ਜਿੰਨੇ ਪ੍ਰਭਾਵੀ ਢੰਗ ਨਾਲ ਪਹਿਲੀ ਪੀੜੀ ਦੇ ਰਹਿਣ-ਸਹਿਣ ਤੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ - ਗੁੱਗੂ ਗਿੱਲ ਬਾਰੇ: ਚਿੱਟਾ ਕੁੜਤਾ, ਚਿੱਟੀ ਘੋੜੀ ਵਗ਼ੈਰਾ। ਓਮ ਪੁਰੀ ਬਾਰੇ: ਦੋ ਤੀਵੀਂ ਰੱਖੀਆਂ ਵਗ਼ੈਰਾ। ਤੀਸਰੇ ਦੇ ਹੱਥ ਤੇ ਪੱਟ ਦਾ ਮਾਸ ਲੱਗਾ ਹੋਣ ਕਰਕੇ ਵਾਲ ਆਏ ਹੋਏ ਹਨ, ਜੋ ਕਿ ਉਸ ਦੀ ਪਹਿਚਾਣ ਹੈ - ਦੂਜੀ ਪੀੜੀ ਵਿਚ ਕੁੱਝ ਖ਼ਾਸ ਨਹੀਂ ਦਿਖਾਇਆ ਗਿਆ। ਫ਼ਿਲਮ ਅੱਧ ਤੋਂ ਜ਼ਿਆਦਾ ਹੋਣ ਤੋਂ ਬਾਅਦ ਵੀ ਕਹਾਣੀ ਬਾਰੇ ਕੁੱਝ ਪਤਾ ਨਹੀਂ ਲੱਗਦਾ। ਜੋ ਫ਼ਿਲਮ ਟਰੇਲਰ ਵਿਚ ਦਿਖਾਇਆ ਗਿਆ, ਉਹ ਹੀ ਜਾਣਕਾਰੀ ਹੁੰਦੀ ਹੈ। ਫ਼ਿਲਮ ਦੀ ਕਹਾਣੀ ਇੰਨੀ ਗੁੰਝਲਦਾਰ ਨਹੀਂ ਹੈ, ਸਿਰਫ਼ ਤਿਕੋਣਾ ਪਿਆਰ ਅਤੇ ਜਸਵਿੰਦਰ ਭੱਲੇ ਦੁਆਲੇ ਘੁੰਮਦੀ ਹੈ। ਕਹਾਣੀ ਕੁੱਝ ਖ਼ਾਸ ਨਾ ਹੋਣ ਦੇ ਬਾਵਜੂਦ ਉੱਚ-ਪੱਧਰ ਦੀ ਹਾਸਰਸ (ਕਾਮੇਡੀ), ਕੁੱਟ-ਮਾਰ (ਐਕਸ਼ਨ) ਅਤੇ ਗੀਤ-ਸੰਗੀਤ ਦਰਸ਼ਕ ਨੂੰ ਫ਼ਿਲਮ ਨਾਲ ਜੋੜੀ ਰੱਖਦਾ ਹੈ।
ਇਸ ਤੋਂ ਇਲਾਵਾ ਦਿਲਚਸਪ ਸੰਵਾਦ ਵੀ ਨਵੇਂ ਸੁਣਨ ਨੂੰ ਮਿਲਦੇ ਹਨ। ਕੁੱਝ ਉਦਾਹਰਨਾਂ: ਤਾਰੀਫ਼ ਤਕਲੀਫ਼ ਬਣਦੀ ਜਾ ਰਹੀ ਹੈ। ਟੀਚਰ ਨਾਲ ਟਿੱਚਰਾਂ ਕਰਦਾ? ਵੈਸੇ ਤਾਂ ਹਵੇਲੀ ਤੇ ਸਹੇਲੀ ਛੇਤੀ ਨਹੀਂ ਬਣਦੀ, ਪਰ ਹਵੇਲੀ ਲੋਨ ਨਾਲ ਤੇ ਸਹੇਲੀ ਫ਼ੋਨ ਨਾਲ ਛੇਤੀ ਬਣ ਜਾਂਦੀ ਆ।
ਸੋ, ਫ਼ਿਲਮ ਵਿਚ ਉਹ ਸਭ ਕੁੱਝ ਹੈ, ਜੋ ਦਰਸ਼ਕ ਮੰਗ ਕਰਦੇ ਹਨ। ਦਰਸ਼ਕ ਵੀ ਗੁੰਝਲਦਾਰ ਕਹਾਣੀ ਦੀ ਮੰਗ ਨਹੀਂ ਕਰਦੇ, ਮਨੋਰੰਜਨ ਹੇਠ ਵਧੀਆ ਗੀਤ-ਸੰਗੀਤ, ਸੰਵਾਦ ਅਤੇ ਐਕਸ਼ਨ ਚਾਹੁੰਦੇ ਹਨ। ਫ਼ਿਲਮ ਵਿਚ ਕੁੱਝ ਵੀ ਫ਼ਾਲਤੂ ਜਾਂ ਧੱਕੇ ਨਾਲ ਨਹੀਂ ਜੋੜਿਆ ਗਿਆ।
ਵੈਸੇ ਤਾਂ ਅਦਾਕਾਰਾਂ ਦੇ ਫ਼ਿਲਮੀ ਗੋਤਾਂ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਫ਼ਿਲਮ ਦਾ ਨਾਮ 'ਪੁੱਤ ਜੱਟਾਂ ਦੇ' ਕਿਉਂ ਹੈ? ਪਰ ਉਦੋਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ, ਜਦ ਵਿਲਨ ਹੀਰੋ ਨੂੰ ਕਹਿੰਦਾ ਕਿ ਆ ਜਾ ਬਚਾ ਲੈ ਆਪਣੇ ਦੋਸਤ ਤੇ ਭਾਬੀ ਨੂੰ ਜਾਂ ਸਿਰਫ਼ ਤੁਸੀਂ 'ਜੱਟ ਬੁਆਏਜ਼' ਗੱਡੀਆਂ ਪਿੱਛੇ ਲਿਖਵਾਉਣ ਜੋਗੇ ਹੀ ਹੋ।
ਜਿੱਥੇ ਅਮਨ ਫ਼ਿਲਮ ਵਿਚ ਖ਼ਾਸ ਦਿੱਖ ਬਨਾਮ ਘੁੰਗਰਾਲੇ ਵਾਲ ਅਤੇ ਸਰੀਰਕ ਪੱਖੋਂ ਸੰਪੂਰਨ ਹੀਰੋ ਲੱਗਦਾ ਹੈ। ਉੱਥੇ ਸਿੱਪੀ ਅਤੇ ਹੀਰੋਇਨ (ਈਸ਼ਾ ਰਿਖੀ) ਦੀ ਅਦਾਕਾਰੀ ਦੀ ਪਹਿਲੀ ਕਲਾਸ ਕਰ ਕੇ ਹੋਰ ਸੁਧਾਰ ਦੀ ਲੋੜ ਹੈ। ਉਮੀਦ ਹੈ ਕਿ ਸਿੱਪੀ ਇਕ ਹੋਰ ਗਾਇਕ ਬਨਾਮ ਅਦਾਕਾਰ ਵਾਂਗੂ 'ਜਿਵੇਂ ਹੈ, ਓਵੇਂ ਹੀ ਫ਼ਿਲਮਾਂ ਕਰਨੀਆਂ (ਦਿੱਖ ਵਿਚ ਕੋਈ ਪਰਿਵਰਤਨ ਨਹੀਂ ਕਰਨਾ)' ਵਾਲੀ ਗ਼ਲਤੀ ਨਹੀਂ ਕਰੇਗਾ। ਸਿੱਪੀ ਸੰਵਾਦ ਵਿਚ ਠਹਿਰਾਓ, ਪ੍ਰਭਾਵ, ਸਰੀਰਕ ਹਿਲਜੁਲ ਅਤੇ ਚਿਹਰੇ ਦੇ ਹਾਵ-ਭਾਵ ਦੇ ਹੋਰ ਦਾਅ-ਪੇਚ ਸਿੱਖੇਗਾ। ਹੀਰੋਇਨ ਪੰਜਾਬੀ ਹਿੰਦੀ ਛੋਹ ਨਾਲ ਬੋਲ ਰਹੀ ਸੀ।
ਫ਼ਿਲਮ ਦੇ ਅੰਤ ਵਿਚ ਵੀ ਜਦੋਂ ਸਿੱਪੀ-ਅਮਨ ਬਦਮਾਸ਼ ਅਤੇ ਉਸ ਦੇ ਬੰਦਿਆਂ ਨੂੰ ਕੁੱਟ ਰਹੇ ਹੁੰਦੇ ਹਨ। ਹੀਰੋਇਨ ਨੂੰ ਭੁੱਲਾ ਹੀ ਦਿੱਤਾ ਗਿਆ। ਵੈਸੇ ਹੀਰੋਇਨ ਬੰਨੀ ਹੋਣ ਦੇ ਬਾਵਜੂਦ ਵੀ ਉਸ ਦੇ ਅੱਗੇ ਹੋ ਰਹੀਆਂ ਕਾਰਵਾਈਆਂ ਦੇਖ ਸਕਦੀ ਸੀ। ਸੀਨ ਇਸ ਤਰ੍ਹਾਂ ਬਣਾਇਆ ਜਾ ਸਕਦਾ ਸੀ ਕਿ ਹੀਰੋ ਦੇ ਪਿੱਛੇ ਕੋਈ ਗੁੰਡਾ ਮਾਰਨ ਲੱਗਦਾ ਹੈ ਤਾਂ ਹੀਰੋਇਨ ਬੋਲ ਕੇ ਹੀਰੋ ਨੂੰ ਸੁਚੇਤ ਕਰ ਦਿੰਦੀ ਹੈ। ਪਰ ਨਿਰਦੇਸ਼ਕ ਨੇ ਹੀਰੋਇਨ ਨੂੰ ਬਿਲਕੁਲ ਹੀ ਭੁੱਲਾ ਦਿੱਤਾ ਅਤੇ ਹੀਰੋਇਨ ਨੇ ਵੀ ਸੀਨ ਮੁਤਾਬਿਕ ਆਪਣੇ ਸਰੀਰ ਜਾਂ ਮੂੰਹ (ਬੋਲ ਕੇ) ਨੂੰ ਤਕਲੀਫ਼ ਨਹੀਂ ਦਿੱਤੀ। ਬਲਕਿ ਇੱਕ ਸੀਨ ਵਿਚ ਇੰਜ ਲੱਗਾ ਜਿਵੇਂ ਹੀਰੋਇਨ ਬੋਰ ਹੋ ਕੇ ਇੱਕ ਬਾਂਹ ਨਾਲ (ਬਾਂਹਾਂ ਉੱਪਰ ਬੰਨੀਆਂ ਹੋਈਆਂ ਸਨ) ਸਿਰ ਲਾ ਕੇ ਸੁੱਤੀ ਪਈ ਹੈ। ਹੀਰੋ ਉਸ ਦੇ ਅੱਗੇ ਲੜ ਰਹੇ ਹਨ।
ਫ਼ਿਲਮ ਦੇ ਆਖ਼ਰ ਵਿਚ ਜੇਕਰ ਗੀਤ 'ਜੱਟੀ ਐਂਡ' ਦਿਖਾਇਆ ਜਾਂਦਾ ਤਾਂ ਹੋਰ ਵੀ ਵਧੀਆ ਰਹਿਣਾ ਸੀ। 'ਜੱਟੀ ਐਂਡ' ਗੀਤ ਦਿਖਾਏ ਗਏ ਗੀਤ ਨਾਲੋਂ ਜ਼ਿਆਦਾ ਧਮਾਕੇਦਾਰ ਗੀਤ ਹੈ। ਸੋ ਇਸ ਨਾਲ ਫ਼ਿਲਮ ਦੇ ਖ਼ਤਮ ਹੋਣ ਤੋਂ ਬਾਅਦ ਵੀ ਮਨੋਰੰਜਨ ਜਾਰੀ ਰਹਿਣਾ ਸੀ।
ਫਿਰ ਵੀ ਫ਼ਿਲਮ ਵਿਚ ਕਿਸੇ ਵੀ ਪੱਖੋਂ ਕੋਈ ਕਮੀ ਨਹੀਂ। ਫ਼ਿਲਮ ਨੇ ਪੁਰਾਣੀ ਫ਼ਿਲਮ ਦੇ ਨਾਮ 'ਪੁੱਤ ਜੱਟਾਂ ਦੇ' ਦਾ ਮਾਣ ਹੋਰ ਵਧਾਇਆ ਹੈ। ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ਤੇ ਪੂਰੀ ਪੂਰੀ ਖਰੀ ਉੱਤਰਦੀ ਹੈ। ਫ਼ਿਲਮ 'ਪੁੱਤ ਜੱਟਾਂ ਦੇ' ਆਟੇ ਦਾ ਦੀਵਾ ਨਹੀਂ ਬਲਕਿ ਮਨੋਰੰਜਨ ਦਾ ਭਖਦਾ ਸੂਰਜ ਹੈ, ਮਿੱਠਿਆਂ !
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984" ਹੋਰ ਫ਼ਿਲਮ ਗ਼ਲਤੀਆਂ ਅਤੇ ਵਿਚਾਰ
ਮਸਲਾ ਦਲਜੀਤ ਦੇ ਗੀਤ '15 ਸਾਲ' ਦਾ ਜੱਟ ਐਂਡ ਜੁਲੀਅਟ 2 - ਸਾਲ 2050 ਵਿਚ ਸਕੂਲ ਦੇ ਬੱਚਿਆਂ ਲਈ ਸਵਾਲ-ਜਵਾਬ
ਕੁਝ ਪੰਜਾਬੀਆਂ ਦਾ ਮਕਸਦ ਸਿਰਫ਼ 'ਰੋਸ ਬਨਾਮ ਵਿਰੋਧ' ਕਰਨਾ ਹੈ, ਮੌਜੂਦਾ ਪੰਜਾਬੀ ਫ਼ਿਲਮ ਜਗਤ ਸੰਬੰਧੀ ਸਵਾਲ-ਜਵਾਬ