ਟੈਲੀਫ਼ੋਨ ਵਿਚਾਰ ਵਟਾਂਦਰਾ - ੨੩.੧੨.੨੦੧੦
ਡਾ. ਗੁਰਪ੍ਰੀਤ ਸਿੰਘ ਲਹਿਲ (ਪਟਿਆਲਾ ਯੂਨੀਵਰਸਿਟੀ)
ਸਵਾਲ ਕਰਤਾ: ਹਰਦੀਪ ਮਾਨ ਜਮਸ਼ੇਰ, ਅਸਟਰੀਆ
Hardeep Singh Mann - Interview with Dr. Gurpreet Singh Lehal - 23.12.2010 by JattSite.com
ਤੁਸੀਂ ਸੁਣ ਰਹੇ ਹੋ jattsite.com ਆਡੀਓ। ਮੇਰਾ ਨਾਮ ਹਰਦੀਪ ਸਿੰਘ ਮਾਨ ਹੈ। ਮੈਂ ਅਸਟਰੀਆ ਦੇ ਰਾਜਧਾਨੀ ਵੀਆਨਾ ਵਿਚ ਹਾਂ। ਸਾਡੇ ਨਾਲ ਨੇ ਪਟਿਆਲੇ ਯੂਨੀਵਰਸਿਟੀ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਜੀ। ਜੋ ਕਿ ਇੰਗਲੈਂਡ ਤੋਂ ਸਾਡੇ ਨਾਲ ਗੱਲ ਕਰਨਗੇ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਮੇਰੀ ਮਕਸਦ ਇਸ ਆਡੀਓ ਰਾਹੀ ਸਿਰਫ਼ ਸਵਾਲ ਕਰਨਾ ਹੀ ਨਹੀਂ, ਬਲਕਿ ਮੌਜੂਦਾ ਪੰਜਾਬੀ ਬੋਲੀ ਦੇ ਹਾਲਾਤ ਦੱਸਣਾ ਵੀ ਹੈ।
ਹੁਣ ਇਕ ਜਾਣਕਾਰੀ ਅਤੇ ਵਿਚਾਰ ਸਾਂਝਾ ਕਰੀਏ। ਹਰੇਕ ਬੋਲੀ ਦੇ ਵਿਕਾਸ ਲਈ ਖੋਜਕਾਰ, ਪੇਸ਼ਕਾਰ ਅਤੇ ਵਰਤੋਂਕਾਰਾਂ ਦਾ ਆਪਸੀ ਸੰਪਰਕ ਬਹੁਤ ਜ਼ਰੂਰੀ ਹੈ। ਭਾਵ ਉਨ੍ਹਾਂ ਦਾ ਇਕ ਮੰਚ ਤੇ ਇਕੱਠਿਆਂ ਹੋਣਾ ਬਹੁਤ ਜ਼ਰੂਰੀ ਹੈ। ਜਦ ਤੱਕ ਖੋਜਕਾਰ ਨੂੰ ਵਰਤੋਂਕਾਰ ਦੀਆਂ ਲੋੜਾਂ-ਸਮੱਸਿਆਵਾਂ ਦਾ ਪਤਾ ਨਹੀਂ ਲੱਗਦਾ ਤਦ ਤੱਕ ਖੋਜਕਾਰ ਉਨ੍ਹਾਂ ਦਾ ਹੱਲ ਨਹੀਂ ਕਰ ਸਕਦਾ। ਹੁਣ ਮੌਜੂਦਾ ਪੰਜਾਬੀ ਭਾਈਚਾਰੇ ਦੇ ਹਾਲਾਤ ਇਹ ਹਨ ਕਿ ਖੋਜਕਾਰ ਤਾਂ ਪੰਜਾਬੀ ਬੋਲੀ ਸੰਬੰਧੀ ਖੋਜਾਂ ਕਰੀ ਜਾ ਰਹੇ ਹਨ, ਭਾਵ ਯੂਨੀਕੋਡ ਦੇ ਅਨਮੋਲ ਲਿਪੀ ਅਤੇ ਧਨੀਰਾਮ ਚਾਤ੍ਰਿਕ ਕੀ ਬੋਰਡ 2007 ਵਿਚ ਹੀ ਨੈੱਟ ਤੇ ਲਾ ਦਿੱਤੇ ਗਏ ਸਨ। ਤਿੰਨ ਸਾਲ ਪਹਿਲਾਂ। ਸੁਖਵਿੰਦਰ ਸਿੰਧੂ ਨੇ 2004 ਵਿਚ ਹੀ 'ਗੁਚਾ' ਇਕ ਮੁਫ਼ਤ ਪ੍ਰੋਗਰਾਮ ਫੌਂਟਾਂ ਨੂੰ ਆਪਸ ਵਿਚ ਬਦਲਣ ਦਾ ਨੈੱਟ ਤੇ ਲਾ ਦਿੱਤਾ ਸੀ। ਭਾਵ ਚਾਰ ਸਾਲ ਪਹਿਲਾਂ। ਤੁਸੀਂ ਅੱਖਰ ਪ੍ਰੋਗਰਾਮ 'ਅੱਖਰ 2007' ਬਣਾ ਦਿੱਤਾ ਸੀ। ਤਿੰਨ ਸਾਲ ਪਹਿਲਾਂ। ਮੁੱਕਦੀ ਗੱਲ, ਕਈ ਸਾਲ ਪਹਿਲਾਂ ਹੀ ਪੰਜਾਬੀ ਵਿਕਾਸ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਸੀ। ਆਮ ਪੰਜਾਬੀ ਵਰਤੋਂਕਾਰ ਹਾਲੇ ਵੀ ਨੇਰੇ ਵਿਚ ਤੀਰ ਚਲਾ ਰਿਹਾ ਹੈ। ਪੁੱਛ ਰਿਹਾ ਹੈ ਯੂਨੀਕੋਡ ਕੀ ਚੀਜ਼ ਹੈ?
ਇਸ ਦੇ ਤਿੰਨ ਕਾਰਣ ਹਨ ਪਹਿਲਾਂ ਇਹ ਹੈ ਖੋਜਕਾਰ ਤੇ ਵਰਤੋਂਕਾਰ ਦਾ ਵਿਚੋਲਾ ਪੇਸ਼ਕਾਰ ਪੰਜਾਬੀ ਭਾਈਚਾਰੇ ਵਿਚ ਨਹੀਂ ਹੈ।
ਦੂਸਰਾ, ਪੰਜਾਬੀ ਅਖ਼ਬਾਰਾਂ ਪੰਜਾਬੀ ਤਕਨੀਕ ਸੰਬੰਧੀ ਕੁਝ ਪੇਸ਼ ਨਹੀਂ ਕਰ ਰਹੀਆਂ।
ਤੀਸਰਾ ਜੋ ਪੇਸ਼ਕਾਰ ਹੋਣ ਦਾਅਵਾ ਕਰਦੇ ਹਨ, ਉਨ੍ਹਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਹਨ, ਉਦਾਹਰਣ ਦੇ ਤੌਰ ਤੇ ਹੁਣ ਸੋਇਟ ਵੈਬਸਾਈਟ ਦੀ ਗੱਲ ਕਰੀਏ, ਉੱਥੇ ਇਕ ਬਲੋਗ ਰਾਹੀ ਵਰਤੋਂਕਾਰ ਸਵਾਲ ਰੱਖ ਸਕਦਾ ਹੈ। ਵਰਤੋਂਕਾਰ ਲਈ ਆਨਲਾਈਨ ਕਨਵਟਰ ਵੀ ਹੈ। ਪਰ ਆਨਲਾਈਨ ਕਨਵਟਰ ਵਿਚ ਕਮੀਆਂ ਹਨ, ਤੇ ਜੇ ਬਲੋਗ ਤੇ ਕੋਈ ਸਵਾਲ ਰੱਖਦਾ ਹੈ ਤਾਂ ਜਵਾਬ ਜਾਂ ਤਾਂ ਦੋ ਸ਼ਬਦਾਂ ਵਿਚ, ਇੰਟਰਨੈੱਟ ਤੇ ਪੰਜਾਬੀ ਕਿਹੜੇ ਢੰਗ ਤਰੀਕੇ ਨਾਲ ਲਿਖੀਏ, ਜਵਾਬ 'ਬਥੇਰੇ ਨੇ' ਹੁਣ ਇਹ ਪੇਸ਼ਾਵਰ ਜਵਾਬ ਥੁੜੋਂ ਹੋਇਆ। ਮੈਂ ਜਦੋਂ ਕਨਵਟਰ ਕਮੀ ਸੰਬੰਧੀ ਲਿਖਿਆ ਤੇ ਸਾਰੇ ਸਵਾਬ-ਜਵਾਬ ਹੀ ਮਿਟਾ ਦਿੱਤੇ ਗਏ। ਇਹ ਵੀ ਇਕ ਸੱਚ। ਪੇਸ਼ਕਾਰਾਂ ਦਾ ਸੱਚ। ਇਹ ਤਾਂ ਸੀ ਮੌਜੂਦਾ ਹਾਲਾਤ।
ਹੁਣ ਆਉਂਦੇ ਹਾਂ ਸਵਾਲ ਵੱਲ, ਫੇਸਬੁੱਕ ਤਕਨੀਕ ਪੱਖੋਂ ਇਕ ਹਿੱਟ ਹੈ ਅਤੇ ਇਹ ਲਗਭਗ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਕ ਮੰਚ ਦੀ ਲੋੜ ਹੈ ਜਾਂ ਤੁਸੀਂ ਇਕ ਫੇਸਬੁੱਕ ਪੇਜ ਜਾਂ ਵੈੱਬਸਾਈਟ ਰਾਹੀ ਅਜਿਹਾ ਮੰਚ ਪੇਸ਼ ਕਰ ਸਕਦੇ ਹੋ? ਜਿੱਥੇ ਪੰਜਾਬੀ ਖੋਜਕਾਰ, ਪੇਸ਼ਕਾਰ ਅਤੇ ਵਰਤੋਂਕਾਰ ਇਕਠੇ ਹੋ ਸਕਣ। ਜਿੱਥੇ ਤੁਸੀਂ ਆਪਣੀਆਂ ਖੋਜਾਂ ਪੇਸ਼ ਕਰ ਸਕੇ ਅਤੇ ਵਰਤੋਂਕਾਰ ਆਪਣੀਆਂ ਸਮੱਸਿਆ - ਸਵਾਲ ਰੱਖ ਸਕਣ।
) ਪੰਜਾਬ ਸਰਕਾਰ ਨੇ ਵੀ ਪੰਜਾਬੀ ਲਾਗੂ ਕਰਨ ਲਈ ਕਨੂੰਨ ਤਾਂ ਬਣਾ ਦਿੱਤਾ ਪਰ ਤਕਨੀਕ ਪੱਖੋਂ ਕੁਝ ਜਾਰੀ ਨਹੀਂ ਕੀਤਾ, ਹੁਣ ਹਾਲਾਤ ਇਹ ਹਨ ਕਿ ਫੌਜੀ ਨੂੰ ਲੜਨ ਲਈ ਜੰਗ ਵਿਚ ਭੇਜ ਦਿੱਤਾ ਗਿਆ ਪਰ ਬਿਨ੍ਹਾਂ ਹਥਿਆਰ ਦੇ, ਭਾਵ ਦਫ਼ਤਰੀ ਬਾਬੂਆਂ ਨੂੰ ਪੰਜਾਬੀ ਪ੍ਰੋਗਰਾਮ ਵੀ ਦੇਣੇ ਚਾਹੀਦੇ ਸਨ, ਦਫ਼ਤਰੀ ਚਿੱਠੀਆਂ ਲਿਖਣ ਲਈ। ਤਕਨੀਕ ਪੱਖੋਂ ਉਨ੍ਹਾਂ ਨੂੰ ਸਹਾਇਤਾ ਦੇਣੀ ਚਾਹੀਦੀ ਸੀ।
ਪੰਜਾਬੀ ਵਿਚ ਇਕ ਸ਼ਬਦ ਕਈ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਰਿਪੋਰਟ ਸ਼ਬਦ ਲੈ ਲਓ, ਰਿਪੋਰਟ ਸਿਹਾਰੀ ਨਾਲ ਜਾਂ ਬਿਹਾਰੀ ਨਾਲ, ਦੋ ਰਾਰਿਆਂ ਨਾਲ ਜਾਂ ਇਕ ਨਾਲ, ਇਹ ਫੈਸਲੇ ਅੱਖਰ ਪ੍ਰੋਗਰਾਮ ਦੇ ਸਪੈੱਲ ਚੈੱਕਰ ਨਾਲ ਲਏ ਜਾ ਸਕਦੇ ਹਨ।
ਮੇਰੇ ਲਈ 'ਅੱਖਰ ਪ੍ਰੋਗਰਾਮ' ਪੰਜਾਬੀ ਵਿਕਾਸ ਦਾ ਦਿਲ ਹੈ, ਕੀ ਇਕ ਸੰਭਵ ਨਹੀਂ ਪੰਜਾਬੀ ਭਾਸ਼ਾ ਵਿਭਾਗ ਨਾਲ ਗੱਲ ਕੀਤੀ ਜਾਵੇ, ਕਿ ਤੁਸੀਂ ਆਪਣੀ ਕੁੰਭਕਰਨੀ ਨੀਂਦ ਸੁੱਤੇ ਰਹੋ, ਪਰ ਥੋੜ੍ਹੀ ਜਿਹੀ ਜੇਬ ਢਿੱਲੀ ਕਰ ਦਿਓ, ਕਹਿਣ ਤੋਂ ਭਾਵ ਜੇ ਅੱਖਰ ਪ੍ਰੋਗਰਾਮ ਦੇ ਕਾਪੀ ਰਾਈਟਸ ਜਾਂ ਮੋਟੀ ਰਕਮ ਦੇ ਕੇ ਉੱਕਾ-ਪੁੱਕਾ ਖ਼ਰੀਦ ਕੇ, ਨੈੱਟ ਤੇ ਪੰਜਾਬੀਆਂ ਲਈ ਮੁਫ਼ਤ ਉਪਲਬਧ ਕਰਵਾ ਦਿੱਤਾ ਜਾਵੇ ਤਾਂ ਪੰਜਾਬੀ ਤਕਨੀਕ ਸੰਬੰਧੀ ਸਾਰੀਆਂ ਸਮੱਸਿਆਵਾਂ ਨੂੰ ਜੜ੍ਹੋਂ ਹੀ ਖ਼ਤਮ ਕੀਤਾ ਜਾਵੇ। ਇਕੋ ਪ੍ਰੋਗਰਾਮ ਵਿਚ ਸਾਰੀਆਂ ਸਹੂਲਤਾਂ। ਕਿਉਂਕਿ ਮੁਫ਼ਤ ਪ੍ਰੋਗਰਾਮ ਨੂੰ ਸਾਰੇ ਪੰਜਾਬੀਆਂ ਨੇ ਭੱਜ ਕੇ ਲੈਣਾ, ਪਰ ਪੈਸੇ ਖ਼ਰਚ ਕੇ ਸਹੀ ਪੰਜਾਬੀ ਲਿਖਣ ਵਾਲੀ ਸੋਚ ਥੋੜਿਆ ਦੀ ਹੈ। ਕੀ ਇਸ ਤਰ੍ਹਾਂ ਦਾ ਕੁਝ ਸੰਭਵ ਹੋ ਸਕਦਾ ਹੈ?
) ਹੁਣ ਅੱਖਰ ਪ੍ਰੋਗਰਾਮ ਦੇ ਵਿਕਾਸ ਦੀ ਗੱਲ ਕਰੀਏ? ਇਸ ਨੂੰ ਹੋਰ ਵਧਾਇਆ ਜਾਣਾ ਚਾਹੀਦਾ ਹੈ? ਭਾਵ ਪ੍ਰੋਗਰਾਮ ਵਿਚ ਰਿਸ਼ਤੇਦਾਰੀ ਸਹੂਲਤ ਵੀ ਪਾਉਣੀ ਚਾਹੀਦੀ ਹੈ। ਮਤਲਬ ਜੇਕਰ ਕਿਸੇ ਨੇ ਪਤਾ ਕਰਨਾ ਹੋਵੇ ਮੇਰੇ ਪਿਤਾ ਦੀ ਭੈਣ ਦੇ ਪਤੀ ਮੇਰੇ ਕੀ ਲੱਗੇ? ਉਹ ਪ੍ਰੋਗਰਾਮ ਵਿਚ ਲਿਖੇ ਤਾਂ ਪ੍ਰੋਗਰਾਮ ਉਸ ਨੂੰ ਰਿਸ਼ਤਾ ਦੱਸੇ? ਇਸੇ ਤਰ੍ਹਾਂ ਸ਼ਬਦ ਕੋਸ਼ ਨੂੰ ਹੋਰ ਵਧਾਉਣਾ ਚਾਹੀਦਾ ਹੈ ਇਕ ਰਲਦੇ ਮਿਲਦੇ ਸ਼ਬਦ ਕੋਸ਼ ਵੀ ਹੋਣਾ ਚਾਹੀਦਾ ਹੈ? ਭਾਵ ਜਿਵੇਂ ਸ਼ਬਦ ਗੌਰਤਲਬ, ਧਿਆਨ ਦੇਣ ਯੋਗ, ਜ਼ਿਕਰ ਯੋਗ, ਵਿਰੋਧੀ ਸ਼ਬਦ ਕੋਸ਼ ਹੋਣਾ ਚਾਹੀਦਾ ਹੈ? ਕੀ ਇਸ ਪਾਸੇ ਵੀ ਕੁਝ ਹੈ ਜਾਂ ਸੰਭਵ ਹੈ?
) ਫੇਸਬੁੱਕ ਤੇ ਸਟੇਟਸ ਵਿਚ ਬਹੁਤਿਆਂ ਵਲੋਂ ਲਿਖਿਆ ਜਾਂਦਾ ਹੈ, ਮਾਂ ਬੋਲੀ ਰੋਣ ਲੱਗ ਪਈ, ਕੁਰਲਾਉਣ ਲੱਗ ਪਈ? ਮਾਂ ਬੋਲੀ ਨੂੰ ਬਚਾਓ! ਦੂਜੇ ਸ਼ਬਦਾਂ ਵਿਚ ਪੜ੍ਹਿਆ ਸੁਣਿਆ ਵੀ ਜਾਂਦਾ ਹੈ ਕਿ ਇਸ ਸਦੀ ਦੇ ਅੰਤ ਤੱਕ ਪੰਜਾਬੀ ਖ਼ਤਮ ਹੋ ਜਾਵੇਗੀ? ਤੁਹਾਡੇ ਕੀ ਵਿਚਾਰ ਹਨ, ਇਸ ਸੰਬੰਧ ਵਿਚ? ਦੁਨੀਆ ਪੱਧਰ ਤੇ ਪੰਜਾਬੀ ਬੋਲੀ ਕਿੱਥੇ ਕੁ ਖੜ੍ਹੀ ਹੈ?
) ਤਕਨੀਕੀ ਸੰਬੰਧੀ ਪੰਜਾਬੀਆਂ ਦਾ ਸੁਭਾਅ ਢੰਗ-ਟਪਾਓ ਹੀ ਹੈ ਨਾ ਕਿ ਸਮੇਂ ਦਾ ਹਾਣੀ, ਇਸ ਦਾ ਇਸ ਤੋਂ ਪਤਾ ਲੱਗਦਾ ਹੈ ਕਿ ਢੰਗ ਟਪਾਉਣ ਲਈ ਅਨਮੋਲ ਲਿਪੀ ਵਿਚ ਲਿਖਣਾ ਤੇ ਸਿੱਖਣਾ ਜ਼ਰੂਰੀ ਸੀ। ਪਰ ਬਾਅਦ ਵਿਚ ਹੋਰ ਸੁਧਾਰ ਕਰਕੇ ਧਨੀਰਾਮਚਾਤ੍ਰਿਕ ਫੌਂਟ ਆਇਆ, ਪਰ ਪੰਜਾਬੀ ਅਨਮੋਲ ਲਿਪੀ ਤੇ ਰੁਕੇ ਰਹੇ, ਫਿਰ ਧ.ਰ.ਚਾਤ੍ਰਿਕ ਤੋਂ ਤੀਜਾ ਵਿਕਾਸ ਕਦਮ ਯੂਨੀਕੋਡ ਆਈ, ਪਰ ਪੰਜਾਬੀ ਹਾਲੇ ਵੀ ਅਨਮੋਲ ਲਿਪੀ ਤੇ ਰੁਕੇ ਹਨ,
ਕਹਿਣ ਤੋਂ ਪੰਜਾਬ ਸਰਕਾਰ, ਭਾਸ਼ਾ ਵਿਭਾਗ, SGPC ਜਾਂ ਯੂਨੀਵਰਸਿਟੀਆਂ ਨੇ ਪੰਜਾਬ ਦੇ ਵਿਕਾਸ ਜਾਂ ਉੱਪਰ ਉਠਾਉਣ ਲਈ ਕੀ ਕਦੇ ਕੋਈ ਅਸਰਦਾਰ ਕਦਮ ਚੁੱਕਿਆ ਹੈ? ਜਾਂ ਸਿਰਫ਼ ਫੋਕੇ ਐਲਾਨ ਹੀ ਕੀਤੇ ਹਨ?
ਪੰਜਾਬ ਸਰਕਾਰ ਨੇ ਸਰਕਾਰੀ ਕੰਮਾਂ ਲਈ ਪੰਜਾਬੀ ਲਾਜ਼ਮੀ ਤਾਂ ਕਰ ਦਿੱਤੀ, ਪਰ ਉਨ੍ਹਾਂ ਦੀ ਆਪਣੀ ਕੋਈ ਵੀ ਵੈੱਬਸਾਈਟ ਪੰਜਾਬੀ ਵਿਚ ਨਹੀਂ ਹੈ - ਡਾ. ਗੁਰਪ੍ਰੀਤ ਸਿੰਘ ਲਹਿਲ (ਪਟਿਆਲਾ ਯੂਨੀਵਰਸਿਟੀ)
ਵੀਆਨਾ, ਅਸਟਰੀਆ, ੨੩ ਦਸੰਬਰ ੨੦੧੦ (ਹਰਦੀਪ ਮਾਨ ਜਮਸ਼ੇਰ) - ਪੰਜਾਬੀ ਤਕਨੀਕ ਸੰਬੰਧੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਯੂ. ਕੇ. ਵਿਚ ਵੀਆਨਾ ਤੋਂ ਹੋਈ ਟੈਲੀਫ਼ੋਨ ਗੱਲਬਾਤ ਦੌਰਾਨ ਹਰਦੀਪ ਸਿੰਘ ਮਾਨ ਨਾਲ ਅਹਿਮ ਖ਼ੁਲਾਸੇ ਕੀਤੇ। ਹਰਦੀਪ ਵਲੋਂ ਇਕ ਸਾਂਝਾ ਪੰਜਾਬੀ ਮੰਚ ਬਣਾਉਣ ਦੇ ਬੇਨਤੀ ਕੀਤੀ ਗਈ, ਜਿੱਥੇ ਪੰਜਾਬੀ ਵਰਤੋਂਕਾਰ ਆਪਣੀਆਂ ਤਕਨੀਕੀ ਸਮੱਸਿਆਵਾਂ ਜਾਂ ਸੁਝਾਅ ਨੂੰ ਦੱਸਣ ਸਕਣ ਅਤੇ ਆਮ ਵਰਤੋਂਕਾਰ ਜਾਂ ਮਾਹਿਰ ਉਨ੍ਹਾਂ ਦੇ ਹੱਲ ਜਾਂ ਉਸ ਸੰਬੰਧੀ ਵਿਚਾਰ ਦੇ ਸਕਣ। ਡਾ. ਗੁਰਪ੍ਰੀਤ ਜੀ ਨੇ ਇਸ ਸੰਬੰਧੀ ਆਪਣੀ ਸਹਿਮਤੀ ਪ੍ਰਗਟਾਈ ਅਤੇ ਸੀ ਪੀ ਕੰਬੋਜ਼ ਰਾਹੀ ਇਸ ਨੂੰ ਐਲਾਨ ਕਰਵਾਉਣ ਦੇ ਸੁਝਾਅ ਨੂੰ ਠੀਕ ਕਿਹਾ।
ਉਨ੍ਹਾਂ ਨੇ ਆਪਣੀ ਪੰਜਾਬੀ ਸਿਖਾਉਣ ਵਾਲੀ ਵੈੱਬਸਾਈਟ (http://www.advancedcentrepunjabi.org/intro1.asp) ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ, ਯੂ. ਕੇ. ਵਿਦਿਆਰਥੀਆਂ ਦੀ ਮੰਗ ਤੇ ਉਨ੍ਹਾਂ ਨੇ ਵੈੱਬਸਾਈਟ ਤੇ ਗੁਰਮੁਖੀ ਅੱਖਰਾਂ ਦਾ ਆਡੀਓ ਰੂਪ ਵੀ ਕਰਵਾਇਆ ਗਿਆ ਹੈ। ਪੰਜਾਬੀ ਪ੍ਰੋਗਰਾਮ 'ਅੱਖਰ' ਦੇ ਕਾਪੀ ਰਾਈਟਸ ਖਰੀਦ ਕੇ ਵਿਸ਼ਵ ਵੱਸਦੇ ਪੰਜਾਬੀਆਂ ਨੂੰ ਮੁਫ਼ਤ ਉਪਲਬਧ ਕਰਵਾਉਣ ਦੀ ਗੱਲ ਸੰਬੰਧੀ ਉਨ੍ਹਾਂ ਦੱਸਿਆ ਕਿ ਕੁਝ ਪੰਜਾਬੀ ਪਿਆਰਿਆਂ ਵਲੋਂ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦਵਾਇਆ ਗਿਆ ਸੀ, ਪਰ ਇਸ ਸੰਬੰਧੀ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਪੰਜਾਬੀ ਦੇ ਤਕਨੀਕੀ ਵਿਕਾਸ ਸੰਬੰਧੀ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਹਨ। ਉਹ ਵੀ ਚਾਹੁੰਦੇ ਹਨ ਕਿ ਰਲਦੇ-ਮਿਲਦੇ ਅਰਥਾਂ ਵਾਲਾ ਸ਼ਬਦਾਵਲੀ ਕੋਸ਼, ਵਿਰੋਧੀ ਸ਼ਬਦਾਵਲੀ ਕੋਸ਼, ਤਕਨੀਕੀ ਸ਼ਬਦਾਵਲੀ ਕੋਸ਼ ਅਤੇ ਅਖਾਣਾਂ-ਮੁਹਾਵਰੇ ਕੋਸ਼, ਅੰਗ੍ਰੇਜ਼ੀ ਤੋਂ ਪੰਜਾਬੀ ਕਹਾਵਤਾਂ, ਇਸ ਤਰ੍ਹਾਂ ਦੇ ਪ੍ਰੋਜੈਕਟ ਕੰਮ ਅਧੀਨ ਹਨ। ਪਰ ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਇਸ ਪਾਸੇ ਬਹੁਤ ਘੱਟ ਕਿਤਾਬਾਂ ਛਪੀਆਂ ਹਨ ਅਤੇ ਨਾਂਮਾਤਰ ਖੋਜ ਕੀਤੀ ਗਈ ਹੈ। ਜਿਸ ਕਰਕੇ ਸਰੋਤ ਲੱਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਕ ਹੋਰ ਪ੍ਰੋਜੈਕਟ 'ਪਾਠ ਤੋਂ ਬੋਲ' ਭਾਵ ਵਰਤੋਂਕਾਰ ਪੰਜਾਬੀ ਵਿਚ ਲਿਖੇਗਾ ਅਤੇ ਕੰਪਿਊਟਰ ਬੋਲ ਕੇ ਦੱਸੇਗਾ, ਉਨ੍ਹਾਂ ਦੇ ਵਿਦਿਆਰਥੀ ਇਸ ਪਾਸੇ ਕੰਮ ਕਰ ਰਹੇ ਹਨ।
ਪੰਜਾਬੀ ਦੇ ਖ਼ਾਤਮੇ ਦੇ ਡਰ ਸੰਬੰਧੀ ਉਨ੍ਹਾਂ ਕਿਹਾ, ਇਸ ਵਿਚ ਕੋਈ ਸ਼ੱਕ ਨਹੀਂ, ਜੋ ਅੱਜ ਦੇ ਹਾਲਾਤ ਹਨ, ਪੀੜੀ ਦਰ ਪੀੜੀ ਪੰਜਾਬੀ ਦੀ ਵਰਤੋਂ ਘਟੇਗੀ। ਜਦ ਤੱਕ ਬੱਚਾ ਘਰ ਹੁੰਦਾ ਹੈ, ਪੰਜਾਬੀ ਬੋਲਦਾ ਹੈ, ਪਰ ਜਦੋਂ ਸਕੂਲ ਜਾਣ ਲੱਗ ਪੈਂਦਾ ਹੈ, ਉੱਥੇ ਅੰਗ੍ਰੇਜ਼ੀ ਜਾਂ ਹਿੰਦੀ ਜ਼ਰੂਰੀ ਹੋਣ ਕਰਕੇ ਘਰ ਵੀ ਹਿੰਦੀ ਜਾਂ ਅੰਗ੍ਰੇਜ਼ੀ ਬੋਲਣ ਲੱਗ ਪੈਂਦਾ ਹੈ। ਇੱਥੋਂ ਤੱਕ ਮੁਹਾਲੀ ਵਿਚ ਜਿਨ੍ਹਾਂ ਸਕੂਲਾਂ ਦੇ ਕਰਤਾ-ਧਰਤਾ ਸਿੱਖ ਹਨ, ਉੱਥੇ ਵੀ ਹਿੰਦੀ ਲਾਜ਼ਮੀ ਅਤੇ ਪੰਜਾਬੀ ਬੋਲਣ ਦੀ ਮਨਾਹੀ ਕੀਤੀ ਹੋਈ ਹੈ। ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਵਿਦੇਸ਼ਾਂ ਵਿਚ ਪੰਜਾਬੀ ਸੰਗੀਤ ਮਸ਼ਹੂਰ ਹੋਣ ਕਰਕੇ ਕਾਲੇ ਵੀ ਪੰਜਾਬੀ ਸਿੱਖ ਰਹੇ ਹਨ।
ਤਕਨੀਕੀ ਪੰਜਾਬੀ ਦੇ ਤਰਸਯੋਗ ਹਾਲਾਤ ਬਾਰੇ ਹੋਰ ਦੱਸਦਿਆਂ ਉਨ੍ਹਾਂ ਕਿਹਾ, ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਜਾਂ ਭਾਸ਼ਾ ਵਿਭਾਗ ਵਲੋਂ ਹਾਲੇ ਤੱਕ ਫੌਂਟਾਂ ਲਈ ਇਕ ਪੰਜਾਬੀ ਕੀ ਬੋਰਡ ਨੂੰ ਹੀ ਮਾਨਤਾ ਨਹੀਂ ਦਿੱਤੀ ਗਈ। ਭਾਸ਼ਾ ਵਿਭਾਗ ਨੇ ਆਮ ਪੰਜਾਬੀ ਵਰਤੋਂਕਾਰ ਦੀ ਲੋੜ ਨੂੰ ਪਿੱਛੇ ਰੱਖਦਿਆਂ ਅਤੇ ਆਪਣੇ ਟਾਈਪ ਰਾਈਟਰ ਨੂੰ ਅੱਗੇ ਰੱਖਦਿਆਂ ਰਮਿੰਗਟਨ ਕੀ ਬੋਰਡ ਨੂੰ ਮਾਨਤਾ ਦਿੱਤੀ ਹੋਈ ਹੈ, ਜਿਸ ਨਾਲ ਆਮ ਵਰਤੋਂਕਾਰ ਲਈ ਲਿਖਣਾ ਅਸੰਭਵ ਹੈ। ਦੂਜੇ ਪਾਸੇ ਤਾਮਿਲਨਾਡੂ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਫੰਡ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਦਿੱਤੇ ਜਾਂਦੇ ਹਨ। ਜਦ ਕਿ ਪੰਜਾਬ ਸਰਕਾਰ ਵਲੋਂ ਸਿਰਫ਼ ਨਿਰਾਸ਼ਾ।
ਆਖ਼ਰ ਵਿਚ ਉਨ੍ਹਾਂ ਸੁਨੇਹਾ-ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਘੱਟੋ-ਘੱਟ ਆਪਣੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਜ਼ਰੂਰ ਬੋਲਣੀ ਚਾਹੀਦੀ ਹੈ।
Video: Ranjit Singh Rana (Sikh Channel) - Interview with Dr. Gurpreet Singh Lehal - 27. 12. 2010